Publicidade

Mateus 11

ਯਿਸ਼ੂ ਅਤੇ ਯੋਹਨ ਬਪਤਿਸਮਾ ਦੇਣ ਵਾਲਾ

1 ਜਦੋਂ ਯਿਸ਼ੂ ਆਪਣੇ ਬਾਰਾਂ ਚੇਲਿਆਂ ਨੂੰ ਉਪਦੇਸ਼ ਦੇ ਚੁੱਕੇ ਸਨ, ਤਾਂ ਉਹ ਉੱਥੋਂ ਗਲੀਲੀ ਨਗਰ ਦੇ ਕਸਬਿਆਂ ਵਿੱਚ ਸਿਖਾਉਣ ਅਤੇ ਪ੍ਰਚਾਰ ਕਰਨ ਲਈ ਚੱਲਿਆ ਗਿਆ।

2 ਉਸ ਸਮੇਂ ਯੋਹਨ ਨੇ ਜੇਲ੍ਹ ਵਿੱਚ ਮਸੀਹ ਦੇ ਅਚਰਜ਼ ਕੰਮਾਂ ਦੇ ਬਾਰੇ ਸੁਣਿਆ ਤਦ ਉਸਨੇ ਆਪਣੇ ਚੇਲਿਆਂ ਨੂੰ ਉਸ ਕੋਲੋ ਇਹ ਪੁੱਛਣ ਲਈ ਭੇਜਿਆ 3 "ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?"

4 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਵਾਪਸ ਜਾਓ ਅਤੇ ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੋਹਨ ਨੂੰ ਇਹ ਸਭ ਦੀ ਖ਼ਬਰ ਦਿਓ: 5 ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜ਼ਿੰਦਾ ਕੀਤੇ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਇਆ ਜਾ ਰਿਹਾ ਹੈ। 6 ਅਤੇ ਮੁਬਾਰਕ ਹੈ ਉਹ ਮਨੁੱਖ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।"

7 ਜਦੋਂ ਯੋਹਨ ਦੇ ਚੇਲੇ ਚਲੇ ਗਏ ਤਾਂ ਯਿਸ਼ੂ ਯੋਹਨ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ, "ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? 8 ਅਗਰ ਨਹੀਂ, ਤਾਂ ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਮਨੁੱਖ ਜਿਸ ਨੇ ਵਧੀਆ ਕੱਪੜੇ ਪਹਿਨੇ ਹੋਏ ਸੀ? ਨਹੀਂ, ਜਿਹੜੇ ਸੋਹਣੇ ਕੱਪੜੇ ਪਹਿਨਦੇ ਹਨ ਉਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੇ ਹਨ। 9 ਫਿਰ ਤੁਸੀਂ ਬਾਹਰ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਹ ਉਹ ਹੈ ਜੋ ਨਬੀ ਨਾਲੋਂ ਵੀ ਵੱਡਾ ਹੈ। 10 ਇਹ ਉਹੀ ਹੈ ਜਿਸਦੇ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:

" ‘ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,

ਜੋ ਤੇਰੇ ਲਈ ਰਸਤਾ ਤਿਆਰ ਕਰੇਂਗਾ।’

11 ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜੇ ਵੀ ਔਰਤਾਂ ਤੋਂ ਜਨਮੇ ਹਨ ਉਹਨਾਂ ਵਿੱਚੋਂ ਯੋਹਨ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ। ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਨਾਲੋਂ ਵੱਡਾ ਹੈ। 12 ਯੋਹਨ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। 13 ਕਿਉਂ ਜੋ ਸਾਰੇ ਨਬੀਆਂ ਅਤੇ ਬਿਵਸਥਾ ਨੇ ਯੋਹਨ ਦੇ ਆਉਣ ਤੱਕ ਭਵਿੱਖਬਾਣੀਆ ਕੀਤੀਆ। 14 ਅਗਰ ਤੁਸੀਂ ਇਸ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਆਉਣ ਵਾਲਾ ਏਲੀਯਾਹ ਇਹ ਹੀ ਹੈ। 15 ਜਿਸ ਦੇ ਕੰਨ ਹਨ, ਉਹ ਸੁਣੇ।

16 "ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਤਾਂ ਉਹਨਾਂ ਬੱਚਿਆਂ ਵਰਗੇ ਹਨ, ਜਿਹੜੇ ਬਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ ਬੁਲਾਉਦੇ ਹਨ:

17 " ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ,

ਪਰ ਤੁਸੀਂ ਨਹੀਂ ਨੱਚੇ;

ਅਸੀਂ ਦੁੱਖ ਦੇ ਗੀਤ ਗਾਏ,

ਫਿਰ ਵੀ ਤੁਸੀਂ ਸੋਗ ਨਾ ਕੀਤਾ।’

