1 "ਸਾਵਧਾਨ ਰਹੋ ਤੁਸੀਂ ਆਪਣੇ ਧਾਰਮਿਕਤਾ ਦੇ ਕੰਮਾਂ ਨੂੰ ਮਨੁੱਖਾਂ ਦੇ ਸਾਹਮਣੇ ਦਿਖਾਵੇ ਲਈ ਨਾ ਕਰੋ। ਨਹੀਂ ਤਾਂ ਤੁਸੀਂ ਆਪਣੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੋਈ ਵੀ ਫ਼ਲ ਪ੍ਰਾਪਤ ਨਹੀਂ ਕਰੋਗੇ।
2 "ਇਸ ਲਈ ਜਦੋਂ ਤੁਸੀਂ ਲੋੜਵੰਦਾਂ ਨੂੰ ਦਾਨ ਦਿਓ, ਤਾਂ ਰਸਤਿਆ ਵਿੱਚ ਆਪਣੇ ਅੱਗੇ ਤੁਰ੍ਹੀ ਵਜ਼ਾ ਕੇ ਚਰਚਾ ਨਾ ਕਰੋ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਸਥਾਨਾਂ ਅਤੇ ਰਸਤਿਆ ਵਿੱਚ ਕਰਦੇ ਹਨ ਤਾਂ ਜੋ ਲੋਕ ਉਹਨਾਂ ਦੀ ਪ੍ਰਸੰਸਾ ਕਰਨ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਆਪਣਾ ਫ਼ਲ ਪਾ ਚੁੱਕੇ ਹਨ। 3 ਪਰ ਜਦੋਂ ਤੁਸੀਂ ਲੋੜਵੰਦਾਂ ਨੂੰ ਦਾਨ ਦਿਓ ਤਾਂ ਜੋ ਕੁਝ ਤੁਹਾਡੇ ਸੱਜੇ ਹੱਥ ਵਿੱਚ ਹੈ ਤੁਹਾਡੇ ਖੱਬੇ ਹੱਥ ਨੂੰ ਪਤਾ ਵੀ ਨਾ ਚੱਲੇ। ਕਿ ਤੁਹਾਡਾ ਸੱਜਾ ਹੱਥ ਕੀ ਕਰ ਰਿਹਾ ਹੈ। 4 ਤੁਹਾਡਾ ਦਾਨ ਗੁਪਤ ਵਿੱਚ ਹੋਵੇ, ਤਾਂ ਜੋ ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਹੈ ਤੁਹਾਨੂੰ ਇਨਾਮ ਦੇਵੇ।
5 "ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਪਖੰਡੀਆਂ ਦੀ ਤਰ੍ਹਾਂ ਨਾ ਕਰੋ ਕਿਉਂਕਿ ਉਹ ਪ੍ਰਾਰਥਨਾ ਸਥਾਨਾਂ ਅਤੇ ਚੌਕਾਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਜੋ ਲੋਕ ਉਹਨਾਂ ਨੂੰ ਦੇਖਣ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ। 6 ਪਰ ਜਦ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਅੰਦਰਲੇ ਕਮਰੇ ਵਿੱਚ ਜਾ ਕੇ ਅਤੇ ਦਰਵਾਜ਼ਾ ਬੰਦ ਕਰਕੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ, ਜਿਹੜਾ ਗੁਪਤ ਹੈ, ਤਾਂ ਜੋ ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਉਹ ਤੁਹਾਨੂੰ ਫ਼ਲ ਦੇਵੇਗਾ। 7 ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਵਿਅਰਥ ਸ਼ਬਦ ਨਾ ਦੁਹਰਾਓ, ਜਿਵੇਂ ਪਰਾਈਆਂ ਕੌਮਾਂ ਦੇ ਲੋਕ ਕਰਦੇ ਹਨ ਕਿਉਂਕਿ ਉਹਨਾਂ ਦਾ ਵਿਚਾਰ ਹੈ ਕਿ ਜ਼ਿਆਦਾ ਬੋਲਣ ਨਾਲ ਸਾਡੀ ਪ੍ਰਾਰਥਨਾ ਸੁਣੀ ਜਾਵੇਗੀ। 8 ਇਸ ਲਈ ਤੁਸੀਂ ਉਹਨਾਂ ਵਰਗੇ ਨਾ ਬਣੋ ਕਿਉਂਕਿ ਤੁਹਾਡਾ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਜਾਣਦਾ ਹੈ।
9 "ਇਸ ਲਈ ਤੁਸੀਂ ਇਸ ਪ੍ਰਕਾਰ ਪ੍ਰਾਰਥਨਾ ਕਰੋ:
" ‘ਹੇ ਸਾਡੇ ਪਿਤਾ, ਜੋ ਸਵਰਗ ਵਿੱਚ ਹੈ,
ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,
