1 ਤੁਸੀਂ ਮੇਰੀ ਰੀਸ ਕਰੋ, ਜਿਸ ਤਰ੍ਹਾਂ ਮੈਂ ਮਸੀਹ ਦੀ ਰੀਸ ਕਰਦਾ ਹਾਂ।
2 ਮੈਨੂੰ ਹਰ ਇੱਕ ਚੀਜ਼ ਵਿੱਚ ਯਾਦ ਰੱਖਣ ਲਈ ਮੈਂ ਤੁਹਾਡੀ ਹਰ ਗੱਲ ਵਿੱਚ ਪ੍ਰਸ਼ੰਸਾ ਕਰਦਾ ਹਾਂ ਅਤੇ ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਤੁਸੀਂ ਮਜ਼ਬੂਤੀ ਨਾਲ ਉਸ ਨੂੰ ਫੜ੍ਹੀ ਰੱਖਿਆ। 3 ਪਰ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਹਰ ਮਨੁੱਖ ਦਾ ਸਿਰ ਮਸੀਹ ਹੈ ਅਤੇ ਔਰਤ ਦਾ ਸਿਰ ਆਦਮੀ ਹੈ ਅਤੇ ਮਸੀਹ ਦਾ ਸਿਰ ਪਰਮੇਸ਼ਵਰ ਹੈ। 4 ਹਰ ਇੱਕ ਆਦਮੀ ਜਿਹੜਾ ਸਿਰ ਢੱਕ ਕੇ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ। 5 ਪਰ ਹਰ ਇੱਕ ਔਰਤ ਜੋ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ, ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਆਪਣੇ ਸਿਰ ਦੇ ਵਾਲ ਕਟਵਾ ਲਏ ਹੋਣ। 6 ਕਿਉਂਕਿ ਜੇ ਔਰਤ ਸਿਰ ਨਾ ਢੱਕੇ, ਤਾਂ ਆਪਣੇ ਵਾਲ ਕਟਵਾ ਲਵੇ; ਜੇ ਔਰਤ ਨੂੰ ਵਾਲ ਕਟਵਾਉਣ ਵਿੱਚ ਸ਼ਰਮ ਆਉਂਦੀ ਹੈ ਤਾਂ ਸਿਰ ਢੱਕ ਲਵੇ।
7 ਕਿਉਂ ਜੋ ਆਦਮੀ ਨੂੰ ਆਪਣਾ ਸਿਰ ਢੱਕ ਕੇ ਰੱਖਣਾ ਨਹੀਂ ਚਾਹੀਦਾ, ਕਿਉਂਕਿ ਉਹ ਪਰਮੇਸ਼ਵਰ ਦਾ ਸਰੂਪ ਅਤੇ ਮਹਿਮਾ ਹੈ; ਪਰ ਔਰਤ ਆਦਮੀ ਦੀ ਮਹਿਮਾ ਦਰਸਾਉਂਦੀ ਹੈ। 8 ਕਿਉਂਕਿ ਆਦਮੀ ਔਰਤ ਤੋਂ ਨਹੀਂ ਪਰ ਔਰਤ ਆਦਮੀ ਤੋਂ ਹੋਈ ਹੈ। 9 ਅਤੇ ਨਾ ਹੀ ਆਦਮੀ ਔਰਤ ਲਈ ਉਤਪਤ ਹੋਇਆ ਪਰ ਔਰਤ ਆਦਮੀ ਦੇ ਲਈ ਉਤਪਤ ਹੋਈ। 10 ਇਸੇ ਕਾਰਨ ਔਰਤ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧਿਕਾਰ ਰੱਖੇ। 11 ਤਾਂ ਵੀ ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਲੱਗ ਹੈ ਨਾ ਆਦਮੀ ਔਰਤ ਤੋਂ ਅਲੱਗ ਹੈ। 12 ਕਿਉਂਕਿ ਜਿਸ ਪ੍ਰਕਾਰ ਔਰਤ ਆਦਮੀ ਤੋਂ ਹੈ ਉਸੇ ਪ੍ਰਕਾਰ ਆਦਮੀ ਔਰਤ ਰਾਹੀ ਹੈ, ਪਰ ਸਭ ਕੁਝ ਪਰਮੇਸ਼ਵਰ ਤੋਂ ਹੈ।
