1 ਇਸ ਲਈ, ਕਿਉਂਕਿ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ, ਇਸ ਲਈ ਤੁਹਾਨੂੰ ਵੀ ਉਸੇ ਮਨ ਨੂੰ ਹਥਿਆਰ ਵਾਂਗ ਧਾਰਣਾ ਚਾਹੀਦਾ ਹੈ, ਕਿਉਂਕਿ ਜਿਹੜਾ ਵੀ ਸਰੀਰ ਵਿੱਚ ਦੁੱਖ ਝੱਲਦਾ ਹੈ ਉਹ ਪਾਪ ਤੋਂ ਮੁਕਤ ਹੁੰਦਾ ਹੈ, 2 ਤਾਂ ਜੋ ਤੁਸੀਂ ਅਗਾਹਾਂ ਨੂੰ ਆਪਣੀ ਬਾਕੀ ਦੀ ਸਰੀਰਕ ਜ਼ਿੰਦਗੀ ਮਨੁੱਖਾਂ ਦੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਬਲਕਿ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੀਏ। 3 ਕਿਉਂਕਿ ਤੁਸੀਂ ਪਿਛਲੇ ਸਮੇਂ ਵਿੱਚ ਉਹ ਸਾਰਾ ਕੁਝ ਕੀਤਾ, ਜੋ ਪਰਾਈਆਂ ਕੌਮਾਂ ਨੇ ਕਰਨਾ ਪਸੰਦ ਕੀਤਾ ਬੇਵਕੂਫ਼ੀ, ਵਾਸਨਾ, ਸ਼ਰਾਬ ਪੀਣਾ, ਨਸ਼ਾ, ਰੰਗ-ਰਲੀਆਂ ਅਤੇ ਘ੍ਰਿਣਾਯੋਗ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ। 4 ਤੁਹਾਡੇ ਪਿਛਲੀਆਂ ਕੌਮਾਂ ਵਿੱਚੋਂ ਦੋਸਤ ਹੈਰਾਨ ਹਨ ਕਿ ਤੁਸੀਂ ਉਨ੍ਹਾਂ ਦੀ ਬਦਚਲਣੀ ਵਿੱਚ ਸ਼ਾਮਲ ਨਹੀਂ ਹੁੰਦੇ, ਅਤੇ ਇਸੇ ਕਰਕੇ ਉਹ ਤੁਹਾਡੀ ਨਿੰਦਾ ਕਰਦੇ ਹਨ। 5 ਪਰ ਉਨ੍ਹਾਂ ਲੋਕਾਂ ਨੂੰ ਪਰਮੇਸ਼ਵਰ ਨੂੰ ਲੇਖਾ ਦੇਣਾ ਪਏਗਾ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ 6 ਇਹੀ ਕਾਰਣ ਹੈ ਕਿ ਖੁਸ਼ਖ਼ਬਰੀ ਦਾ ਪ੍ਰਚਾਰ ਉਨ੍ਹਾਂ ਲੋਕਾਂ ਨੂੰ ਵੀ ਸੁਣਾਇਆ ਗਿਆ ਸੀ ਜਿਹੜੇ ਮਰ ਚੁੱਕੇ ਸਨ, ਤਾਂ ਜੋ ਉਨ੍ਹਾਂ ਦਾ ਸਰੀਰ ਦੇ ਸੰਬੰਧ ਵਿੱਚ ਮਨੁੱਖੀ ਮਾਪਦੰਡ ਅਨੁਸਾਰ ਨਿਆਂ ਕੀਤਾ ਜਾ ਸਕੇ, ਪਰ ਆਤਮਾ ਦੇ ਸੰਬੰਧ ਵਿੱਚ ਪਰਮੇਸ਼ਵਰ ਦੇ ਅਨੁਸਾਰ ਜਿਉਂਦੇ ਰਹਿਣ।
7 ਸਾਰੀਆਂ ਵਸਤਾਂ ਦਾ ਅੰਤ ਨੇੜੇ ਹੈ। ਇਸ ਲਈ ਸੁਚੇਤ ਅਤੇ ਸੰਜਮੀ ਮਨ ਬਣੋ ਤਾਂ ਜੋ ਤੁਸੀਂ ਪ੍ਰਾਰਥਨਾ ਕਰ ਸਕੋ। 8 ਸਭ ਤੋਂ ਵੱਡੀ ਗੱਲ, ਇੱਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ, ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਦਿੰਦਾ ਹੈ। 9 ਇੱਕ-ਦੂਜੇ ਨੂੰ ਬੁੜ-ਬੁੜ ਕੀਤੇ ਬਗੈਰ ਪ੍ਰਾਹੁਣਚਾਰੀ ਕਰੋ। 10 ਤੁਹਾਡੇ ਵਿੱਚੋਂ ਹਰੇਕ ਨੂੰ ਦੂਜਿਆਂ ਦੀ ਸੇਵਾ ਕਰਨ ਲਈ ਜੋ ਵੀ ਉਪਹਾਰ ਪ੍ਰਾਪਤ ਹੋਇਆ ਹੈ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਕਿ ਪਰਮੇਸ਼ਵਰ ਦੀ ਕਿਰਪਾ ਦੇ ਵਫ਼ਾਦਾਰ ਸੇਵਕ ਨੂੰ ਵੱਖ-ਵੱਖ ਰੂਪਾਂ ਵਿੱਚ ਉੱਚਿਤ ਹੈ 11 ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ਵਰ ਦੇ ਬਚਨ ਅਨੁਸਾਰ ਕਰੇ, ਜੇ ਕੋਈ ਟਹਿਲ ਸੇਵਾ ਕਰੇ ਤਾਂ ਉਹ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ਵਰ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ ਯਿਸ਼ੂ ਮਸੀਹ ਰਾਹੀਂ ਪਰਮੇਸ਼ਵਰ ਦੀ ਉਸਤਤ ਕੀਤੀ ਜਾ ਸਕੇ। ਜਿਸ ਦੀ ਮਹਿਮਾ ਅਤੇ ਸ਼ਕਤੀ ਸਦਾ ਅਤੇ ਸਦਾ ਲਈ ਹੈ। ਆਮੀਨ।
12 ਹੇ ਪਿਆਰੇ ਮਿੱਤਰੋ, ਜਿਹੜਾ ਬਿਪਤਾ ਦਾ ਲਾਂਬੂ ਤੁਹਾਨੂੰ ਪਰਖ ਕਰਨ ਲਈ ਤੁਹਾਡੇ ਉੱਤੇ ਪਿਆ ਹੈ ਉਸ ਤੋਂ ਹੈਰਾਨ ਨਾ ਹੋਵੋ, ਜਿਵੇਂ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ। 13 ਪਰ ਜਿੰਨਾ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਹਿੱਸਾ ਲੈਂਦੇ ਹੋ ਉਸ ਵਿੱਚ ਆਨੰਦ ਹੋਵੋ, ਤਾਂ ਜੋ ਉਸ ਦੀ ਮਹਿਮਾ ਪ੍ਰਗਟ ਹੋਣ ਤੇ ਤੁਸੀਂ ਬਹੁਤ ਖੁਸ਼ ਹੋਵੋ। 14 ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ, ਤਾਂ ਤੁਸੀਂ ਧੰਨ ਹੋ, ਕਿਉਂਕਿ ਮਹਿਮਾ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਟਿਕਿਆਂ ਹੋਇਆ ਹੈ। 15 ਪਰ ਇਸ ਤਰ੍ਹਾਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਕਾਤਲ ਜਾਂ ਚੋਰ ਜਾਂ ਕਿਸੇ ਹੋਰ ਕਿਸਮ ਦੇ ਅਪਰਾਧ ਜਾਂ ਹੋਰਨਾਂ ਦੇ ਕੰਮਾਂ ਵਿੱਚ ਲੱਤ ਫਸਾਉਣ ਵਾਲਾ ਹੋ ਕੇ ਦੁੱਖ ਪਾਵੇ 16 ਹਾਲਾਂਕਿ, ਜੇ ਤੁਸੀਂ ਇੱਕ ਮਸੀਹ ਹੋਣ ਦੇ ਕਾਰਨ ਦੁੱਖ ਝੱਲ ਰਹੇ ਹੋ, ਤਾਂ ਸ਼ਰਮਿੰਦਾ ਨਾ ਹੋਵੋ, ਪਰ ਇਸ ਨਾਮ ਦੇ ਕਾਰਨ ਪਰਮੇਸ਼ਵਰ ਦੀ ਉਸਤਤ ਕਰੋ। 17 ਕਿਉਂਕਿ ਜੋ ਸਮਾਂ ਆ ਪਹੁੰਚਿਆ ਕਿ ਪਰਮੇਸ਼ਵਰ ਦੇ ਘਰਾਣੇ ਤੋਂ ਨਿਆਂ ਸ਼ੁਰੂ ਹੋਵੇ; ਅਤੇ ਜੇ ਇਹ ਸਾਡੇ ਤੋਂ ਸ਼ੁਰੂ ਹੁੰਦਾ ਹੈ, ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜੋ ਪਰਮੇਸ਼ਵਰ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ? 18 ਅਤੇ ਜਿਵੇਂ ਕਿ ਪਵਿੱਤਰ ਸ਼ਾਸਤਰ ਕਹਿੰਦਾ ਹੈ:
"ਜੇ ਧਰਮੀ ਲਈ ਬਚਣਾ ਮੁਸ਼ਕਿਲ ਹੈ,
ਤਾਂ ਅਧਰਮੀ ਅਤੇ ਪਾਪੀ ਦਾ ਕੀ ਬਣੇਗਾ?" (ਸੈਪਟੁਜਿੰਟ ਦੇਖੋ)
19 ਇਸ ਲਈ ਫਿਰ, ਜਿਹੜੇ ਲੋਕ ਪਰਮੇਸ਼ਵਰ ਦੇ ਅਨੁਸਾਰ ਦੁੱਖ ਝੱਲਦੇ ਹਨ ਉਨ੍ਹਾਂ ਨੂੰ ਆਪਣੇ ਵਫ਼ਾਦਾਰ ਸਿਰਜਣਹਾਰ ਦੇ ਪ੍ਰਤੀ ਸਮਰਪਣ ਕਰਨਾ ਚਾਹੀਦਾ ਹੈ ਅਤੇ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ।