Publicidade

Lucas 2

ਯਿਸ਼ੂ ਦਾ ਜਨਮ

1 ਉਹਨਾਂ ਦਿਨਾਂ ਵਿੱਚ ਰੋਮੀ ਰਾਜੇ ਕੈਸਰ ਔਗੁਸਤਾਸ ਨੇ ਇੱਕ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਰੋਮ ਦੇਸ਼ ਵਿੱਚ ਜਨਗਣਨਾ ਕੀਤੀ ਜਾਵੇ। 2 ਇਹ ਸੀਰੀਆ ਰਾਜ ਉੱਤੇ ਰਾਜਪਾਲ ਕੁਰੀਨੀਉਸ ਦੇ ਰਾਜ ਵਿੱਚ ਪਹਿਲੀ ਜਨਗਣਨਾ ਸੀ। 3 ਸਾਰੇ ਨਾਗਰਿਕ ਆਪਣੇ ਨਾਮ ਦਰਜ ਕਰਵਾਉਣ ਲਈ ਆਪਣੇ-ਆਪਣੇ ਜਨਮ ਸਥਾਨ ਨੂੰ ਜਾਣ ਲੱਗੇ।

4 ਯੋਸੇਫ਼ ਦਾਵੀਦ ਦੇ ਵੰਸ਼ ਵਿੱਚੋਂ ਸੀ, ਇਸ ਲਈ ਉਹ ਗਲੀਲ ਪ੍ਰਦੇਸ਼ ਦੇ ਨਾਜ਼ਰੇਥ ਨਗਰ ਤੋਂ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਅਰਥਾਤ ਦਾਵੀਦ ਦੇ ਨਗਰ ਗਿਆ। 5 ਉਹ ਵੀ ਆਪਣੀ ਮੰਗੇਤਰ ਮਰਿਯਮ ਦੇ ਨਾਲ ਜੋ ਗਰਭਵਤੀ ਸੀ ਆਪਣੇ ਨਾਮ ਦਰਜ ਕਰਾਉਣ ਲਈ ਉੱਥੇ ਗਿਆ। 6 ਬੇਥਲੇਹੇਮ ਵਿੱਚ ਹੀ ਮਰਿਯਮ ਦੇ ਜਨਣ ਦੇ ਦਿਨ ਪੂਰੇ ਹੋ ਗਏ 7 ਅਤੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ। ਮਰਿਯਮ ਨੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂਕਿ ਯਾਤਰੀ ਨਿਵਾਸ ਵਿੱਚ ਉਹਨਾਂ ਦੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ।

8 ਉੱਥੇ ਕੁਝ ਚਰਵਾਹੇ ਰਾਤ ਦੇ ਵੇਲੇ ਖੇਤਾਂ ਵਿੱਚ ਆਪਣੀਆਂ ਭੇਡਾਂ ਦੀ ਰਾਖੀ ਰੱਖ ਰਹੇ ਸਨ। 9 ਅਚਾਨਕ ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਫੈਲ ਗਿਆ ਅਤੇ ਚਰਵਾਹੇ ਬਹੁਤ ਡਰ ਗਏ। 10 ਇਸ ਉੱਤੇ ਸਵਰਗਦੂਤ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ, "ਡਰੋ ਨਾ! ਕਿਉਂਕਿ ਮੈਂ ਖੁਸ਼ਖ਼ਬਰੀ ਲੈ ਕੇ ਆਇਆ ਹਾਂ ਜੋ ਸਾਰਿਆਂ ਲੋਕਾਂ ਲਈ ਵੱਡੀ ਖੁਸ਼ੀ ਦਾ ਕਾਰਣ ਹੋਵੇਗੀ: 11 ਅੱਜ ਦਾਵੀਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ ਜਿਹੜਾ ਮਸੀਹ ਪ੍ਰਭੂ ਹੈ। 12 ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ: ਕਿ ਤੁਸੀਂ ਇੱਕ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ।"

13 ਅਚਾਨਕ ਤਦ ਇੱਕ ਦਮ ਸਵਰਗ ਦੀ ਫ਼ੌਜ ਦਾ ਇੱਕ ਦਲ ਉਸ ਦੂਤ ਦੇ ਨਾਲ ਪ੍ਰਗਟ ਹੋ ਕੇ ਪਰਮੇਸ਼ਵਰ ਦੀ ਵਡਿਆਈ ਕਰਦੇ ਅਤੇ ਇਹ ਕਹਿੰਦੇ ਸਨ:

14 "ਸਭ ਤੋਂ ਉੱਚੇ ਸਵਰਗ ਵਿੱਚ ਪਰਮੇਸ਼ਵਰ ਦੀ ਵਡਿਆਈ,

ਅਤੇ ਧਰਤੀ ਤੇ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਦੀ ਨਿਗਾਹ ਹੋਈ ਹੈ, ਸ਼ਾਂਤੀ ਸਥਾਪਤ ਹੋਵੇ।"

15 ਜਦੋਂ ਸਵਰਗਦੂਤ ਸਵਰਗ ਚੱਲੇ ਗਏ ਤਦ ਚਰਵਾਹਿਆਂ ਨੇ ਆਪਸ ਵਿੱਚ ਆਖਿਆ, "ਆਓ ਅਸੀਂ ਬੇਥਲੇਹੇਮ ਜਾ ਕੇ ਉਹ ਸਭ ਵੇਖੀਏ ਜਿਸ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ।"

16 ਇਸ ਲਈ ਉਹ ਤੁਰੰਤ ਚੱਲ ਪਏ ਅਤੇ ਬੇਥਲੇਹੇਮ ਨਗਰ ਪਹੁੰਚ ਕੇ ਮਰਿਯਮ ਅਤੇ ਯੋਸੇਫ਼ ਅਤੇ ਉਸ ਬੱਚੇ ਨੂੰ ਵੇਖਿਆ ਜੋ ਖੁਰਲੀ ਵਿੱਚ ਪਿਆ ਹੋਇਆ ਸੀ। 17 ਜਦੋਂ ਉਹਨਾਂ ਨੇ ਉਸ ਬੱਚੇ ਨੂੰ ਵੇਖਿਆ ਤਾਂ ਉਹਨਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹੜਾ ਇਸ ਬੱਚੇ ਬਾਰੇ ਉਹਨਾਂ ਨੂੰ ਕਿਹਾ ਗਿਆ ਸੀ। 18 ਸਾਰੇ ਸੁਨਣ ਵਾਲਿਆਂ ਲਈ ਚਰਵਾਹਿਆਂ ਦਾ ਇਹ ਸੰਦੇਸ਼ ਹੈਰਾਨੀ ਦਾ ਵਿਸ਼ਾ ਸੀ। 19 ਪਰ ਮਰਿਯਮ ਨੇ ਇਹ ਸਭ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ ਅਤੇ ਉਹਨਾਂ ਬਾਰੇ ਸੋਚ-ਵਿਚਾਰ ਕਰਦੀ ਰਹੀ। 20 ਚਰਵਾਹੇ ਪਰਮੇਸ਼ਵਰ ਦੀ ਵਡਿਆਈ ਅਤੇ ਗੁਣਗਾਨ ਕਰਦੇ ਹੋਏ ਪਰਤ ਗਏ ਕਿਉਂਕਿ ਜੋ ਕੁਝ ਉਹਨਾਂ ਨੇ ਸੁਣਿਆ ਸੀ ਅਤੇ ਵੇਖਿਆ ਸੀ, ਉਹ ਠੀਕ ਉਸੇ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਗਿਆ ਸੀ।

21 ਜਨਮ ਦੇ ਅੱਠਵੇਂ ਦਿਨ ਜਦੋਂ ਬਾਲਕ ਦੀ ਸੁੰਨਤ ਕੀਤੀ ਗਈ ਉਸ ਸਮੇਂ ਬੱਚੇ ਦਾ ਨਾਮ ਯਿਸ਼ੂ ਰੱਖਿਆ ਗਿਆ, ਉਹੀ ਨਾਮ ਜੋ ਮਰਿਯਮ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਹੀ ਸਵਰਗਦੂਤ ਦੁਆਰਾ ਦੱਸਿਆ ਗਿਆ ਸੀ।

ਯਿਸ਼ੂ ਦਾ ਹੈਕਲ ਵਿੱਚ ਭੇਂਟ ਕੀਤਾ ਜਾਣਾ

22 ਜਦੋਂ ਮੋਸ਼ੇਹ ਦੀ ਬਿਵਸਥਾ ਦੇ ਅਨੁਸਾਰ ਮਰਿਯਮ ਅਤੇ ਯੋਸੇਫ਼ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ, ਉਹ ਬੱਚੇ ਨੂੰ ਯੇਰੂਸ਼ਲੇਮ ਲਿਆਏ ਕਿ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕੀਤਾ ਜਾਵੇ। 23 ਜਿਵੇਂ ਕੀ ਬਿਵਸਥਾ ਦਾ ਆਦੇਸ਼ ਹੈ, "ਹਰ ਇੱਕ ਜੇਠਾ ਪੁੱਤਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ।" 24 ਅਤੇ ਪ੍ਰਭੂ ਦੇ ਬਿਵਸਥਾ ਦੀ ਆਗਿਆ ਦੇ ਅਨੁਸਾਰ: "ਇੱਕ ਜੋੜਾ ਘੁੱਗੀਆਂ ਦਾ ਜਾਂ ਕਬੂਤਰਾਂ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਈ ਜਾਵੇ।"

25 ਯੇਰੂਸ਼ਲੇਮ ਵਿੱਚ ਸ਼ਿਮਓਨ ਨਾਮਕ ਇੱਕ ਵਿਅਕਤੀ ਸੀ। ਉਹ ਧਰਮੀ ਅਤੇ ਸ਼ਰਧਾਲੂ ਸੀ। ਉਹ ਇਸਰਾਏਲ ਦੀ ਸ਼ਾਂਤੀ ਅਤੇ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਦੇ ਉੱਤੇ ਸੀ। 26 ਪਵਿੱਤਰ ਆਤਮਾ ਦੇ ਦੁਆਰਾ ਉਸ ਉੱਤੇ ਇਹ ਪ੍ਰਗਟ ਹੋਇਆ ਕਿ ਪ੍ਰਭੂ ਦੇ ਮਸੀਹ ਨੂੰ ਵੇਖੇ ਬਿਨਾਂ ਉਸ ਦੀ ਮੌਤ ਨਹੀਂ ਹੋਵੇਗੀ। 27 ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋ ਕੇ ਸ਼ਿਮਓਨ ਹੈਕਲ ਦੇ ਵਿਹੜੇ ਵਿੱਚ ਆਇਆ। ਉਸ ਸਮੇਂ ਮਰਿਯਮ ਅਤੇ ਯੋਸੇਫ਼ ਨੇ ਬਿਵਸਥਾ ਦੁਆਰਾ ਨਿਰਧਾਰਤ ਵਿਧੀ ਨੂੰ ਪੂਰਾ ਕਰਨ ਲਈ ਬਾਲਕ ਯਿਸ਼ੂ ਦੇ ਨਾਲ ਉੱਥੇ ਪਰਵੇਸ਼ ਕੀਤਾ। 28 ਬਾਲਕ ਯਿਸ਼ੂ ਨੂੰ ਵੇਖ ਕੇ ਸ਼ਿਮਓਨ ਨੇ ਉਸ ਨੂੰ ਗੋਦ ਵਿੱਚ ਲੈ ਕੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਕਿਹਾ:

29 "ਸਰਵ-ਸ਼ਕਤੀਮਾਨ ਪ੍ਰਭੂ, ਜਿਵੇਂ ਤੁਸੀਂ ਵਾਅਦਾ ਕੀਤਾ ਹੈ,

ਹੁਣ ਆਪਣੇ ਸੇਵਕ ਨੂੰ ਸ਼ਾਂਤੀ ਵਿੱਚ ਵਿਦਾ ਕਰ,

30 ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਤੁਹਾਡੀ ਮੁਕਤੀ ਨੂੰ ਦੇਖ ਲਿਆ ਹੈ,

31 ਜਿਸ ਨੂੰ ਤੁਸੀਂ ਸਾਰਿਆਂ ਲੋਕਾਂ ਲਈ ਤਿਆਰ ਕੀਤਾ ਹੈ:

32 ਇਹ ਤੁਹਾਡੀ ਪਰਜਾ ਇਸਰਾਏਲ ਦੀ ਵਡਿਆਈ

ਅਤੇ ਸਾਰੇ ਰਾਸ਼ਟਰਾਂ ਲਈ ਗਿਆਨ ਦੀ ਜੋਤੀ ਹੈ।"

33 ਮਰਿਯਮ ਅਤੇ ਯੋਸੇਫ਼ ਆਪਣੇ ਪੁੱਤਰ ਦੇ ਬਾਰੇ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਏ। 34 ਤਦ ਸ਼ਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਬਾਲਕ ਦੀ ਮਾਤਾ ਮਰਿਯਮ ਨੂੰ ਕਿਹਾ: "ਇਹ ਬੱਚਾ ਇਸਰਾਏਲ ਵਿੱਚ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੈ ਅਤੇ ਇਹ ਇੱਕ ਚਿੰਨ੍ਹ ਹੋਵੇਗਾ ਜਿਸ ਦੇ ਕਾਰਨ ਬਹੁਤ ਸਾਰੇ ਇਸ ਦੇ ਵਿਰੁੱਧ ਗੱਲਾਂ ਕਰਨਗੇ, 35 ਇਹ ਤਲਵਾਰ ਤੁਹਾਡੇ ਪ੍ਰਾਣ ਨੂੰ ਆਰ-ਪਾਰ ਵਿੰਨ੍ਹ ਦੇਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪ੍ਰਗਟ ਹੋ ਜਾਣ।"

36 ਹੰਨਾ ਨਾਮਕ ਇੱਕ ਨਬੀ ਸੀ, ਜੋ ਆਸ਼ੇਰ ਖ਼ਾਨਦਾਨ ਦੇ ਫਨੁਏਲ ਨਾਮਕ ਵਿਅਕਤੀ ਦੀ ਧੀ ਸੀ। ਉਹ ਬਹੁਤ ਬੁੱਢੀ ਸੀ ਅਤੇ ਵਿਆਹ ਦੇ ਬਾਅਦ ਪਤੀ ਦੇ ਨਾਲ ਸਿਰਫ ਸੱਤ ਸਾਲ ਰਹਿ ਕੇ ਵਿਧਵਾ ਹੋ ਗਈ ਸੀ। 37 ਇਸ ਸਮੇਂ ਉਸ ਦੀ ਉਮਰ ਚੁਰਾਸੀ ਸਾਲ ਸੀ। ਉਸ ਨੇ ਹੈਕਲ ਕਦੇ ਨਹੀਂ ਛੱਡਿਆ ਅਤੇ ਉਹ ਦਿਨ-ਰਾਤ ਵਰਤ ਅਤੇ ਪ੍ਰਾਰਥਨਾ ਕਰਦੀ ਹੋਈ ਪਰਮੇਸ਼ਵਰ ਦੀ ਉਪਾਸਨਾ ਵਿੱਚ ਲੀਨ ਰਹਿੰਦੀ ਸੀ। 38 ਉਸੇ ਵੇਲੇ ਉਹਨਾਂ ਦੇ ਕੋਲ ਆ ਕੇ ਹੰਨਾ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਸਾਰਿਆਂ ਨਾਲ ਇਸ ਬਾਲਕ ਬਾਰੇ ਗੱਲ ਕੀਤੀ ਜੋ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ।

39 ਜਦੋਂ ਯੋਸੇਫ਼ ਅਤੇ ਮਰਿਯਮ ਪ੍ਰਭੂ ਦੀ ਬਿਵਸਥਾ ਅਨੁਸਾਰ ਸਭ ਕੁਝ ਕਰ ਚੁੱਕੇ ਤਾਂ ਉਹ ਗਲੀਲ ਪ੍ਰਦੇਸ਼ ਵਿੱਚ ਆਪਣੇ ਨਗਰ ਨਾਜ਼ਰੇਥ ਪਰਤ ਗਏ। 40 ਅਤੇ ਬਾਲਕ ਵੱਡਾ ਹੋਇਆ ਅਤੇ ਤਾਕਤਵਰ ਬਣ ਗਿਆ ਉਹ ਬੁੱਧ ਨਾਲ ਭਰਪੂਰ ਸੀ ਅਤੇ ਪਰਮੇਸ਼ਵਰ ਦੀ ਕਿਰਪਾ ਉਸ ਉੱਤੇ ਸੀ।

ਯਿਸ਼ੂ ਵਿਦਵਾਨਾਂ ਵਿੱਚ

41 ਯਿਸ਼ੂ ਦੇ ਮਾਪੇ ਹਰ ਸਾਲ ਪਸਾਹ ਦੇ ਤਿਉਹਾਰ ਉੱਤੇ ਯੇਰੂਸ਼ਲੇਮ ਜਾਂਦੇ ਸਨ। 42 ਜਦੋਂ ਯਿਸ਼ੂ ਬਾਰ੍ਹਾਂ ਸਾਲਾਂ ਦਾ ਹੋਇਆ, ਤਦ ਉਹ ਆਪਣੇ ਮਾਪਿਆਂ ਨਾਲ ਰੀਤ ਅਨੁਸਾਰ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ ਚਲੇ ਗਏ। 43 ਤਿਉਹਾਰ ਦੇ ਅੰਤ ਵਿੱਚ ਜਦੋਂ ਉਹ ਦੇ ਮਾਤਾ-ਪਿਤਾ ਘਰ ਪਰਤ ਰਹੇ ਸਨ ਤਾਂ ਬਾਲਕ ਯਿਸ਼ੂ ਯੇਰੂਸ਼ਲੇਮ ਵਿੱਚ ਹੀ ਰਹਿ ਗਏ ਪਰ ਉਹ ਦੇ ਮਾਪੇ ਇਸ ਗੱਲ ਤੋਂ ਅਣਜਾਣ ਸਨ। 44 ਇਹ ਸੋਚਦਿਆਂ ਕਿ ਬਾਲਕ ਕਿਤੇ ਯਾਤਰੀ ਸਮੂਹ ਵਿੱਚ ਹੋਵੇਗਾ, ਉਹ ਉਸ ਦਿਨ ਦੀ ਯਾਤਰਾ ਵਿੱਚ ਅੱਗੇ ਵੱਧਦੇ ਗਏ। ਫਿਰ ਉਹਨਾਂ ਨੇ ਪਰਿਵਾਰਕ ਦੋਸਤਾਂ-ਮਿੱਤਰਾਂ ਵਿੱਚ ਯਿਸ਼ੂ ਨੂੰ ਭਾਲਣਾ ਸ਼ੁਰੂ ਕੀਤਾ, 45 ਜਦੋਂ ਯਿਸ਼ੂ ਉਹਨਾਂ ਨੂੰ ਨਾ ਲੱਭੇ ਤਾਂ ਉਹ ਉਹਨਾਂ ਨੂੰ ਲੱਭਣ ਲਈ ਯੇਰੂਸ਼ਲੇਮ ਵਾਪਸ ਪਰਤੇ। 46 ਤਿੰਨ ਦਿਨਾਂ ਬਾਅਦ ਉਹਨਾਂ ਨੇ ਯਿਸ਼ੂ ਨੂੰ ਹੈਕਲ ਦੇ ਵਿਹੜੇ ਵਿੱਚ ਉਪਦੇਸ਼ਕਾਂ ਨਾਲ ਬੈਠੇ ਉਹਨਾਂ ਦੀ ਗੱਲ ਸੁਣਦੇ ਅਤੇ ਉਹਨਾਂ ਨੂੰ ਪ੍ਰਸ਼ਨ ਕਰਦੇ ਵੇਖਿਆ। 47 ਜਿਸ ਨੇ ਵੀ ਉਸ ਨੂੰ ਸੁਣਿਆ ਉਹ ਉਸ ਦੀ ਸਮਝ ਅਤੇ ਉਸ ਦੇ ਜਵਾਬਾਂ ਤੋਂ ਹੈਰਾਨ ਸਨ। 48 ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਹੋਏ। ਯਿਸ਼ੂ ਦੀ ਮਾਂ ਨੇ ਉਸ ਨੂੰ ਸਵਾਲ ਕੀਤਾ, "ਪੁੱਤਰ! ਤੁਸੀਂ ਸਾਡੇ ਨਾਲ ਅਜਿਹਾ ਕਿਉਂ ਕੀਤਾ? ਤੁਹਾਡੇ ਪਿਤਾ ਅਤੇ ਮੈਂ ਤੁਹਾਨੂੰ ਕਿੰਨੀ ਬੇਚੈਨੀ ਨਾਲ ਲੱਭ ਰਹੇ ਸੀ!"

49 ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮੈਨੂੰ ਮੇਰੇ ਪਿਤਾ ਜੀ ਦੇ ਘਰ ਹੋਣਾ ਚਾਹੀਦਾ ਹੈ?" 50 ਮਰਿਯਮ ਅਤੇ ਯੋਸੇਫ਼ ਨੂੰ ਯਿਸ਼ੂ ਦੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ।

51 ਯਿਸ਼ੂ ਆਪਣੇ ਮਾਪਿਆਂ ਨਾਲ ਨਾਜ਼ਰੇਥ ਵਾਪਸ ਆਏ ਅਤੇ ਉਹਨਾਂ ਦੇ ਆਗਿਆਕਾਰੀ ਰਹੇ। ਉਹਨਾਂ ਦੀ ਮਾਤਾ ਨੇ ਇਹ ਸਭ ਚੀਜ਼ਾਂ ਆਪਣੇ ਦਿਲ ਵਿੱਚ ਸਾਂਭ ਕੇ ਰੱਖੀਆਂ। 52 ਯਿਸ਼ੂ ਬੁੱਧ ਅਤੇ ਕੱਦ ਅਤੇ ਪਰਮੇਸ਼ਵਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-