13 ਤੁਸੀਂ ਆਪ ਹੀ ਫ਼ੈਸਲਾ ਕਰੋ: ਕੀ ਇਹ ਚੰਗਾ ਲੱਗਦਾ ਹੈ ਜੋ ਔਰਤ ਬਿਨ੍ਹਾਂ ਸਿਰ ਢੱਕੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੇ। 14 ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇ ਆਦਮੀ ਦੇ ਸਿਰ ਦੇ ਵਾਲ ਲੰਮੇ ਹਨ, ਤਾਂ ਇਹ ਉਸ ਦੇ ਲਈ ਨਿਰਾਦਰ ਹੈ? 15 ਪਰ ਜੇ ਔਰਤ ਦੇ ਵਾਲ ਲੰਮੇ ਹਨ, ਤਾਂ ਉਸ ਦੇ ਲਈ ਸ਼ੋਭਾ ਹੈ, ਕਿਉਂ ਜੋ ਵਾਲ ਉਸ ਨੂੰ ਪੜਦੇ ਦੇ ਲਈ ਦਿੱਤੇ ਗਏ ਹਨ। 16 ਜੇ ਕੋਈ ਇਸ ਵਿਸ਼ੇ ਬਾਰੇ ਵਿਵਾਦ ਕਰਨਾ ਚਾਹੁੰਦਾ ਹੋਵੇ, ਤਾਂ ਸਾਡੇ ਕੋਲ ਹੋਰ ਕੋਈ ਰੀਤੀ ਰਿਵਾਜ ਨਹੀਂ ਹੈ ਅਤੇ ਨਾ ਹੀ ਪਰਮੇਸ਼ਵਰ ਦੀਆਂ ਕਲੀਸਿਆਵਾਂ ਦਾ।
17 ਹੁਣ ਇਹ ਕਹਿੰਦਾ ਹੋਇਆ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਕਿਉਂ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਾਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ। 18 ਸਭ ਤੋਂ ਪਹਿਲਾਂ ਤਾਂ ਇਹ ਹੈ: ਮੈਂ ਸੁਣਿਆ ਸੀ ਕਿ ਜਿਸ ਵੇਲੇ ਤੁਸੀਂ ਕਲੀਸਿਆ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਦਾ ਹੁੰਦੇ ਹਨ ਅਤੇ ਮੈਂ ਇਸ ਨੂੰ ਥੋੜ੍ਹਾ ਬਹੁਤਾ ਸੱਚ ਵੀ ਮੰਨਦਾ ਹਾਂ। 19 ਹਾਂ ਇਹ ਸੱਚ ਹੈ ਕਿ ਤੁਹਾਡੇ ਵਿੱਚ ਫੁੱਟ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਉਹ ਜਿਹੜੇ ਪਰਮੇਸ਼ਵਰ ਦੁਆਰਾ ਚੁਣੇ ਗਏ ਹਨ ਪ੍ਰਕਾਸ਼ ਹੋ ਜਾਣ। 20 ਇਸ ਲਈ, ਜਦੋਂ ਤੁਸੀਂ ਇੱਕ ਜਗ੍ਹਾ ਇਕੱਠੇ ਹੁੰਦੇ ਹੋ, ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ। 21 ਕਿਉਂਕਿ ਜਦੋਂ ਤੁਸੀਂ ਖਾਂਦੇ ਹੋ, ਤੁਹਾਡੇ ਵਿਚੋਂ ਕੁਝ ਆਪਣੇ ਖੁਦ ਦੇ ਨਿੱਜੀ ਭੋਜਨ ਵਿੱਚੋਂ ਖਾਂਦੇ ਹਨ। ਅਤੇ ਬਾਅਦ ਵਿੱਚ, ਇੱਕ ਵਿਅਕਤੀ ਭੁੱਖਾ ਰਹਿੰਦਾ ਹੈ ਅਤੇ ਦੂਜਾ ਸ਼ਰਾਬ ਪੀ ਕੇ ਮਤਵਾਲਾ ਹੋ ਜਾਂਦਾ ਹੈ। 22 ਕੀ ਖਾਣ-ਪੀਣ ਨੂੰ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਤੁਸੀਂ ਪਰਮੇਸ਼ਵਰ ਦੀ ਕਲੀਸਿਆ ਨੂੰ ਤੁੱਛ ਸਮਝਦੇ ਹੋ? ਅਤੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਕਿਹਾ? ਕੀ ਇਸ ਵਿੱਚ ਮੈਂ ਤੁਹਾਡੀ ਵਡਿਆਈ ਕਰਾਂ? ਬਿਲਕੁਲ ਨਹੀਂ!
