1 ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਿਣ ਕਰੋ, ਹਾਂ ਜ਼ਰੂਰ ਸਹਿਣ ਕਰੋ! 2 ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਵਰਗੀ ਅਣਖ ਹੈ। ਇਸ ਲਈ ਜੋ ਮੈਂ ਵਿਆਹ ਲਈ ਤੁਹਾਨੂੰ ਇੱਕੋ ਹੀ ਪਤੀ ਨੂੰ ਸੌਂਪਿਆ ਤਾਂ ਜੋ ਤੁਹਾਨੂੰ ਪਵਿੱਤਰ ਕੁਆਰੀ ਵਾਂਗ ਮਸੀਹ ਲਈ ਅਰਪਣ ਕਰਾਂ। 3 ਪਰ ਮੈਂ ਡਰਦਾ ਹਾਂ ਕਿ ਜਿਵੇਂ ਹੱਵਾਹ ਨੂੰ ਸੱਪ ਨੇ ਚਲਾਕੀ ਨਾਲ ਭਰਮਾ ਕੇ ਧੋਖਾ ਦਿੱਤਾ ਸੀ, ਉਸੇ ਤਰ੍ਹਾਂ ਸ਼ੈਤਾਨ ਤੁਹਾਡੇ ਮਨਾਂ ਨੂੰ ਤੁਹਾਡੀ ਇਮਾਨਦਾਰੀ ਅਤੇ ਸ਼ੁੱਧਤਾ ਜੋ ਮਸੀਹ ਵੱਲ ਹੈ ਉਸ ਨੂੰ ਮੋੜ ਦੇਵੇ। 4 ਕਿਉਂਕਿ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਉਸ ਯਿਸ਼ੂ ਤੋਂ ਇਲਾਵਾ ਕਿਸੇ ਹੋਰ ਯਿਸ਼ੂ ਦਾ ਪ੍ਰਚਾਰ ਕਰੇ ਜਿਸ ਦਾ ਅਸੀਂ ਉਪਦੇਸ਼ ਤੁਹਾਨੂੰ ਦਿੱਤਾ ਸੀ, ਜਾਂ ਤੁਹਾਨੂੰ ਕੋਈ ਹੋਰ ਵੱਖਰਾ ਆਤਮਾ ਪ੍ਰਾਪਤ ਹੋਵੇ ਜਿਹੜਾ ਤੁਹਾਨੂੰ ਨਹੀਂ ਮਿਲਿਆ, ਜਾਂ ਤੁਸੀਂ ਕਿਸੇ ਹੋਰ ਖੁਸ਼ਖ਼ਬਰੀ ਨੂੰ ਮੰਨਦੇ ਹੋ ਜਿਸ ਨੂੰ ਤੁਸੀਂ ਪਹਿਲਾਂ ਨਹੀਂ ਸੀ ਮੰਨਿਆ, ਤਾਂ ਤੁਸੀਂ ਉਸ ਨੂੰ ਜਲਦੀ ਨਾਲ ਹੀ ਸਵੀਕਾਰ ਕਰ ਲੈਂਦੇ ਹੋ।
5 ਕਿਉਂ ਜੋ ਮੈਂ ਉਹਨਾਂ "ਮਹਾਨ ਰਸੂਲਾਂ" ਵਿੱਚੋਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ ਹਾਂ। 6 ਭਾਂਵੇ ਮੈਂ ਬੋਲਣ ਵਿੱਚ ਚੰਗਾ ਨਾ ਵੀ ਹੋਵਾਂ, ਪਰ ਮੇਰੇ ਕੋਲ ਗਿਆਨ ਘੱਟ ਨਹੀਂ। ਅਸੀਂ ਹਰ ਤਰ੍ਹਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਸ ਨੂੰ ਪ੍ਰਗਟ ਕੀਤਾ। 7 ਕੀ ਤੁਹਾਨੂੰ ਮੁਫ਼ਤ ਵਿੱਚ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਕੇ ਤੁਹਾਨੂੰ ਉੱਚਾ ਕਰਨ ਲਈ ਆਪਣੇ ਆਪ ਨੂੰ ਨੀਵਾਂ ਕੀਤਾ, ਕੀ ਮੈਂ ਇਸ ਦੇ ਵਿੱਚ ਕੋਈ ਪਾਪ ਕੀਤਾ? 