1 ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਇੱਕ ਦ੍ਰਿਸ਼ਟਾਂਤ ਵਿੱਚ ਗੱਲਾਂ ਕਰ ਕੇ ਕਹਿਣ ਲੱਗਾ ਕਿ ਉਹਨਾਂ ਨੂੰ ਹਮੇਸ਼ਾ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਹਾਰ ਨਹੀਂ ਮੰਨਣੀ ਚਾਹੀਦੀ। 2 ਉਹਨਾਂ ਨੇ ਕਿਹਾ: "ਕਿਸੇ ਸ਼ਹਿਰ ਵਿੱਚ ਇੱਕ ਜੱਜ ਸੀ ਜੋ ਨਾ ਤਾਂ ਪਰਮੇਸ਼ਵਰ ਦਾ ਡਰ ਮੰਨਦਾ ਸੀ ਅਤੇ ਨਾ ਹੀ ਲੋਕਾਂ ਦੀ ਸੋਚ ਦੀ ਪਰਵਾਹ ਕਰਦਾ ਸੀ। 3 ਅਤੇ ਉਸ ਨਗਰ ਵਿੱਚ ਇੱਕ ਵਿਧਵਾ ਔਰਤ ਸੀ ਜੋ ਉਸ ਕੋਲ ਬੇਨਤੀ ਕਰਦੀ ਰਹੀ, ‘ਮੈਨੂੰ ਮੇਰੇ ਵਿਰੋਧੀਆਂ ਤੋਂ ਮੇਰਾ ਬਦਲਾ ਲੈ ਦਿਓ।’
4 "ਕੁਝ ਸਮੇਂ ਲਈ ਉਸ ਜੱਜ ਨੇ ਇਨਕਾਰ ਕੀਤਾ। ਪਰ ਅੰਤ ਵਿੱਚ ਉਸ ਨੇ ਆਪਣੇ ਆਪ ਨੂੰ ਕਿਹਾ, ‘ਭਾਵੇਂ ਕਿ ਮੈਂ ਪਰਮੇਸ਼ਵਰ ਦਾ ਡਰ ਨਹੀਂ ਮੰਨਦਾ ਜਾਂ ਪਰਵਾਹ ਨਹੀਂ ਕਰਦਾ ਕਿ ਲੋਕ ਕੀ ਸੋਚਦੇ ਹਨ, 5 ਫਿਰ ਵੀ ਕਿਉਂਕਿ ਇਹ ਵਿਧਵਾ ਮੈਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ, ਇਸ ਲਈ ਇਹ ਵਧੀਆ ਰਹੇਗਾ ਕਿ ਮੈਂ ਇਸ ਦਾ ਨਿਆਂ ਕਰਾਂ ਤਾਂ ਜੋ ਇਹ ਬਾਰ-ਬਾਰ ਆ ਕੇ ਮੈਨੂੰ ਤੰਗ ਨਾ ਕਰੇ।’ "
6 ਅਤੇ ਪ੍ਰਭੂ ਨੇ ਅੱਗੇ ਕਿਹਾ, "ਉਸ ਬੇਇਨਸਾਫ ਜੱਜ ਦੇ ਸ਼ਬਦਾਂ ਵੱਲ ਧਿਆਨ ਦਿਓ ਜੋ ਉਹ ਕੀ ਕਹਿੰਦਾ ਹੈ। 7 ਅਤੇ ਕੀ ਪਰਮੇਸ਼ਵਰ ਆਪਣੇ ਚੁਣੇ ਹੋਏ ਲੋਕਾਂ ਲਈ ਨਿਆਂ ਨਹੀਂ ਕਰੇਗਾ, ਜੋ ਉਹਨਾਂ ਨੂੰ ਦਿਨ-ਰਾਤ ਪੁਕਾਰਦੇ ਹਨ? ਕੀ ਉਹ ਉਨ੍ਹਾਂ ਬਾਰੇ ਦੇਰੀ ਕਰੇਗਾ? 8 ਮੈਂ ਤੁਹਾਨੂੰ ਦੱਸਦਾ ਹਾਂ, ਉਹ ਵੇਖਣਗੇ ਕਿ ਉਹਨਾਂ ਨੂੰ ਜਲਦੀ ਨਿਆਂ ਮਿਲੇ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਸ ਵੇਲੇ ਤੱਕ ਧਰਤੀ ਉੱਤੇ ਵਿਸ਼ਵਾਸ ਬਣਿਆ ਰਹੇਗਾ?"
