1 ਮੈਂ ਉਹ ਆਦਮੀ ਹਾਂ
ਜਿਸਨੇ ਯਾਹਵੇਹ ਦੇ ਕ੍ਰੋਧ ਦੇ ਡੰਡੇ ਦੁਆਰਾ ਦੁੱਖਾਂ ਨੂੰ ਦੇਖਿਆ ਹੈ।
2 ਉਸ ਨੇ ਮੈਨੂੰ ਤਿਆਗ ਦਿੱਤਾ
ਅਤੇ ਮੈ ਚਾਨਣ ਦੀ ਬਜਾਏ ਹਨੇਰੇ ਵਿੱਚ ਚਲਾਇਆ।
3 ਸੱਚ-ਮੁੱਚ, ਦਿਨ ਭਰ
ਉਸ ਦਾ ਕਠੋਰ ਹੱਥ ਮੇਰੇ ਵਿਰੁੱਧ ਸਰਗਰਮ ਰਹਿੰਦਾ ਹੈ।
4 ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ,
ਅਤੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ।
5 ਉਸ ਨੇ ਮੈਨੂੰ ਘੇਰ ਲਿਆ ਹੈ
ਅਤੇ ਕੁੜੱਤਣ ਅਤੇ ਤੰਗੀ ਨਾਲ ਮੈਨੂੰ ਘੇਰ ਲਿਆ ਹੈ।
6 ਉਨ੍ਹਾਂ ਨੇ ਮੈਨੂੰ ਹਨੇਰੇ ਵਿੱਚ ਰਹਿਣ ਲਈ ਛੱਡ ਦਿੱਤਾ ਹੈ
ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਮਰਿਆ ਹੋਇਆ ਸੀ।
7 ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਾ ਨਿੱਕਲ ਸਕਾ;
ਉਸ ਨੇ ਮੇਰੀਆਂ ਜੰਜ਼ੀਰਾਂ ਭਾਰੀਆਂ ਕਰ ਦਿੱਤੀਆਂ।
8 ਜਦੋਂ ਮੈਂ ਪੁਕਾਰਦਾ ਹਾਂ ਜਾਂ ਮਦਦ ਲਈ ਦੁਹਾਈ ਦਿੰਦਾ ਹਾਂ,
ਉਹ ਮੇਰੀ ਪ੍ਰਾਰਥਨਾ ਨੂੰ ਰੱਦ ਕਰਦਾ ਹੈ।
9 ਉਸ ਨੇ ਪੱਥਰਾਂ ਨਾਲ ਮੇਰਾ ਰਾਹ ਰੋਕ ਦਿੱਤਾ ਹੈ।
ਉਸ ਨੇ ਮੇਰੇ ਰਾਹਾਂ ਨੂੰ ਟੇਢਾ ਬਣਾ ਦਿੱਤਾ ਹੈ।
10 ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ,
ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ,
11 ਉਸ ਨੇ ਮੈਨੂੰ ਰਾਹ ਤੋਂ ਘਸੀਟਿਆ ਅਤੇ ਮੈਨੂੰ ਭਟਕਾ ਦਿੱਤਾ
ਅਤੇ ਮੈਨੂੰ ਬਿਨਾਂ ਸਹਾਇਤਾ ਦੇ ਛੱਡ ਦਿੱਤਾ।
12 ਉਸ ਨੇ ਆਪਣਾ ਧਣੁੱਖ ਖਿੱਚਿਆ
ਅਤੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ।
13 ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ
ਮੇਰੇ ਦਿਲ ਨੂੰ ਵਿੰਨ੍ਹਿਆ।
14 ਮੈਂ ਆਪਣੇ ਸਾਰੇ ਲੋਕਾਂ ਦਾ ਹਾਸਾ ਬਣਿਆ,
ਉਹ ਸਾਰਾ ਦਿਨ ਗੀਤਾਂ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ।
15 ਉਸ ਨੇ ਮੈਨੂੰ ਕੌੜੀਆਂ ਜੜ੍ਹੀਆਂ ਬੂਟੀਆਂ ਨਾਲ ਭਰ ਦਿੱਤਾ ਹੈ
ਅਤੇ ਮੈਨੂੰ ਪੀਣ ਲਈ ਕੌੜੇ ਜ਼ਹਿਰ ਦਿੱਤਾ ਹੈ।
16 ਉਸ ਨੇ ਮੇਰੇ ਦੰਦ ਰੋੜਿਆਂ ਨਾਲ ਤੋੜ ਦਿੱਤੇ ਹਨ;
ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ।
17 ਮੈਂ ਸ਼ਾਂਤੀ ਤੋਂ ਵਾਂਝਾ ਹੋ ਗਿਆ ਹਾਂ;
ਮੈਂ ਭੁੱਲ ਗਿਆ ਹਾਂ ਕਿ ਖੁਸ਼ਹਾਲੀ ਕੀ ਹੁੰਦੀ ਹੈ।
