Publicidade

2 Coríntios 4

ਮਿੱਟੀ ਦੇ ਬਰਤਨਾਂ ਵਿੱਚ ਧਨ

1 ਇਸ ਲਈ, ਇਹ ਸੇਵਕਾਈ ਸਾਨੂੰ ਪਰਮੇਸ਼ਵਰ ਦੀ ਦਯਾ ਦੇ ਕਾਰਨ ਪ੍ਰਾਪਤ ਹੋਈ, ਅਸੀਂ ਹਿੰਮਤ ਨਹੀਂ ਹਾਰਦੇ। 2 ਸਗੋਂ ਅਸੀਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਤਿਆਗ ਦਿੱਤਾ; ਅਤੇ ਨਾ ਅਸੀਂ ਚਤਰਾਈ ਦੀ ਚਾਲ ਚੱਲਦੇ, ਨਾ ਪਰਮੇਸ਼ਵਰ ਦੇ ਬਚਨਾ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਦੱਸਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਵਿਵੇਕ ਵਿੱਚ ਪਰਮੇਸ਼ਵਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ। 3 ਅਤੇ ਜੇ ਖੁਸ਼ਖ਼ਬਰੀ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਸ ਤੇ ਪਰਦਾ ਪਿਆ ਹੋਇਆ ਹੈ, ਤਾਂ ਉਹ ਜਿਹੜੇ ਨਾਸ ਹੋ ਰਹੇ ਹਨ, ਉਹਨਾਂ ਲਈ ਹੈ। 4 ਇਸ ਯੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਹੈ, ਤਾਂ ਜੋ ਉਹ ਖੁਸ਼ਖ਼ਬਰੀ ਦੇ ਚਾਨਣ ਨੂੰ ਨਾ ਵੇਖ ਸਕਣ ਜੋ ਮਸੀਹ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ, ਅਤੇ ਜੋ ਪਰਮੇਸ਼ਵਰ ਦਾ ਸਰੂਪ ਹੈ। 5 ਕਿਉਂਕਿ ਜੋ ਕੁਝ ਅਸੀਂ ਪ੍ਰਚਾਰ ਕਰਦੇ ਹਾਂ ਆਪਣਾ ਨਹੀਂ ਸਗੋਂ ਮਸੀਹ ਯਿਸ਼ੂ ਦਾ ਪ੍ਰਚਾਰ ਕਰਦੇ ਹਾਂ, ਕਿਉਂ ਜੋ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸ਼ੂ ਮਸੀਹ ਦੇ ਕਾਰਨ ਤੁਹਾਡੇ ਦਾਸ ਹਾਂ। 6 ਪਰਮੇਸ਼ਵਰ ਨੇ ਕਿਹਾ ਸੀ, "ਚਾਨਣ ਹਨ੍ਹੇਰੇ ਵਿੱਚ ਚਮਕੇ," ਉਸ ਦਾ ਚਾਨਣ ਸਾਡੇ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ਵਰ ਦੀ ਮਹਿਮਾ ਦਾ ਗਿਆਨ ਮਸੀਹ ਯਿਸ਼ੂ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।

