1 ਜਦੋਂ ਯਿਸ਼ੂ ਅਤੇ ਉਹ ਦੇ ਚੇਲੇ ਯੇਰੂਸ਼ਲੇਮ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਥਫ਼ਗੇ ਕੋਲ ਪਹੁੰਚੇ, ਯਿਸ਼ੂ ਦੋ ਚੇਲਿਆਂ ਨੂੰ ਇਹ ਆਗਿਆ ਨਾਲ ਅੱਗੇ ਭੇਜਦੇ ਹਨ, 2 ਉਹਨਾਂ ਨੂੰ ਕਿਹਾ, "ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਹਮਣੇ ਹੈ ਅਤੇ ਪਿੰਡ ਵਿੱਚ ਵੜਦੇ ਹੀ ਤੁਹਾਨੂੰ ਇੱਕ ਗਧੀ ਬੰਨ੍ਹੀ ਹੋਈ ਮਿਲੇਗੀ ਅਤੇ ਉਸਦੇ ਨਾਲ ਉਸਦਾ ਬੱਚਾ ਵੀ, ਉਸਨੂੰ ਖੋਲ ਕੇ ਮੇਰੇ ਕੋਲ ਲਿਆਓ। 3 ਜੇ ਕੋਈ ਤੁਹਾਨੂੰ ਕੁਝ ਕਹੇ, ਤਾਂ ਆਖਣਾ ਕਿ ਪ੍ਰਭੂ ਨੂੰ ਇਸਦੀ ਜ਼ਰੂਰਤ ਹੈ, ਫਿਰ ਉਹ ਉਸੇ ਵੇਲੇ ਉਹਨਾਂ ਨੂੰ ਭੇਜ ਦੇਣਗੇ।"
4 ਇਹ ਨਬੀ ਦੁਆਰਾ ਕਹੇ ਗਏ ਵਚਨਾਂ ਨੂੰ ਪੂਰਾ ਕਰਨ ਲਈ ਹੋਇਆ:
5 "ਸੀਯੋਨ ਦੀ ਬੇਟੀ ਨੂੰ ਆਖੋ,
‘ਵੇਖੋ, ਤੁਹਾਡਾ ਰਾਜਾ ਅਧੀਨਗੀ ਨਾਲ
ਅਤੇ ਇੱਕ ਗਧੇ ਉੱਤੇ ਸਵਾਰ ਹੋ ਕੇ ਤੁਹਾਡੇ ਕੋਲ ਆਉਂਦਾ ਹੈ,
ਹਾਂ, ਗਧੇ ਦੇ ਬੱਚੇ ਉੱਤੇ, ਭਾਰ ਚੁੱਕਣ ਵਾਲੇ ਦੇ ਗਧੀ ਉੱਤੇ।’ "
6 ਤਦ ਉਹ ਦੇ ਦੋ ਚੇਲੇ ਗਏ ਅਤੇ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਕੀਤਾ। 7 ਅਤੇ ਉਹ ਗਧੀ ਅਤੇ ਉਸ ਦੇ ਬੱਚੇ ਨੂੰ ਲਿਆਏ ਅਤੇ ਉਹਨਾਂ ਉੱਤੇ ਆਪਣੇ ਕੱਪੜੇ ਪਾ ਦਿੱਤੇ ਤਾਂ ਕਿ ਯਿਸ਼ੂ ਉੱਪਰ ਬੈਠ ਗਿਆ। 8 ਭੀੜ ਵਿੱਚੋਂ ਬਹੁਤਿਆਂ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਪਰ ਹੋਰਨਾ ਨੇ ਦਰੱਖ਼ਤਾ ਦੀਆਂ ਟਾਹਣੀਆ ਵੱਢ ਕੇ ਰਾਹ ਵਿੱਚ ਵਿਛਾ ਦਿੱਤੀਆਂ। 9 ਅਤੇ ਭੀੜ ਜਿਹੜੀ ਯਿਸ਼ੂ ਦੇ ਅੱਗੇ ਅਤੇ ਪਿੱਛੇ ਜਾ ਰਹੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੇ,
"ਹੋਸਨਾ ਦਾਵੀਦ ਦੇ ਪੁੱਤਰ ਦੀ!"
"ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!"
"ਹੋਸਨਾ ਉੱਚੇ ਸਵਰਗ ਦੇ ਵਿੱਚ!"
10 ਜਦੋਂ ਯਿਸ਼ੂ ਯੇਰੂਸ਼ਲੇਮ ਵਿੱਚ ਆਏ, ਤਾਂ ਪੂਰੇ ਨਗਰ ਵਿੱਚ ਹਲ-ਚਲ ਮੱਚ ਗਈ ਅਤੇ ਪੁੱਛਣ ਲੱਗੇ, "ਇਹ ਕੌਣ ਹੈ?"
11 ਤਾਂ ਲੋਕਾਂ ਨੇ ਉੱਤਰ ਦਿੱਤਾ, "ਇਹ ਯਿਸ਼ੂ ਹੈ, ਗਲੀਲ ਦੇ ਨਾਜ਼ਰੇਥ ਦਾ ਨਬੀ।"
12 ਫਿਰ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਹਨਾਂ ਸਭਨਾਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਲੋਕ ਕੁਰਬਾਨੀ ਲਈ ਜਾਨਵਰ ਵੇਚਦੇ ਅਤੇ ਖਰੀਦਦੇ ਸਨ। ਤਾਂ ਯਿਸ਼ੂ ਨੇ ਸ਼ਾਹੁਕਾਰਾਂ ਦੀਆ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀ ਚੌਂਕੀਆਂ ਨੂੰ ਉਲਟਾ ਦਿੱਤਾ। 13 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ,’ ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਰਹੇ ਹੋ।’"
14 ਹੈਕਲ ਵਿੱਚ ਅੰਨ੍ਹੇ ਅਤੇ ਲੰਗੜੇ ਉਹਨਾਂ ਕੋਲ ਆਏ ਅਤੇ ਯਿਸ਼ੂ ਨੇ ਉਹਨਾਂ ਨੂੰ ਚੰਗਾ ਕੀਤਾ। 15 ਜਦੋਂ ਮੁੱਖ ਜਾਜਕਾਂ ਅਤੇ ਉਪਦੇਸ਼ਕਾ ਨੇ ਉਹ ਅਚਰਜ਼ ਕੰਮ ਵੇਖੇ ਜਿਹੜੇ ਯਿਸ਼ੂ ਨੇ ਕੀਤੇ ਸਨ ਅਤੇ ਬੱਚਿਆਂ ਨੂੰ ਹੈਕਲ ਵਿੱਚ ਉੱਚੀ ਆਵਾਜ਼ ਨਾਲ ਬੋਲਦੇ ਅਤੇ, "ਦਾਵੀਦ ਦੇ ਪੁੱਤਰ ਦੀ ਹੋਸਨਾ," ਆਖਦੇ ਵੇਖਿਆ, ਤਾਂ ਉਹ ਗੁੱਸੇ ਹੋ ਗਏ।
16 ਉਹਨਾਂ ਨੇ ਯਿਸ਼ੂ ਨੂੰ ਕਿਹਾ, "ਕੀ ਤੂੰ ਸੁਣਦਾ ਹੈ ਜੋ ਇਹ ਕੀ ਆਖਦੇ ਹਨ?"
ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਹਾਂ, ਕੀ ਤੁਸੀਂ ਇਹ ਕਦੇ ਨਹੀਂ ਪੜ੍ਹਿਆ,
" ‘ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆਂ ਦੇ ਮੂੰਹੋਂ
ਉਸਤਤ ਪੂਰੀ ਕਰਵਾਈ?’ " (ਸੈਪਟੁਜਿੰਟ ਦੇਖੋ)
17 ਤਾਂ ਉਹ ਉਹਨਾਂ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ ਅਤੇ ਬੈਥਨੀਆ ਵਿੱਚ ਆ ਕੇ ਰਾਤ ਕੱਟੀ।
18 ਸਵੇਰੇ, ਜਦੋਂ ਯਿਸ਼ੂ ਵਾਪਸ ਸ਼ਹਿਰ ਨੂੰ ਜਾ ਰਹੇ ਸੀ, ਤਾਂ ਉਹਨਾਂ ਨੂੰ ਭੁੱਖ ਲੱਗੀ। 19 ਅਤੇ ਰਾਸਤੇ ਵਿੱਚ ਇੱਕ ਹੰਜ਼ੀਰ ਦਾ ਰੁੱਖ ਵੇਖ ਕੇ, ਉਸਦੇ ਨੇੜੇ ਗਏ ਪਰ ਪੱਤਿਆਂ ਤੋਂ ਬਿਨ੍ਹਾਂ ਉਸ ਉੱਤੇ ਹੋਰ ਕੁਝ ਨਾ ਮਿਲਿਆ ਤਾਂ ਉਹਨਾਂ ਨੇ ਆਖਿਆ, "ਅੱਜ ਤੋਂ ਬਾਅਦ ਤੈਨੂੰ ਕਦੇ ਫ਼ਲ ਨਾ ਲੱਗੇ!" ਤਾਂ ਉਸੇ ਵਕਤ ਉਹ ਹੰਜ਼ੀਰ ਦਾ ਰੁੱਖ ਸੁੱਕ ਗਿਆ।
20 ਜਦੋਂ ਚੇਲਿਆਂ ਨੇ ਇਹ ਵੇਖਿਆ, ਤਾਂ ਉਹ ਹੈਰਾਨ ਹੋ ਗਏ। ਅਤੇ ਇੱਕ ਦੂਸਰੇ ਨੂੰ ਆਖਣ ਲੱਗੇ, "ਕੀ ਇਹ ਹੰਜ਼ੀਰ ਦਾ ਰੁੱਖ ਐਨੀ ਜਲਦੀ ਕਿਵੇਂ ਸੁੱਕ ਗਿਆ?"