18 ਇਸ ਲਈ ਮੈਂ ਆਖਦਾ ਹਾਂ, "ਮੇਰੀ ਸ਼ਾਨ ਖਤਮ ਹੋ ਗਈ ਹੈ
ਅਤੇ ਯਾਹਵੇਹ ਵੱਲੋਂ ਮੇਰੀ ਆਸ ਵੀ ਟੁੱਟ ਗਈ।"
19 ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ,
ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ।
20 ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਦਾ ਹਾਂ,
ਅਤੇ ਮੇਰੀ ਆਤਮਾ ਮੇਰੇ ਅੰਦਰ ਉਦਾਸ ਹੈ।
21 ਫਿਰ ਵੀ ਮੈਂ ਇਹ ਯਾਦ ਕਰਦਾ ਹਾਂ
ਅਤੇ ਇਸ ਲਈ ਮੈਨੂੰ ਉਮੀਦ ਹੈ:
22 ਯਾਹਵੇਹ ਦੇ ਮਹਾਨ ਪਿਆਰ ਦੇ ਕਾਰਨ ਅਸੀਂ ਭਸਮ ਨਹੀਂ ਹੋਏ,
ਕਿਉਂ ਜੋ ਉਸ ਦੀ ਦਯਾ ਅਟੁੱਟ ਹੈ।
23 ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ,
ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।
24 ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, "ਯਾਹਵੇਹ ਮੇਰਾ ਹਿੱਸਾ ਹੈ;
ਇਸ ਲਈ ਮੈਂ ਉਸ ਦੀ ਉਡੀਕ ਕਰਾਂਗਾ।"
25 ਯਾਹਵੇਹ ਉਹਨਾਂ ਲਈ ਭਲਾ ਹੈ ਜਿਨ੍ਹਾਂ ਦੀ ਆਸ ਉਸ ਵਿੱਚ ਹੈ,
ਉਹਨਾਂ ਲਈ ਜੋ ਉਸ ਦੀ ਖੋਜ ਕਰਦੇ ਹਨ;
26 ਯਾਹਵੇਹ ਦੀ ਮੁਕਤੀ ਲਈ
ਚੁੱਪ-ਚਾਪ ਉਡੀਕ ਕਰਨਾ ਚੰਗਾ ਹੈ।
27 ਜੁਆਨ ਦੇ ਲਈ ਚੰਗਾ ਹੈ
ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।
28 ਉਹ ਇਕੱਲਾ ਅਤੇ ਚੁੱਪ ਰਹੇ,
ਕਿਉਂ ਜੋ ਪਰਮੇਸ਼ਵਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ
29 ਉਸਨੂੰ ਆਪਣਾ ਚਿਹਰਾ ਮਿੱਟੀ ਵਿੱਚ ਰੱਖੇ,
ਸ਼ਾਇਦ ਕੁਝ ਉਮੀਦ ਹੋਵੇ।
30 ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ,
ਅਤੇ ਉਹ ਨਿੰਦਿਆ ਸਹਿ ਲਵੇ।
31 ਕਿਉਂਕਿ ਕੋਈ ਵੀ ਪਰਮੇਸ਼ਵਰ ਦੁਆਰਾ
ਸਦਾ ਲਈ ਤਿਆਗਿਆ ਨਹੀਂ ਜਾਂਦਾ।
32 ਭਾਵੇਂ ਉਹ ਸੋਗ ਲਿਆਉਂਦਾ ਹੈ, ਉਹ ਦਇਆ ਦਿਖਾਵੇਂਗਾ,
ਉਸਦਾ ਅਟੁੱਟ ਪਿਆਰ ਬਹੁਤ ਮਹਾਨ ਹੈ।
33 ਕਿਉਂ ਜੋ ਉਹ ਆਪਣੀ ਮਰਜ਼ੀ ਨਾਲ ਕਿਸੇ ਉੱਤੇ ਦੁੱਖ
ਜਾਂ ਸੋਗ ਨਹੀਂ ਲਿਆਉਂਦਾ।
34 ਧਰਤੀ ਦੇ ਸਾਰੇ ਕੈਦੀਆਂ ਨੂੰ
ਪੈਰਾਂ ਹੇਠ ਕੁਚਲਣ ਲਈ,
35 ਲੋਕਾਂ ਨੂੰ ਅੱਤ ਮਹਾਨ ਦੇ ਸਾਹਮਣੇ
ਉਹਨਾਂ ਦੇ ਅਧਿਕਾਰਾਂ ਤੋਂ ਇਨਕਾਰ ਕਰਨ ਲਈ,
36 ਉਹਨਾਂ ਨੂੰ ਨਿਆਂ ਤੋਂ ਵਾਂਝਾ ਕਰਨ ਲਈ
ਕੀ ਪਰਮੇਸ਼ਵਰ ਅਜਿਹੀਆਂ ਚੀਜ਼ਾਂ ਨੂੰ ਨਹੀਂ ਦੇਖੇਗਾ?