8 ਤੁਹਾਡੀ ਸੇਵਾ ਕਰਨ ਲਈ ਮੈਂ ਦੂਸਰਿਆ ਕਲੀਸਿਆ ਕੋਲੋਂ ਮਦਦ ਲੈ ਕੇ ਉਹਨਾਂ ਨੂੰ ਲੁੱਟਿਆ। 9 ਅਤੇ ਜਦੋਂ ਮੈਂ ਤੁਹਾਡੇ ਕੋਲ ਸੀ ਸੱਚ-ਮੁੱਚ, ਤਾਂ ਮੈਂ ਕਿਸੇ ਉੱਤੇ ਬੋਝ ਨਹੀਂ ਬਣਿਆ, ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਪ੍ਰਦੇਸ਼ ਤੋਂ ਆ ਕੇ ਮੇਰੀਆਂ ਜ਼ਰੂਰਤਾਂ ਪੂਰੀਆਂ ਕੀਤੀਆ। ਅਤੇ ਆਪਣੇ ਆਪ ਨੂੰ ਤੁਹਾਡੇ ਲਈ ਬੋਝ ਬਣਨ ਤੋਂ ਰੋਕਿਆ ਅਤੇ ਲਗਾਤਾਰ ਇਸੇ ਤਰ੍ਹਾਂ ਹੀ ਕਰਾਂਗਾ। 10 ਜੇ ਮਸੀਹ ਦੀ ਸੱਚਿਆਈ ਮੇਰੇ ਵਿੱਚ ਹੈ, ਤਾਂ ਅਖਾਯਾ ਪ੍ਰਦੇਸ਼ ਦੇ ਖੇਤਰਾਂ ਵਿੱਚ ਇਹ ਮੇਰਾ ਮਾਣ ਕਦੀ ਨਹੀਂ ਰੁਕੇਗਾ। 11 ਕਿਉਂ? ਕੀ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪਿਆਰ ਨਹੀਂ ਕਰਦਾ? ਪਰਮੇਸ਼ਵਰ ਜਾਣਦਾ ਹੈ।
12 ਮੈਂ ਜੋ ਕੁਝ ਕਰ ਰਿਹਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਉਹਨਾਂ ਲੋਕਾਂ ਨੂੰ ਕੋਈ ਮੌਕਾ ਨਾ ਦਿੱਤਾ ਜਾਵੇ ਜੋ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਸਾਡੇ ਬਰਾਬਰ ਮੰਨੇ ਜਾਣ ਦਾ ਮੌਕਾ ਲੱਭਦੇ ਹਨ, ਜਿਨ੍ਹਾਂ ਬਾਰੇ ਅਸੀਂ ਮਾਣ ਕਰਦੇ ਹਾਂ। 13 ਕਿਉਂ ਜੋ ਇਸ ਤਰ੍ਹਾਂ ਦੇ ਲੋਕ ਝੂਠੇ ਰਸੂਲ, ਅਤੇ ਛਲ ਕਰਨ ਵਾਲੇ ਹਨ, ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ। 14 ਅਤੇ ਇਹ ਕੋਈ ਵੱਡੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਆਪ ਚਾਨਣ ਦਾ ਦੂਤ ਹੋਣ ਦਾ ਨਾਟਕ ਕਰਦਾ ਹੈ। 15 ਇਸ ਲਈ ਇਹ ਕੋਈ ਵੱਡੀ ਗੱਲ ਨਹੀਂ, ਜੇ ਉਸ ਦੇ ਸੇਵਕ ਵੀ ਧਾਰਮਿਕਤਾ ਦੇ ਸੇਵਕ ਹੋਣ ਦਾ ਨਾਟਕ ਕਰਦੇ ਹਨ। ਜਿਨ੍ਹਾਂ ਦਾ ਅੰਤ ਉਹਨਾਂ ਦੇ ਕੰਮਾਂ ਦੇ ਅਨੁਸਾਰ ਹੋਵੇਗਾ।
16 ਮੈਂ ਫਿਰ ਆਖਦਾ ਹਾਂ: ਕਿ ਕੋਈ ਮੈਨੂੰ ਮੂਰਖ ਨਾ ਸਮਝੇ। ਪਰ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਦਾ ਹੀ ਸਮਝਦੇ ਹੋ ਤਾਂ ਮੈਨੂੰ ਮੂਰਖ ਦੇ ਰੂਪ ਵਿੱਚ ਹੀ ਸਵੀਕਾਰ ਕਰ ਲਵੋਂ। ਤਾਂ ਜੋ ਮੈਨੂੰ ਵੀ ਮਾਣ ਕਰਨ ਦਾ ਮੌਕਾ ਮਿਲੇਗਾ। 17 ਜੋ ਕੁਝ ਮੈਂ ਇਸ ਮਾਣ ਕਰਨ ਦੇ ਭਰੋਸੇ ਕਹਿੰਦਾ ਹਾਂ ਸੋ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ, ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ। 18 ਜਦੋਂ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ, ਮੈਂ ਵੀ ਮਾਣ ਕਰਾਂਗਾ। 19 ਤੁਸੀਂ ਤਾਂ ਖੁਦ ਬੁੱਧਵਾਨ ਹੋ, ਇਸੇ ਕਾਰਨ ਮੂਰਖਾਂ ਨੂੰ ਖੁਸ਼ੀ ਨਾਲ ਸਹਾਰ ਲੈਂਦੇ ਹੋ। 20 ਦਰਅਸਲ, ਤੁਸੀਂ ਸਹਾਰ ਲੈਂਦੇ ਹੋ, ਜਦੋਂ ਤੁਹਾਨੂੰ ਕੋਈ ਗੁਲਾਮ ਬਣਾਉਂਦਾ ਹੈ, ਜਾਂ ਤੁਹਾਡਾ ਸੋਸ਼ਣ ਕਰਦਾ ਹੈ, ਜਾਂ ਤੁਹਾਡਾ ਫ਼ਾਇਦਾ ਉਠਾਉਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਤੇ ਚਪੇੜਾਂ ਮਾਰਦਾ ਹੈ। 21 ਮੈਨੂੰ ਸ਼ਰਮਿੰਦਾ ਹੋ ਕੇ ਕਹਿਣਾ ਪੈ ਰਿਹਾ ਹੈ, ਅਸੀਂ ਬਹੁਤ ਕਮਜ਼ੋਰ ਸੀ!
ਕੋਈ ਕਿਸੇ ਵੀ ਵਿਸ਼ੇ ਦਾ ਮਾਣ ਕਰਨ ਦਾ ਹੌਸਲਾ ਕਰੇ, ਮੈਂ ਇਸ ਮੂਰਖਤਾਈ ਨਾਲ ਬੋਲ ਰਿਹਾ ਹਾਂ, ਮੈ ਵੀ ਇਸ ਪ੍ਰਕਾਰ ਦਾ ਅਭਿਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। 22 ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਵਿੱਚੋਂ ਹਨ? ਮੈਂ ਵੀ ਹਾਂ। 23 ਕੀ ਉਹ ਮਸੀਹ ਦੇ ਸੇਵਕ ਹਨ? (ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ।) ਮੈਂ ਉਹਨਾਂ ਨਾਲੋਂ ਵਧੀਕ ਹਾਂ। ਅਰਥਾਤ ਸਖ਼ਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ। 24 ਮੈਂ ਪੰਜ ਵਾਰ ਯਹੂਦਿਆਂ ਦੇ ਹੱਥੋ ਉਨਤਾਲੀ-ਉਨਤਾਲੀ ਕੋਰੜੇ ਖਾਧੇ। 25 ਤਿੰਨ ਵਾਰ ਬੈਂਤਾ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਹੋਇਆ, ਤਿੰਨ ਵਾਰ ਕਿਸ਼ਤੀ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਦਿਨ ਅਤੇ ਰਾਤ ਖੁਲ੍ਹੇ ਸਮੁੰਦਰ ਵਿੱਚ ਕੱਟਿਆ। 26 ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਖਤਰਿਆ ਵਿੱਚ, ਡਾਕੂਆਂ ਦੇ ਖਤਰਿਆ ਵਿੱਚ, ਯਹੂਦਿਆ ਦੇ ਵੱਲੋਂ ਖਤਰੇ, ਗ਼ੈਰ-ਯਹੂਦੀਆਂ ਦੇ ਵੱਲੋ ਖਤਰੇ; ਸ਼ਹਿਰ ਦੇ ਖਤਰਿਆ ਵਿੱਚ, ਉਜਾੜ ਦੇ ਖਤਰਿਆ ਵਿੱਚ, ਅਤੇ ਝੂਠੇ ਵਿਸ਼ਵਾਸੀ ਦੇ ਖਤਰੇ ਦਾ ਵੀ ਸਾਹਮਣਾ ਕਰਨਾ ਪਿਆ। 27 ਮੈਂ ਮਿਹਨਤ ਅਤੇ ਕਸ਼ਟ ਵਿੱਚ, ਅਤੇ ਕਈ ਰਾਤਾ ਜਾਗ ਕੇ; ਭੁੱਖੇ ਪਿਆਸੇ, ਅਕਸਰ ਵਰਤ ਵਿੱਚ; ਪੂਰੇ ਕੱਪੜਿਆ ਦੇ ਬਿਨ੍ਹਾਂ ਠੰਡ ਵਿੱਚ ਰਹਿ ਕੇ ਮੁਸ਼ਕਲਾਂ ਨੂੰ ਝੱਲਿਆ। 28 ਅਤੇ ਸਭ ਸਮੱਸਿਆਵਾਂ ਤੋਂ ਇਲਾਵਾ, ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਹਰ ਰੋਜ਼ ਸਤਾਉਂਦੀ ਹੈ। 29 ਕੌਣ ਕਮਜ਼ੋਰ ਹੈ, ਜਿਸਦੀ ਕਮਜ਼ੋਰੀ ਦਾ ਅਹਿਸਾਸ ਮੈਨੂੰ ਨਹੀਂ ਹੁੰਦਾ? ਕੌਣ ਪਾਪ ਵੱਲ ਜਾਂਦਾ ਹੈ, ਤੇ ਮੇਰਾ ਜੀ ਨਹੀਂ ਜਲਦਾ?
30 ਜੇ ਮੈਨੂੰ ਮਾਣ ਕਰਨਾ ਹੀ ਪਵੇਂ, ਤਾਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ। 31 ਪ੍ਰਭੂ ਯਿਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ। 32 ਜਦੋਂ ਮੈਂ ਦੰਮਿਸ਼ਕ ਸ਼ਹਿਰ ਦੇ ਵਿੱਚ ਸੀ ਰਾਜਾ ਅਰੇਤਾਸ ਦੇ ਰਾਜਪਾਲ ਨੇ ਮੈਨੂੰ ਗਿਫ੍ਰਤਾਰ ਕਰਨ ਲਈ ਦੰਮਿਸ਼ਕ ਸ਼ਹਿਰ ਉੱਤੇ ਪਹਿਰਾ ਬੈਠਾ ਦਿੱਤਾ। 33 ਪਰ ਮੈਂ ਦੀਵਾਰ ਦੀ ਇੱਕ ਖਿੜਕੀ ਤੋਂ ਇੱਕ ਟੋਕਰੇ ਵਿੱਚ ਹੇਠਾਂ ਉਤਾਰ ਦਿੱਤਾ ਗਿਆ ਸੀ ਅਤੇ ਇਸ ਤਰ੍ਹਾਂ ਮੈਂ ਉਸ ਦੇ ਹੱਥੋ ਬਚ ਨਿੱਕਲਿਆ।