7 ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਸਮਰੱਥਾ ਸਾਡੀ ਨਹੀਂ ਪਰ ਪਰਮੇਸ਼ਵਰ ਵੱਲੋਂ ਹੈ। 8 ਅਸੀਂ ਸਾਰੇ ਪਾਸਿਓ ਕਸ਼ਟ ਵਿੱਚ ਹਾਂ, ਪਰ ਮਿੱਧੇ ਨਹੀਂ ਜਾਂਦੇ; ਪਰੇਸ਼ਾਨੀ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ; 9 ਸਤਾਏ ਜਾਂਦੇ ਹਾਂ, ਪਰ ਇਕੱਲੇ ਨਹੀਂ ਛੱਡੇ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ। 10 ਅਸੀਂ ਹਮੇਸ਼ਾ ਆਪਣੇ ਸਰੀਰ ਵਿੱਚ ਯਿਸ਼ੂ ਦੀ ਮੌਤ ਨੂੰ ਨਾਲ ਲਈ ਫਿਰਦੇ ਹਾਂ, ਤਾਂ ਜੋ ਯਿਸ਼ੂ ਮਸੀਹ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪ੍ਰਗਟ ਹੋਵੇ। 11 ਕਿਉਂਕਿ ਅਸੀਂ ਜਿਉਂਦੇ ਹਾਂ ਸੋ ਹਮੇਸ਼ਾ ਯਿਸ਼ੂ ਦੀ ਖਾਤਰ ਮੌਤ ਦੇ ਹਵਾਲੇ ਕੀਤੇ ਜਾਂਦੇ ਹਾਂ, ਤਾਂ ਜੋ ਯਿਸ਼ੂ ਦਾ ਜੀਵਨ ਸਾਡੇ ਮਰਨਹਾਰ ਸਰੀਰ ਵਿੱਚ ਪ੍ਰਗਟ ਹੋਵੇ। 12 ਤਾਂ ਫਿਰ, ਮੌਤ ਸਾਡੇ ਵਿੱਚ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹਾਂ।

13 ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ: "ਮੈ ਵਿਸ਼ਵਾਸ ਕੀਤਾ; ਇਸ ਲਈ ਮੈਂ ਬੋਲਿਆ।" ਇਸ ਲਈ ਜੋ ਸਾਡੇ ਕੋਲ ਉਹੀ ਵਿਸ਼ਵਾਸ ਦਾ ਆਤਮਾ ਹੈ, (ਸੈਪਟੁਜਿੰਟ ਦੇਖੋ) ਸੋ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ। 14 ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸ਼ੂ ਨੂੰ ਜਿਉਂਦਾ ਕੀਤਾ ਉਹ ਸਾਨੂੰ ਵੀ ਯਿਸ਼ੂ ਦੇ ਨਾਲ ਜਿਉਂਦਾ ਕਰੇਗਾ ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜ੍ਹਾ ਕਰੇਗਾ। 15 ਕਿਉਂਕਿ ਸਭ ਕੁਝ ਤੁਹਾਡੇ ਫਾਇਦੇ ਲਈ ਹੈ, ਤਾਂ ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ਵਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ।

16 ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ। ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ, ਪਰ ਅੰਦਰਲੀ ਹਰ ਦਿਨ ਨਵੀਂ ਹੁੰਦੀ ਜਾਂਦੀ ਹੈ। 17 ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲ ਦਾ ਹੀ ਹੈ, ਸਾਡੇ ਲਈ ਅੱਤ ਭਾਰੀ ਅਤੇ ਸਦੀਪਕ ਮਹਿਮਾ ਨੂੰ ਤਿਆਰ ਕਰਦਾ ਹੈ ਜਿਸ ਦੀ ਤੁਲਨਾ ਵੀ ਨਹੀਂ ਕਰ ਸਕਦੇ। 18 ਇਸ ਲਈ ਅਸੀਂ ਆਪਣਾ ਧਿਆਨ ਦਿੱਸਣ ਵਾਲੀਆਂ ਵਸਤਾਂ ਤੇ ਨਹੀਂ ਸਗੋਂ ਨਾ ਦਿੱਸਣ ਵਾਲੀਆਂ ਵੱਲ ਕਰਦੇ ਹਾਂ, ਕਿਉਂਕਿ ਜੋ ਕੁਝ ਦਿਖਦਾ ਹੈ ਕੁਝ ਸਮੇਂ ਲਈ ਹੈ, ਪਰ ਨਾ ਦਿੱਸਣ ਵਾਲੀਆਂ ਵਸਤਾਂ ਸਦੀਪਕ ਹਨ।

Veja também

Publicidade
2 Coríntios
Ver todos os capítulos de 2 Coríntios
Bíblia Online Bíblia Online

Bíblia Online • Versão: 2026-06-15_21-32-39-