1 ਕਿਵੇਂ ਯਾਹਵੇਹ ਨੇ ਸੀਯੋਨ ਧੀ ਨੂੰ
ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕਿਆ ਹੈ!
ਉਸ ਨੇ ਇਸਰਾਏਲ ਦੀ ਸ਼ਾਨ ਨੂੰ
ਅਕਾਸ਼ ਤੋਂ ਧਰਤੀ ਉੱਤੇ ਸੁੱਟ ਦਿੱਤਾ ਹੈ।
ਉਸ ਨੇ ਆਪਣੇ ਕ੍ਰੋਧ ਦੇ ਦਿਨ ਵਿੱਚ
ਆਪਣੇ ਪੈਰਾਂ ਦੀ ਚੌਂਕੀ ਨੂੰ ਚੇਤੇ ਨਹੀਂ ਕੀਤਾ।
2 ਬਿਨਾਂ ਤਰਸ ਦੇ ਯਾਹਵੇਹ ਨੇ
ਯਾਕੋਬ ਦੇ ਸਾਰੇ ਨਿਵਾਸਾਂ ਨੂੰ ਨਿਗਲ ਲਿਆ ਹੈ;
ਆਪਣੇ ਕ੍ਰੋਧ ਵਿੱਚ ਉਸ ਨੇ
ਯਹੂਦਾਹ ਦੀ ਧੀ ਦੇ ਗੜ੍ਹਾਂ ਨੂੰ ਢਾਹ ਦਿੱਤਾ ਹੈ।
ਉਸ ਨੇ ਉਹ ਦੇ ਰਾਜ ਅਤੇ ਉਸ ਦੇ ਸਰਦਾਰਾਂ ਨੂੰ ਬੇਇੱਜ਼ਤ ਕਰਕੇ
ਮਿੱਟੀ ਵਿੱਚ ਮਿਲਾ ਦਿੱਤਾ।
3 ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ
ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ।
ਉਸ ਨੇ ਦੁਸ਼ਮਣ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ
ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।
ਉਹ ਯਾਕੋਬ ਵਿੱਚ ਬਲਦੀ ਅੱਗ ਵਾਂਗ ਭੜਕਿਆਂ
ਜੋ ਉਸਦੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦਿੰਦੀ ਹੈ।
4 ਦੁਸ਼ਮਣ ਦੀ ਤਰ੍ਹਾਂ ਉਸ ਨੇ ਆਪਣਾ ਧਣੁੱਖ ਖਿੱਚਿਆ;
ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ,
ਉਸ ਨੇ ਵੈਰੀ ਵਾਂਗੂੰ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ
ਜੋ ਅੱਖਾਂ ਨੂੰ ਚੰਗੇ ਲੱਗਦਾ ਸੀ।
ਉਸ ਨੇ ਆਪਣਾ ਕ੍ਰੋਧ ਅੱਗ ਵਾਂਗੂੰ
ਸੀਯੋਨ ਧੀ ਦੇ ਤੰਬੂ ਉੱਤੇ ਡੋਲ੍ਹਿਆ ਹੈ।
5 ਯਾਹਵੇਹ ਵੈਰੀ ਵਰਗਾ ਹੋ ਗਿਆ;
ਉਸ ਨੇ ਇਸਰਾਏਲ ਨੂੰ ਨਿਗਲ ਲਿਆ;
ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲਏ
ਅਤੇ ਉਸ ਦੇ ਗੜ੍ਹਾਂ ਨੂੰ ਤਬਾਹ ਕਰ ਦਿੱਤਾ ਹੈ।
ਉਸ ਨੇ ਯਹੂਦਾਹ ਦੀ ਧੀ ਲਈ ਸੋਗ
ਅਤੇ ਵਿਰਲਾਪ ਵਧਾਇਆ ਹੈ।
6 ਉਸ ਨੇ ਆਪਣੇ ਨਿਵਾਸ ਨੂੰ ਬਾਗ ਵਾਂਗ ਉਜਾੜ ਦਿੱਤਾ ਹੈ;
ਉਸ ਨੇ ਆਪਣੇ ਮਿਲਣ ਦੀ ਥਾਂ ਨੂੰ ਤਬਾਹ ਕਰ ਦਿੱਤਾ ਹੈ।
ਯਾਹਵੇਹ ਨੇ ਸੀਯੋਨ ਨੂੰ ਆਪਣੇ ਠਹਿਰਾਏ ਹੋਏ
ਤਿਉਹਾਰਾਂ ਅਤੇ ਸਬਤਾਂ ਨੂੰ ਭੁੱਲਾ ਦਿੱਤਾ ਹੈ;
ਆਪਣੇ ਭਿਆਨਕ ਕ੍ਰੋਧ ਵਿੱਚ ਉਸਨੇ ਰਾਜੇ ਅਤੇ ਪੁਜਾਰੀ ਦੋਹਾਂ ਨੂੰ ਤਿਆਗ ਦਿੱਤਾ।
ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ।
ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਵੈਰੀਆਂ ਦੇ ਹੱਥ ਵਿੱਚ ਦੇ ਦਿੱਤੀਆਂ ਹਨ।
ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਇੱਕ ਖਾਸ ਤਿਉਹਾਰ ਦੇ ਦਿਨ ਜੈਕਾਰਾ ਗਜਾਇਆ।
7 ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ
ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ।
ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਨੂੰ
ਦੁਸ਼ਮਣ ਦੇ ਹੱਥਾਂ ਵਿੱਚ ਦੇ ਦਿੱਤਾ ਹੈ।
ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ,
ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ।
8 ਯਾਹਵੇਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣ ਲਈ ਪੱਕਾ ਇਰਾਦਾ ਕਰ ਲਿਆ,
ਉਸ ਨੇ ਮਾਪ ਦੀ ਡੋਰੀ ਖਿੱਚੀ। ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ,
ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ,
ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।
9 ਉਸਦੇ ਦਰਵਾਜ਼ੇ ਜ਼ਮੀਨ ਵਿੱਚ ਧੱਸ ਗਏ ਹਨ;
ਉਹਨਾਂ ਦੀਆਂ ਪੱਟੀਆਂ ਉਸ ਨੇ ਤੋੜ ਦਿੱਤੀਆਂ ਅਤੇ ਨਸ਼ਟ ਕਰ ਦਿੱਤੀਆਂ।
ਉਸ ਦੇ ਰਾਜੇ ਅਤੇ ਉਸ ਦੇ ਸਰਦਾਰ ਕੌਮਾਂ ਵਿੱਚ ਗ਼ੁਲਾਮ ਹਨ,
ਜਿੱਥੇ ਕੋਈ ਬਿਵਸਥਾ ਨਹੀਂ ਹੈ,
ਅਤੇ ਉਸ ਦੇ ਨਬੀਆਂ ਨੂੰ
ਯਾਹਵੇਹ ਦੇ ਦਰਸ਼ਣ ਨਹੀਂ ਮਿਲਦੇ।
10 ਸੀਯੋਨ ਦੀ ਧੀ ਦੇ ਬਜ਼ੁਰਗ
ਚੁੱਪ ਹੀ ਜ਼ਮੀਨ ਉੱਤੇ ਬੈਠੇ ਹਨ;
ਉਹਨਾਂ ਨੇ ਆਪਣੇ ਸਿਰਾਂ ਉੱਤੇ ਮਿੱਟੀ ਛਿੜਕੀ ਹੈ
ਅਤੇ ਤੱਪੜ ਪਾ ਲਿਆ ਹੈ।
ਯੇਰੂਸ਼ਲੇਮ ਦੀਆਂ ਮੁਟਿਆਰਾਂ ਨੇ ਆਪਣੇ ਸਿਰ ਜ਼ਮੀਨ ਵੱਲ ਝੁਕਾ ਲਏ ਹਨ।
11 ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ,
ਮੈਂ ਅੰਦਰੋਂ ਦੁਖੀ ਹਾਂ;
ਮੇਰਾ ਦਿਲ ਜ਼ਮੀਨ ਤੇ ਡੋਲ੍ਹਿਆ ਗਿਆ ਹੈ
ਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ,
ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ
ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ।
12 ਉਹ ਆਪਣੀਆਂ ਮਾਵਾਂ ਨੂੰ ਪੁੱਛਦੇ ਹਨ,
"ਰੋਟੀ ਅਤੇ ਦਾਖ਼ਰਸ ਕਿੱਥੇ ਹੈ?"
ਉਹ ਸ਼ਹਿਰ ਦੀਆਂ ਗਲੀਆਂ ਵਿੱਚ
ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ,
ਆਪਣੀਆਂ ਮਾਵਾਂ ਦੀ ਗੋਦ ਵਿੱਚ
ਆਪਣੇ ਪ੍ਰਾਣ ਛੱਡ ਦਿੰਦੇ ਹਨ।
13 ਹੇ ਯੇਰੂਸ਼ਲੇਮ ਦੀਏ ਧੀਏ?
