Publicidade

Mateus 12

ਪ੍ਰਭੂ ਯਿਸ਼ੂ ਸਬਤ ਦੇ ਦਿਨ ਦਾ ਮਾਲਕ ਹੈ

1 ਇੱਕ ਵਾਰ ਸਬਤ ਦੇ ਦਿਨ ਯਿਸ਼ੂ ਖੇਤਾਂ ਵਿੱਚ ਦੀ ਲੰਘ ਰਹੇ ਸਨ ਅਤੇ ਜਦੋਂ ਉਹਨਾਂ ਦੇ ਚੇਲਿਆਂ ਨੂੰ ਭੁੱਖ ਲੱਗੀ, ਤਾਂ ਉਹਨਾਂ ਨੇ ਸਿੱਟੇ ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। 2 ਅਤੇ ਜਦੋਂ ਫ਼ਰੀਸੀਆਂ ਨੇ ਵੇਖਿਆ ਤਾਂ ਉਹਨਾਂ ਨੇ ਯਿਸ਼ੂ ਨੂੰ ਕਿਹਾ, "ਵੇਖ! ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਤੇ ਕਰਨਾ ਬਿਵਸਥਾ ਅਨੁਸਾਰ ਮਨ੍ਹਾ ਹੈ।"

3 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, "ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਇਹ ਨਹੀਂ ਪੜ੍ਹਿਆ ਕਿ ਦਾਵੀਦ ਨੇ ਕੀ ਕੀਤਾ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਸਨ? 4 ਉਹ ਪਰਮੇਸ਼ਵਰ ਦੇ ਭਵਨ ਵਿੱਚ ਗਿਆ ਅਤੇ ਉਸਨੇ ਆਪਣੇ ਸਾਥੀਆ ਨਾਲ ਚੜਾਵੇ ਦੀਆਂਂ ਰੋਟੀਆਂ ਖਾਧੀਆਂ, ਜਿਹੜੀਆਂ ਉਸਨੂੰ ਅਤੇ ਉਸਦੇ ਸਾਥੀਆ ਲਈ ਖਾਣਾ ਬਿਵਸਥਾ ਦੇ ਅਨੁਸਾਰ ਯੋਗ ਨਹੀਂ ਸੀ, ਪਰ ਉਹ ਸਿਰਫ ਜਾਜਕਾਂ ਲਈ ਸਨ। 5 ਅਤੇ ਕੀ ਤੁਸੀਂ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰਕੇ ਵੀ ਨਿਰਦੋਸ਼ ਹਨ? 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਇੱਕ ਅਜਿਹਾ ਵੀ ਹੈ, ਜਿਹੜਾ ਹੈਕਲ ਨਾਲੋਂ ਵੱਡਾ ਹੈ। 7 ਪਰ ਜੇ ਤੁਸੀਂ ਇਸਦਾ ਅਰਥ ਜਾਣਦੇ, ‘ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਦੀ ਇੱਛਾ ਰੱਖਦਾ ਹਾਂ,’ ਤਾਂ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ। 8 ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।"

9 ਫਿਰ ਯਿਸ਼ੂ ਉੱਥੋਂ ਤੁਰ ਕੇ ਪ੍ਰਾਰਥਨਾ ਸਥਾਨ ਵਿੱਚ ਗਏ। 10 ਅਤੇ ਉੱਥੇ ਇੱਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਅਤੇ ਕੁਝ ਫ਼ਰੀਸੀਆ ਨੇ ਯਿਸ਼ੂ ਉੱਤੇ ਦੋਸ਼ ਲਗਾਉਣ ਲਈ ਉਸਨੂੰ ਪੁੱਛਿਆ, "ਕੀ ਬਿਵਸਥਾ ਦੇ ਅਨੁਸਾਰ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ?"

