1 ਛੇ ਦਿਨਾਂ ਬਾਅਦ ਯਿਸ਼ੂ ਪਤਰਸ, ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਅਲੱਗ ਇੱਕ ਉੱਚੇ ਪਹਾੜ ਉੱਤੇ ਲੈ ਗਏ। 2 ਉੱਥੇ ਉਹਨਾਂ ਦੇ ਸਾਹਮਣੇ ਯਿਸ਼ੂ ਦਾ ਰੂਪ ਬਦਲ ਗਿਆ। ਉਸ ਦਾ ਚਿਹਰਾ ਸੂਰਜ ਵਰਗਾ ਚਮਕਣ ਲੱਗਾ ਅਤੇ ਉਸ ਦੇ ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ। 3 ਉਸ ਵੇਲੇ ਮੋਸ਼ੇਹ ਅਤੇ ਏਲੀਯਾਹ ਯਿਸ਼ੂ ਨਾਲ ਗੱਲਾਂ ਕਰਦੇ ਉਹਨਾਂ ਨੂੰ ਦਿਖਾਈ ਦਿੱਤੇ।
4 ਤਦ ਪਤਰਸ ਨੇ ਯਿਸ਼ੂ ਨੂੰ ਆਖਿਆ, "ਪ੍ਰਭੂ ਜੀ, ਸਾਡਾ ਇੱਥੇ ਹੋਣਾ ਕਿੰਨਾ ਚੰਗਾ ਹੈ। ਜੇ ਤੁਸੀਂ ਚਾਹੋ, ਤਾਂ ਮੈਂ ਤਿੰਨ ਡੇਰੇ ਬਣਾਵਾਂ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।"
5 ਜਦੋਂ ਉਹ ਬੋਲ ਹੀ ਰਿਹਾ ਸੀ, ਤਾਂ ਇੱਕ ਚਮਕਦੇ ਬੱਦਲ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਨੇ ਆਖਿਆ, "ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਉਸ ਦੀ ਸੁਣੋ!"
6 ਅਤੇ ਜਦੋਂ ਚੇਲਿਆਂ ਨੇ ਇਹ ਸੁਣਿਆ, ਤਾਂ ਉਹ ਮੂੰਹ ਭਾਰ ਡਿੱਗ ਗਏ ਅਤੇ ਬਹੁਤ ਡਰ ਗਏ। 7 ਪਰ ਯਿਸ਼ੂ ਨੇੜੇ ਆਇਆ ਅਤੇ ਉਹਨਾਂ ਨੂੰ ਛੂਹ ਕੇ ਆਖਿਆ, "ਉੱਠੋ, ਡਰੋ ਨਾ।" 8 ਪਰ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਚੁੱਕੀਆਂ, ਤਾਂ ਹੋਰ ਕਿਸੇ ਨੂੰ ਨਹੀਂ, ਪਰ ਇਕੱਲੇ ਯਿਸ਼ੂ ਨੂੰ ਹੀ ਵੇਖਿਆ।
9 ਜਦੋਂ ਉਹ ਪਹਾੜ ਤੋਂ ਉੱਤਰ ਰਹੇ ਸਨ, ਤਾਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ, "ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਨ ਬਾਰੇ ਕਿਸੇ ਨੂੰ ਨਾ ਦੱਸਣਾ।"
10 ਚੇਲਿਆਂ ਨੇ ਉਸਨੂੰ ਪੁੱਛਿਆ, "ਫਿਰ ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?"
11 ਯਿਸ਼ੂ ਨੇ ਉੱਤਰ ਦਿੱਤਾ, "ਇਹ ਸੱਚ ਹੈ, ਕਿ ਏਲੀਯਾਹ ਆਵੇਗਾ ਅਤੇ ਸਭ ਕੁਝ ਠੀਕ ਕਰੇਂਗਾ। 12 ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਤਾਂ ਆ ਚੁੱਕਾ ਹੈ ਪਰ ਉਹਨਾਂ ਨੇ ਉਸ ਨੂੰ ਪਛਾਣਿਆ ਨਹੀਂ, ਸਗੋਂ ਜੋ ਕੁਝ ਉਹ ਚਾਹੁੰਦੇ ਉਸ ਨਾਲ ਕੀਤਾ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਉਹਨਾਂ ਦੇ ਹੱਥੋਂ ਦੁੱਖ ਝੱਲੇਗਾ।" 13 ਤਦ ਚੇਲੇ ਸਮਝ ਗਏ ਕਿ ਉਹ ਉਹਨਾਂ ਨਾਲ ਯੋਹਨ ਬਪਤਿਸਮਾ ਦੇਣ ਵਾਲੇ ਦੀ ਗੱਲ ਕਰ ਰਿਹਾ ਹੈ।
14 ਜਦੋਂ ਉਹ ਭੀੜ ਕੋਲ ਆਏ ਤਾਂ ਇੱਕ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡੇ ਟੇਕੇ ਅਤੇ ਕਿਹਾ, 15 "ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਕਿਰਪਾ ਕਰੋ, ਉਹ ਮਿਰਗੀ ਦੀ ਬਿਮਾਰੀ ਦੇ ਕਾਰਨ ਬਹੁਤ ਦੁੱਖ ਝੱਲ ਰਿਹਾ ਹੈ। ਅਕਸਰ ਉਹ ਅੱਗ ਅਤੇ ਪਾਣੀ ਵਿੱਚ ਡਿੱਗ ਪੈਂਦਾ ਹੈ। 16 ਮੈਂ ਉਸਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸਨੂੰ ਚੰਗਾ ਨਾ ਕਰ ਸਕੇ।"
17 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, "ਹੇ ਅਵਿਸ਼ਵਾਸੀ ਅਤੇ ਭ੍ਰਿਸ਼ਟ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਮੁੰਡੇ ਨੂੰ ਇੱਥੇ ਮੇਰੇ ਕੋਲ ਲਿਆਓ।" 18 ਅਤੇ ਯਿਸ਼ੂ ਨੇ ਉਸ ਦੁਸ਼ਟ ਆਤਮਾ ਨੂੰ ਝਿੜਕਿਆ ਅਤੇ ਉਹ ਉਸ ਵਿੱਚੋਂ ਬਾਹਰ ਆ ਗਿਆ ਅਤੇ ਉਸੇ ਵਕਤ ਉਹ ਮੁੰਡਾ ਚੰਗਾ ਹੋ ਗਿਆ।
19 ਬਾਅਦ ਵਿੱਚ ਜਦੋਂ ਉਹ ਇਕੱਲਾ ਸੀ ਚੇਲੇ ਯਿਸ਼ੂ ਕੋਲ ਆਏ ਅਤੇ ਪੁੱਛਿਆ, "ਅਸੀਂ ਉਸ ਨੂੰ ਕਿਉਂ ਨਹੀਂ ਕੱਢ ਸਕੇ?"
20 ਉਸਨੇ ਜਵਾਬ ਦਿੱਤਾ, "ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਘੱਟ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚ ਰਾਈ ਦੇ ਬੀਜ ਸਮਾਨ ਵਿਸ਼ਵਾਸ ਹੈ, ਤਾਂ ਤੁਸੀਂ ਇਸ ਪਹਾੜ ਨੂੰ ਕਹਿ ਸਕਦੇ ਹੋ, ‘ਇੱਥੋਂ ਹੱਟ ਕੇ ਉਸ ਥਾਂ ਚੱਲਿਆ ਜਾ,’ ਅਤੇ ਉਹ ਚੱਲਿਆ ਜਾਵੇਗਾ। ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੋਵੇਗਾ।" 21 ਪਰ ਇਹੋ ਜਿਹੀ ਦੁਸ਼ਟ ਜਾਤੀ ਵਰਤ ਅਤੇ ਪ੍ਰਾਰਥਨਾ ਤੋਂ ਬਿਨ੍ਹਾਂ ਨਹੀਂ ਨਿੱਕਲਦੀ।
22 ਜਦੋਂ ਉਹ ਗਲੀਲ ਵਿੱਚ ਇੱਕਠੇ ਹੋਏ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ। 23 ਉਹ ਉਸਨੂੰ ਮਾਰ ਦੇਣਗੇ ਅਤੇ ਤੀਸਰੇ ਦਿਨ ਉਹ ਜੀ ਉੱਠੇਗਾ।" ਤਾਂ ਚੇਲੇ ਉਦਾਸ ਹੋ ਗਏ।
24 ਜਦੋਂ ਯਿਸ਼ੂ ਅਤੇ ਉਸਦੇ ਚੇਲੇ ਕਫ਼ਰਨਹੂਮ ਪਹੁੰਚੇ, ਤਾਂ ਹੈਕਲ ਦੇ ਵਸੂਲਣ ਵਾਲੇ ਪਤਰਸ ਕੋਲ ਆਏ ਅਤੇ ਪੁੱਛਿਆ, "ਕੀ ਤੁਹਾਡਾ ਗੁਰੂ ਹੈਕਲ ਦੀ ਚੁੰਗੀ ਨਹੀਂ ਦਿੰਦਾ ਹੈ?"
25 ਉਸਨੇ ਜਵਾਬ ਦਿੱਤਾ, "ਹਾਂ, ਉਹ ਦਿੰਦਾ ਹੈ।"
ਜਦੋਂ ਪਤਰਸ ਘਰ ਵਿੱਚ ਆਇਆ, ਤਾਂ ਯਿਸ਼ੂ ਨੇ ਅੱਗੋਂ ਹੀ ਉਸ ਨੂੰ ਕਿਹਾ, "ਸ਼ਿਮਓਨ ਤੈਨੂੰ ਕੀ ਲੱਗਦਾ ਹੈ?" ਯਿਸ਼ੂ ਨੇ ਪੁੱਛਿਆ। "ਧਰਤੀ ਦੇ ਰਾਜੇ ਕਿਸ ਤੋਂ ਚੁੰਗੀ ਵਸੂਲਦੇ ਹਨ ਆਪਣੇ ਬੱਚਿਆਂ ਤੋਂ ਜਾਂ ਪਰਜਾ ਤੋਂ?"
26 ਤਾਂ ਪਤਰਸ ਜਵਾਬ ਦਿੱਤਾ, "ਪਰਜਾ ਤੋਂ।"
ਅਤੇ ਯਿਸ਼ੂ ਨੇ ਉਸਨੂੰ ਆਖਿਆ, "ਫਿਰ ਪੁੱਤਰ ਤਾਂ ਮਾਫ਼ ਹੋਏ। 27 ਪਰ ਇਸ ਲਈ ਜੋ ਅਸੀਂ ਉਹਨਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਝੀਲ ਤੇ ਜਾ ਆਪਣੀ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਫੜੇ ਉਸਦਾ ਮੂੰਹ ਖੋਲ੍ਹ ਤੁਹਾਨੂੰ ਇੱਕ ਸਿੱਕਾ ਮਿਲੇਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਦੀ ਚੁੰਗੀ ਉਨ੍ਹਾਂ ਨੂੰ ਦੇ ਦੇਵੀਂ।"