1 ਹੁਣ ਉਹ ਦਾਨ ਜਿਹੜਾ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਹੈ: ਜਿਸ ਤਰ੍ਹਾਂ ਮੈਂ ਗਲਾਤੀਆਂ ਪ੍ਰਦੇਸ਼ ਦੀ ਕਲੀਸਿਆ ਨੂੰ ਆਗਿਆ ਦਿੱਤੀ ਸੀ, ਉਸ ਤਰ੍ਹਾਂ ਤੁਸੀਂ ਵੀ ਕਰੋ। 2 ਹਰ ਹਫ਼ਤੇ ਦੇ ਪਹਿਲੇ ਦਿਨ, ਤੁਹਾਡੇ ਵਿੱਚੋਂ ਹਰੇਕ ਆਪਣੀ ਆਮਦਨ ਵਿੱਚੋਂ ਕੁਝ ਪੈਸੇ ਬਚਾ ਕੇ ਰੱਖ ਲਵੇ ਤਾਂ ਜੋ ਜਦੋਂ ਮੈਂ ਆਵਾਂ ਤਾਂ ਕੋਈ ਸੰਗ੍ਰਹਿ ਨਾ ਕਰਨਾ ਪਵੇ। 3 ਫਿਰ, ਜਦੋਂ ਮੈਂ ਆਵਾਂਗਾ, ਜਿਨ੍ਹਾਂ ਨੂੰ ਤੁਸੀਂ ਮਨਜ਼ੂਰ ਕਰਦੇ ਹੋ ਮੈਂ ਉਹਨਾਂ ਆਦਮੀਆਂ ਨੂੰ ਜਾਣ-ਪਛਾਣ ਦੇ ਪੱਤਰ ਦੇਵਾਂਗਾ ਤਾਂ ਜੋ ਤੋਹਫ਼ੇ ਅਤੇ ਦਾਨ ਯੇਰੂਸ਼ਲੇਮ ਪਹੁੰਚਾ ਦੇਣ। 4 ਜੇ ਮੇਰਾ ਜਾਣਾ ਉੱਚਿਤ ਹੋਇਆ, ਤਾਂ ਉਹ ਮੇਰੇ ਨਾਲ ਜਾਣਗੇ।
5 ਮਕਦੂਨਿਯਾ ਪ੍ਰਦੇਸ਼ ਦੀ ਯਾਤਰਾ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ, ਕਿਉਂਕਿ ਮੈਂ ਮਕਦੂਨਿਯਾ ਪ੍ਰਦੇਸ਼ ਰਾਹੀ ਲੰਘਣਾ ਹੈ। 6 ਸ਼ਾਇਦ ਮੈਂ ਤੁਹਾਡੇ ਨਾਲ ਕੁਝ ਸਮੇਂ ਲਈ ਰਹਾਂ, ਜਾਂ ਹੋ ਸਕੇ ਤਾਂ ਸਰਦੀਆਂ ਵੀ ਬਿਤਾਵਾਂਗਾ, ਤਾਂ ਜੋ ਤੁਸੀਂ ਮੇਰੀ ਯਾਤਰਾ ਲਈ ਮੇਰੀ ਸਹਾਇਤਾ ਕਰ ਸਕੋ, ਮੈਂ ਜਿੱਥੇ ਵੀ ਜਾਵਾਂ। 7 ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਇਸ ਵਾਰ ਤੁਹਾਨੂੰ ਰਾਸਤੇ ਵਿੱਚ ਹੀ ਮਿਲਾ, ਕਿਉਂ ਜੋ ਮੇਰੀ ਆਸ ਹੈ ਜੇ ਪ੍ਰਭੂ ਦੀ ਆਗਿਆ ਹੋਈ ਤਾਂ ਕੁਝ ਸਮਾਂ ਤੁਹਾਡੇ ਕੋਲ ਠਹਿਰਾ। 8 ਪਰ ਪੰਤੇਕੁਸਤ ਦੇ ਤਿਉਹਾਰ ਤੱਕ ਮੈਂ ਅਫ਼ਸੁਸ ਸ਼ਹਿਰ ਵਿੱਚ ਹੀ ਠਹਿਰਾਂਗਾ। 9 ਕਿਉਂਕਿ ਪ੍ਰਭਾਵਸ਼ਾਲੀ ਕੰਮ ਦੇ ਲਈ ਇੱਕ ਵੱਡਾ ਦਰਵਾਜ਼ਾ ਮੇਰੇ ਲਈ ਖੁੱਲ੍ਹਿਆ ਹੈ, ਅਤੇ ਉੱਥੇ ਬਹੁਤ ਸਾਰੇ ਹਨ ਜੋ ਮੇਰਾ ਵਿਰੋਧ ਕਰਦੇ ਹਨ।
10 ਜਦੋਂ ਤਿਮੋਥਿਉਸ ਆਵੇ, ਤਾਂ ਵੇਖਣਾ ਕਿ ਉਹ ਤੁਹਾਡੇ ਕੋਲ ਨਿਸ਼ਚਿਤ ਰਹੇ, ਕਿਉਂ ਜੋ ਉਹ ਵੀ ਪ੍ਰਭੂ ਦਾ ਕੰਮ ਕਰਦਾ ਹੈ ਜਿਵੇਂ ਮੈਂ ਕਰਦਾ ਹਾਂ। 11 ਸੋ ਕੋਈ ਵੀ, ਉਸ ਨੂੰ ਤੁੱਛ ਨਾ ਸਮਝੇ, ਸਗੋਂ ਉਸ ਨੂੰ ਸ਼ਾਂਤੀ ਨਾਲ ਅੱਗੇ ਭੇਜ ਦੇਣਾ ਤਾਂ ਜੋ ਉਹ ਮੇਰੇ ਕੋਲ ਆਵੇ। ਕਿਉਂਕਿ ਮੈਂ ਉਸ ਨੂੰ ਦੂਸਰੇ ਭਰਾਵਾਂ ਦੇ ਨਾਲ ਉਡੀਕਦਾ ਹਾਂ।