11 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਤੁਹਾਡੇ ਵਿੱਚੋਂ ਅਜਿਹਾ ਕਿਹੜਾ ਮਨੁੱਖ ਹੈ ਜਿਸਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਜਾਵੇ ਤਾਂ ਕੀ ਉਹ ਉਸਨੂੰ ਨਾ ਕੱਢੇਗਾ? 12 ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾ ਉੱਤਮ ਹੈ! ਇਸ ਲਈ ਬਿਵਸਥਾ ਅਨੁਸਾਰ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।"

13 ਤਦ ਯਿਸ਼ੂ ਨੇ ਉਸ ਮਨੁੱਖ ਨੂੰ ਆਖਿਆ, "ਆਪਣਾ ਹੱਥ ਵਧਾ।" ਅਤੇ ਉਸਨੇ ਆਪਣਾ ਹੱਥ ਯਿਸ਼ੂ ਅੱਗੇ ਕੀਤਾ ਤਾਂ ਉਸਦਾ ਹੱਥ ਦੂਸਰੇ ਹੱਥ ਵਰਗਾ ਚੰਗਾ ਹੋ ਗਿਆ। 14 ਪਰ ਫ਼ਰੀਸੀ ਪ੍ਰਾਰਥਨਾ ਘਰ ਤੋਂ ਬਾਹਰ ਚਲੇ ਗਏ ਅਤੇ ਯਿਸ਼ੂ ਦੇ ਵਿਰੁੱਧ ਉਸਨੂੰ ਮਾਰਨ ਦੀਆਂ ਯੋਜਨਾ ਬਣਾਉਣ ਲੱਗੇ।

ਪ੍ਰਭੂ ਯਿਸ਼ੂ ਪਰਮੇਸ਼ਵਰ ਦਾ ਚੁਣਿਆ ਹੋਇਆ ਸੇਵਕ

15 ਉਹ ਕੀ ਯੋਜਨਾ ਬਣਾ ਰਹੇ ਹਨ, ਯਿਸ਼ੂ ਇਹ ਜਾਣਦੇ ਸਨ ਅਤੇ ਉਹ ਉੱਥੋਂ ਤੁਰ ਪਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਮਗਰ ਤੁਰ ਪਈ ਅਤੇ ਉਹਨਾਂ ਨੇ ਸਭ ਬੀਮਾਰਾ ਨੂੰ ਚੰਗਾ ਕੀਤਾ। 16 ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸਦੇ ਬਾਰੇ ਦੂਸਰਿਆ ਨੂੰ ਨਾ ਦੱਸਣ। 17 ਤਾਂ ਜੋ ਉਹ ਵਚਨ ਪੂਰਾ ਹੋਵੇ ਜਿਹੜਾ ਯਸ਼ਾਯਾਹ ਨਬੀ ਨੇ ਬੋਲਿਆ ਸੀ:

18 "ਵੇਖੋ ਇਹ ਮੇਰਾ ਸੇਵਕ ਹੈ ਜਿਸਨੂੰ ਮੈਂ ਚੁਣਿਆ ਹੈ,

ਮੇਰਾ ਪਿਆਰਾ, ਜਿਸ ਤੋਂ ਮੈਂ ਪ੍ਰਸੰਨ ਹਾਂ;

ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ,

ਅਤੇ ਉਹ ਰਾਸ਼ਟਰਾਂ ਨੂੰ ਨਿਆਂ ਦਾ ਪ੍ਰਚਾਰ ਕਰੇਂਗਾ।

19 ਉਹ ਨਾ ਝਗੜਾ ਕਰੇਂਗਾ ਨਾ ਉੱਚੀ ਬੋਲੇਗਾ,

ਨਾ ਚੌਕਾਂ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।

20 ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ,

ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ,

ਜਦੋਂ ਤੱਕ ਉਹ ਨਿਆਂ ਦੀ ਜਿੱਤ ਨਾ ਕਰਾਂ ਦੇਵੇ।

21 ਅਤੇ ਉਸ ਦੇ ਨਾਮ ਉੱਤੇ ਰਾਸ਼ਟਰ ਉਮੀਦ ਰੱਖਣਗੇ।"

ਯਿਸ਼ੂ ਅਤੇ ਸ਼ੈਤਾਨ

22 ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸ਼ੂ ਨੇ ਉਸ ਨੂੰ ਚੰਗਾ ਕੀਤਾ ਅਤੇ ਉਹ ਆਦਮੀ ਵੇਖਣ ਅਤੇ ਬੋਲਣ ਲੱਗ ਪਿਆ। 23 ਅਤੇ ਸਾਰੇ ਲੋਕ ਜਿਹੜੇ ਉਸ ਜਗ੍ਹਾ ਤੇ ਇਕੱਠੇ ਹੋਏ ਸਨ ਹੈਰਾਨ ਰਹਿ ਗਏ ਤੇ ਬੋਲੇ, "ਕੀ ਇਹ ਦਾਵੀਦ ਦਾ ਪੁੱਤਰ ਤੇ ਨਹੀਂ ਹੈ?"

