Publicidade

Mateus 19

ਤਲਾਕ ਬਾਰੇ ਸਿੱਖਿਆ

1 ਜਦੋਂ ਯਿਸ਼ੂ ਇਹ ਗੱਲਾਂ ਕਰ ਹਟੇ, ਤਾਂ ਉਹ ਗਲੀਲ ਪ੍ਰਦੇਸ਼ ਨੂੰ ਛੱਡ ਯਰਦਨ ਨਦੀ ਦੇ ਪਾਰ ਯਹੂਦਿਯਾ ਪ੍ਰਦੇਸ਼ ਵਿੱਚ ਆਏ। 2 ਤਾਂ ਬਹੁਤ ਵੱਡੀ ਭੀੜ ਉਹਨਾਂ ਦੇ ਪਿੱਛੇ ਆਈ ਅਤੇ ਉਸਨੇ ਉੱਥੇ ਉਹਨਾਂ ਦੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ।

3 ਕੁਝ ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਸਦੇ ਕੋਲ ਆਏ ਅਤੇ ਬੋਲੇ, "ਕੀ ਮਨੁੱਖ ਲਈ ਬਿਵਸਥਾ ਅਨੁਸਾਰ ਇਹ ਸਹੀ ਹੈ ਜੋ ਉਹ ਕਿਸੇ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ?"

4 ਯਿਸ਼ੂ ਨੇ ਉੱਤਰ ਦਿੱਤਾ, "ਕੀ ਤੁਸੀਂ ਇਹ ਨਹੀਂ ਪੜ੍ਹਿਆ? ਕਿ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ‘ਨਰ ਅਤੇ ਨਾਰੀ ਕਰਕੇ ਬਣਾਇਆ,’ 5 ਅਤੇ ਕਿਹਾ, ‘ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।’ 6 ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।"

7 ਉਹਨਾਂ ਨੇ ਪੁੱਛਿਆ, "ਤਾਂ ਫਿਰ ਕਿਉਂ ਮੋਸ਼ੇਹ ਨੇ ਹੁਕਮ ਦਿੱਤਾ ਸੀ, ਕਿ ਆਦਮੀ ਆਪਣੀ ਪਤਨੀ ਨੂੰ ਤਲਾਕ-ਨਾਮਾ ਲਿਖ ਕੇ ਉਸਨੂੰ ਤਿਆਗ ਦੇਵੇ?"

8 ਯਿਸ਼ੂ ਨੇ ਜਵਾਬ ਦਿੱਤਾ, "ਤੁਹਾਡੇ ਦਿਲ ਕਠੋਰ ਹੋਣ ਕਾਰਨ ਮੋਸ਼ੇਹ ਨੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੱਤੀ। ਪਰ ਸ਼ੁਰੂਆਤ ਤੋਂ ਅਜਿਹਾ ਨਹੀਂ ਸੀ। 9 ਮੈਂ ਤੁਹਾਨੂੰ ਆਖਦਾ ਹਾਂ, ਕਿ ਜੇ ਕੋਈ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਤਲਾਕ ਦੇਵੇ ਅਤੇ ਦੂਸਰੀ ਔਰਤ ਨਾਲ ਵਿਆਹ ਕਰਵਾਉਂਦਾ ਹੈ, ਤਾਂ ਉਹ ਵਿਭਚਾਰ ਕਰਦਾ ਹੈ।"

10 ਚੇਲਿਆਂ ਨੇ ਉਸਨੂੰ ਕਿਹਾ, "ਜੇ ਪਤੀ-ਪਤਨੀ ਦੇ ਵਿਚਕਾਰ ਇਹ ਹਾਲਾਤ ਹਨ, ਤਾਂ ਵਿਆਹ ਨਾ ਕਰਨਾ ਚੰਗਾ ਹੈ।"

11 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਇਹ ਗੱਲ ਸਾਰਿਆਂ ਲਈ ਨਹੀਂ, ਸਿਰਫ ਉਹਨਾਂ ਲਈ ਜਿੰਨ੍ਹਿਆਂ ਨੂੰ ਬਖ਼ਸੀ ਗਈ ਹੈ। 12 ਕਿਉਂਕਿ ਇੱਥੇ ਕੁਝ ਖੁਸਰੇ ਹਨ ਜਿਹੜੇ ਜਨਮ ਤੋਂ ਇਸ ਪ੍ਰਕਾਰ ਜਨਮੇ ਹਨ ਅਤੇ ਕੁਝ ਖੁਸਰੇ ਅਜਿਹੇ ਹਨ ਜੋ ਦੂਸਰਿਆ ਦੁਆਰਾ ਖੁਸਰੇ ਬਣਾਏ ਗਏ ਹਨ ਅਤੇ ਕੁਝ ਲੋਕਾਂ ਨੇ ਆਪਣੇ ਆਪ ਨੂੰ ਸਵਰਗ ਦੇ ਰਾਜ ਲਈ ਖੁਸਰਿਆਂ ਵਾਂਗ ਰਹਿਣ ਦੀ ਚੋਣ ਕੀਤੀ। ਜਿਹੜਾ ਵੀ ਇਸ ਨੂੰ ਸਵੀਕਾਰ ਕਰ ਸਕਦਾ ਹੈ ਉਹ ਸਵੀਕਾਰ ਕਰੇ।"

ਛੋਟੇ ਬੱਚੇ ਅਤੇ ਮਸੀਹ ਯਿਸ਼ੂ

13 ਤਦ ਲੋਕ ਆਪਣੇ ਬੱਚਿਆਂ ਨੂੰ ਯਿਸ਼ੂ ਕੋਲ ਲਿਆਏ ਤਾਂ ਜੋ ਉਹ ਉਹਨਾਂ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ।

14 ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਆਖਿਆ, "ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਰੋਕੋ ਕਿਉਂ ਜੋ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।" 15 ਜਦੋਂ ਉਸ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ ਅਤੇ ਉਹਨਾਂ ਨੂੰ ਅਸੀਸ ਦਿੱਤੀ, ਤਾਂ ਉਸ ਤੋਂ ਬਾਅਦ ਉਹ ਉੱਥੋਂ ਚਲੇ ਗਏ।

ਧਨੀ ਮਨੁੱਖ ਅਤੇ ਸਦੀਪਕ ਜੀਵਨ

16 ਤਾਂ ਇੱਕ ਆਦਮੀ ਯਿਸ਼ੂ ਕੋਲ ਆਇਆ ਅਤੇ ਕਿਹਾ, "ਗੁਰੂ ਜੀ, ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ?"

17 ਯਿਸ਼ੂ ਨੇ ਉੱਤਰ ਦਿੱਤਾ, "ਤੂੰ ਮੈਨੂੰ ਭਲਾਈ ਦੇ ਬਾਰੇ ਕਿਉਂ ਪੁੱਛਦਾ ਹੈ? ਭਲਾ ਤਾਂ ਸਿਰਫ ਇੱਕ ਪਰਮੇਸ਼ਵਰ ਹੀ ਹੈ। ਅਗਰ ਤੂੰ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈ, ਤਾਂ ਹੁਕਮਾਂ ਨੂੰ ਮੰਨ।"

18 ਉਸਨੇ ਆਖਿਆ, "ਕਿਹੜਾ ਹੁਕਮ?"

ਤਾਂ ਯਿਸ਼ੂ ਨੇ ਜਵਾਬ ਦਿੱਤਾ, " ‘ਤੁਸੀਂ ਕਤਲ ਨਾ ਕਰਨਾ, ਵਿਭਚਾਰ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, 19 ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ।’ "

20 ਉਸ ਜਵਾਨ ਨੇ ਆਖਿਆ, "ਮੈਂ ਤਾਂ ਇਹ ਸਾਰਿਆਂ ਹੁਕਮਾਂਂ ਦੀ ਪਾਲਣਾ ਕਰਦਾ ਰਿਹਾ ਹਾਂ, ਫਿਰ ਹੁਣ ਮੇਰੇ ਵਿੱਚ ਕਿਸ ਚੀਜ਼ ਦੀ ਘਾਟ ਹੈ?"

21 ਯਿਸ਼ੂ ਨੇ ਉਸ ਨੂੰ ਕਿਹਾ, "ਅਗਰ ਤੂੰ ਸਪੂੰਰਨ ਬਣਨਾ ਚਾਹੁੰਦਾ ਹੈ, ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਫਿਰ ਆ ਮੇਰੇ ਮਗਰ ਚੱਲ।"

22 ਜਦ ਉਸ ਜਵਾਨ ਨੇ ਇਹ ਗੱਲ ਸੁਣੀ ਤਾਂ ਉਹ ਉਦਾਸ ਹੋ ਕੇ ਚੱਲਿਆ ਗਿਆ, ਕਿਉਂਕਿ ਉਹ ਇੱਕ ਵੱਡਾ ਧਨਵਾਨ ਸੀ।

23 ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨੀ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ। 24 ਫਿਰ ਮੈਂ ਤੁਹਾਨੂੰ ਆਖਦਾ ਹਾਂ, ਧਨੀ ਵਿਅਕਤੀ ਦਾ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੌਖਾ ਹੈ।"

25 ਜਦੋਂ ਚੇਲਿਆਂ ਨੇ ਇਹ ਸੁਣਿਆ ਤਾਂ ਬਹੁਤ ਹੈਰਾਨ ਹੋਏ ਅਤੇ ਪੁੱਛਿਆ, "ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?"

26 ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, "ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।"

27 ਤਦ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, "ਅਸੀਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਹੋ ਤੁਰੇ ਹਾਂ! ਫਿਰ ਸਾਨੂੰ ਕੀ ਮਿਲੇਗਾ?"

28 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ, ਤਦ ਤੁਸੀਂ ਵੀ ਮੇਰੇ ਨਾਲ ਬਾਰ੍ਹਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰ੍ਹਾਂ ਗੋਤਾਂ ਦਾ ਨਿਆਂ ਕਰੋਗੇ। 29 ਅਤੇ ਹਰ ਕੋਈ ਜਿਸਨੇ ਆਪਣੇ ਘਰ ਭਰਾਵਾਂ ਭੈਣਾਂ ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫ਼ਲ ਪ੍ਰਪਾਤ ਕਰੇਂਗਾ ਅਤੇ ਸਦੀਪਕ ਜੀਵਨ ਦਾ ਵਾਰਸ ਹੋਵੇਗਾ। 30 ਪਰ ਬਹੁਤ ਸਾਰੇ ਜੋ ਪਹਿਲੇ ਹਨ, ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ, ਉਹ ਪਹਿਲੇ ਹੋਣਗੇ।"

Veja também

Publicidade
Bíblia Online Bíblia Online

Bíblia Online • Versão: 2026-06-16_06-50-08-