1 ਉਹਨਾਂ ਦਿਨਾਂ ਵਿੱਚ ਯੋਹਨ ਬਪਤਿਸਮਾ ਦੇਣ ਵਾਲਾ ਆਇਆ ਅਤੇ ਯਹੂਦਿਯਾ ਪ੍ਰਦੇਸ਼ ਦੇ ਉਜਾੜ ਵਿੱਚ ਪ੍ਰਚਾਰ ਕਰਦਾ 2 ਅਤੇ ਆਖਦਾ, ਇਸ ਲਈ "ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ।" 3 ਇਹ ਉਹ ਹੀ ਹੈ ਜਿਸਦੇ ਵਿਸ਼ੇ ਵਿੱਚ ਯਸ਼ਾਯਾਹ ਨਬੀ ਨੇ ਆਖਿਆ ਸੀ:
"ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼,
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,
ਉਸ ਲਈ ਰਸਤਾ ਸਿੱਧਾ ਬਣਾਓ।’ "
4 ਯੋਹਨ ਬਪਤਿਸਮਾ ਦੇਣ ਵਾਲੇ ਦੇ ਕੱਪੜੇ ਊਠ ਦੇ ਵਾਲਾਂ ਤੋਂ ਬਣੇ ਹੋਏ ਸਨ ਅਤੇ ਉਸਦੀ ਕਮਰ ਉੱਤੇ ਚਮੜੇ ਦਾ ਕਮਰਬੰਧ ਸੀ ਅਤੇ ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ। 5 ਯੇਰੂਸ਼ਲੇਮ ਨਗਰ, ਸਾਰੇ ਯਹੂਦਿਯਾ ਪ੍ਰਦੇਸ਼ ਅਤੇ ਯਰਦਨ ਨਦੀ ਦੇ ਨਜ਼ਦੀਕੀ ਖੇਤਰ ਵਿਚੋਂ ਵੱਡੀ ਗਿਣਤੀ ਵਿੱਚ ਲੋਕ ਉਸਦੇ ਕੋਲ ਆਉਂਦੇ ਸਨ। 6 ਆਪਣੇ ਪਾਪਾਂ ਨੂੰ ਮੰਨ ਕੇ, ਉਹ ਦੇ ਕੋਲੋ ਯਰਦਨ ਨਦੀ ਵਿੱਚ ਬਪਤਿਸਮਾ ਲੈਂਦੇ ਸਨ।
7 ਜਦੋਂ ਯੋਹਨ ਨੇ ਵੇਖਿਆ ਕਿ ਬਹੁਤ ਸਾਰੇ ਫ਼ਰੀਸੀ ਅਤੇ ਸਦੂਕੀ ਜੋ ਉਸ ਕੋਲੋਂ ਬਪਤਿਸਮਾ ਲੈਣ ਲਈ ਆ ਰਹੇ ਹਨ, ਤਾਂ ਉਸ ਨੇ ਉਹਨਾਂ ਨੂੰ ਕਿਹਾ, "ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ? 8 ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ। 9 ਅਤੇ ਆਪਣੇ ਮਨ ਵਿੱਚ ਅਜਿਹਾ ਨਾ ਸੋਚੋ, ‘ਕਿ ਅਸੀਂ ਅਬਰਾਹਾਮ ਦੀ ਸੰਤਾਨ ਹਾਂ।’ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਵੀ ਅਬਰਾਹਾਮ ਲਈ ਔਲਾਦ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। 10 ਕੁਹਾੜੀ ਪਹਿਲਾਂ ਹੀ ਰੁੱਖਾਂ ਦੀ ਜੜ੍ਹ ਉੱਤੇ ਰੱਖੀ ਹੋਈ ਹੈ। ਹਰ ਇੱਕ ਰੁੱਖ, ਜੋ ਚੰਗਾ ਫ਼ਲ ਨਹੀਂ ਦਿੰਦਾ, ਉਸ ਨੂੰ ਵੱਢ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।
11 "ਮੈਂ ਤਾਂ ਤੁਹਾਨੂੰ ਮਨ ਫ਼ਿਰਾਉਣ ਦੇ ਲਈ ਪਾਣੀ ਵਿੱਚ ਬਪਤਿਸਮਾ ਦਿੰਦਾ ਹਾਂ। ਪਰ ਉਹ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ। ਮੈਂ ਤਾਂ ਇਸ ਯੋਗ ਵੀ ਨਹੀਂ ਕਿ ਉਸ ਦੀ ਜੁੱਤੀ ਵੀ ਉੱਠਾ ਸਕਾ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 12 ਤੰਗਲੀ ਉਸਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਂਗਾ, ਆਪਣੀ ਕਣਕ ਨੂੰ ਭੜੋਲਿਆਂ ਵਿੱਚ ਇਕੱਠਾ ਕਰੇਂਗਾ ਅਤੇ ਤੂੜੀ ਨੂੰ ਕਦੇ ਨਾ ਬੁਝਨ ਵਾਲੀ ਅੱਗ ਵਿੱਚ ਸਾੜ ਦੇਵੇਗਾ।"
13 ਤਦ ਯਿਸ਼ੂ ਯੋਹਨ ਤੋਂ ਬਪਤਿਸਮਾ ਲੈਣ ਲਈ ਗਲੀਲ ਤੋਂ ਯਰਦਨ ਨਦੀ ਤੱਕ ਆਇਆ। 14 ਪਰ ਯੋਹਨ ਨੇ ਇਸਦਾ ਇਨਕਾਰ ਕਰਦੇ ਹੋਏ ਕਿਹਾ, "ਜ਼ਰੂਰੀ ਤਾਂ ਇਹ ਹੈ ਕਿ ਮੈਂ ਤੁਹਾਡੇ ਕੋਲੋਂ ਬਪਤਿਸਮਾ ਲਵਾਂ। ਪਰ ਤੁਸੀਂ ਮੇਰੇ ਕੋਲੋਂ ਬਪਤਿਸਮਾ ਲੈਣ ਆਏ ਹੋ?"
15 ਯਿਸ਼ੂ ਨੇ ਜਵਾਬ ਵਿੱਚ ਕਿਹਾ, "ਹੁਣ ਇਹੀ ਹੋਣ ਦਿਓ; ਕਿਉਂ ਜੋ ਇਹ ਯੋਗ ਹੈ ਅਸੀਂ ਸਾਰੇ ਧਾਰਮਿਕਤਾ ਨੂੰ ਇਸੇ ਰੀਤੀ ਨਾਲ ਪੂਰਾ ਕਰੀਏ।" ਇਸ ਉੱਤੇ ਯੋਹਨ ਸਹਿਮਤ ਹੋ ਗਿਆ।
16 ਜਿਵੇਂ ਹੀ ਯਿਸ਼ੂ ਬਪਤਿਸਮਾ ਦੇ ਬਾਅਦ ਪਾਣੀ ਵਿੱਚੋਂ ਬਾਹਰ ਆਇਆ। ਉਸ ਸਮੇਂ ਸਵਰਗ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ਵਰ ਦੇ ਆਤਮਾ ਨੂੰ ਕਬੂਤਰ ਦੇ ਸਮਾਨ ਉੱਤਰਦਾ ਅਤੇ ਉਸ ਦੇ ਉੱਤੇ ਠਹਿਰਦਾ ਹੋਇਆ ਵੇਖਿਆ। 17 ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, "ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਇਸ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।"