18 ਕਿਉਂ ਜੋ ਯੋਹਨ ਬਪਤਿਸਮਾ ਵਾਲਾ ਨਾ ਖਾਂਦਾ ਨਾ ਪੀਂਦਾ ਸੀ, ਫਿਰ ਵੀ ਉਹ ਆਖਦੇ ਹਨ, ‘ਉਸਨੂੰ ਭੂਤ ਚਿੰਬੜਿਆ ਹੋਇਆ ਹੈ।’ 19 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਉਸਨੂੰ ਕਹਿੰਦੇ ਹਨ, ‘ਕਿ ਇਹ ਇੱਕ ਪੇਟੂ ਅਤੇ ਸ਼ਰਾਬੀ ਹੈ ਅਤੇ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ।’ ਪਰ ਬੁੱਧ ਉਸਦੇ ਕੰਮਾਂ ਦੁਆਰਾ ਸਹੀ ਸਾਬਤ ਹੁੰਦੀ ਹੈ।"

ਉਹਨਾਂ ਨਗਰਾਂ ਉੱਤੇ ਹਾਏ ਜਿਨ੍ਹਾਂ ਨੇ ਆਪਣੇ ਪਾਪਾਂ ਤੋਂ ਤੋਬਾ ਨਹੀਂ ਕੀਤੀ

20 ਤਦ ਯਿਸ਼ੂ ਨੇ ਉਨ੍ਹਾਂ ਸ਼ਹਿਰਾਂ ਨੂੰ ਨਿੰਦਣਾ ਸ਼ੁਰੂ ਕੀਤਾ ਜਿੱਥੇ ਉਸਨੇ ਬਹੁਤ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ। 21 "ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਕਦੋਂ ਦੀ ਤੋਬਾ ਕਰ ਲੈਣੀ ਸੀ। 22 ਪਰ ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿਨ ਸੋਰ ਅਤੇ ਸਿਦੋਨ ਤੁਹਾਡੇ ਨਾਲੋਂ ਬਿਹਤਰ ਹੋਵੇਗਾ। 23 ਅਤੇ ਹੇ! ਕਫ਼ਰਨਹੂਮ ਦੇ ਲੋਕੋ, ਕੀ ਤੁਸੀਂ ਸਵਰਗ ਵਿੱਚ ਉੱਚੇ ਕੀਤੇ ਜਾਵੋਗੇ? ਨਹੀਂ, ਸਗੋਂ ਤੁਸੀਂ ਪਤਾਲ ਵਿੱਚ ਸੁੱਟੇ ਜਾਵੋਗੇ। ਜੇ ਇਹ ਚਮਤਕਾਰ ਜਿਹੜੇ ਤੁਹਾਡੇ ਵਿੱਚ ਹੋਏ ਅਗਰ ਸੋਦੋਮ ਵਿੱਚ ਹੁੰਦੇ, ਤਾਂ ਉਹ ਅੱਜ ਤੱਕ ਬਣਿਆ ਰਹਿੰਦਾ। 24 ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਨਿਆਂ ਦੇ ਦਿਨ ਸੋਦੋਮ ਨਗਰ ਦਾ ਹਾਲ ਤੁਹਾਡੇ ਨਾਲੋਂ ਬਿਹਤਰ ਹੋਵੇਗਾ।"

ਪਿਤਾ ਪੁੱਤਰ ਵਿੱਚ ਪ੍ਰਗਟ ਹੋਇਆ

25 ਉਸੇ ਵੇਲੇ ਯਿਸ਼ੂ ਨੇ ਆਖਿਆ, "ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ। 26 ਹਾਂ, ਹੇ ਪਿਤਾ, ਇਹੀ ਤੁਹਾਡੀ ਨਿਗਾਹ ਵਿੱਚ ਚੰਗਾ ਸੀ।

27 "ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੈ। ਪਿਤਾ ਤੋਂ ਇਲਾਵਾ, ਪੁੱਤਰ ਨੂੰ ਕੋਈ ਨਹੀਂ ਜਾਣਦਾ ਹੈ ਅਤੇ ਨਾ ਹੀ ਪੁੱਤਰ ਤੋਂ ਇਲਾਵਾ ਪਿਤਾ ਨੂੰ ਕੋਈ ਜਾਣਦਾ ਹੈ ਅਤੇ ਜਿਸ ਉੱਤੇ ਉਹ ਪੁੱਤਰ ਪ੍ਰਗਟ ਕਰਨਾ ਚਾਹੇ।

28 "ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ। 29 ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਮਨ ਦਾ ਕੋਮਲ ਅਤੇ ਨਮਰ ਹਾਂ ਅਤੇ ਤੁਸੀਂ ਆਪਣੀ ਆਤਮਾ ਲਈ ਆਰਾਮ ਪਾਓਗੇ। 30 ਕਿਉਂਕਿ ਮੇਰਾ ਜੂਲਾ ਸੌਖਾ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹਲਕਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-16_06-50-08-