21 ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਹਾਨੂੰ ਵਿਸ਼ਵਾਸ ਹੈ ਤੇ ਸ਼ੱਕ ਨਾ ਕਰੋ, ਤੁਸੀਂ ਸਿਰਫ ਇਹੋ ਨਹੀਂ ਕਰੋਗੇ ਜੋ ਹੰਜ਼ੀਰ ਦੇ ਰੁੱਖ ਨਾਲ ਹੋਇਆ, ਪਰ ਜੇ ਤੁਸੀਂ ਇਸ ਪਹਾੜ ਨੂੰ ਆਖੋਗੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਤਾਂ ਅਜਿਹਾ ਹੋ ਜਾਵੇਗਾ। 22 ਅਗਰ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਉਸਨੂੰ ਪਾ ਲਓਗੇ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ।"
23 ਯਿਸ਼ੂ ਹੈਕਲ ਦੇ ਵਿਹੜੇ ਵਿੱਚ ਵੜਿਆ ਅਤੇ ਜਦੋਂ ਉਹ ਸਿੱਖਿਆ ਦੇ ਰਹੇ ਸੀ, ਤਦ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਉਸ ਦੇ ਕੋਲ ਆਏ। ਉਹਨਾਂ ਨੇ ਉਸ ਨੂੰ ਪੁੱਛਿਆ, "ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਹੋ? ਅਤੇ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?"
24 ਯਿਸ਼ੂ ਨੇ ਜਵਾਬ ਦਿੱਤਾ, "ਮੈਂ ਵੀ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਦਾ ਹਾਂ। ਜੇ ਤੁਸੀਂ ਮੈਨੂੰ ਉੱਤਰ ਦਿਓ, ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 25 ਯੋਹਨ ਦਾ ਬਪਤਿਸਮਾ ਕਿੱਥੋਂ ਆਇਆ ਸੀ, ਸਵਰਗ ਵੱਲੋਂ ਜਾਂ ਮਨੁੱਖ ਵੱਲੋਂ?"
ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, "ਜੇ ਅਸੀਂ ਆਖੀਏ, ‘ਸਵਰਗ ਵੱਲੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 26 ਪਰ ਜੇ ਅਸੀਂ ਕਹਿੰਦੇ ਹਾਂ, ‘ਮਨੁੱਖ ਵੱਲੋਂ,’ ਤਾਂ ਲੋਕਾਂ ਤੋਂ ਡਰਦੇ ਹਾਂ, ਕਿਉਂਕਿ ਉਹ ਸਾਰੇ ਯੋਹਨ ਨੂੰ ਇੱਕ ਨਬੀ ਮੰਨਦੇ ਸਨ।"
27 ਤਾਂ ਉਹਨਾਂ ਨੇ ਯਿਸ਼ੂ ਨੂੰ ਉੱਤਰ ਦਿੱਤਾ, "ਅਸੀਂ ਨਹੀਂ ਜਾਣਦੇ।"
ਤਦ ਉਸ ਨੇ ਕਿਹਾ, "ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਕੰਮ ਕਰ ਰਿਹਾ ਹਾਂ।
28 "ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਸੀ ਜਿਸਦੇ ਦੋ ਪੁੱਤਰ ਸਨ। ਉਹ ਪਹਿਲੇ ਦੇ ਕੋਲ ਗਿਆ ਅਤੇ ਬੋਲਿਆ, ‘ਪੁੱਤਰ, ਜਾ ਅਤੇ ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ।’ "
29 ਪੁੱਤਰ ਨੇ ਉੱਤਰ ਦਿੱਤਾ " ‘ਮੇਰਾ ਜੀ ਨਹੀਂ ਕਰਦਾ,’ ਪਰ ਬਾਅਦ ਵਿੱਚ ਉਹ ਪਛਤਾਇਆ ਅਤੇ ਕੰਮ ਕਰਨ ਲਈ ਬਾਗ਼ ਵਿੱਚ ਚਲਾ ਗਿਆ।
30 "ਫਿਰ ਪਿਤਾ ਦੂਸਰੇ ਪੁੱਤਰ ਕੋਲ ਗਿਆ ਅਤੇ ਉਸਨੂੰ ਵੀ ਇਹੋ ਹੀ ਕਿਹਾ। ਉਸਨੇ ਉੱਤਰ ਦਿੱਤਾ, ‘ਠੀਕ ਹੈ ਸ਼੍ਰੀਮਾਨ ਜੀ,’ ਪਰ ਉਹ ਨਹੀਂ ਗਿਆ।
31 "ਸੋ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?"