24 ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, "ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।"

25 ਯਿਸ਼ੂ ਨੇ ਉਹਨਾਂ ਦੇ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਕਿਹਾ, "ਹਰ ਇੱਕ ਰਾਜ ਜਿਸ ਵਿੱਚ ਫੁੱਟ ਪੈ ਜਾਂਦੀ ਹੈ ਉਹ ਨਾਸ਼ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਜਾਂ ਪਰਿਵਾਰ ਵਿੱਚ ਫੁੱਟ ਪੈ ਜਾਵੇ ਉਹ ਕਦੇ ਵੀ ਬਣਿਆ ਨਹੀਂ ਰਹੇਗਾ। 26 ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਸਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਜਾਂਦੀ ਹੈ ਤੇ ਫਿਰ ਉਹਨਾਂ ਦਾ ਰਾਜ ਕਿਵੇਂ ਸਥਿਰ ਰਹਿ ਸਕਦਾ ਹੈ? 27 ਅਤੇ ਜੇ ਮੈਂ ਬੇਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ, ਤਾਂ ਫਿਰ ਤੁਹਾਡੇ ਆਪਣੇ ਚੇਲੇ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਉਹ ਹੀ ਤੁਹਾਡਾ ਨਿਆਂ ਕਰਨ ਵਾਲੇ ਹੋਣਗੇ। 28 ਪਰ ਜੇ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਨਾਲ ਦੁਸ਼ਟ ਆਤਮਾ ਨੂੰ ਕੱਢਦਾ ਹਾਂ, ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ।

29 "ਅਤੇ ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਵਿੱਚ ਵੜ ਕੇ, ਜੇ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ ਤਾਂ ਉਸਦੀ ਸੰਪਤੀ ਕਿਵੇਂ ਲੁੱਟ ਸਕਦਾ ਹੈ? ਉਹ ਪਹਿਲਾਂ ਉਸਨੂੰ ਬੰਨ੍ਹੇਗਾ ਅਤੇ ਫਿਰ ਉਸ ਦਾ ਘਰ ਲੁੱਟੇਗਾ।

30 "ਜਿਹੜਾ ਕੋਈ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ। 31 ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਗਲਤ ਬੋਲੇ ਉਹ ਮਾਫ਼ ਨਹੀਂ ਕੀਤਾ ਜਾਵੇਗਾ। 32 ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਬੋਲੇ ਉਹ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗਲਤ ਬੋਲੇ, ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮਾਫ਼ ਕੀਤਾ ਜਾਵੇਗਾ।

33 "ਜੇ ਰੁੱਖ ਚੰਗਾ ਹੈ ਤਾਂ ਉਸਦਾ ਫ਼ਲ ਵੀ ਚੰਗਾ ਹੋਵੇਗਾ, ਜੇ ਰੁੱਖ ਮਾੜਾ ਹੈ ਤਾਂ ਉਹ ਫ਼ਲ ਵੀ ਮਾੜਾ ਦੇਵੇਗਾ। ਕਿਉਂਕਿ ਰੁੱਖ ਆਪਣੇ ਫ਼ਲ ਦੁਆਰਾ ਪਛਾਣਿਆ ਜਾਂਦਾ ਹੈ। 34 ਅਤੇ ਤੁਸੀਂ ਜੋ ਸੱਪਾਂ ਦੀ ਸੰਤਾਂਨ ਹੋ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ। 35 ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ। 36 ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲਾਂ ਦਾ ਜੋ ਉਹ ਬੋਲਦਾ ਹੈ, ਨਿਆਂ ਦੇ ਦਿਨ ਉਸਦਾ ਹਿਸਾਬ ਦੇਵੇਗਾ। 37 ਇਸ ਲਈ ਤੂੰ ਆਪਣੀਆਂ ਗੱਲਾਂ ਦੇ ਕਾਰਨ ਹੀ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਹੀ ਦੋਸ਼ੀ ਠਹਿਰਾਇਆ ਜਾਵੇਂਗਾ।"