12 ਹੁਣ ਸਾਡੇ ਭਰਾ ਅਪੁੱਲੋਸ ਦੇ ਬਾਰੇ: ਮੈਂ ਉਸ ਦੇ ਅੱਗੇ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਆਵੇ। ਅਤੇ ਹੁਣ ਉਸ ਦਾ ਮਨ ਆਉਣ ਨੂੰ ਅਜੇ ਤਿਆਰ ਨਹੀਂ ਹੈ, ਪਰ ਜਦ ਕਦੇ ਉਸ ਨੂੰ ਮੌਕਾ ਮਿਲੇਗਾ ਤਾਂ ਉਹ ਆਵੇਗਾ।
13 ਜਾਗਦੇ ਰਹੋ; ਵਿਸ਼ਵਾਸ ਵਿੱਚ ਮਜ਼ਬੂਤ ਰਹੋ; ਹੌਸਲਾ ਰੱਖੋ, ਤਕੜੇ ਹੋਵੋ। 14 ਸਾਰੇ ਕੰਮ ਪਿਆਰ ਨਾਲ ਕਰੋ।
15 ਹੇ ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਸਤਫ਼ਨਾਸ ਦਾ ਪਰਿਵਾਰ ਅਖਾਯਾ ਪ੍ਰਦੇਸ਼ ਵਿੱਚ ਸਭ ਤੋਂ ਪਹਿਲੇ ਵਿਸ਼ਵਾਸ ਕਰਨ ਲੱਗਾ, ਅਤੇ ਉਹਨਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, 16 ਤੁਸੀਂ ਅਜਿਹੇ ਵਿਅਕਤੀ ਦੇ ਅਧੀਨ ਰਹੋ, ਜਿਹੜਾ ਹਰੇਕ ਦੇ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ। 17 ਅਤੇ ਮੈਂ ਸਤਫ਼ਨਾਸ, ਫੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਆਨੰਦ ਹਾਂ, ਕਿਉਂ ਜੋ ਉਹਨਾਂ ਦੇ ਦੁਆਰਾ ਜੋ ਕੁਝ ਵੀ ਤੁਹਾਡੇ ਵਿੱਚ ਘਾਟ ਸੀ ਪੂਰੀ ਕੀਤੀ। 18 ਕਿਉਂਕਿ ਉਹਨਾਂ ਨੇ ਮੇਰੀ ਅਤੇ ਤੁਹਾਡੀ ਆਤਮਾ ਨੂੰ ਤਾਜ਼ਗੀ ਦਿੱਤੀ, ਇਸ ਕਰਕੇ ਉਹਨਾਂ ਦੀ ਗੱਲ ਮੰਨੋ।
19 ਏਸ਼ੀਆ ਪ੍ਰਦੇਸ਼ ਦੀਆਂ ਕਲੀਸਿਆ ਵੱਲੋ ਤੁਹਾਨੂੰ ਸ਼ੁਭਕਾਮਨਾ।
ਅਕੂਲਾ ਅਤੇ ਪਰਿਸਕਾ ਉਸ ਕਲੀਸਿਆ ਦੀ ਵੱਲੋ, ਜੋ ਉਹਨਾਂ ਦੇ ਘਰ ਵਿੱਚ ਅਰਾਧਨਾ ਕਰਦੇ ਹਨ, ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾ।
20 ਸਾਰੇ ਭਰਾ ਅਤੇ ਭੈਣਾਂ ਵੱਲੋ ਤੁਹਾਨੂੰ ਸ਼ੁਭਕਾਮਨਾ।
ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।
21 ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ।
22 ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਉਹ ਵਿਅਕਤੀ ਸਰਾਪਤ ਹੋਵੇ! ਹੇ ਸਾਡੇ ਪ੍ਰਭੂ, ਆ!
23 ਪ੍ਰਭੂ ਯਿਸ਼ੂ ਦੀ ਕਿਰਪਾ ਤੁਹਾਡੇ ਉੱਤੇ ਹੋਵੇ।
24 ਮਸੀਹ ਯਿਸ਼ੂ ਵਿੱਚ ਤੁਹਾਨੂੰ ਸਾਰਿਆ ਨੂੰ ਪਿਆਰ। ਆਮੀਨ।