37 ਕੌਣ ਬੋਲ ਸਕਦਾ ਹੈ ਅਤੇ ਇਹ ਹੋ ਸਕਦਾ ਹੈ
ਜੇਕਰ ਪਰਮੇਸ਼ਵਰ ਨੇ ਇਹ ਹੁਕਮ ਨਹੀਂ ਦਿੱਤਾ ਹੈ?
38 ਕੀ ਇਹ ਅੱਤ ਮਹਾਨ ਦੇ ਮੂੰਹੋਂ ਵਿੱਚੋਂ ਨਹੀਂ,
ਜੋ ਬਿਪਤਾ ਅਤੇ ਚੰਗੀਆਂ ਗੱਲਾਂ ਆਉਂਦੀਆਂ ਹਨ?
39 ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ
ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ?
40 ਆਓ ਆਪਾਂ ਆਪਣੇ ਤਰੀਕਿਆਂ ਦੀ ਜਾਂਚ ਕਰੀਏ ਅਤੇ ਉਹਨਾਂ ਨੂੰ ਪਰਖੀਏ,
ਅਤੇ ਆਓ ਅਸੀਂ ਯਾਹਵੇਹ ਵੱਲ ਮੁੜੀਏ।
41 ਆਉ ਅਸੀਂ ਆਪਣੇ ਦਿਲ ਅਤੇ ਆਪਣੇ ਹੱਥਾਂ ਨੂੰ ਸਵਰਗ ਵਿੱਚ
ਪਰਮੇਸ਼ਵਰ ਵੱਲ ਉੱਚਾ ਕਰੀਏ, ਅਤੇ ਆਖੀਏ:
42 "ਅਸੀਂ ਅਪਰਾਧ ਅਤੇ ਵਿਦਰੋਹ ਕੀਤਾ,
ਅਤੇ ਤੂੰ ਮਾਫ਼ ਨਹੀਂ ਕੀਤਾ।
43 "ਤੁਸੀਂ ਆਪਣੇ ਆਪ ਨੂੰ ਗੁੱਸੇ ਨਾਲ ਢੱਕ ਲਿਆ ਹੈ ਅਤੇ ਸਾਡਾ ਪਿੱਛਾ ਕੀਤਾ ਹੈ;
ਤੁਸੀਂ ਬਿਨਾਂ ਤਰਸ ਦੇ ਮਾਰਿਆ ਹੈ।
44 ਤੁਸੀਂ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ ਹੈ
ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।
45 ਤੂੰ ਸਾਨੂੰ ਕੌਮਾਂ ਦੇ ਵਿਚਕਾਰ ਕੂੜੇ
ਅਤੇ ਰੂੜ੍ਹੀ ਵਰਗਾ ਠਹਿਰਾਇਆ।
46 "ਸਾਡੇ ਸਾਰੇ ਦੁਸ਼ਮਣਾਂ ਨੇ
ਆਪਣੇ ਮੂੰਹ ਸਾਡੇ ਵਿਰੁੱਧ ਖੋਲ੍ਹ ਦਿੱਤੇ ਹਨ।
47 ਅਸੀਂ ਦਹਿਸ਼ਤ ਅਤੇ ਮੁਸੀਬਤਾਂ,
ਬਰਬਾਦੀ ਅਤੇ ਤਬਾਹੀ ਦਾ ਸਾਹਮਣਾ ਕੀਤਾ ਹੈ।"
48 ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗਦੀਆਂ ਹਨ
ਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ।
49 ਮੇਰੇ ਹੰਝੂ ਵਗਦੇ ਰਹਿਣਗੇ
ਅਤੇ ਰੁਕਣਗੇ ਨਹੀਂ,
50 ਜਦ ਤੱਕ ਯਾਹਵੇਹ
ਸਵਰਗ ਤੋਂ ਹੇਠਾਂ ਨਹੀਂ ਵੇਖਦਾ।
51 ਜੋ ਕੁਝ ਮੈਂ ਦੇਖਦਾ ਹਾਂ ਮੇਰੀ ਰੂਹ ਨੂੰ ਉਦਾਸ ਕਰਦਾ ਹੈ।
ਕਿਉਂਕਿ ਜੋ ਕੁਝ ਮੇਰੇ ਸ਼ਹਿਰ ਦੀਆਂ ਸਾਰੀਆਂ ਔਰਤਾਂ ਨਾਲ ਵਾਪਰਿਆ ਹੈ।
52 ਜਿਹੜੇ ਬਿਨਾਂ ਕਾਰਨ ਮੇਰੇ ਦੁਸ਼ਮਣ ਸਨ,
ਉਹਨਾਂ ਨੇ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।
53 ਉਹਨਾਂ ਨੇ ਇੱਕ ਟੋਏ ਵਿੱਚ ਮੇਰੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ
ਅਤੇ ਮੇਰੇ ਤੇ ਪੱਥਰ ਸੁੱਟੇ;
54 ਪਾਣੀ ਮੇਰੇ ਸਿਰ ਉੱਤੇ ਵਗੇ,
ਅਤੇ ਮੈਂ ਸੋਚਿਆ ਕਿ ਮੈਂ ਨਾਸ਼ ਹੋਣ ਵਾਲਾ ਹਾਂ।
55 ਹੇ ਯਾਹਵੇਹ, ਮੈਂ ਡੂੰਘੇ ਟੋਏ ਵਿੱਚੋਂ
ਤੇਰੇ ਨਾਮ ਦੀ ਦੁਹਾਈ ਦਿੱਤੀ
56 ਤੁਸੀਂ ਮੇਰੀ ਬੇਨਤੀ ਸੁਣੀ ਸੀ: "ਮੇਰੀ ਰਹਿਤ ਲਈ ਦੁਹਾਈ ਵੱਲ
ਆਪਣੇ ਕੰਨ ਬੰਦ ਨਾ ਕਰੋ।"
57 ਜਦੋਂ ਮੈਂ ਤੁਹਾਨੂੰ ਪੁਕਾਰਿਆ ਤਾਂ ਤੂੰ ਨੇੜੇ ਆਇਆ,
ਅਤੇ ਤੂੰ ਕਿਹਾ, "ਡਰ ਨਾ।"
58 ਹੇ ਮੇਰੇ ਯਾਹਵੇਹ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ,
ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ।
59 ਹੇ ਯਾਹਵੇਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ,
ਤੂੰ ਮੇਰਾ ਨਿਆਂ ਕਰ!
60 ਤੂੰ ਉਹਨਾਂ ਦੇ ਬਦਲੇ ਦੀ ਡੂੰਘਾਈ ਨੂੰ ਵੇਖਿਆ ਹੈ,
ਉਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਮੇਰੇ ਵਿਰੁੱਧ ਹਨ।
61 ਹੇ ਯਾਹਵੇਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ,
ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ
62 ਮੇਰੇ ਵਿਰੋਧੀਆਂ ਦੀਆਂ ਗੱਲਾਂ,
ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈ।
63 ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ!
ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹੈ।
64 ਹੇ ਯਾਹਵੇਹ ਤੂੰ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੁਆਰਾ ਕੀਤੇ ਗਏ,
ਕੰਮਾਂ ਦਾ ਬਦਲਾ ਦੇਵੇਗਾ।
65 ਉਹਨਾਂ ਦੇ ਦਿਲਾਂ ਉੱਤੇ ਪਰਦਾ ਪਾ,
ਅਤੇ ਤੇਰਾ ਸਰਾਪ ਉਹਨਾਂ ਉੱਤੇ ਹੋਵੇਗਾ!
66 ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰ
ਅਤੇ ਹੇ ਯਾਹਵੇਹ ਦੇ ਅਕਾਸ਼ ਹੇਠੋਂ ਉਹਨਾਂ ਦਾ ਨਾਸ਼ ਕਰੋ।