Publicidade

1 Pedro 3

1 ਹੇ ਪਤਨੀਓ, ਇਸੇ ਤਰ੍ਹਾਂ ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਤਾਂ ਜੇ ਕੋਈ ਉਨ੍ਹਾਂ ਵਿੱਚੋਂ ਪਰਮੇਸ਼ਵਰ ਦੇ ਬਚਨ ਉੱਤੇ ਵਿਸ਼ਵਾਸ ਨਾ ਵੀ ਕਰਦਾ ਹੋਵੇ, ਤਾਂ ਉਹ ਆਪਣੀਆਂ ਪਤਨੀਆਂ ਦੇ ਵਿਵਹਾਰ ਦੁਆਰਾ ਬਿਨਾਂ ਸ਼ਬਦਾਂ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਹਨ, 2 ਜਦੋਂ ਉਹ ਤੁਹਾਡੇ ਜੀਵਨ ਦੀ ਸ਼ੁੱਧਤਾ ਅਤੇ ਜ਼ਿੰਦਗੀ ਦੇ ਅਦਬ ਨੂੰ ਦੇਖਦੇ ਹਨ। 3 ਤੁਹਾਡੀ ਸੁੰਦਰਤਾ ਬਾਹਰੀ ਸਜਾਵਟ ਤੋਂ ਨਾ ਹੋਏ, ਜਿਵੇਂ ਕਿ ਸਿਰ ਦੇ ਵਾਲ਼ ਗੁੰਦਣੇ ਅਤੇ ਸੋਨੇ ਦੇ ਗਹਿਣੇ ਪਾਉਣਾ ਜਾਂ ਵਧੀਆ ਕੱਪੜੇ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ। 4 ਇਸ ਦੀ ਬਜਾਏ, ਪਰ ਇਹ ਤੁਹਾਡੀ ਅੰਦਰੂਨੀ ਸਵੈ ਸੁੰਦਰਤਾ ਹੋਣੀ ਚਾਹੀਦੀ ਹੈ, ਇੱਕ ਕੋਮਲ ਅਤੇ ਸ਼ਾਂਤ ਆਤਮਾ ਦੀ ਅਟੁੱਟ ਸੁੰਦਰਤਾ, ਜੋ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਬਹੁਤ ਹੀ ਵੱਡੇ ਮੁੱਲ ਦੀ ਹੈ। 5 ਇਸ ਲਈ ਪਿਛਲੇ ਸਮੇਂ ਦੀਆਂ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀਆਂ ਸਨ ਆਪਣੇ ਆਪ ਨੂੰ ਆਪਣੇ ਪਤੀਆਂ ਦੇ ਅਧੀਨ ਰੱਖ ਕੇ ਸ਼ਿੰਗਾਰਦੀਆਂ ਸਨ। 6 ਸਾਰਾਹ ਵਾਂਗ, ਜੋ ਅਬਰਾਹਾਮ ਦੀ ਗੱਲ ਮੰਨ ਦੀ ਸੀ ਅਤੇ ਉਸ ਨੂੰ ਆਪਣਾ ਮਾਲਕ ਆਖਦੀ ਸੀ। ਤੁਸੀਂ ਉਸ ਦੀਆਂ ਧੀਆਂ ਹੋ ਜੇ ਤੁਸੀਂ ਸਹੀ ਕੰਮ ਕਰੋ ਅਤੇ ਡਰ ਨੂੰ ਆਪਣੀ ਜ਼ਿੰਦਗੀ ਵਿੱਚ ਰਾਹ ਨਾ ਦਿਓ।

7 ਹੇ ਪਤੀਓ, ਇਸ ਤਰ੍ਹਾਂ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇਂ ਜੀਵਨ ਦੀ ਕਿਰਪਾ ਦੇ ਦਾਤ ਦੇ ਸਾਂਝੇ ਅਧਿਕਾਰੀ ਹੋ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।

ਭਲਾਈ ਕਰਨ ਦੇ ਕਾਰਨ ਦੁੱਖ ਸਹਿਣਾ

8 ਅੰਤ ਵਿੱਚ, ਤੁਸੀਂ ਸਾਰੇ ਇੱਕ ਸੋਚ ਵਾਲੇ ਹੋਵੋ, ਹਮਦਰਦ ਬਣੋ, ਇੱਕ-ਦੂਜੇ ਨਾਲ ਪਿਆਰ ਕਰੋ, ਦਇਆਵਾਨ ਅਤੇ ਨਿਮਰ ਬਣੋ। 9 ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਲਵੋ ਜਾਂ ਬਦਨਾਮੀ ਦੇ ਬਦਲੇ ਬਦਨਾਮੀ ਨਾ ਕਰੋ। ਇਸ ਲਈ, ਬੁਰਾਈ ਦੇ ਬਦਲੇ ਬਰਕਤ ਦਿਓ, ਕਿਉਂਕਿ ਤੁਹਾਨੂੰ ਇਸ ਲਈ ਬੁਲਾਇਆ ਗਿਆ ਤਾਂ ਜੋ ਤੁਸੀਂ ਬਰਕਤ ਦੇ ਵਾਰਸ ਬਣੋ। 10 ਕਿਉਂਕਿ ਜਿਵੇਂ ਪਵਿੱਤਰ ਸ਼ਾਸਤਰ ਆਖਦਾ ਹੈ,

"ਜਿਹੜਾ ਵੀ ਜ਼ਿੰਦਗੀ ਨੂੰ ਪਿਆਰ ਕਰਨਾ

ਅਤੇ ਭਲੇ ਦਿਨ ਦੇਖਣਾ ਚਾਹੁੰਦਾ ਹੈ

ਉਹ ਆਪਣੀ ਜੀਭ ਨੂੰ ਬੁਰਾਈ ਤੋਂ ਬਚਾਏ ਰੱਖੇ

ਅਤੇ ਆਪਣੇ ਬੁੱਲ੍ਹਾਂ ਨੂੰ ਛੱਲ-ਕਪਟ ਬੋਲਣ ਤੋਂ ਰੋਕ ਲਵੇ।

11 ਉਨ੍ਹਾਂ ਨੂੰ ਬੁਰਾਈ ਤੋਂ ਮੁੜ ਕੇ ਅਤੇ ਭਲੇ ਕੰਮ ਕਰਨੇ ਚਾਹੀਦੇ ਹਨ;

ਉਨ੍ਹਾਂ ਨੂੰ ਸ਼ਾਂਤੀ ਦੀ ਭਾਲ ਕਰਨੀ ਚਾਹੀਦੀ ਹੈ ਅਤੇ ਇਸ ਦਾ ਪਿੱਛਾ ਕਰਨਾ ਚਾਹੀਦਾ ਹੈ।

12 ਕਿਉਂ ਜੋ ਪ੍ਰਭੂ ਦੀਆਂ ਅੱਖਾਂ ਧਰਮੀ ਲੋਕਾਂ ਉੱਤੇ ਹਨ

ਅਤੇ ਉਸ ਦੇ ਕੰਨ ਧਿਆਨ ਦੇ ਨਾਲ ਉਨ੍ਹਾਂ ਦੀ ਪ੍ਰਾਰਥਨਾ ਦੇ ਵੱਲ ਲੱਗੇ ਰਹਿੰਦੇ ਹਨ,

ਪਰ ਪ੍ਰਭੂ ਦਾ ਚਿਹਰਾ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜੋ ਬੁਰਾਈ ਕਰਦੇ ਹਨ।"

13 ਕੌਣ ਤੁਹਾਡਾ ਨੁਕਸਾਨ ਕਰ ਸਕਦਾ ਜੇ ਤੁਸੀਂ ਚੰਗੇ ਕੰਮ ਕਰਨ ਲਈ ਚਾਹਵਾਨ ਹੋਵੋ? 14 ਪਰ ਭਾਵੇਂ ਤੁਹਾਨੂੰ ਸਹੀ ਲਈ ਦੁੱਖ ਝੱਲਣਾ ਪਏ, ਤੁਸੀਂ ਧੰਨ ਹੋ। "ਉਨ੍ਹਾਂ ਦੀਆਂ ਧਮਕੀਆਂ ਤੋਂ ਨਾ ਡਰੋ; ਅਤੇ ਨਾ ਹੀ ਘਬਰਾਓ।" 15 ਪਰ ਆਪਣੇ ਦਿਲਾਂ ਵਿੱਚ ਮਸੀਹ ਨੂੰ ਪ੍ਰਭੂ ਵਜੋਂ ਪਵਿੱਤਰ ਮੰਨੋ। ਹਰ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ ਜੋ ਤੁਹਾਨੂੰ ਉਸ ਉਮੀਦ ਦਾ ਕਾਰਨ ਦੇਣ ਲਈ ਪੁੱਛਦਾ ਹੈ ਜੋ ਤੁਹਾਡੇ ਕੋਲ ਹੈ। ਪਰ ਇਹ ਨਰਮਾਈ ਅਤੇ ਆਦਰ ਨਾਲ ਕਰੋ, 16 ਆਪਣੀ ਜ਼ਮੀਰ ਨੂੰ ਸਾਫ਼ ਰੱਖੋ, ਤਾਂ ਜੋ ਉਹ ਜਿਹੜੇ ਮਸੀਹ ਵਿੱਚ ਤੁਹਾਡੇ ਚੰਗੇ ਵਿਵਹਾਰ ਦੇ ਵਿਰੁੱਧ ਗਲਤ ਬੋਲਦੇ ਹਨ ਆਪਣੀ ਨਿੰਦਿਆ ਤੋਂ ਸ਼ਰਮਿੰਦਾ ਹੋਣ। 17 ਕਿਉਂਕਿ ਜੇ ਪਰਮੇਸ਼ਵਰ ਦੀ ਮਰਜ਼ੀ ਹੋਵੇ, ਬੁਰਾਈ ਕਰਨ ਨਾਲੋਂ ਭਲਿਆਈ ਕਰਨ ਲਈ ਦੁੱਖ ਝੱਲਣਾ ਬਿਹਤਰ ਹੈ। 18 ਕਿਉਂਕਿ ਮਸੀਹ ਨੇ ਵੀ ਇੱਕ ਵਾਰ ਪਾਪਾਂ ਲਈ ਦੁੱਖ ਝੱਲਿਆ, ਧਰਮੀ ਨੇ ਕੁਧਰਮੀਆਂ ਲਈ, ਸਾਨੂੰ ਪਰਮੇਸ਼ਵਰ ਦੇ ਕੋਲ ਲਿਆਉਣ ਲਈ। ਉਹ ਸਰੀਰ ਵਿੱਚ ਮਾਰਿਆ ਗਿਆ ਪਰ ਆਤਮਾ ਵਿੱਚ ਜਿਉਂਦਾ ਕੀਤਾ ਗਿਆ। 19 ਜ਼ਿੰਦਾ ਹੋਣ ਤੋਂ ਬਾਅਦ, ਉਸ ਨੇ ਜਾ ਕੇ ਕੈਦੀ ਆਤਮਾਵਾਂ ਨੂੰ ਪ੍ਰਚਾਰ ਕੀਤਾ 20 ਉਨ੍ਹਾਂ ਲੋਕਾਂ ਲਈ ਜੋ ਬਹੁਤ ਪਹਿਲਾਂ ਅਣ-ਆਗਿਆਕਾਰ ਸਨ ਜਦੋਂ ਪਰਮੇਸ਼ਵਰ ਨੋਹ ਦੇ ਦਿਨਾਂ ਵਿੱਚ ਸਬਰ ਨਾਲ ਉਡੀਕ ਕਰਦਾ ਸੀ। ਜਿਸ ਵੇਲੇ ਕਿਸ਼ਤੀ ਬਣਾਈ ਜਾ ਰਹੀ ਸੀ ਜਿਸ ਦੇ ਵਿੱਚ ਸਿਰਫ ਅੱਠ ਲੋਕ ਸਨ, ਜੋ ਪਾਣੀ ਤੋਂ ਬਚ ਗਏ ਸਨ, 21 ਅਤੇ ਇਹ ਪਾਣੀ ਬਪਤਿਸਮੇ ਦਾ ਪ੍ਰਤੀਕ ਹੈ ਜੋ ਹੁਣ ਤੁਹਾਨੂੰ ਵੀ ਬਚਾਉਂਦਾ ਹੈ ਇਹ ਸਰੀਰ ਦੀ ਮੈਲ਼ ਧੋਣਾ ਨਹੀਂ, ਪਰ ਪਰਮੇਸ਼ਵਰ ਪ੍ਰਤੀ ਸਾਫ਼ ਜ਼ਮੀਰ ਦੀ ਵਚਨਬੱਧਤਾ ਹੈ। ਇਹ ਤੁਹਾਨੂੰ ਯਿਸ਼ੂ ਮਸੀਹ ਦੇ ਪੁਨਰ-ਉਥਾਨ ਦੁਆਰਾ ਬਚਾਉਂਦਾ ਹੈ, 22 ਜਿਹੜਾ ਸਵਰਗ ਵਿੱਚ ਜਾ ਕੇ ਪਰਮੇਸ਼ਵਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਮਰੱਥਾ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।

Veja também

Publicidade
1 Pedro
Ver todos os capítulos de 1 Pedro
Bíblia Online Bíblia Online

Bíblia Online • Versão: 2026-06-15_21-32-39-