ਮੈਂ ਤੇਰੇ ਲਈ ਕੀ ਕਹਿ ਸਕਦਾ ਹਾਂ?
ਮੈਂ ਤੇਰੀ ਤੁਲਨਾ ਕਿਸ ਨਾਲ ਕਰ ਸਕਦਾ ਹਾਂ,
ਮੈਂ ਤੈਨੂੰ ਕਿਸ ਦੇ ਵਰਗੀ ਆਖਾਂ,
ਤਾਂ ਜੋ ਮੈਂ ਤੈਨੂੰ ਦਿਲਾਸਾ ਦੇਵਾਂ,
ਹੇ ਸੀਯੋਨ ਦੀ ਕੁਆਰੀ ਧੀਏ?
ਤੇਰਾ ਜ਼ਖਮ ਸਮੁੰਦਰ ਜਿੰਨਾ ਡੂੰਘਾ ਹੈ।
ਤੈਨੂੰ ਕੌਣ ਚੰਗਾ ਕਰ ਸਕਦਾ ਹੈ?
14 ਤੇਰੇ ਨਬੀਆਂ ਦੇ ਦਰਸ਼ਨ
ਝੂਠੇ ਅਤੇ ਵਿਅਰਥ ਸਨ;
ਉਹਨਾਂ ਨੇ ਤੇਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ
ਉਹਨਾਂ ਨੇ ਤੇਰੇ ਪਾਪਾਂ ਨੂੰ ਪਰਗਟ ਨਾ ਕੀਤਾ।
ਜਿਹੜੀਆਂ ਭਵਿੱਖਬਾਣੀਆਂ ਉਹਨਾਂ ਨੇ ਤੇਰੇ ਲਈ ਕੀਤੀਆਂ
ਝੂਠੀਆਂ ਅਤੇ ਭਰਮਾਉਣ ਵਾਲੀਆਂ ਸਨ।
15 ਸਾਰੇ ਜੋ ਤੇਰੇ ਰਾਹ ਤੋਂ ਲੰਘਦੇ ਹਨ
ਤੇਰੇ ਤੇ ਤਾੜੀਆਂ ਵਜਾਉਂਦੇ ਹਨ;
ਉਹ ਯੇਰੂਸ਼ਲੇਮ ਦੀ ਧੀ ਦਾ ਮਜ਼ਾਕ ਉਡਾਉਂਦੇ
ਅਤੇ ਸਿਰ ਹਿਲਾਉਂਦੇ ਅਤੇ ਆਖਦੇ ਹਨ:
"ਕੀ ਇਹ ਉਹੋ ਸ਼ਹਿਰ ਹੈ,
ਜਿਸ ਨੂੰ ਉਹ ਇਹ ਸੁੰਦਰਤਾ ਦਾ ਨਾਮ ਦਿੰਦੇ ਸਨ,
ਅਤੇ ਆਖਦੇ ਸਨ ਕਿ ਇਹ ਸ਼ਹਿਰ ਸਾਰੀ ਧਰਤੀ ਦੀ ਖੁਸ਼ੀ ਸੀ?"
16 ਤੇਰੇ ਸਾਰੇ ਦੁਸ਼ਮਣ ਤੇਰੇ ਵਿਰੁੱਧ
ਆਪਣੇ ਮੂੰਹ ਖੋਲ੍ਹਦੇ ਹਨ;
ਉਹ ਮਜ਼ਾਕ ਉਡਾਉਂਦੇ ਹਨ ਅਤੇ ਦੰਦ ਪੀਸਦੇ ਹਨ
ਅਤੇ ਆਖਦੇ ਹਨ, "ਅਸੀਂ ਉਸ ਨੂੰ ਨਿਗਲ ਲਿਆ ਹੈ।
ਇਹ ਉਹ ਦਿਨ ਹੈ ਜਿਸ ਦਾ ਅਸੀਂ ਇੰਤਜ਼ਾਰ ਕੀਤਾ ਹੈ;
ਅਸੀਂ ਇਸ ਨੂੰ ਦੇਖਣ ਲਈ ਜਿਉਂਦੇ ਰਹੇ ਹਾਂ।"
17 ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਯੋਜਨਾ ਬਣਾਈ ਸੀ;
ਉਸ ਨੇ ਆਪਣਾ ਬਚਨ ਪੂਰਾ ਕੀਤਾ ਹੈ,
ਜਿਸਦਾ ਉਸਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ।
ਉਸ ਨੇ ਤੈਨੂੰ ਬਿਨਾਂ ਤਰਸ ਕੀਤੇ ਉਖਾੜ ਦਿੱਤਾ ਹੈ,
ਉਸ ਨੇ ਤੇਰੇ ਉੱਤੇ ਵੈਰੀ ਨੂੰ ਖੁਸ਼ ਕਰਨ ਦਿੱਤਾ ਹੈ,
ਉਸ ਨੇ ਤੇਰੇ ਦੁਸ਼ਮਣਾਂ ਦੇ ਸਿੰਗ ਨੂੰ ਉੱਚਾ ਕੀਤਾ ਹੈ।