23 ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ: ਜਿਸ ਰਾਤ ਪ੍ਰਭੂ ਯਿਸ਼ੂ ਨੂੰ ਫੜਵਾਇਆ ਗਿਆ ਸੀ, ਉਸ ਨੇ ਰੋਟੀ ਲਈ, 24 ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਕਿਹਾ, "ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਹੈ; ਇਹ ਮੇਰੀ ਯਾਦਗੀਰੀ ਲਈ ਕਰਿਆ ਕਰੋ।" 25 ਇਸੇ ਤਰ੍ਹਾਂ, ਭੋਜਨ ਤੋਂ ਬਾਅਦ ਉਸ ਨੇ ਪਿਆਲਾ ਵੀ ਲਿਆ ਅਤੇ ਕਿਹਾ, "ਇਹ ਪਿਆਲਾ ਮੇਰੇ ਲਹੂ ਵਿੱਚ ਨਵੀਂ ਵਾਚਾ ਹੈ; ਜਦੋਂ ਵੀ ਕਦੇ ਤੁਸੀਂ ਇਹ ਪੀਓ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।" 26 ਕਿਉਂਕਿ ਜਦ ਕਦੇ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਪਿਆਲਾ ਪੀਂਦੇ ਹੋ, ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ ਜਦੋਂ ਤੱਕ ਉਹ ਵਾਪਸ ਨਹੀਂ ਆ ਜਾਂਦਾ।
27 ਇਸ ਕਰਕੇ, ਜੇ ਕੋਈ ਬਿਨ੍ਹਾਂ ਯੋਗਤਾ ਦੇ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। 28 ਹਰ ਕੋਈ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। 29 ਉਹਨਾਂ ਲਈ ਜਿਹੜੇ ਖਾਂਦੇ ਅਤੇ ਪੀਂਦੇ ਹਨ ਜੇ ਉਹ ਸਰੀਰ ਦੀ ਜਾਂਚ ਨਹੀਂ ਕਰਦੇ ਤਾਂ ਆਪਣੇ ਉੱਤੇ ਪਰਮੇਸ਼ਵਰ ਦੀ ਸਜ਼ਾ ਲਾ ਕੇ ਖਾਂਦੇ ਅਤੇ ਪੀਂਦੇ ਹਨ। 30 ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮੌਤ ਵਿੱਚ ਸੁੱਤੇ ਪਏ ਹਨ। 31 ਪਰ ਜੇ ਅਸੀਂ ਆਪਣੇ ਆਪ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਤਾਂ ਅਸੀਂ ਅਜਿਹੇ ਪਰਮੇਸ਼ਵਰ ਦੇ ਨਿਆਂ ਦੇ ਅਧੀਨ ਨਾ ਆਉਂਦੇ। 32 ਇਸ ਦੇ ਬਾਵਜੂਦ, ਜਦੋਂ ਪ੍ਰਭੂ ਦੁਆਰਾ ਸਾਡੇ ਨਾਲ ਇਸ ਤਰ੍ਹਾਂ ਨਿਆਂ ਕੀਤਾ ਜਾਂਦਾ ਹੈ, ਤਾਂ ਸਾਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ ਤਾਂ ਜੋ ਅੰਤ ਵਿੱਚ ਸੰਸਾਰ ਨਾਲ ਅਸੀਂ ਦੋਸ਼ੀ ਨਾ ਠਹਿਰਾਏ ਜਾਈਏ।
33 ਇਸ ਲਈ, ਹੇ ਮੇਰੇ ਭਰਾਵੋ ਅਤੇ ਭੈਣੋ, ਜਦੋਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਸਰੇ ਦੀ ਉਡੀਕ ਕਰੋ। 34 ਅਗਰ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ, ਤਾਂ ਜੋ ਤੁਸੀਂ ਇਕੱਠੇ ਹੋਣ ਤੋਂ ਦੋਸ਼ੀ ਨਾ ਠਹਿਰਾਏ ਜਾਓ।
ਅਤੇ ਰਹਿੰਦੀਆਂ ਗੱਲਾਂ ਦਾ ਜਦੋਂ ਮੈਂ ਆਵਾਂਗਾ ਤਦ ਨਿਰਦੇਸ਼ ਦੇਵਾਂਗਾ।