10 ਤੇਰਾ ਰਾਜ ਆਵੇ,
ਤੇਰੀ ਮਰਜ਼ੀ ਪੂਰੀ ਹੋਵੇ,
ਜਿਸ ਪ੍ਰਕਾਰ ਸਵਰਗ ਵਿੱਚ ਉਸੇ ਤਰ੍ਹਾਂ ਧਰਤੀ ਉੱਤੇ ਵੀ ਹੋਵੇ।
11 ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ।
12 ਅਤੇ ਸਾਡੇ ਗੁਨਾਹ ਸਾਨੂੰ ਮਾਫ਼ ਕਰ,
ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕਰਦੇ ਹਾਂ।
13 ਅਤੇ ਸਾਨੂੰ ਪਰੀਖਿਆ ਵਿੱਚ ਨਾ ਲਿਆ,
ਪਰ ਸਾਨੂੰ ਬੁਰਾਈ ਤੋਂ ਬਚਾ।’
14 ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰੋ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ। 15 ਪਰ ਜੇ ਤੁਸੀਂ ਦੂਸਰਿਆ ਮਨੁੱਖਾਂ ਦੇ ਪਾਪ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਂਗਾ।
16 "ਜਦੋਂ ਤੁਸੀਂ ਵਰਤ ਰੱਖੋ, ਤਾਂ ਪਖੰਡੀਆਂ ਦੀ ਤਰ੍ਹਾਂ ਉਦਾਸ ਚਿਹਰਾ ਨਾ ਬਣਾਉ, ਕਿਉਂਕਿ ਉਹ ਆਪਣਾ ਮੂੰਹ ਇਸ ਲਈ ਵਿਗਾੜਦੇ ਹਨ ਤਾਂ ਕਿ ਲੋਕ ਜਾਣ ਸਕਣ ਕੇ ਉਹਨਾਂ ਨੇ ਵਰਤ ਰੱਖਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ। 17 ਪਰ ਜਦ ਤੁਸੀਂ ਵਰਤ ਰੱਖੋ ਤਾਂ ਆਪਣੇ ਸਿਰ ਉੱਤੇ ਤੇਲ ਲਗਾਉ ਅਤੇ ਆਪਣਾ ਮੂੰਹ ਧੋਵੋ, 18 ਤਾਂ ਕਿ ਮਨੁੱਖਾਂ ਨੂੰ ਇਹ ਸਪੱਸ਼ਟ ਨਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ, ਪਰ ਸਿਰਫ ਤੁਹਾਡੇ ਪਿਤਾ ਨੂੰ, ਜਿਹੜਾ ਗੁਪਤ ਵਿੱਚ ਹੈ; ਪਤਾ ਹੋਵੇ ਕਿ ਤੁਸੀਂ ਵਰਤ ਰੱਖਿਆ ਹੈ ਜਿਹੜਾ ਗੁਪਤ ਵਿੱਚ ਤੁਹਾਨੂੰ ਵੇਖਦਾ ਹੈ, ਤੁਹਾਨੂੰ ਫ਼ਲ ਦੇਵੇਗਾ।
19 "ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਨਾਸ ਕਰਦੇ ਹਨ ਅਤੇ ਚੋਰ ਸੰਨ ਮਾਰ ਕੇ ਇਸ ਨੂੰ ਚੁਰਾਉਂਦੇ ਹਨ। 20 ਪਰ ਆਪਣੇ ਲਈ ਸਵਰਗ ਵਿੱਚ ਧਨ ਇਕੱਠਾ ਕਰੋ, ਜਿੱਥੇ ਨਾ ਕੋਈ ਕੀੜਾ ਅਤੇ ਨਾ ਜੰਗਾਲ ਇਸ ਨੂੰ ਨਾਸ ਕਰਦੇ ਹਨ ਅਤੇ ਨਾ ਹੀ ਚੋਰ ਇਸ ਨੂੰ ਚੁਰਾਉਂਦੇ ਹਨ। 21 ਕਿਉਂਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਵੀ ਹੋਵੇਗਾ।
22 "ਸਰੀਰ ਦਾ ਦੀਵਾ ਅੱਖ ਹੈ। ਜੇ ਤੁਹਾਡੀ ਅੱਖ ਨਿਰਮਲ ਹੈ, ਤਾਂ ਤੁਹਾਡੇ ਸਰੀਰ ਵਿੱਚ ਚਾਨਣ ਹੋਵੇਗਾ। 23 ਪਰ ਅਗਰ ਤੁਹਾਡੀ ਅੱਖ ਵਿੱਚ ਬੁਰਾਈ ਹੈ, ਤਾਂ ਤੁਹਾਡਾ ਸਾਰਾ ਸਰੀਰ ਹਨੇਰੇ ਨਾਲ ਭਰਿਆ ਹੋਵੇਗਾ। ਸੋ ਜੇ ਤੁਹਾਡੇ ਅੰਦਰ ਦਾ ਚਾਨਣ ਹੀ ਹਨੇਰਾ ਹੈ, ਤਾਂ ਉਹ ਹਨੇਰਾ ਕਿੰਨ੍ਹਾ ਵੱਡਾ ਹੋਵੇਗਾ।
