1 ਪੌਲੁਸ, ਜਿਹੜਾ ਪਰਮੇਸ਼ਵਰ ਦੀ ਮਰਜ਼ੀ ਨਾਲ ਪ੍ਰਭੂ ਮਸੀਹ ਯਿਸ਼ੂ ਦਾ ਰਸੂਲ ਅਤੇ ਸਾਡਾ ਭਰਾ ਤਿਮੋਥਿਉਸ,
ਪਰਮੇਸ਼ਵਰ ਦੀ ਕਲੀਸਿਆ ਨੂੰ ਜਿਹੜੀ ਕੁਰਿੰਥੁਸ ਸ਼ਹਿਰ ਵਿੱਚ ਹੈ, ਅਤੇ ਉਹਨਾਂ ਸਾਰੇ ਪਵਿੱਤਰ ਲੋਕਾਂ ਨਾਲ ਜਿਹੜੇ ਅਖਾਯਾ ਪ੍ਰਦੇਸ਼ ਵਿੱਚ ਹਨ ਪੌਲੁਸ ਨੇ ਇਹ ਪੱਤਰ ਲਿਖਿਆ:
2 ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
3 ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਦੀ ਉਸਤਤ ਹੋਵੇ, ਜਿਹੜਾ ਕਿਰਪਾ ਦਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ਵਰ ਹੈ। 4 ਪਰਮੇਸ਼ਵਰ ਸਾਡੀਆ ਸਾਰੀਆਂ ਮੁਸ਼ਕਲਾਂ ਵਿੱਚ ਸਾਨੂੰ ਸ਼ਾਂਤੀ ਦਿੰਦਾ ਹੈ, ਤਾਂ ਜੋ ਅਸੀਂ ਉਸੇ ਸ਼ਾਂਤੀ ਨਾਲ ਦੂਸਰਿਆ ਨੂੰ ਦਿਲਾਸਾ ਦੇ ਸਕੀਏ ਜਿਹੜੀ ਅਸੀਂ ਪਰਮੇਸ਼ਵਰ ਤੋਂ ਪਾਈ ਹੈ। 5 ਜਿਸ ਤਰ੍ਹਾਂ ਮਸੀਹ ਦੇ ਦੁੱਖਾਂ ਵਿੱਚ ਸਾਡਾ ਹਿੱਸਾ ਹੈ, ਉਸੇ ਤਰ੍ਹਾਂ ਮਸੀਹ ਦੇ ਦੁਆਰਾ ਸਾਡਾ ਦਿਲਾਸਾ ਵੀ ਬਹੁਤ ਹੈ। 6 ਜੇ ਅਸੀਂ ਦੁੱਖ ਝੱਲਦੇ ਹਾਂ, ਤੇ ਇਹ ਤੁਹਾਡੇ ਆਰਾਮ ਅਤੇ ਮੁਕਤੀ ਲਈ ਹੈ; ਅਗਰ ਅਸੀਂ ਆਰਾਮ ਪਾਉਂਦੇ ਹਾਂ ਤਾਂ ਇਹ ਜਿਹੜਾ ਉਹਨਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜਿਹੜੇ ਦੁੱਖ ਅਸੀਂ ਝੱਲਦੇ ਹਾਂ। 7 ਅਤੇ ਤੁਹਾਡੇ ਲਈ ਸਾਡੀ ਇਹ ਆਸ ਯਕੀਨਨ ਹੈ, ਕਿਉਂਕਿ ਅਸੀਂ ਜਾਣਦੇ ਹਾਂ ਜਿਸ ਤਰ੍ਹਾਂ ਤੁਸੀਂ ਸਾਡੇ ਦੁੱਖਾ ਵਿੱਚ ਸਾਂਝੀ ਹੋਵੇ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ।
8 ਹੇ ਭਰਾਵੋ ਅਤੇ ਭੈਣੋ, ਅਸੀਂ ਇਹ ਨਹੀਂ ਚਾਹੁੰਦੇ, ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਏਸ਼ੀਆ ਵਿੱਚ ਸਾਡੇ ਉੱਤੇ ਆ ਪਈ ਸੀ। ਅਸੀਂ ਬੜੇ ਵੱਡੇ ਦਬਾਅ ਦੇ ਥੱਲੇ ਸੀ, ਜੋ ਸਾਡੀ ਸਹਿਣਸ਼ੀਲਤਾ ਤੋਂ ਬਾਹਰ ਸੀ, ਇੱਥੋਂ ਤੱਕ ਅਸੀਂ ਜੀਵਨ ਦੀ ਆਸ ਤੱਕ ਖੋ ਦਿੱਤੀ ਸੀ। 9 ਦਰਅਸਲ, ਅਸੀਂ ਇਹ ਮਹਿਸੂਸ ਕੀਤਾ ਕਿ ਜਿਵੇਂ ਸਾਨੂੰ ਮੌਤ ਦੀ ਸਜ਼ਾ ਮਿਲ ਗਈ ਹੈ। ਪਰ ਇਹ ਇਸ ਲਈ ਹੋਇਆ ਤਾਂ ਕਿ ਅਸੀਂ ਆਪਣੇ ਉੱਤੇ ਨਹੀਂ ਸਗੋਂ ਪਰਮੇਸ਼ਵਰ ਉੱਤੇ ਭਰੋਸਾ ਕਰੀਏ, ਜੋ ਮੁਰਦਿਆਂ ਨੂੰ ਜੀਉਂਦਾ ਕਰਦਾ ਹੈ। 10 ਪਰਮੇਸ਼ਵਰ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ, ਅਤੇ ਛੁਡਾਵੇਗਾ ਵੀ। ਕਿਉਂ ਜੋ ਉਸ ਦੇ ਉੱਪਰ ਅਸੀਂ ਆਪਣੀ ਆਸ ਰੱਖੀ ਹੈ ਉਹ ਫਿਰ ਸਾਨੂੰ ਛੁਡਾਵੇਗਾ। 11 ਤੁਸੀਂ ਆਪਣੀ ਪ੍ਰਾਰਥਨਾ ਨਾਲ ਸਾਡੀ ਸਹਾਇਤਾ ਕਰੋ। ਉਹ ਵਰਦਾਨ ਜੋ ਬਹੁਤਿਆਂ ਦੇ ਰਾਹੀ ਸਾਨੂੰ ਮਿਲਿਆ ਉਹ ਦਾ ਬਹੁਤੇ ਲੋਕ ਸਾਡੇ ਲਈ ਧੰਨਵਾਦ ਵੀ ਕਰਨ।
12 ਸਾਨੂੰ ਇਸ ਗੱਲ ਤੇ ਮਾਣ ਹੈ: ਸਾਡਾ ਜ਼ਮੀਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਸੰਸਾਰ ਵਿੱਚ, ਅਤੇ ਖਾਸ ਕਰਕੇ ਤੁਹਾਡੇ ਨਾਲ ਸਾਡੇ ਸੰਬੰਧਾਂ ਵਿੱਚ, ਇਮਾਨਦਾਰੀ ਅਤੇ ਈਸ਼ਵਰੀ ਇਮਾਨਦਾਰੀ ਨਾਲ ਚਲਾਇਆ ਹੈ। ਅਸੀਂ ਅਜਿਹਾ ਦੁਨਿਆਵੀ ਬੁੱਧੀ ਤੇ ਨਹੀਂ ਬਲਕਿ ਪਰਮੇਸ਼ਵਰ ਦੀ ਕਿਰਪਾ ਤੇ ਨਿਰਭਰ ਹੋ ਕੇ ਕੀਤਾ। 13 ਕਿਉਂਕਿ ਅਸੀਂ ਤੁਹਾਨੂੰ ਅਜਿਹਾ ਕੁਝ ਨਹੀਂ ਲਿਖਦੇ ਜੋ ਤੁਸੀਂ ਪੜ੍ਹ ਜਾਂ ਸਮਝ ਨਾ ਸਕੋ। ਅਤੇ ਤੁਸੀਂ ਮੰਨਦੇ ਵੀ ਹੋ ਅਤੇ ਮੈਨੂੰ ਆਸ ਹੈ ਜੋ ਤੁਸੀਂ ਅੰਤ ਤੱਕ ਮੰਨੋਗੇ ਵੀ, 14 ਜਿਵੇਂ ਤੁਸੀਂ ਸਾਨੂੰ ਕੁਝ ਮੰਨ ਵੀ ਲਿਆ, ਅਤੇ ਤੁਸੀਂ ਸਮਝ ਵੀ ਜਾਓਗੇ ਜਿਵੇਂ ਸਾਡੇ ਪ੍ਰਭੂ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਅਸੀਂ ਤੁਹਾਡਾ ਮਾਣ ਹਾਂ ਤੇ ਤੁਸੀਂ ਸਾਡਾ ਵੀ ਹੋ।
15 ਕਿਉਂਕਿ ਮੈਨੂੰ ਇਸ ਬਾਰੇ ਭਰੋਸਾ ਸੀ, ਮੈਂ ਤੁਹਾਨੂੰ ਦੁੱਗਣੀ ਕਿਰਪਾ ਦਾ ਅਨੁਭਵ ਕਰਾਉਣ ਦੇ ਉਦੇਸ਼ ਨਾਲ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ। 16 ਅਤੇ ਤੁਹਾਡੇ ਕੋਲੋਂ ਹੋ ਕੇ ਮਕਦੂਨਿਯਾ ਪ੍ਰਦੇਸ਼ ਨੂੰ ਜਾਂਵਾਂ ਅਤੇ ਫਿਰ ਮਕਦੂਨਿਯਾ ਤੋਂ ਹੋ ਕੇ ਤੁਹਾਡੇ ਕੋਲ ਆਵਾਂ ਅਤੇ ਇਸ ਤੋਂ ਤੁਹਾਡੇ ਕੋਲੋਂ ਯਹੂਦਿਯਾ ਪ੍ਰਦੇਸ਼ ਵੱਲ ਪਹੁੰਚਾਇਆ ਜਾਂਵਾਂ। 17 ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁਝ ਚਲਾਕੀ ਕੀਤੀ? ਕੀ ਮੈਂ ਸਰੀਰ ਅਨੁਸਾਰ ਆਪਣੀਆਂ ਯੋਜਨਾਵਾਂ ਬਣਾਉਂਦਾ ਹਾਂ ਤਾਂ ਜੋ ਮੇਰੇ ਸਾਹਾ ਵਿੱਚੋਂ ਦੋਵੇਂ, "ਹਾਂ ਦੀ ਹਾਂ ਹੋਵੇ, ਅਤੇ ਨਾਂਹ ਦੀ ਨਾਂਹ ਹੋਵੇ"?
18 ਪਰ ਜਿਸ ਤਰ੍ਹਾਂ ਪਰਮੇਸ਼ਵਰ ਵਫ਼ਾਦਾਰ ਹੈ, ਉਸੇ ਤਰ੍ਹਾਂ ਸਾਡਾ ਬਚਨ ਤੁਹਾਡੇ ਨਾਲ, "ਹਾਂ ਅਤੇ ਨਾਂਹ," ਦੋਨੋਂ ਨਹੀਂ ਹਨ। 19 ਕਿਉਂ ਜੋ ਪਰਮੇਸ਼ਵਰ ਦਾ ਪੁੱਤਰ, ਯਿਸ਼ੂ ਮਸੀਹ ਜਿਸ ਦਾ ਅਸੀਂ ਅਰਥਾਤ ਮੈਂ ਅਤੇ ਸਿਲਵਾਨੁਸ ਅਤੇ ਤਿਮੋਥਿਉਸ ਨੇ ਤੁਹਾਡੇ ਵਿੱਚ ਪ੍ਰਚਾਰ ਕੀਤਾ ਸੋ, "ਹਾਂ ਅਤੇ ਨਾਂਹ ਨਹੀਂ," ਪਰ ਉਸ ਵਿੱਚ "ਹਾਂ ਹੀ ਹਾਂ," ਹੋਈ। 20 ਪਰਮੇਸ਼ਵਰ ਦੇ ਵਾਅਦੇ ਭਾਵੇਂ ਕਿਨ੍ਹੇ ਹੀ ਹੋਣ, ਉਹ ਮਸੀਹ ਦੇ ਵਿੱਚ "ਹਾਂ" ਹੀ ਹਨ। ਅਤੇ ਇਸ ਲਈ ਉਸ ਦੇ ਰਾਹੀ "ਆਮੀਨ" ਬੋਲਣ ਨਾਲ ਸਾਡੇ ਦੁਆਰਾ ਪਰਮੇਸ਼ਵਰ ਦੀ ਵਡਿਆਈ ਵੀ ਹੋਵੇ। 21 ਹੁਣ ਇਹ ਪਰਮੇਸ਼ਵਰ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਦੋਨਾਂ ਨੂੰ ਮਸੀਹ ਵਿੱਚ ਕਾਇਮ ਕਰਦਾ ਹੈ। ਅਤੇ ਉਸ ਨੇ ਸਾਨੂੰ ਮਸਹ ਕੀਤਾ ਹੈ, 22 ਅਤੇ ਉਸ ਨੇ ਸਾਡੇ ਉੱਤੇ ਆਪਣੀ ਮਲਕੀਅਤ ਦੀ ਮੋਹਰ ਲਗਾਈ, ਅਤੇ ਆਪਣੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਇੱਕ ਜਮ੍ਹਾਂ ਕੀਤੀ ਹੋਈ ਰਾਸ਼ੀ ਦੇ ਰੂਪ ਵਿੱਚ ਪਾਇਆ, ਤਾਂ ਜੋ ਆਉਣ ਵਾਲੇ ਸਮੇਂ ਦੀ ਗਰੰਟੀ ਹੋਵੇ।
23 ਮੈਂ ਪਰਮੇਸ਼ਵਰ ਨੂੰ ਆਪਣਾ ਗਵਾਹ ਕਹਿੰਦਾ ਹਾਂ, ਅਤੇ ਮੈਂ ਇਸ ਉੱਤੇ ਆਪਣੀ ਜਾਨ ਦਾਅ ਤੇ ਲਾਉਂਦਾ ਹਾਂ, ਇਹ ਤੁਹਾਨੂੰ ਬਚਾਉਣ ਲਈ ਸੀ ਕਿ ਮੈਂ ਹੁਣ ਤੱਕ ਕੁਰਿੰਥੁਸ ਸ਼ਹਿਰ ਵਾਪਸ ਨਹੀਂ ਆਇਆ। 24 ਇਹ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ ਉੱਤੇ ਹੁਕਮ ਚਲਾਉਂਦੇ ਹਾਂ, ਪਰ ਤੁਹਾਡੇ ਅਨੰਦ ਵਿੱਚ ਸਾਂਝੀ ਹਾਂ ਕਿਉਂ ਜੋ ਤੁਸੀਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ।