Publicidade

1 Coríntios 10

ਇਸਰਾਏਲ ਦੇ ਇਤਿਹਾਸ ਤੋਂ ਚੇਤਾਵਨੀ

1 ਹੇ ਭਰਾਵੋ ਅਤੇ ਭੈਣੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਕਿ ਸਾਡੇ ਪਿਉ-ਦਾਦੇ ਬੱਦਲ ਦੇ ਹੇਠਾਂ ਸਨ ਅਤੇ ਉਹ ਸਾਰੇ ਲਾਲ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ। 2 ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੋਸ਼ੇਹ ਦਾ ਬਪਤਿਸਮਾ ਮਿਲਿਆ। 3 ਅਤੇ ਉਹਨਾਂ ਸਾਰਿਆ ਨੇ ਇੱਕੋ ਹੀ ਆਤਮਿਕ ਭੋਜਨ ਖਾਧਾ। 4 ਅਤੇ ਸਾਰਿਆ ਨੇ ਇੱਕੋ ਹੀ ਆਤਮਿਕ ਜਲ ਪੀਤਾ, ਅਤੇ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਨਾਲ-ਨਾਲ ਚਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ। 5 ਪਰੰਤੂ ਉਹਨਾਂ ਵਿੱਚੋਂ ਬਹੁਤਿਆਂ ਨਾਲ ਪਰਮੇਸ਼ਵਰ ਖੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਮਾਰੇ ਗਏ।

6 ਹੁਣ ਇਹ ਸਾਰੀਆਂ ਗੱਲਾਂ ਸਾਡੇ ਲਈ ਉਦਾਹਰਣਾਂ ਹਨ ਤਾਂ ਕਿ ਅਸੀਂ ਬੁਰੀਆਂ ਚੀਜ਼ਾ ਦੀ ਇੱਛਾ ਨਾ ਰੱਖੀਏ ਜਿਵੇਂ ਉਹਨਾਂ ਨੇ ਕੀਤੀ ਸੀ। 7 ਤੁਸੀਂ ਮੂਰਤੀ ਪੂਜਕਾਂ ਵਰਗੇ ਨਾ ਬਣੋ, ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ; ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: "ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।" 8 ਸਾਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ ਸੀ ਅਤੇ ਇੱਕ ਦਿਨ ਵਿੱਚ ਉਹਨਾਂ ਵਿੱਚੋਂ 23 ਹਜ਼ਾਰ ਦੀ ਮੌਤ ਹੋ ਗਈ। 9 ਅਤੇ ਸਾਨੂੰ ਮਸੀਹ ਨੂੰ ਪਰਖਣਾ ਨਹੀਂ ਚਾਹੀਦਾ, ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਸੀ, ਅਤੇ ਸੱਪਾਂ ਦੇ ਡੰਗਣ ਤੋਂ ਨਾਸ ਹੋ ਗਏ। 10 ਅਤੇ ਤੁਸੀਂ ਬੁੜ-ਬੁੜ ਵੀ ਨਾ ਕਰੋ ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਅਤੇ ਨਾਸ ਕਰਨ ਵਾਲੇ ਦੇ ਦੁਆਰਾ ਨਾਸ ਕੀਤੇ ਗਏ।

11 ਇਹ ਗੱਲਾਂ ਉਹਨਾਂ ਲਈ ਇੱਕ ਉਦਾਹਰਣਾਂ ਵਜੋਂ ਵਾਪਰੀਆਂ ਅਤੇ ਚੇਤਾਵਨੀ ਦੇਣ ਲਈ ਸਾਡੇ ਵਾਸਤੇ ਲਿਖੀਆਂ ਗਈਆਂ, ਇਸ ਸੰਸਾਰ ਦਾ ਅੰਤ ਆ ਗਿਆ ਹੈ। 12 ਇਸ ਲਈ ਜੇ ਕੋਈ ਆਪਣੇ ਆਪ ਨੂੰ ਪਰਤਾਵਿਆ ਲਈ ਮਜ਼ਬੂਤ ਸਮਝਦਾ ਹੈ, ਸੋ ਸੁਚੇਤ ਰਹੇ ਕਿ ਉਹ ਕਿਤੇ ਡਿੱਗ ਨਾ ਜਾਵੇਂ। 13 ਤੁਹਾਡੇ ਉੱਤੇ ਇਹੋ ਜਿਹੀ ਕੋਈ ਪਰਿਖਿਆ ਨਹੀਂ ਆਈ, ਜਿਹੜੀ ਸਭ ਮਨੁੱਖਾਂ ਤੋਂ ਸਹਿਣ ਨਾ ਹੋ ਸਕੇ। ਪਰਮੇਸ਼ਵਰ ਵਫ਼ਾਦਾਰ ਹੈ; ਉਹ ਤੁਹਾਨੂੰ ਕਿਸੇ ਵੀ ਇਸ ਤਰ੍ਹਾਂ ਦੀ ਪਰਿਖਿਆ ਵਿੱਚ ਨਹੀਂ ਪੈਣ ਦੇਵੇਗਾ ਜਿਹੜੀ ਤੁਹਾਡੇ ਸਹਿਣ ਤੋਂ ਬਾਹਰ ਹੋਵੇ ਸਗੋਂ ਤੁਹਾਨੂੰ ਪਰਿਖਿਆ ਦੇ ਨਾਲ-ਨਾਲ ਬਚਣ ਦਾ ਰਾਸਤਾ ਵੀ ਦੱਸੇਗਾ ਤਾਂ ਜੋ ਤੁਸੀਂ ਬਚ ਸਕੋ।

ਮੂਰਤੀਆਂ ਦੇ ਚੜਾਵੇ ਅਤੇ ਪ੍ਰਭੂ ਭੋਜ

14 ਇਸ ਲਈ ਮੇਰੇ ਪਿਆਰੇ ਮਿੱਤਰੋ, ਤੁਸੀਂ ਮੂਰਤੀ ਪੂਜਾ ਤੋਂ ਦੂਰ ਰਹੋ। 15 ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਇਹ ਬੋਲਦਾ ਹਾਂ; ਆਪਣੇ ਆਪ ਵਿੱਚ ਇਸਦੀ ਪਰਖ ਕਰੋ ਜੋ ਮੈਂ ਆਖਦਾ ਹਾਂ। 16 ਕੀ ਉਹ ਧੰਨਵਾਦ ਦਾ ਪਿਆਲਾ ਨਹੀਂ ਜਿਸ ਵਿੱਚ ਅਸੀਂ ਮਸੀਹ ਦੇ ਲਹੂ ਵਿੱਚ ਸ਼ਾਮਲ ਹੁੰਦੇ ਹਾਂ? ਅਤੇ ਕੀ ਉਹ ਰੋਟੀ ਨਹੀਂ ਜਿਹੜੀ ਅਸੀਂ ਮਸੀਹ ਦੇ ਸਰੀਰ ਵਿੱਚ ਭਾਗੀਦਾਰ ਹੋ ਕੇ ਤੋੜਦੇ ਹਾਂ? 17 ਕਿਉਂਕਿ ਰੋਟੀ ਇੱਕੋ ਹੈ, ਅਸੀਂ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ, ਕਿਉਂਕਿ ਅਸੀਂ ਸਾਰੇ ਇੱਕ ਵਿੱਚ ਭਾਗੀਦਾਰ ਹੋਏ ਹਾਂ।

18 ਇਸਰਾਏਲ ਦੇ ਲੋਕਾਂ ਬਾਰੇ ਸੋਚੋ: ਉਹ ਜਗਵੇਦੀ ਉੱਤੇ ਚੜ੍ਹਾਈ ਹੋਈ ਬਲੀ ਵਿੱਚੋਂ ਖਾਂਦੇ ਹਨ, ਕੀ ਇਸ ਦੇ ਦੁਆਰਾ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਜਾਂਦੇ? 19 ਸੋ ਕੀ ਮੇਰੇ ਕਹਿਣ ਦਾ ਮਤਲਬ ਇਹ ਹੈ ਮੂਰਤੀ ਤੇ ਚੜਾਈ ਗਈ ਵਸਤੂ ਕੁਝ ਹੈ ਜਾਂ ਉਹ ਮੂਰਤੀ ਕੁਝ ਹੈ? 20 ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਹੈ ਜੋ ਜਿਹੜੀਆਂ ਵਸਤਾਂ ਗ਼ੈਰ-ਯਹੂਦੀ ਚੜ੍ਹਾਵੇ ਲਈ ਚੜ੍ਹਾਉਂਦੇ ਹਨ ਉਹ ਦੁਸ਼ਟ ਆਤਮਾ ਲਈ ਚੜ੍ਹਾਉਂਦੇ ਹਨ ਪਰਮੇਸ਼ਵਰ ਲਈ ਨਹੀਂ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਦੁਸ਼ਟ ਆਤਮਾ ਦੇ ਭਾਗੀਦਾਰ ਬਣੋ। 21 ਤੁਸੀਂ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ ਨਾਲੇ ਹੀ ਦੁਸ਼ਟ ਆਤਮਾ ਦੇ ਪਿਆਲੇ ਵਿੱਚੋਂ ਨਹੀਂ ਪੀ ਸਕਦੇ; ਅਤੇ ਇਸੇ ਤਰ੍ਹਾਂ ਤੁਸੀਂ ਪ੍ਰਭੂ ਦੇ ਮੇਜ਼ ਵਿੱਚ ਅਤੇ ਦੁਸ਼ਟ ਆਤਮਾ ਦੇ ਮੇਜ਼ ਦੋਨਾਂ ਵਿੱਚ ਹੀ ਸ਼ਾਮਲ ਨਹੀਂ ਹੋ ਸਕਦੇ। 22 ਕੀ ਅਸੀਂ ਪ੍ਰਭੂ ਦੇ ਗੁੱਸੇ ਨੂੰ ਜਗਾਉਂਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਉਸ ਨਾਲੋਂ ਜ਼ਿਆਦਾ ਤਾਕਤਵਰ ਹਾਂ?

ਵਿਸ਼ਵਾਸੀਆ ਦੀ ਅਜ਼ਾਦੀ

23 ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, "ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ," ਪਰ ਸਾਰੀਆਂ ਚੀਜ਼ਾ ਭਲੇ ਲਈ ਨਹੀਂ ਹਨ। "ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ," ਪਰ ਸਾਰੀਆਂ ਗੁਣਕਾਰ ਨਹੀਂ ਹਨ। 24 ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੀ ਭਲੇ ਲਈ ਨਹੀਂ, ਪਰ ਦੂਸਰਿਆ ਦੇ ਭਲੇ ਲਈ ਵੀ ਜਤਨ ਕਰੋ।

25 ਇਸ ਲਈ ਤੁਸੀਂ ਕੋਈ ਵੀ ਮਾਸ ਖਾ ਸਕਦੇ ਹੋ ਜੋ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ, ਬਿਨਾਂ ਜ਼ਮੀਰ ਦੇ ਸਵਾਲ ਉਠਾਏ। 26 ਕਿਉਂ ਜੋ, "ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਪ੍ਰਭੂ ਦਾ ਹੈ।"

27 ਜੇਕਰ ਕੋਈ ਵਿਅਕਤੀ ਜੋ ਵਿਸ਼ਵਾਸੀ ਨਹੀਂ ਹੈ ਤੁਹਾਨੂੰ ਰਾਤ ਦੇ ਖਾਣੇ ਲਈ ਘਰ ਸੱਦੇ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸੱਦਾ ਸਵੀਕਾਰ ਕਰੋ। ਜ਼ਮੀਰ ਦੇ ਸਵਾਲ ਉਠਾਏ ਬਿਨਾਂ ਜੋ ਵੀ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਖਾਓ। 28 ਪਰ ਮੰਨ ਲਓ ਕਿ ਕੋਈ ਤੁਹਾਨੂੰ ਕਹਿੰਦਾ ਹੈ, "ਇਹ ਮਾਸ ਇੱਕ ਮੂਰਤੀ ਨੂੰ ਚੜ੍ਹਾਇਆ ਗਿਆ ਸੀ।" ਇਸ ਨੂੰ ਨਾ ਖਾਓ, ਉਸ ਦੀ ਜ਼ਮੀਰ ਲਈ ਜਿਸ ਨੇ ਤੁਹਾਨੂੰ ਦੱਸਿਆ ਹੈ। 29 ਮੇਰਾ ਮਤਲਬ ਤੁਹਾਡੇ ਆਪਣੇ ਜ਼ਮੀਰ ਦੇ ਲਈ ਨਹੀਂ ਪਰ ਦੂਸਰੇ ਵਿਅਕਤੀ ਦੇ ਜ਼ਮੀਰ ਦੇ ਲਈ, ਮੇਰੀ ਅਜ਼ਾਦੀ ਦਾ ਕਿਉਂ ਦੂਸਰੇ ਦੇ ਜ਼ਮੀਰ ਦੁਆਰਾ ਨਿਆਂ ਕੀਤਾ ਜਾਵੇ? 30 ਜੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਕੇ ਭੋਜਨ ਵਿੱਚ ਹਿੱਸਾ ਲੈਂਦਾ ਹਾਂ, ਤਾਂ ਜਿਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਸ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ?

31 ਇਸ ਲਈ ਭਾਵੇਂ ਤੁਸੀਂ ਜੋ ਕੁਝ ਵੀ ਕਰੋ ਚਾਹੇ ਖਾਓ ਚਾਹੇ ਪੀਓ, ਇਹ ਸਭ ਪਰਮੇਸ਼ਵਰ ਦੀ ਮਹਿਮਾ ਲਈ ਕਰੋ। 32 ਤੁਸੀਂ ਨਾ ਯਹੂਦਿਆ, ਨਾ ਯੂਨਾਨੀਆਂ, ਨਾ ਪਰਮੇਸ਼ਵਰ ਦੀ ਕਲੀਸਿਆ ਦੇ ਲਈ ਠੋਕਰ ਦਾ ਕਾਰਨ ਬਣੋ। 33 ਜਿਵੇਂ ਮੈਂ ਸਭਨਾਂ ਨੂੰ ਹਰ ਇੱਕ ਗੱਲ ਵਿੱਚ ਪਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਖੁਦ ਦੇ ਭਲੇ ਲਈ ਨਹੀਂ, ਪਰ ਦੂਸਰਿਆ ਦੇ ਭਲੇ ਬਾਰੇ ਸੋਚਦਾ ਹਾਂ, ਤਾਂ ਜੋ ਉਹ ਸਾਰੇ ਹੀ ਬਚਾਏ ਜਾਣ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-