Publicidade

Lucas 4

ਜੰਗਲ ਵਿੱਚ ਯਿਸ਼ੂ ਦੀ ਪਰੀਖਿਆ

1 ਯਿਸ਼ੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਆਇਆ ਅਤੇ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਚੱਲਿਆ ਗਿਆ, 2 ਜਿੱਥੇ ਉਹ ਚਾਲੀ ਦਿਨਾਂ ਤੱਕ ਦੁਸ਼ਟ ਦੇ ਦੁਆਰਾ ਪਰਤਾਇਆ ਗਿਆ। ਉਸ ਨੇ ਉਨ੍ਹਾਂ ਦਿਨਾਂ ਵਿੱਚ ਕੁਝ ਨਾ ਖਾਧਾ ਅਤੇ ਇਸ ਦੇ ਅੰਤ ਵਿੱਚ ਉਸ ਨੂੰ ਭੁੱਖ ਲੱਗੀ।

3 ਸ਼ੈਤਾਨ ਨੇ ਉਸ ਨੂੰ ਕਿਹਾ, "ਅਗਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹ ਪੱਥਰ ਨੂੰ ਹੁਕਮ ਦੇ ਤਾਂ ਜੋ ਇਹ ਰੋਟੀਆਂ ਬਣ ਜਾਣ।"

4 ਯਿਸ਼ੂ ਨੇ ਉੱਤਰ ਦਿੱਤਾ, "ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ।’"

5 ਸ਼ੈਤਾਨ ਉਸ ਨੂੰ ਉੱਚੇ ਜਗ੍ਹਾ ਉੱਤੇ ਲੈ ਗਿਆ ਅਤੇ ਉਸ ਨੂੰ ਇੱਕ ਪਲ ਵਿੱਚ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨ ਵਿਖਾਈ 6 ਅਤੇ ਸ਼ੈਤਾਨ ਨੇ ਉਹ ਨੂੰ ਕਿਹਾ, "ਮੈਂ ਤੈਨੂੰ ਇਹ ਸਾਰਾ ਅਧਿਕਾਰ ਅਤੇ ਉਨ੍ਹਾਂ ਦੀ ਸ਼ਾਨ ਦਿਆਂਗਾ, ਕਿਉਂਕਿ ਇਹ ਮੈਨੂੰ ਦਿੱਤਾ ਗਿਆ ਹੈ ਅਤੇ ਇਸ ਲਈ ਮੈਂ ਆਪਣੀ ਮਰਜ਼ੀ ਨਾਲ ਜਿਸ ਨੂੰ ਚਾਹਾ ਉਸ ਨੂੰ ਦੇ ਸਕਦਾ ਹਾਂ। 7 ਅਗਰ ਤੂੰ ਮੇਰੀ ਅਰਾਧਨਾ ਕਰੇ ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।"

8 ਯਿਸ਼ੂ ਨੇ ਉੱਤਰ ਦਿੱਤਾ, "ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਤੂੰ ਕੇਵਲ ਪ੍ਰਭੂ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ।’ "

9 ਸ਼ੈਤਾਨ ਉਸ ਨੂੰ ਯੇਰੂਸ਼ਲੇਮ ਵਿੱਚ ਲੈ ਗਿਆ ਅਤੇ ਹੈਕਲ ਦੀ ਚੋਟੀ ਉੱਤੇ ਖੜ੍ਹਾ ਕਰ ਦਿੱਤਾ ਅਤੇ ਉਹ ਨੇ ਕਿਹਾ, "ਜੇਕਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ। 10 ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:

" ‘ਪਰਮੇਸ਼ਵਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ

ਕਿ ਉਹ ਧਿਆਨ ਨਾਲ ਤੇਰੀ ਰਾਖੀ ਕਰਨ;

11 ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ,

ਤਾਂ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।’ "

12 ਯਿਸ਼ੂ ਨੇ ਉੱਤਰ ਦਿੱਤਾ, "ਇਹ ਵੀ ਆਖਿਆ ਗਿਆ ਹੈ: ‘ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਖ।’ "