ਉਹਨਾਂ ਉੱਤਰ ਦਿੱਤਾ, "ਪਹਿਲੇ ਨੇ।"
ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਚੁੰਗੀ ਲੈਣ ਵਾਲੇ ਅਤੇ ਵੇਸਵਾਵਾਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ਵਰ ਦੇ ਰਾਜ ਵਿੱਚ ਦਾਖ਼ਲ ਹੋਣਗੇ। 32 ਕਿਉਂਕਿ ਯੋਹਨ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਧਾਰਮਿਕਤਾ ਦਾ ਰਾਹ ਵਿਖਾਉਣ ਲਈ ਆਇਆ ਸੀ ਅਤੇ ਤੁਸੀਂ ਉਸਦਾ ਵਿਸ਼ਵਾਸ ਨਹੀਂ ਕੀਤਾ ਪਰ ਚੁੰਗੀ ਲੈਣ ਵਾਲਿਆਂ ਅਤੇ ਵੇਸਵਾਵਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ। ਅਤੇ ਇਹ ਸਭ ਵੇਖ ਕੇ ਵੀ, ਤੁਸੀਂ ਨਾ ਪਛਤਾਏ ਅਤੇ ਨਾ ਵਿਸ਼ਵਾਸ ਕੀਤਾ।
33 "ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਘਰ ਦਾ ਮਾਲਕ ਸੀ ਜਿਸਨੇ ਅੰਗੂਰੀ ਬਾਗ਼ ਲਾਇਆ ਅਤੇ ਉਸਨੇ ਇਸਦੇ ਚਾਰ-ਚੁਫੇਰੇ ਇੱਕ ਕੰਧ ਕੀਤੀ ਅਤੇ ਉਸਦੇ ਵਿੱਚ ਰਸ ਲਈ ਇੱਕ ਚੁਬੱਚਾ ਪੁੱਟਿਆ ਅਤੇ ਬੁਰਜ ਵੀ ਬਣਾਇਆ। ਫਿਰ ਉਸਨੇ ਬਾਗ਼ ਕੁਝ ਕਿਸਾਨਾਂ ਨੂੰ ਕਿਰਾਏ ਤੇ ਦੇ ਦਿੱਤਾ ਅਤੇ ਕਿਸੇ ਹੋਰ ਜਗ੍ਹਾ ਚਲਾ ਗਿਆ। 34 ਜਦੋਂ ਵਾਢੀ ਦਾ ਸਮਾਂ ਆਇਆ, ਤਾਂ ਉਸਨੇ ਆਪਣੇ ਨੌਕਰਾਂ ਨੂੰ ਕਿਰਾਏਦਾਰਾਂ ਦੇ ਕੋਲ ਭੇਜਿਆ ਤਾਂ ਜੋ ਉਹ ਉਸਦਾ ਫ਼ਲ ਇਕੱਠਾ ਕਰ ਸਕਣ।
35 "ਅਤੇ ਕਿਰਾਏਦਾਰਾਂ ਨੇ ਉਸਦੇ ਨੌਕਰਾਂ ਨੂੰ ਫੜ੍ਹ ਕੇ; ਇੱਕ ਨੂੰ ਕੁੱਟਿਆ, ਦੂਸਰੇ ਨੂੰ ਮਾਰ ਸੁੱਟਿਆ ਅਤੇ ਤੀਸਰੇ ਨੂੰ ਪਥਰਾਓ ਕੀਤਾ। 36 ਫਿਰ ਉਸਨੇ ਪਹਿਲਾਂ ਹੋਰ ਨੌਕਰਾਂ ਨੂੰ ਉਹਨਾਂ ਕੋਲ ਭੇਜਿਆ ਅਤੇ ਕਿਰਾਏਦਾਰਾਂ ਨੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਹੀ ਕੀਤਾ। 37 ਅੰਤ ਵਿੱਚ ਉਸਨੇ ਆਪਣੇ ਪੁੱਤਰ ਨੂੰ ਉਹਨਾਂ ਦੇ ਕੋਲ ਇਹ ਸੋਚ ਕੇ ਭੇਜਿਆ, ‘ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
38 "ਪਰ ਜਦੋਂ ਕਿਰਾਏਦਾਰਾਂ ਨੇ ਉਸਦੇ ਪੁੱਤਰ ਨੂੰ ਵੇਖਿਆ, ਤਾਂ ਉਹ ਇੱਕ ਦੂਸਰੇ ਨੂੰ ਕਹਿਣ ਲੱਗੇ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਅਤੇ ਉਸਦੀ ਵਿਰਾਸਤ ਸੰਭਾਲ ਲਈਏ।’ 39 ਤਾਂ ਉਹਨਾਂ ਉਸਨੂੰ ਫੜ ਲਿਆ ਅਤੇ ਬਾਗ਼ ਵਿੱਚੋਂ ਬਾਹਰ ਕੱਢ ਕੇ ਉਸਨੂੰ ਮਾਰ ਸੁੱਟਿਆ।
40 "ਇਸ ਲਈ, ਜਦੋਂ ਬਾਗ਼ ਦਾ ਮਾਲਕ ਆਵੇਗਾ ਤਦ ਉਹਨਾਂ ਕਿਰਾਏਦਾਰਾਂ ਨਾਲ ਕੀ ਕਰੇਂਗਾ?"
41 ਉਹਨਾਂ ਨੇ ਉੱਤਰ ਦਿੱਤਾ, "ਉਹਨਾਂ ਦੁਸ਼ਟਾ ਦਾ ਬੁਰੀ ਤਰ੍ਹਾਂ ਨਾਸ ਕਰੇਂਗਾ ਅਤੇ ਅੰਗੂਰੀ ਬਾਗ਼ ਹੋਰਨਾਂ ਕਿਰਾਏਦਾਰਾਂ ਨੂੰ ਸੌਂਪੇਗਾ, ਜੋ ਸਮੇਂ ਤੇ ਉਸ ਨੂੰ ਫਸਲ ਦਾ ਹਿੱਸਾ ਦੇਣ।"
42 ਯਿਸ਼ੂ ਨੇ ਉਹਨਾਂ ਨੂੰ ਆਖਿਆ, "ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਕਦੇ ਨਹੀਂ ਪੜ੍ਹਿਆ:
" ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,
ਉਹੀ ਖੂੰਜੇ ਦਾ ਪੱਥਰ ਬਣ ਗਿਆ;
ਇਹ ਸਭ ਪ੍ਰਭੂ ਦੇ ਵੱਲੋਂ ਹੋਇਆ,
ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ।’
43 "ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਕੋਲੋ ਖੋਹ ਕੇ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਹੜੇ ਇਸਦੇ ਯੋਗ ਫ਼ਲ ਲਿਆ ਸਕਣ। 44 ਅਤੇ ਜਿਹੜਾ ਵੀ ਇਸ ਪੱਥਰ ਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ; ਪਰ ਜਿਸ ਕਿਸੇ ਦੇ ਉੱਤੇ ਇਹ ਡਿੱਗੇਗਾ ਉਸ ਨੂੰ ਪੀਹ ਸੁੱਟੇਗਾ।"
45 ਜਦੋਂ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਿਸ਼ੂ ਦਾ ਇਹ ਦ੍ਰਿਸ਼ਟਾਂਤ ਸੁਣਿਆ, ਤਾਂ ਉਹ ਸਮਝ ਗਏ ਕਿ ਯਿਸ਼ੂ ਉਹਨਾਂ ਬਾਰੇ ਗੱਲ ਕਰ ਰਹੇ ਹਨ। 46 ਇਸ ਲਈ ਉਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰਨ ਦਾ ਰਾਹ ਲੱਭਿਆ, ਪਰ ਉਹ ਲੋਕਾਂ ਕੋਲੋਂ ਡਰੇ ਕਿਉਂਕਿ ਲੋਕ ਯਿਸ਼ੂ ਨੂੰ ਨਬੀ ਮੰਨਦੇ ਸਨ।