18 ਲੋਕਾਂ ਦੇ ਦਿਲ
ਯਾਹਵੇਹ ਅੱਗੇ ਪੁਕਾਰਦੇ ਹਨ।
ਹੇ ਸੀਯੋਨ ਦੀ ਧੀ ਦੀਆ ਕੰਧਾਂ,
ਦਿਨ ਰਾਤ
ਤੇਰੇ ਹੰਝੂ ਨਦੀ ਵਾਂਗ ਵਗਦੇ ਰਹਿਣ,
ਆਪਣੇ ਆਪ ਨੂੰ ਕੋਈ ਅਰਾਮ ਕਰਨ ਨਾ ਦੇ
ਨਾ ਤੇਰੀਆਂ ਅੱਖਾਂ ਚੈਨ ਕਰਨ।
19 ਉੱਠ, ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ,
ਆਪਣੇ ਦਿਲ ਨੂੰ ਪਾਣੀ ਵਾਂਗ
ਪਰਮੇਸ਼ਵਰ ਦੀ ਹਜ਼ੂਰੀ ਵਿੱਚ ਡੋਲ ਦੇ।
ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ
ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ,
ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਵਿੱਚ ਬੇਹੋਸ਼ ਪਏ ਹਨ।
20 "ਹੇ ਯਾਹਵੇਹ, ਵੇਖ! ਅਤੇ ਧਿਆਨ ਦੇ:
ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ?
ਕੀ ਇਸਤਰੀਆਂ ਆਪਣਾ ਫਲ,
ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ?
ਹੇ ਯਾਹਵੇਹ, ਜਾਜਕ ਅਤੇ ਨਬੀ ਨੂੰ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ
ਮਾਰਿਆ ਜਾਣਾ ਚਾਹੀਦਾ ਹੈ?
21 "ਜਵਾਨ ਅਤੇ ਬੁੱਢੇ
ਗਲੀਆਂ ਦੀ ਧੂੜ ਵਿੱਚ ਇਕੱਠੇ ਪਏ ਹਨ;
ਮੇਰੇ ਜੁਆਨ ਅਤੇ ਮੁਟਿਆਰਾਂ
ਤਲਵਾਰ ਨਾਲ ਡਿੱਗ ਪਏ ਹਨ।
ਤੂੰ ਆਪਣੇ ਕ੍ਰੋਧ ਦੇ ਦਿਨ ਉਹਨਾਂ ਨੂੰ ਮਾਰ ਸੁੱਟਿਆ।
ਤੁਸੀਂ ਉਹਨਾਂ ਨੂੰ ਬਿਨਾਂ ਤਰਸ ਕੀਤੇ ਵੱਢ ਸੁੱਟਿਆ ਹੈ।
22 "ਤੂੰ ਤਿਉਹਾਰ ਦੇ ਦਿਨ ਨੂੰ ਬੁਲਾਉਂਦੇ ਹੋ,
ਇਸ ਤਰ੍ਹਾਂ ਤੂੰ ਮੇਰੇ ਵਿਰੁੱਧ ਹਰ ਪਾਸਿਓਂ ਦਹਿਸ਼ਤ ਨੂੰ ਬੁਲਾਇਆ ਸੀ।
ਯਾਹਵੇਹ ਦੇ ਕ੍ਰੋਧ ਦੇ ਦਿਨ
ਨਾ ਕੋਈ ਫਰਾਰ ਹੋ ਸਕਿਆ ਅਤੇ ਨਾ ਹੀ ਬਚ ਸਕਿਆ;
ਜਿਨ੍ਹਾਂ ਦੀ ਮੈਂ ਦੇਖਭਾਲ ਕੀਤੀ ਅਤੇ ਪਾਲਿਆ
ਮੇਰੇ ਦੁਸ਼ਮਣ ਨੇ ਤਬਾਹ ਕਰ ਦਿੱਤਾ ਹੈ।"