9 ਯਿਸ਼ੂ ਨੇ ਉਹਨਾਂ ਲਈ ਜਿਹੜੇ ਆਪਣੇ ਆਪ ਨੂੰ ਧਰਮੀ ਮੰਨਦੇ ਸਨ ਪਰ ਦੂਜਿਆਂ ਨੂੰ ਨੀਵਾਂ ਵੇਖਦੇ ਸਨ ਅਤੇ ਇਹ ਦ੍ਰਿਸ਼ਟਾਂਤ ਸੁਣਾਇਆ: 10 "ਦੋ ਆਦਮੀ ਹੈਕਲ ਵਿੱਚ ਪ੍ਰਾਰਥਨਾ ਕਰਨ ਲਈ ਗਏ, ਇੱਕ ਫ਼ਰੀਸੀ ਅਤੇ ਦੂਸਰਾ ਇੱਕ ਚੁੰਗੀ ਲੈਣ ਵਾਲਾ ਸੀ। 11 ਫ਼ਰੀਸੀ ਨੇ ਖੜ੍ਹੇ ਹੋ ਕੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ: ‘ਹੇ ਪਰਮੇਸ਼ਵਰ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਸਰੇ ਲੋਕਾਂ ਦੀ ਤਰ੍ਹਾਂ ਨਹੀਂ ਹਾਂ: ਲੁਟੇਰਾ, ਬਦਕਾਰੀ, ਵਿਭਚਾਰੀ ਜਾਂ ਇੱਥੋਂ ਤੱਕ ਕਿ ਇਸ ਚੁੰਗੀ ਲੈਣ ਵਾਲੇ ਵਾਂਗ ਨਹੀਂ ਹਾਂ। 12 ਮੈਂ ਹਫ਼ਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਜੋ ਵੀ ਮੈਨੂੰ ਮਿਲਦਾ ਹੈ ਉਸ ਦਾ ਦਸਵੰਧ ਦਿੰਦਾ ਹਾਂ।’
13 "ਪਰ ਚੁੰਗੀ ਲੈਣ ਵਾਲਾ ਕੁਝ ਦੂਰੀ ਉੱਤੇ ਖੜ੍ਹਾ ਰਿਹਾ। ਉਸ ਨੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਸਵਰਗ ਦੇ ਵੱਲ ਚੁੱਕੇ, ਪਰ ਆਪਣੀ ਛਾਤੀ ਨੂੰ ਕੁੱਟਦੇ ਹੋਏ ਪ੍ਰਾਰਥਨਾ ਕੀਤੀ, ‘ਹੇ ਪਰਮੇਸ਼ਵਰ, ਮੈਂ ਇੱਕ ਪਾਪੀ ਹਾਂ, ਮੇਰੇ ਉੱਤੇ ਕਿਰਪਾ ਕਰ।’
14 "ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਚੁੰਗੀ ਲੈਣ ਵਾਲਾ, ਦੂਸਰੇ ਦੀ ਬਜਾਏ, ਪਰਮੇਸ਼ਵਰ ਦੇ ਅੱਗੇ ਧਰਮੀ ਠਹਿਰਿਆ। ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਂਗਾ, ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਂਗਾ, ਉਹ ਉੱਚਾ ਕੀਤਾ ਜਾਵੇਗਾ।"
15 ਲੋਕ ਆਪਣੇ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਜੋ ਯਿਸ਼ੂ ਉਹਨਾਂ ਉੱਪਰ ਆਪਣਾ ਹੱਥ ਰੱਖੇ। ਜਦੋਂ ਚੇਲਿਆਂ ਨੇ ਇਹ ਵੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਝਿੜਕਿਆ 16 ਪਰ ਯਿਸ਼ੂ ਨੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, "ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ। 17 ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਾ ਕਰੇ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਂਗਾ।"
18 ਇੱਕ ਯਹੂਦੀ ਪ੍ਰਧਾਨ ਨੇ ਉਹਨਾਂ ਨੂੰ ਪੁੱਛਿਆ, "ਚੰਗੇ ਗੁਰੂ ਜੀ, ਸਦੀਪਕ ਜੀਵਨ ਪ੍ਰਾਪਤ ਕਰਨ ਲਈ ਮੈਂ ਕੀ ਕਰਾਂ?"
19 ਯਿਸ਼ੂ ਨੇ ਜਵਾਬ ਦਿੱਤਾ, "ਤੁਸੀਂ ਮੈਨੂੰ ਉੱਤਮ ਕਿਉਂ ਕਹਿੰਦੇ ਹੋ? ਇਕੱਲੇ ਪਰਮੇਸ਼ਵਰ ਤੋਂ ਇਲਾਵਾ ਕੋਈ ਵੀ ਉੱਤਮ ਨਹੀਂ ਹੈ। 20 ਤੁਸੀਂ ਇਨ੍ਹਾਂ ਹੁਕਮਾਂਂ ਨੂੰ ਜਾਣਦੇ ਹੋ: ‘ਕਿ ਤੂੰ ਵਿਭਚਾਰ ਨਾ ਕਰ, ਤੂੰ ਕਤਲ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਝੂਠੀ ਗਵਾਹੀ ਨਾ ਦੇ, ਤੂੰ ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ।’ "
21 ਉਸ ਨੇ ਕਿਹਾ, "ਇਹ ਸਭ ਕੁਝ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ।"
22 ਜਦੋਂ ਯਿਸ਼ੂ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਕਿਹਾ, "ਅਜੇ ਵੀ ਇੱਕ ਚੀਜ਼ ਦੀ ਤੇਰੇ ਵਿੱਚ ਘਾਟ ਹੈ। ਆਪਣਾ ਸਭ ਕੁਝ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਫਿਰ ਆ ਮੇਰੇ ਮਗਰ ਚੱਲ।"
23 ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬਹੁਤ ਧਨਵਾਨ ਸੀ। 24 ਯਿਸ਼ੂ ਨੇ ਉਸ ਵੱਲ ਵੇਖਿਆ ਅਤੇ ਕਿਹਾ, "ਅਮੀਰ ਲੋਕਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ! 25 ਧਨੀ ਵਿਅਕਤੀ ਦਾ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੌਖਾ ਹੈ।"
26 ਜਿਨ੍ਹਾਂ ਨੇ ਇਹ ਸੁਣਿਆ ਉਹਨਾਂ ਨੇ ਪੁੱਛਿਆ, "ਤਾਂ ਫਿਰ ਕੌਣ ਬਚਾਇਆ ਜਾ ਸਕਦਾ ਹੈ?"
27 ਯਿਸ਼ੂ ਨੇ ਉੱਤਰ ਦਿੱਤਾ, "ਜੋ ਮਨੁੱਖ ਲਈ ਅਣਹੋਣਾ ਹੈ ਉਹ ਪਰਮੇਸ਼ਵਰ ਤੋਂ ਹੋ ਸਕਦਾ ਹੈ।"
28 ਫਿਰ ਪਤਰਸ ਨੇ ਯਿਸ਼ੂ ਨੂੰ ਕਿਹਾ, "ਅਸੀਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਚੱਲ ਰਹੇ ਹਾਂ।"
29 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕੋਈ ਵੀ ਜਿਸ ਨੇ ਪਰਮੇਸ਼ਵਰ ਦੇ ਰਾਜ ਦੀ ਖ਼ਾਤਰ ਆਪਣਾ ਘਰ, ਪਤਨੀ, ਭਰਾ, ਭੈਣਾਂ, ਮਾਪਿਆਂ ਜਾਂ ਬੱਚਿਆਂ ਨੂੰ ਛੱਡ ਦਿੱਤਾ ਹੋਵੇ 30 ਇਸ ਯੁੱਗ ਵਿੱਚ ਬਹੁਤ ਗੁਣਾ ਅਤੇ ਆਉਣ ਵਾਲੇ ਸਮੇਂ ਵਿੱਚ ਸਦੀਪਕ ਜੀਵਨ ਪ੍ਰਾਪਤ ਨਾ ਕਰੇ।"
31 ਯਿਸ਼ੂ ਨੇ ਬਾਰ੍ਹਾਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਕਿਹਾ, "ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ, ਅਤੇ ਜੋ ਕੁਝ ਨਬੀਆਂ ਨੇ ਮਨੁੱਖ ਦੇ ਪੁੱਤਰ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਉਹ ਪੂਰਾ ਹੋਣ ਵਾਲਾ ਹੈ। 32 ਉਹ ਉਸ ਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ। ਉਹ ਉਸ ਦਾ ਮਜ਼ਾਕ ਉਡਾਉਣਗੇ, ਉਸ ਦਾ ਅਪਮਾਨ ਕਰਨਗੇ ਅਤੇ ਉਹ ਉਸ ਉੱਤੇ ਥੁੱਕਣਗੇ। 33 ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ। ਤੀਸਰੇ ਦਿਨ ਉਹ ਫਿਰ ਜੀ ਉੱਠੇਗਾ।"
34 ਚੇਲਿਆਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਆਈ। ਇਸ ਦਾ ਅਰਥ ਉਹਨਾਂ ਤੋਂ ਲੁਕਿਆ ਹੋਇਆ ਸੀ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ।
35 ਜਦੋਂ ਯਿਸ਼ੂ ਯੇਰੀਖ਼ੋ ਨਗਰ ਦੇ ਕੋਲ ਪਹੁੰਚੇ, ਇੱਕ ਅੰਨ੍ਹਾ ਆਦਮੀ ਸੜਕ ਦੇ ਕਿਨਾਰੇ ਭੀਖ ਮੰਗ ਰਿਹਾ ਸੀ। 36 ਜਦੋਂ ਉਸ ਨੇ ਭੀੜ ਨੂੰ ਜਾਂਦੇ ਹੋਏ ਸੁਣਿਆ, ਤਾਂ ਉਸ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। 37 ਉਹਨਾਂ ਨੇ ਉਸ ਨੂੰ ਕਿਹਾ, "ਯਿਸ਼ੂ ਨਾਸਰੀ ਲੰਘ ਰਹੇ ਹਨ।"
38 ਉਸ ਨੇ ਪੁਕਾਰ ਕੇ ਕਿਹਾ, "ਹੇ ਯਿਸ਼ੂ, ਦਾਵੀਦ ਦੇ ਪੁੱਤਰ, ਮੇਰੇ ਉੱਤੇ ਕਿਰਪਾ ਕਰ!"
39 ਜਿਹੜੇ ਲੋਕ ਅੱਗੇ-ਅੱਗੇ ਚੱਲ ਰਹੇ ਸਨ ਉਹਨਾਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸ ਨੇ ਹੋਰ ਹੀ ਉੱਚੀ ਆਵਾਜ਼ ਵਿੱਚ ਕਿਹਾ, "ਹੇ ਦਾਵੀਦ ਦੇ ਪੁੱਤਰ, ਮੇਰੇ ਉੱਤੇ ਕਿਰਪਾ ਕਰ!"
40 ਯਿਸ਼ੂ ਨੇ ਰੁਕ ਕੇ ਉਸ ਆਦਮੀ ਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ। ਜਦੋਂ ਉਹ ਨੇੜੇ ਆਇਆ ਤਾਂ ਯਿਸ਼ੂ ਨੇ ਉਸ ਨੂੰ ਪੁੱਛਿਆ, 41 "ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ?"
ਉਸ ਨੇ ਜਵਾਬ ਦਿੱਤਾ, "ਪ੍ਰਭੂ, ਮੈਂ ਵੇਖਣਾ ਚਾਹੁੰਦਾ ਹਾਂ।"
42 ਯਿਸ਼ੂ ਨੇ ਉਸ ਨੂੰ ਕਿਹਾ, "ਸੁਜਾਖਾ ਹੋ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।" 43 ਤੁਰੰਤ ਹੀ ਉਹ ਵੇਖਣ ਲੱਗਾ ਅਤੇ ਉਹ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਯਿਸ਼ੂ ਦੇ ਮਗਰ ਹੋ ਤੁਰਿਆ। ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ, ਉਹਨਾਂ ਨੇ ਵੀ ਪਰਮੇਸ਼ਵਰ ਦੀ ਵਡਿਆਈ ਕੀਤੀ।