ਸਵਰਗ ਤੋਂ ਨਿਸ਼ਾਨ ਦੀ ਮੰਗ

38 ਇੱਕ ਦਿਨ ਕੁਝ ਫ਼ਰੀਸੀਆਂ ਅਤੇ ਕਾਨੂੰਨ ਦੇ ਸਿਖਾਉਣ ਵਾਲਿਆਂ ਨੇ ਉਸਨੂੰ ਕਿਹਾ, "ਗੁਰੂ ਜੀ, ਅਸੀਂ ਤੇਰੇ ਕੋਲੋਂ ਕੋਈ ਚਿੰਨ੍ਹ ਵੇਖਣਾ ਚਾਹੁੰਦੇ ਹਾਂ।"

39 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਕਿ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ! ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ, ਉਹਨਾਂ ਨੂੰ ਕੋਈ ਹੋਰ ਚਿੰਨ੍ਹ ਨਹੀਂ ਦਿੱਤਾ ਜਾਵੇਗਾ। 40 ਜਿਸ ਤਰ੍ਹਾਂ ਯੋਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਇੱਕ ਵੱਡੀ ਮੱਛੀ ਦੇ ਪੇਟ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ। 41 ਨੀਨਵਾਹ ਸ਼ਹਿਰ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਹਨਾਂ ਨੇ ਯੋਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਯੋਨਾਹ ਨਾਲੋਂ ਵੀ ਵੱਡਾ ਹੈ। 42 ਦੱਖਣ ਦੀ ਰਾਣੀ ਨਿਆਂ ਦੇ ਦਿਨ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸ਼ਲੋਮੋਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਇੱਥੇ ਉਹ ਹੈ ਜਿਹੜਾ ਸ਼ਲੋਮੋਨ ਨਾਲੋਂ ਵੀ ਵੱਡਾ ਹੈ।

43 "ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਆਰਾਮ ਲੱਭਦਾ ਫ਼ਿਰਦਾ ਹੈ ਪਰ ਉਸ ਨੂੰ ਨਹੀਂ ਲੱਭਦਾ। 44 ਅਤੇ ਫਿਰ ਉਹ ਆਖਦਾ ਹੈ, ‘ਕਿ ਮੈਂ ਆਪਣੇ ਘਰ ਜਿੱਥੋ ਨਿੱਕਲਿਆ ਸੀ ਵਾਪਸ ਚਲਾ ਜਾਂਵਾਂਗਾ।’ ਅਤੇ ਜਦੋਂ ਆ ਕੇ ਉਸਨੂੰ ਖਾਲੀ ਅਤੇ ਸਾਫ-ਸੁਥਰਾ ਹੋਇਆ ਵੇਖਦਾ ਹੈ। 45 ਤਦ ਉਹ ਜਾ ਕੇ ਆਪਣੇ ਨਾਲੋਂ ਵੱਧ ਭੈੜੀਆਂ ਸੱਤ ਹੋਰ ਆਤਮਾ ਨੂੰ ਆਪਣੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਵਿਅਕਤੀ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ। ਅਤੇ ਉਸ ਵਿਅਕਤੀ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ।"

ਯਿਸ਼ੂ ਦੀ ਮਾਤਾ ਅਤੇ ਭਰਾ

46 ਜਦੋਂ ਯਿਸ਼ੂ ਇਕੱਠੀ ਹੋਈ ਭੀੜ ਨਾਲ ਗੱਲਾਂ ਕਰ ਰਹੇ ਸਨ, ਉਸ ਸਮੇਂ ਉਹਨਾਂ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਯਿਸ਼ੂ ਨਾਲ ਗੱਲ ਕਰਨੀ ਚਾਹੁੰਦੇ ਸਨ। 47 ਕਿਸੇ ਨੇ ਯਿਸ਼ੂ ਨੂੰ ਆਖਿਆ, "ਤੁਹਾਡੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ।"

48 ਯਿਸ਼ੂ ਨੇ ਉਸਨੂੰ ਉੱਤਰ ਦਿੱਤਾ, "ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾਂ?" 49 ਆਪਣੇ ਚੇਲਿਆਂ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ, "ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ। 50 ਕਿਉਂਕਿ ਜਿਹੜਾ ਵੀ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮਾਤਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-