13 ਜਦੋਂ ਦੁਸ਼ਟ ਇਹ ਸਾਰੀ ਪਰੀਖਿਆ ਖ਼ਤਮ ਕਰ ਚੁੱਕਿਆ ਤਾਂ ਉਹ ਕੁਝ ਸਮੇਂ ਤੱਕ ਉਸ ਨੂੰ ਛੱਡ ਕੇ ਚਲਾ ਗਿਆ।

ਗਲੀਲ ਪ੍ਰਦੇਸ਼ ਵਿੱਚ ਪ੍ਰਚਾਰ ਦੀ ਸ਼ੁਰੂਆਤ

14 ਯਿਸ਼ੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਕੇ ਗਲੀਲ ਪ੍ਰਦੇਸ਼ ਨੂੰ ਮੁੜਿਆ ਅਤੇ ਆਸ-ਪਾਸ ਦੇ ਸਾਰੇ ਸ਼ਹਿਰਾਂ ਵਿੱਚ ਉਸ ਬਾਰੇ ਖ਼ਬਰ ਫੈਲ ਗਈ। 15 ਉਹ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਸਿੱਖਿਆ ਦੇ ਰਿਹਾ ਸੀ ਅਤੇ ਸਭ ਨੇ ਉਸ ਦੀ ਵਡਿਆਈ ਕੀਤੀ।

16 ਯਿਸ਼ੂ ਨਾਜ਼ਰੇਥ ਸ਼ਹਿਰ ਵੱਲ ਚੱਲ ਪਿਆ ਜਿੱਥੇ ਉਸ ਦਾ ਪਾਲਣ ਪੋਸ਼ਣ ਹੋਇਆ ਸੀ। ਸਬਤ ਦੇ ਦਿਨ ਆਪਣੇ ਰਿਵਾਜ ਅਨੁਸਾਰ ਉਹ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਪਵਿੱਤਰ ਸ਼ਾਸਤਰ ਵਿੱਚੋਂ ਪੜ੍ਹਨ ਲਈ ਖੜ੍ਹਾ ਹੋ ਗਿਆ। 17 ਯਸ਼ਾਯਾਹ ਨਬੀ ਦੀ ਪੋਥੀ ਉਹ ਨੂੰ ਸੌਂਪੀ ਗਈ। ਉਸ ਪੋਥੀ ਨੂੰ ਖੋਲ੍ਹਦਿਆਂ ਹੀ ਯਿਸ਼ੂ ਨੇ ਉਸ ਵਚਨ ਤੋਂ ਪੜ੍ਹਿਆ ਜਿੱਥੇ ਇਹ ਲਿਖਿਆ ਹੋਇਆ ਸੀ:

18 "ਪ੍ਰਭੂ ਯਾਹਵੇਹ ਦਾ ਆਤਮਾ ਮੇਰੇ ਉੱਤੇ ਹੈ,

ਕਿਉਂਕਿ ਉਸ ਨੇ ਮੈਨੂੰ ਮਸਹ ਕੀਤਾ ਹੈ,

ਤਾਂ ਜੋ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਵਾਂ,

ਉਸ ਨੇ ਮੈਨੂੰ ਕੈਦੀਆਂ ਦੀ ਮੁਕਤੀ ਦਾ ਐਲਾਨ ਕਰਨ ਲਈ

ਅਤੇ ਅੰਨ੍ਹਿਆਂ ਨੂੰ ਵੇਖਣ,

ਅਤੇ ਦੱਬੇ-ਕੁਚਲੇ ਹੋਇਆਂ ਨੂੰ ਛੁਡਾਉਣ ਲਈ ਭੇਜਿਆ ਹੈ,

19 ਅਤੇ ਪ੍ਰਭੂ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ।" (ਸੈਪਟੁਜਿੰਟ ਦੇਖੋ)

20 ਫਿਰ ਉਸ ਨੇ ਪੋਥੀ ਨੂੰ ਬੰਦ ਕਰਕੇ ਸੇਵਕ ਦੇ ਹੱਥ ਵਿੱਚ ਦੇ ਦਿੱਤਾ ਅਤੇ ਬੈਠ ਗਏ। ਪ੍ਰਾਰਥਨਾ ਸਥਾਨ ਵਿੱਚ ਬੈਠੇ ਹਰ ਵਿਅਕਤੀ ਦੀਆਂ ਅੱਖਾਂ ਉਹਨਾਂ ਉੱਪਰ ਟਿਕੀਆਂ ਹੋਈਆਂ ਸਨ। 21 ਯਿਸ਼ੂ ਉਹਨਾਂ ਨੂੰ ਕਹਿਣ ਲੱਗੇ, "ਅੱਜ ਇਹ ਬਚਨ ਤੁਹਾਡੀ ਸੁਣਵਾਈ ਵਿੱਚ ਪੂਰਾ ਹੋਇਆ ਹੈ।"

22 ਸਾਰੇ ਯਿਸ਼ੂ ਦੀ ਵਡਿਆਈ ਕਰ ਰਹੇ ਸਨ ਅਤੇ ਉਸ ਦੇ ਮੂੰਹੋਂ ਨਿਕਲਣ ਵਾਲੀਆਂ ਕਿਰਪਾ ਦੀਆਂ ਗੱਲਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਇੱਕ-ਦੂਜੇ ਨੂੰ ਪੁੱਛਣ ਲੱਗੇ, "ਕੀ ਇਹ ਯੋਸੇਫ਼ ਦਾ ਪੁੱਤਰ ਨਹੀਂ ਹੈ?"

23 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਜਾਣਦਾ ਹਾਂ ਕਿ ਤੁਸੀਂ ਜ਼ਰੂਰ ਇਹ ਕਹਾਵਤ ਮੈਨੂੰ ਕਹੋਗੇ, ‘ਹੇ ਡਾਕਟਰ! ਪਹਿਲਾਂ ਆਪਣੇ ਆਪ ਨੂੰ ਚੰਗਾ ਕਰ! ਜੋ ਅਸੀਂ ਤੈਨੂੰ ਕਫ਼ਰਨਹੂਮ ਵਿੱਚ ਕਰਦੇ ਸੁਣਿਆ, ਉਹ ਇੱਥੇ ਆਪਣੇ ਦੇਸ਼ ਵਿੱਚ ਵੀ ਕਰ।’ "

24 ਯਿਸ਼ੂ ਨੇ ਅੱਗੇ ਕਿਹਾ, "ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿਸੇ ਵੀ ਨਬੀ ਦਾ ਉਸ ਦੇ ਸ਼ਹਿਰ ਵਿੱਚ ਸਤਿਕਾਰ ਨਹੀਂ ਹੁੰਦਾ। 25 ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਏਲੀਯਾਹ ਦੇ ਸਮੇਂ ਜਦੋਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਹੀਂ ਸੀ ਪਿਆ ਤਾਂ ਇਸਰਾਏਲ ਦੇਸ਼ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ ਅਤੇ ਸਾਰੀ ਧਰਤੀ ਉੱਤੇ ਇੱਕ ਬਹੁਤ ਵੱਡਾ ਕਾਲ ਪੈ ਗਿਆ ਸੀ; 26 ਏਲੀਯਾਹ ਨੂੰ ਉਹਨਾਂ ਵਿੱਚੋਂ ਕਿਸੇ ਕੋਲ ਨਹੀਂ ਭੇਜਿਆ ਗਿਆ ਸੀ ਪਰ ਉਸ ਵਿਧਵਾ ਕੋਲ ਜੋ ਸਿਦੋਨ ਪ੍ਰਦੇਸ਼ ਦੇ ਸਾਰਪਥ ਸ਼ਹਿਰ ਵਿੱਚ ਸੀ। 27 ਇਸੇ ਤਰ੍ਹਾਂ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਦੇਸ਼ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਸੀਰੀਆ ਵਾਸੀ ਨਾਮਾਨ ਤੋਂ ਇਲਾਵਾ ਕਿਸੇ ਨੂੰ ਵੀ ਸ਼ੁੱਧ ਨਹੀਂ ਕੀਤਾ ਗਿਆ।"

28 ਇਹ ਸੁਣਦਿਆਂ ਹੀ ਪ੍ਰਾਰਥਨਾ ਸਥਾਨ ਵਿੱਚ ਇਕੱਠੇ ਹੋਏ ਸਾਰੇ ਲੋਕ ਬਹੁਤ ਗੁੱਸੇ ਵਿੱਚ ਆ ਗਏ। 29 ਉਹ ਖੜ੍ਹੇ ਹੋ ਗਏ ਅਤੇ ਯਿਸ਼ੂ ਨੂੰ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਪਹਾੜ ਦੀ ਟੀਸੀ ਤੇ ਲੈ ਗਏ ਜਿੱਥੇ ਉਹ ਨਗਰ ਬਣਿਆ ਹੋਇਆ ਸੀ ਤਾਂ ਜੋ ਉਹ ਉਸ ਨੂੰ ਉੱਥੋਂ ਸੁੱਟ ਦੇਣ। 30 ਪਰ ਯਿਸ਼ੂ ਭੀੜ ਵਿੱਚੋਂ ਦੀ ਲੰਘ ਕੇ ਆਪਣੇ ਰਾਹ ਚਲਾ ਗਿਆ।

ਯਿਸ਼ੂ ਨੇ ਇੱਕ ਅਪਵਿੱਤਰ ਆਤਮਾ ਨੂੰ ਬਾਹਰ ਕੱਢਿਆ

31 ਫਿਰ ਉਹ ਗਲੀਲ ਦੇ ਨਗਰ ਕਫ਼ਰਨਹੂਮ ਸ਼ਹਿਰ ਨੂੰ ਗਿਆ ਅਤੇ ਸਬਤ ਦੇ ਦਿਨ ਉਹ ਲੋਕਾਂ ਨੂੰ ਸਿਖਾਉਣ ਲੱਗਾ। 32 ਉਹ ਯਿਸ਼ੂ ਦੀਆਂ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਉਸ ਦੇ ਸ਼ਬਦਾਂ ਵਿੱਚ ਅਧਿਕਾਰ ਸੀ।

33 ਪ੍ਰਾਰਥਨਾ ਸਥਾਨ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਭੂਤ ਸੀ, ਜੋ ਅਸ਼ੁੱਧ ਆਤਮਾ ਨਾਲ ਪੀੜਤ ਸੀ। ਉਹ ਉੱਚੀ ਆਵਾਜ਼ ਨਾਲ ਚੀਖ ਕੇ ਬੋਲਿਆ, 34 ਹੇ ਨਾਜ਼ਰੇਥ ਵਾਸੀ ਯਿਸ਼ੂ! ਤੁਸੀਂ ਸਾਡੇ ਨਾਲ ਕੀ ਕਰਨਾ ਚਾਹੁੰਦੇ ਹੋ? ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? "ਇੱਥੋਂ ਚਲੇ ਜਾਓ! ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ; ਤੁਸੀਂ ਪਰਮੇਸ਼ਵਰ ਦੇ ਪਵਿੱਤਰ ਜਨ ਹੋ!"

35 ਯਿਸ਼ੂ ਨੇ ਸਖ਼ਤੀ ਨਾਲ ਕਿਹਾ, "ਚੁੱਪ ਕਰ! ਇਸ ਵਿੱਚੋਂ ਨਿਕਲ ਜਾਓ!" ਤਦ ਦੁਸ਼ਟ ਆਤਮਾ ਨੇ ਸਾਰਿਆਂ ਸਾਹਮਣੇ ਉਸ ਆਦਮੀ ਨੂੰ ਬਿਨ੍ਹਾਂ ਸੱਟ ਲਾਏ ਹੇਠਾਂ ਸੁੱਟ ਦਿੱਤਾ ਅਤੇ ਉਸ ਵਿੱਚੋਂ ਬਾਹਰ ਨਿੱਕਲ ਗਿਆ।

36 ਇਹ ਵੇਖ ਕੇ ਸਾਰੇ ਲੋਕ ਹੈਰਾਨ ਹੋਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, "ਇਹ ਕੀ ਸ਼ਬਦ ਹਨ! ਇਹ ਦੁਸ਼ਟ ਆਤਮਾਵਾਂ ਨੂੰ ਵੱਡੇ ਅਧਿਕਾਰ ਅਤੇ ਸ਼ਕਤੀ ਨਾਲ ਆਗਿਆ ਦਿੰਦਾ ਹੈ ਅਤੇ ਉਹ ਮਨੁੱਖਾਂ ਵਿੱਚੋਂ ਬਾਹਰ ਆ ਜਾਂਦੀਆਂ ਹਨ!" 37 ਅਤੇ ਉਹਨਾਂ ਬਾਰੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਖ਼ਬਰ ਫੈਲ ਗਈ।

ਯਿਸ਼ੂ ਨੇ ਕਈਆਂ ਨੂੰ ਚੰਗਾ ਕੀਤਾ

38 ਪ੍ਰਾਰਥਨਾ ਸਥਾਨ ਛੱਡ ਕੇ ਯਿਸ਼ੂ ਸ਼ਿਮਓਨ ਦੇ ਘਰ ਚਲੇ ਗਏ। ਉੱਥੇ ਸ਼ਿਮਓਨ ਦੀ ਸੱਸ ਨੂੰ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਹਨਾਂ ਨੇ ਯਿਸ਼ੂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਚੰਗਾ ਕਰਨ। 39 ਯਿਸ਼ੂ ਉਸ ਕੋਲ ਗਏ ਅਤੇ ਬੁਖ਼ਾਰ ਨੂੰ ਝਿੜਕਿਆ ਅਤੇ ਬੁਖ਼ਾਰ ਉਤਰ ਗਿਆ। ਤਦ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਉਹਨਾਂ ਦੀ ਸੇਵਾ ਕਰਨ ਲੱਗੀ।

40 ਸੂਰਜ ਡੁੱਬਣ ਵੇਲੇ ਲੋਕ ਸਾਰੇ ਰੋਗੀਆਂ ਦੇ ਪੀੜਤਾਂ ਨੂੰ ਉਹ ਦੇ ਕੋਲ ਲਿਆਏ। ਯਿਸ਼ੂ ਨੇ ਹਰੇਕ ਉੱਤੇ ਹੱਥ ਰੱਖਿਆ ਅਤੇ ਉਹਨਾਂ ਨੂੰ ਚੰਗਾ ਕੀਤਾ। 41 ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵਿੱਚੋਂ ਦੁਸ਼ਟ ਆਤਮਾਵਾਂ ਉੱਚੀ ਆਵਾਜ਼ ਨਾਲ ਚੀਕਾਂ ਮਾਰਦੇ ਇਹ ਆਖਦੇ ਬਾਹਰ ਨਿੱਕਲ ਗਈਆਂ, "ਕਿ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ!" ਪਰ ਯਿਸ਼ੂ ਨੇ ਉਹਨਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਬੋਲਣ ਦਾ ਹੁਕਮ ਨਾ ਦਿੱਤਾ ਕਿਉਂਕਿ ਦੁਸ਼ਟ ਆਤਮਾ ਯਿਸ਼ੂ ਨੂੰ ਪਛਾਣਦੀਆਂ ਸਨ ਕਿ ਉਹ ਮਸੀਹਾ ਹੈ।

42 ਅਗਲੇ ਦਿਨ ਸਵੇਰ ਹੁੰਦੇ ਹੀ ਯਿਸ਼ੂ ਇੱਕ ਇਕਾਂਤ ਜਗ੍ਹਾ ਤੇ ਚਲੇ ਗਏ। ਲੋਕ ਉਹਨਾਂ ਦੀ ਭਾਲ ਕਰਦੇ ਹੋਏ ਉੱਥੇ ਪਹੁੰਚ ਗਏ। ਉਹ ਕੋਸ਼ਿਸ਼ ਕਰ ਰਹੇ ਸਨ ਕਿ ਯਿਸ਼ੂ ਉਹਨਾਂ ਨੂੰ ਛੱਡ ਕੇ ਨਾ ਜਾਣ। 43 ਯਿਸ਼ੂ ਨੇ ਆਖਿਆ, "ਇਹ ਜ਼ਰੂਰੀ ਹੈ ਕਿ ਮੈਂ ਦੂਜੇ ਨਗਰਾਂ ਵਿੱਚ ਜਾਵਾਂ ਅਤੇ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਇਸ ਕਰਕੇ ਹੀ ਮੈਂ ਭੇਜਿਆ ਗਿਆ ਹਾਂ।" 44 ਅਤੇ ਉਹ ਲਗਾਤਾਰ ਯਹੂਦਿਯਾ ਪ੍ਰਦੇਸ਼ ਦੇ ਪ੍ਰਾਰਥਨਾ ਸਥਾਨਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਰਿਹਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-