24 "ਕੋਈ ਵੀ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਤੁਸੀਂ ਇੱਕ ਨਾਲ ਨਫ਼ਰਤ ਕਰੋਗੇ ਅਤੇ ਦੂਸਰੇ ਨਾਲ ਪਿਆਰ ਕਰੋਗੇ, ਜਾਂ ਫਿਰ ਇੱਕ ਨਾਲ ਮਿਲੇ ਰਹੋਗੇ ਅਤੇ ਦੂਸਰੇ ਨੂੰ ਤੁੱਛ ਜਾਣੋਗੇ। ਇਸੇ ਤਰ੍ਹਾਂ ਤੁਸੀਂ ਪਰਮੇਸ਼ਵਰ ਅਤੇ ਪੈਸੇ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।
25 "ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਰੀਰ ਦੀ ਚਿੰਤਾ ਨਾ ਕਰੋ, ਕਿ ਤੁਸੀਂ ਕੀ ਖਾਵੋਂਗੇ ਜਾਂ ਪੀਵੋਗੇ; ਜਾਂ ਕੀ ਪਹਿਨੋਗੇ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਨਹੀਂ ਹੈ? 26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ; ਉਹ ਨਾ ਬੀਜਦੇ ਹਨ ਨਾ ਵੱਢਦੇ ਹਨ ਅਤੇ ਨਾ ਆਪਣੇ ਭੜੋਲਿਆਂ ਵਿੱਚ ਇੱਕਠੇ ਕਰਦੇ ਹਨ, ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਦੇਖਭਾਲ ਕਰਦਾ ਹੈ। ਕੀ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਉੱਤਮ ਨਹੀਂ ਹੋ? 27 ਕੀ ਕੋਈ ਤੁਹਾਡੇ ਵਿੱਚੋਂ ਅਜਿਹਾ ਮਨੁੱਖ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵੀ ਵਧਾ ਸਕਦਾ ਹੈ?
28 "ਅਤੇ ਤੁਸੀਂ ਕਿਉਂ ਆਪਣੇ ਬਸਤ੍ਰ ਲਈ ਚਿੰਤਾ ਕਰਦੇ ਹੋ? ਜ਼ਮੀਨ ਦੇ ਫੁੱਲਾ ਵੱਲ ਦੇਖੋ ਕਿ ਉਹ ਕਿਵੇਂ ਵੱਧਦੇ ਹਨ। ਉਹ ਨਾ ਮਿਹਨਤ ਕਰਦੇ ਹਨ ਨਾ ਹੀ ਕੱਤਦੇ ਹਨ। 29 ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸ਼ਲੋਮੋਨ ਨੇ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਰਗੇ ਵੀ ਕੱਪੜੇ ਨਹੀਂ ਪਹਿਨੇ ਸਨ। 30 ਜੇ ਪਰਮੇਸ਼ਵਰ ਘਾਹ ਨੂੰ ਜਿਹੜਾ ਅੱਜ ਹੈ ਅਤੇ ਕੱਲ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ, ਅਜਿਹਾ ਸ਼ਿੰਗਾਰਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ? 31 ਇਸ ਲਈ ਤੁਸੀਂ ਚਿੰਤਾ ਨਾ ਕਰੋ ਅਤੇ ਇਹ ਨਾ ਬੋਲੋ, ‘ਅਸੀਂ ਕੀ ਖਾਵਾਂਗੇ?’ ਅਤੇ ‘ਕੀ ਪੀਵਾਂਗੇ?’ ਜਾਂ ‘ਕੀ ਪਹਿਨਾਂਗੇ?’ 32 ਗ਼ੈਰ-ਯਹੂਦੀ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ, ਪਰ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਚੀਜ਼ਾ ਦੀ ਲੋੜ ਹੈ। 33 ਪਰ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਰਾਜ ਅਤੇ ਉਸਦੀ ਧਾਰਮਿਕਤਾ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ। 34 ਇਸ ਲਈ ਤੁਸੀਂ ਕੱਲ ਦੇ ਬਾਰੇ ਚਿੰਤਾਂ ਨਾ ਕਰੋ, ਕਿਉਂਕਿ ਕੱਲ ਆਪਣੇ ਲਈ ਆਪ ਹੀ ਚਿੰਤਾਂ ਕਰੇਂਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ।