Publicidade

Atos 10

ਕੁਰਨੇਲਿਯੁਸ ਦੇ ਘਰ ਪਤਰਸ

1 ਕੈਸਰਿਆ ਸ਼ਹਿਰ ਵਿੱਚ ਕੁਰਨੇਲਿਯੁਸ ਨਾਮ ਦਾ ਇੱਕ ਆਦਮੀ ਰਹਿੰਦਾ ਸੀ, ਉਹ ਇੱਕ ਸੂਬੇਦਾਰ ਸੀ ਜਿਸ ਨੂੰ ਇਤਾਲਵੀ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਸੀ। 2 ਉਹ ਅਤੇ ਉਸ ਦਾ ਸਾਰਾ ਪਰਿਵਾਰ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਸੀ; ਅਤੇ ਉਸ ਨੇ ਲੋੜਵੰਦਾਂ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਅਤੇ ਨਿਯਮਿਤ ਤੌਰ ਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ। 3 ਇੱਕ ਦਿਨ ਦੁਪਹਿਰ ਦੇ ਤਿੰਨ ਵਜੇ ਉਸ ਨੇ ਇੱਕ ਦਰਸ਼ਨ ਦੇਖਿਆ। ਉਸ ਨੇ ਸਪੱਸ਼ਟ ਤੌਰ ਤੇ ਪਰਮੇਸ਼ਵਰ ਦਾ ਇੱਕ ਸਵਰਗਦੂਤ ਵੇਖਿਆ, ਜੋ ਉਸ ਕੋਲ ਆਇਆ ਅਤੇ ਕਿਹਾ, "ਹੇ ਕੁਰਨੇਲਿਯੁਸ!"

4 ਕੁਰਨੇਲਿਯੁਸ ਨੇ ਸਵਰਗਦੂਤ ਵੱਲ ਵੇਖਿਆ ਅਤੇ ਘਬਰਾ ਗਿਆ ਫਿਰ ਉਸ ਨੇ ਡਰ ਦੇ ਹੋਏ ਪੁੱਛਿਆ, "ਪ੍ਰਭੂ ਜੀ, ਤੁਸੀਂ ਕੀ ਚਾਹੁੰਦੇ ਹੋ?"

ਸਵਰਗਦੂਤ ਨੇ ਉੱਤਰ ਦਿੱਤਾ, "ਤੇਰੀਆਂ ਪ੍ਰਾਰਥਨਾਵਾਂ ਅਤੇ ਗਰੀਬਾਂ ਨੂੰ ਦਿੱਤੀਆਂ ਦਾਤਾਂ ਪਰਮੇਸ਼ਵਰ ਦੇ ਅੱਗੇ ਯਾਦਗਾਰੀ ਭੇਟ ਵਜੋਂ ਪਹੁੰਚੇ ਹਨ।" 5 ਇਸ ਲਈ, ਹੁਣ ਕੁਝ ਆਦਮੀਆਂ ਨੂੰ ਯਾਪਾ ਸ਼ਹਿਰ ਜਾਣ ਲਈ ਆਦੇਸ਼ ਦੇ ਕਿ ਉਹ ਸ਼ਿਮਓਨ ਨਾਮ ਦੇ ਇੱਕ ਆਦਮੀ ਨੂੰ ਵਾਪਸ ਬੁਲਾ ਕੇ ਲਿਆਉਣ, ਜਿਹੜਾ ਪਤਰਸ ਕਹਾਉਂਦਾ ਹੈ। 6 ਉਹ ਇੱਕ ਆਦਮੀ ਦੇ ਨਾਲ ਰਹਿ ਰਿਹਾ ਹੈ, ਜਿਸ ਦਾ ਨਾਮ ਵੀ ਸ਼ਿਮਓਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।

7 ਜਦੋਂ ਸਵਰਗਦੂਤ ਕੁਰਨੇਲਿਯੁਸ ਨਾਲ ਗੱਲ ਕਰ ਚੁੱਕਾ, ਤਾਂ ਉਸ ਕੋਲੋ ਚੱਲਿਆ ਗਿਆ, ਤਾਂ ਕੁਰਨੇਲਿਯੁਸ ਨੇ ਆਪਣੇ ਦੋ ਘਰੇਲੂ ਨੌਕਰਾਂ ਅਤੇ ਇੱਕ ਸਿਪਾਹੀ ਨੂੰ ਬੁਲਾਇਆ ਜੋ ਉਸ ਦੀ ਸੇਵਾ ਕਰਦੇ ਸਨ, ਇੱਕ ਉਹ ਸੀ ਜੋ ਪਰਮੇਸ਼ਵਰ ਦੀ ਬੰਦਗੀ ਵੀ ਕਰਦਾ ਸੀ। 8 ਉਸ ਨੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਵਾਪਰਿਆ ਸੀ ਅਤੇ ਉਨ੍ਹਾਂ ਨੂੰ ਯਾਪਾ ਭੇਜ ਦਿੱਤਾ।

ਪਤਰਸ ਦਾ ਦਰਸ਼ਨ

9 ਅਗਲੇ ਦਿਨ ਦੁਪਿਹਰ ਵੇਲੇ ਜਦੋਂ ਉਹ ਯਾਤਰਾ ਕਰਦੇ ਹੋਏ ਸ਼ਹਿਰ ਵੱਲ ਜਾ ਰਹੇ ਸਨ, ਪਤਰਸ ਪ੍ਰਾਰਥਨਾ ਕਰਨ ਲਈ ਛੱਤ ਦੇ ਉੱਪਰ ਗਿਆ। 10 ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਿਹਾ ਸੀ ਉਹ ਬੇਸੁਧ ਹੋ ਗਿਆ। 11 ਉਸ ਨੇ ਅਕਾਸ਼ ਖੁੱਲ੍ਹਾ ਵੇਖਿਆ ਅਤੇ ਇੱਕ ਵੱਡੀ ਚਾਦਰ ਵਰਗਾ ਕੁਝ ਅਕਾਸ਼ ਤੋਂ ਧਰਤੀ ਦੀ ਵੱਲ ਉਸ ਕੋਲ ਹੇਠਾਂ ਉਤਾਰਿਆ ਗਿਆ। ਜਿਸ ਦੀਆ ਚਾਰ ਨੁੱਕਰਾਂ ਸਨ। 12 ਇਸ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦੇ ਨਾਲ-ਨਾਲ ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੀ ਸਨ। 13 ਫਿਰ ਇੱਕ ਆਵਾਜ਼ ਨੇ ਉਸ ਨੂੰ ਕਿਹਾ, "ਹੇ ਪਤਰਸ ਉੱਠ, ਮਾਰ ਅਤੇ ਖਾ!"

14 ਪਤਰਸ ਨੇ ਜਵਾਬ ਦਿੱਤਾ, ਕਦੇ ਵੀ ਨਹੀਂ, ਪ੍ਰਭੂ ਜੀ! ਮੈਂ ਕਦੇ ਕੁਝ ਅਸ਼ੁੱਧ ਜਾਂ ਅਪਵਿੱਤਰ ਨਹੀਂ ਖਾਧਾ।

15 ਆਵਾਜ਼ ਨੇ ਉਸ ਨਾਲ ਦੂਜੀ ਵਾਰ ਗੱਲ ਕੀਤੀ, "ਕਿ ਜੋ ਕੁਝ ਪਰਮੇਸ਼ਵਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।"

16 ਇਸੇ ਤਰ੍ਹਾ ਤਿੰਨ ਵਾਰ ਹੋਇਆ, ਅਤੇ ਤੁਰੰਤ ਹੀ ਚਾਦਰ ਅਕਾਸ਼ ਵੱਲ ਵਾਪਸ ਉੱਤੇ ਚੁੱਕੀ ਗਈ।

17 ਜਦੋਂ ਪਤਰਸ ਦਰਸ਼ਨ ਦਾ ਅਰਥ ਸਮਝਣ ਬਾਰੇ ਹੈਰਾਨ ਹੋ ਰਿਹਾ ਸੀ, ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਿਮਓਨ ਦਾ ਘਰ ਪੁੱਛਦੇ ਹੋਏ ਬੂਹੇ ਦੇ ਸਾਮ੍ਹਣੇ ਆ ਰੁਕੇ। 18 ਉਨ੍ਹਾਂ ਨੇ ਆਵਾਜ਼ ਦੇ ਕੇ ਬੁਲਾਇਆ ਅਤੇ ਪੁੱਛਿਆ ਕਿ ਸ਼ਿਮਓਨ ਜਿਸ ਦਾ ਨਾਮ ਪਤਰਸ ਵੀ ਹੈ ਕਿ ਉਹ ਇੱਥੇ ਹੀ ਹੈ।

19 ਜਦੋਂ ਪਤਰਸ ਅਜੇ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਦਰਸ਼ਨ ਦਾ ਅਰਥ ਕੀ ਸੀ, ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, "ਤਿੰਨ ਆਦਮੀ ਇੱਥੇ ਹਨ ਜੋ ਤੈਨੂੰ ਲੱਭ ਰਹੇ ਹਨ। 20 ਉੱਠ, ਹੇਠਾਂ ਜਾਓ ਅਤੇ ਬਿਨਾਂ ਝਿਜਕ ਉਨ੍ਹਾਂ ਦੇ ਨਾਲ ਜਾ। ਚਿੰਤਾ ਨਾ ਕਰ, ਕਿਉਂਕਿ ਮੈਂ ਉਨ੍ਹਾਂ ਨੂੰ ਭੇਜਿਆ ਹੈ।"

21 ਤਾਂ ਪਤਰਸ ਉਨ੍ਹਾਂ ਆਦਮੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ, "ਮੈਂ ਉਹ ਆਦਮੀ ਹਾਂ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਤੁਸੀਂ ਕਿਉਂ ਆਏ ਹੋ?"

22 ਉਨ੍ਹਾਂ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, "ਸਾਨੂੰ ਕੁਰਨੇਲਿਯੁਸ ਸੂਬੇਦਾਰ ਨੇ ਇੱਥੇ ਭੇਜਿਆ ਹੈ। ਉਹ ਇੱਕ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਆਦਮੀ ਹੈ, ਜਿਸ ਦਾ ਸਾਰੇ ਯਹੂਦੀ ਲੋਕਾਂ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਇੱਕ ਪਵਿੱਤਰ ਸਵਰਗਦੂਤ ਨੇ ਉਸ ਨੂੰ ਕਿਹਾ, ਕਿ ਉਹ ਤੁਹਾਨੂੰ ਉਸ ਦੇ ਘਰ ਆਉਣ ਲਈ ਬੁਲਾਵੇ ਤਾਂ ਜੋ ਉਹ ਸੁਣ ਸਕੇ ਜੋ ਤੁਸੀਂ ਆਖਣਾ ਹੈ।" 23 ਤਦ ਪਤਰਸ ਨੇ ਆਦਮੀਆਂ ਨੂੰ ਉਸ ਦੇ ਮਹਿਮਾਨ ਬਣਨ ਲਈ ਘਰ ਦੇ ਅੰਦਰ ਬੁਲਾਇਆ।

ਕੁਰਨੇਲਿਯੁਸ ਦੇ ਘਰ ਪਤਰਸ ਦਾ ਆਓਣਾ,

ਅਗਲੇ ਦਿਨ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਆਦਮੀਆਂ ਨਾਲ ਚਲਾ ਗਿਆ। ਯਾਪਾ ਸ਼ਹਿਰ ਦੇ ਕਈ ਭਰਾ ਉਸ ਦੇ ਨਾਲ ਗਏ। 24 ਅਗਲੇ ਦਿਨ ਉਹ ਕੈਸਰਿਆ ਪਹੁੰਚੇ। ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜਲੇ ਦੋਸਤਾਂ ਨੂੰ ਵੀ ਆਪਣੇ ਘਰ ਆਉਣ ਲਈ ਬੁਲਾਇਆ ਸੀ, ਇਸ ਲਈ ਉਹ ਵੀ ਉੱਥੇ ਸਨ। 25 ਜਦੋਂ ਪਤਰਸ ਘਰ ਦੇ ਅੰਦਰ ਵੜਿਆ, ਕੁਰਨੇਲਿਯੁਸ ਉਸਨੂੰ ਮਿਲਿਆ ਅਤੇ ਆਦਰ ਨਾਲ ਉਸਦੇ ਪੈਰਾਂ ਤੇ ਡਿੱਗ ਪਿਆ। 26 ਪਰ ਪਤਰਸ ਨੇ ਉਸ ਨੂੰ ਉਠਾਇਆ ਅਤੇ ਕਿਹਾ, "ਉੱਠ ਖੜ੍ਹਾ ਹੋ, ਮੈਂ ਤਾਂ ਸਿਰਫ ਇੱਕ ਆਦਮੀ ਹੀ ਹਾਂ।"

27 ਜਦੋਂ ਉਹ ਉਸ ਨਾਲ ਗੱਲ ਕਰ ਰਿਹਾ ਸੀ, ਤਾਂ ਪਤਰਸ ਅੰਦਰ ਗਿਆ ਅਤੇ ਉਸਨੇ ਲੋਕਾਂ ਦਾ ਇੱਕ ਵੱਡਾ ਸਮੂਹ ਵੇਖਿਆ। 28 ਪਤਰਸ ਨੇ ਉਨ੍ਹਾਂ ਨੂੰ ਕਿਹਾ, "ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੋ ਕਿ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ-ਮਿਲਾਪ ਰੱਖਣਾ ਜਾਂ ਉਹ ਦੇ ਘਰ ਜਾਣਾ ਮਨਾ ਹੈ, ਅਤੇ ਸਾਡੇ ਕਾਨੂੰਨ ਦੇ ਵਿਰੁੱਧ ਹੈ। ਪਰ ਪਰਮੇਸ਼ਵਰ ਨੇ ਮੈਨੂੰ ਦਿਖਾਇਆ ਹੈ ਕਿ ਮੈਨੂੰ ਕਿਸੇ ਨੂੰ ਅਸ਼ੁੱਧ ਜਾਂ ਮਾੜਾ ਨਾ ਆਖਾਂ। 29 ਇਸ ਲਈ ਜਦੋਂ ਮੈਨੂੰ ਬੁਲਾਇਆ ਗਿਆ, ਤਾਂ ਮੈਂ ਉਸੇ ਵੇਲੇ ਬਿਨਾਂ ਕੋਈ ਇਤਰਾਜ਼ ਦੇ ਉੱਠ ਕੇ ਚਲਾ ਆਇਆ। ਕੀ ਮੈਂ ਤੁਹਾਨੂੰ ਪੁੱਛ ਸਕਦਾ ਹਾਂ ਕਿ ਤੁਸੀਂ ਮੈਨੂੰ ਕਿਉਂ ਬੁਲਾਇਆ?"

30 ਕੁਰਨੇਲਿਯੁਸ ਨੇ ਜਵਾਬ ਦਿੱਤਾ, "ਤਿੰਨ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਦੁਪਹਿਰ ਦੇ ਤਿੰਨ ਵਜੇ ਪ੍ਰਾਰਥਨਾ ਕਰ ਰਿਹਾ ਸੀ। ਅਚਾਨਕ ਚਮਕਦੇ ਕੱਪੜਿਆਂ ਵਿੱਚ ਇੱਕ ਆਦਮੀ ਮੇਰੇ ਸਾਮ੍ਹਣੇ ਆਣ ਖਲੋਤਾ। 31 ਅਤੇ ਉਸ ਨੇ ਮੈਨੂੰ ਕਿਹਾ, ‘ਹੇ ਕੁਰਨੇਲਿਯੁਸ, ਪਰਮੇਸ਼ਵਰ ਨੇ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਹਨ ਅਤੇ ਤੇਰੀਆਂ ਗਰੀਬਾਂ ਨੂੰ ਦਿੱਤੀਆਂ ਦਾਤਾਂ ਵੀ ਯਾਦ ਕੀਤੀਆਂ ਹਨ। 32 ਇਸ ਲਈ ਕਿਸੇ ਨੂੰ ਯਾਪਾ ਵਿੱਚ ਸ਼ਿਮਓਨ ਕੋਲ ਭੇਜ ਜਿਹੜਾ ਪਤਰਸ ਕਹਾਉਂਦਾ ਹੈ। ਉਹ ਸ਼ਿਮਓਨ ਦੇ ਘਰ ਮਹਿਮਾਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।’ 33 ਇਸ ਲਈ ਮੈਂ ਉਸੇ ਵੇਲੇ ਕੁਝ ਆਦਮੀਆਂ ਨੂੰ ਤੁਹਾਡੇ ਕੋਲ ਭੇਜਿਆ ਅਤੇ ਤੁਸੀਂ ਚੰਗਾ ਕੀਤਾ ਜੋ ਤੁਸੀਂ ਇੱਥੇ ਆਏ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਉਹ ਸਾਰਿਆਂ ਗੱਲਾਂ ਸੁਣਨ ਲਈ ਜਿਹੜੀਆਂ ਪ੍ਰਭੂ ਨੇ ਤੈਨੂੰ ਆਦੇਸ਼ ਕੀਤੀਆਂ ਸਾਨੂੰ ਸੁਣਾਉਣ ਲਈ।"

34 ਫਿਰ ਪਤਰਸ ਨੇ ਬੋਲਣਾ ਸ਼ੁਰੂ ਕੀਤਾ: "ਮੈਨੂੰ ਹੁਣ ਅਹਿਸਾਸ ਹੋਇਆ ਕਿ ਇਹ ਕਿੰਨਾ ਸੱਚ ਹੈ, ਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦਾ ਹੈ। 35 ਪਰ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਸਹੀ ਕੰਮ ਕਰਦਾ ਹੈ ਉਹ ਉਸ ਵਿਅਕਤੀ ਨੂੰ ਸਵੀਕਾਰ ਕਰਦਾ ਹੈ 36 ਤੁਸੀਂ ਜਾਣਦੇ ਹੋ ਕਿ ਜਿਹੜਾ ਬਚਨ ਪਰਮੇਸ਼ਵਰ ਨੇ ਇਸਰਾਏਲ ਦੇ ਲੋਕਾਂ ਨੂੰ ਭੇਜਿਆ, ਜਦੋਂ ਯਿਸ਼ੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖ਼ਬਰੀ ਸੁਣਾਈ। 37 ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੋਹਨ ਬਪਤਿਸਮਾ ਦੇਣ ਵਾਲੇ ਦੇ ਪ੍ਰਚਾਰ ਤੋਂ ਬਾਅਦ, ਗਲੀਲੀ ਪ੍ਰਾਂਤ ਤੋਂ ਲੈ ਕੇ ਸਾਰੇ ਯਹੂਦਿਯਾ ਪ੍ਰਾਂਤ ਵਿੱਚ ਫੈਲ ਗਿਆ। 38 ਤੁਸੀਂ ਨਾਜ਼ਰੇਥ ਦੇ ਯਿਸ਼ੂ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ਵਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਦੁਸ਼ਟ ਦੇ ਜਕੜੇ ਹੋਏ ਸਨ, ਉਹਨਾਂ ਨੂੰ ਚੰਗਾ ਕਰਦਾ ਸੀ ਕਿਉਂ ਜੋ ਪਰਮੇਸ਼ਵਰ ਉਹ ਦੇ ਨਾਲ ਸੀ।

39 "ਅਸੀਂ ਉਸ ਹਰ ਕੰਮ ਦੇ ਗਵਾਹ ਹਾਂ ਜੋ ਉਸ ਨੇ ਯਹੂਦੀਆਂ ਦੇ ਦੇਸ਼ ਅਤੇ ਯੇਰੂਸ਼ਲੇਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਲਟਕਾਅ ਕੇ ਮਾਰ ਦਿੱਤਾ। 40 ਪਰ, ਪਰਮੇਸ਼ਵਰ ਨੇ ਉਸ ਨੂੰ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਪਰਗਟ ਕੀਤਾ। 41 ਸਾਰਿਆਂ ਲੋਕਾਂ ਉੱਤੇ ਨਹੀਂ, ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਪਹਿਲਾਂ ਤੋਂ ਹੀ ਪਰਮੇਸ਼ਵਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ, ਉਸ ਦੇ ਨਾਲ ਖਾਧਾ ਪੀਤਾ। 42 ਉਸ ਨੇ ਸਾਨੂੰ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਗਵਾਹੀ ਦੇਣ ਦਾ ਹੁਕਮ ਦਿੱਤਾ ਕਿ ਯਿਸ਼ੂ ਉਹੀ ਹੈ ਜਿਸ ਨੂੰ ਪਰਮੇਸ਼ਵਰ ਨੇ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਨਿਯੁਕਤ ਕੀਤਾ ਹੋਇਆ ਹੈ। 43 ਸਾਰੇ ਨਬੀਆਂ ਨੇ ਯਿਸ਼ੂ ਬਾਰੇ ਗਵਾਹੀ ਦਿੱਤੀ ਕਿ ਹਰੇਕ ਜਿਹੜਾ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਸ ਦੇ ਨਾਮ ਰਾਹੀਂ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਦਾ ਹੈ।"

44 ਜਦੋਂ ਪਤਰਸ ਅਜੇ ਇਹ ਬਚਨ ਬੋਲ ਹੀ ਰਿਹਾ ਸੀ, ਕਿ ਪਵਿੱਤਰ ਆਤਮਾ ਉਨ੍ਹਾਂ ਸਾਰਿਆਂ ਉੱਤੇ ਉਤਰਿਆ, ਜੋ ਬਚਨ ਨੂੰ ਸੁਣਦੇ ਸਨ। 45 ਸੁੰਨਤ ਕੀਤੇ ਹੋਏ ਵਿਸ਼ਵਾਸਯੋਗ ਜੋ ਪਤਰਸ ਦੇ ਨਾਲ ਆਏ ਸਨ, ਹੈਰਾਨ ਸਨ ਕਿ ਪਵਿੱਤਰ ਆਤਮਾ ਦੀ ਦਾਤ ਗ਼ੈਰ-ਯਹੂਦੀਆਂ ਉੱਤੇ ਵੀ ਵਹਾਇਆ ਗਿਆ ਹੈ। 46 ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਦੇ ਅਤੇ ਪਰਮੇਸ਼ਵਰ ਦੀ ਉਸਤਤ ਕਰਦਿਆਂ ਸੁਣਿਆ।

ਫਿਰ ਪਤਰਸ ਨੇ ਘੋਸ਼ਿਤ ਕੀਤਾ, 47 "ਨਿਸ਼ਚਿਤ ਤੌਰ ਤੇ ਕੋਈ ਵੀ ਉਨ੍ਹਾਂ ਨੂੰ ਪਾਣੀ ਨਾਲ ਬਪਤਿਸਮਾ ਲੈਣ ਤੋਂ ਰੋਕ ਨਹੀਂ ਸਕਦਾ, ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ ਹੈ, ਜਿਵੇਂ ਕਿ ਸਾਡੇ ਕੋਲ ਹੈ।" 48 ਇਸ ਲਈ ਉਸ ਨੇ ਹੁਕਮ ਦਿੱਤਾ ਕਿ ਉਹ ਯਿਸ਼ੂ ਮਸੀਹ ਦੇ ਨਾਮ ਤੇ ਬਪਤਿਸਮਾ ਲੈਣ। ਤਦ ਉਨ੍ਹਾਂ ਨੇ ਪਤਰਸ ਨੂੰ ਕੁਝ ਦਿਨ ਹੋਰ ਉਨ੍ਹਾਂ ਨਾਲ ਰਹਿਣ ਲਈ ਬੇਨਤੀ ਕੀਤੀ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-