Publicidade

Atos 8

1 ਸੌਲੁਸ ਨੇ ਸਟੀਫਨ ਨੂੰ ਮਾਰਨ ਦੀ ਮਨਜ਼ੂਰੀ ਦਿੱਤੀ।

ਕਲੀਸਿਆ ਨੂੰ ਸਤਾਇਆ ਅਤੇ ਖਿੰਡਿਆ ਜਾਣਾ

ਉਸ ਦਿਨ ਯੇਰੂਸ਼ਲੇਮ ਦੀ ਕਲੀਸਿਆ ਉੱਤੇ ਬਹੁਤ ਵੱਡਾ ਜ਼ੁਲਮ ਹੋਇਆ, ਅਤੇ ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਯਹੂਦਿਯਾ ਅਤੇ ਸਾਮਰਿਯਾ ਦੇ ਪ੍ਰਾਂਤਾਂ ਵਿੱਚ ਖਿੰਡ ਗਏ। 2 ਧਰਮੀ ਲੋਕਾਂ ਨੇ ਸਟੀਫਨ ਨੂੰ ਦਫ਼ਨਾਇਆ ਅਤੇ ਉਹ ਦੇ ਲਈ ਵੱਡਾ ਸੋਗ ਕੀਤਾ। 3 ਪਰ ਸੌਲੁਸ ਨੇ ਕਲੀਸਿਆ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਘਰ-ਘਰ ਵਿੱਚ ਜਾ ਕੇ, ਆਦਮੀ ਅਤੇ ਔਰਤਾਂ ਦੋਵਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ।

ਸਾਮਰਿਯਾ ਵਿੱਚ ਫਿਲਿਪੁੱਸ ਦਾ ਪ੍ਰਚਾਰ

4 ਜਿਹੜੇ ਵਿਸ਼ਵਾਸੀ ਖਿੰਡੇ ਹੋਏ ਸਨ ਉਹ ਜਿੱਥੇ ਕਿਤੇ ਵੀ ਗਏ, ਉਨ੍ਹਾਂ ਨੇ ਬਚਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ। 5 ਫਿਲਿਪ ਸਾਮਰਿਯਾ ਪ੍ਰਾਂਤ ਦੇ ਇੱਕ ਸ਼ਹਿਰ ਵਿੱਚ ਗਿਆ, ਅਤੇ ਉੱਥੇ ਮਸੀਹਾ ਦਾ ਪ੍ਰਚਾਰ ਕੀਤਾ। 6 ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਫਿਲਿਪ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਉਹ ਦੀਆਂ ਗੱਲਾਂ ਉੱਤੇ ਮਨ ਲਾਇਆ। 7 ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਹੋਈਆਂ, ਬਹੁਤਿਆਂ ਵਿੱਚੋਂ ਅਸ਼ੁੱਧ ਆਤਮਾਵਾਂ ਨਿੱਕਲਿਆ, ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ। 8 ਅਤੇ ਉਸ ਸ਼ਹਿਰ ਸਾਮਰਿਯਾ ਵਿੱਚ ਬਹੁਤ ਵੱਡਾ ਅਨੰਦ ਹੋਇਆ।

ਜਾਦੂਗਰ ਸ਼ਿਮਓਨ

9 ਪਰ ਸ਼ਿਮਓਨ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਉਸ ਨਗਰ ਵਿੱਚ ਜਾਦੂ ਕਰਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ। ਅਤੇ ਉਸ ਨੇ ਸ਼ੇਖੀ ਮਾਰੀ ਕਿ ਉਹ ਬਹੁਤ ਮਹਾਨ ਹੈ, 10 ਅਤੇ ਸਾਰੇ ਲੋਕ, ਛੋਟੇ ਤੋਂ ਲੈ ਕੇ ਵੱਡੇ, ਸਭ ਨੇ ਉਹ ਦੀ ਵੱਲ ਆਪਣਾ ਧਿਆਨ ਦਿੱਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, "ਇਸ ਮਨੁੱਖ ਨੂੰ ਪਰਮੇਸ਼ਵਰ ਦੀ ਮਹਾਨ ਸ਼ਕਤੀ ਕਿਹਾ ਜਾਂਦਾ ਹੈ।" 11 ਉਹ ਉਸ ਦੇ ਪਿੱਛੇ ਚੱਲ ਰਹੇ ਸਨ ਕਿਉਂਕਿ ਉਸ ਨੇ ਆਪਣੇ ਜਾਦੂ ਨਾਲ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਹੈਰਾਨ ਕੀਤਾ ਹੋਇਆ ਸੀ। 12 ਪਰ ਜਦੋਂ ਉਨ੍ਹਾਂ ਨੇ ਫਿਲਿਪ ਦਾ ਵਿਸ਼ਵਾਸ ਕੀਤਾ ਜੋ ਪਰਮੇਸ਼ਵਰ ਦੇ ਰਾਜ ਅਤੇ ਯਿਸ਼ੂ ਮਸੀਹ ਦੇ ਨਾਮ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ। 13 ਅਤੇ ਸ਼ਿਮਓਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ, ਫਿਲਿਪ ਦੇ ਨਾਲ ਹਰ ਇੱਕ ਜਗ੍ਹਾ ਉਸ ਦੇ ਪਿੱਛੇ ਜਾਣ ਲੱਗਾ, ਅਤੇ ਨਿਸ਼ਾਨੀਆਂ, ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਹੈਰਾਨ ਰਹਿ ਗਿਆ।

14 ਜਦੋਂ ਯੇਰੂਸ਼ਲੇਮ ਵਿੱਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ਵਰ ਦਾ ਬਚਨ ਮੰਨ ਲਿਆ ਹੈ, ਤਾਂ ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਸਾਮਰਿਯਾ ਵਿੱਚ ਭੇਜਿਆ। 15 ਜਦੋਂ ਉਹ ਪਹੁੰਚੇ, ਤਾਂ ਉਨ੍ਹਾਂ ਨੇ ਉੱਥੇ ਨਵੇਂ ਵਿਸ਼ਵਾਸੀ ਲੋਕਾਂ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪ੍ਰਾਪਤ ਕਰਨ। 16 ਕਿਉਂਕਿ ਪਵਿੱਤਰ ਆਤਮਾ ਅਜੇ ਉਨ੍ਹਾਂ ਵਿੱਚੋਂ ਕਿਸੇ ਉੱਤੇ ਨਹੀਂ ਆਇਆ ਸੀ; ਉਨ੍ਹਾਂ ਨੇ ਪ੍ਰਭੂ ਯਿਸ਼ੂ ਦੇ ਨਾਮ ਤੇ ਬਪਤਿਸਮਾ ਲਿਆ ਸੀ। 17 ਤਦ ਪਤਰਸ ਅਤੇ ਯੋਹਨ ਨੇ ਉਨ੍ਹਾਂ ਤੇ ਆਪਣੇ ਹੱਥ ਰੱਖੇ, ਅਤੇ ਉਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ।

18 ਜਦੋਂ ਸ਼ਿਮਓਨ ਨੇ ਵੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਤੇ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ, ਤਾਂ ਉਸ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ 19 ਅਤੇ ਕਿਹਾ, "ਮੈਨੂੰ ਵੀ ਇਹ ਯੋਗਤਾ ਦਿਓ ਤਾਂ ਜੋ ਹਰੇਕ ਜਿਸ ਉੱਤੇ ਮੈਂ ਆਪਣੇ ਹੱਥ ਰੱਖਾ, ਉਹ ਵੀ ਪਵਿੱਤਰ ਆਤਮਾ ਪ੍ਰਾਪਤ ਕਰ ਲਵੇ।"

20 ਪਤਰਸ ਨੇ ਜਵਾਬ ਦਿੱਤਾ, "ਤੇਰਾ ਪੈਸਾ ਤੇਰੇ ਨਾਲ ਨਾਸ਼ ਹੋ ਜਾਵੇ, ਕਿਉਂਕਿ ਤੂੰ ਸੋਚਿਆ, ਕਿ ਤੂੰ ਪਰਮੇਸ਼ਵਰ ਦੀ ਦਾਤ ਨੂੰ ਪੈਸੇ ਨਾਲ ਖਰੀਦ ਸਕਦਾ! 21 ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ਵਰ ਦੇ ਅੱਗੇ ਸਿੱਧਾ ਨਹੀਂ ਹੈ। 22 ਇਸ ਦੁਸ਼ਟਤਾ ਤੋਂ ਤੌਬਾ ਕਰ ਅਤੇ ਪ੍ਰਭੂ ਦੇ ਅੱਗੇ ਅਰਦਾਸ ਕਰ ਕਿ ਉਹ ਤੇਰੇ ਦਿਲ ਵਿੱਚ ਅਜਿਹਾ ਵਿਚਾਰ ਰੱਖਣ ਕਰਕੇ ਤੈਨੂੰ ਮਾਫ਼ ਕਰੇ। 23 ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪੂਰੀ ਕੁੜੱਤਣ ਨਾਲ ਭਰਿਆ ਹੋਇਆ ਅਤੇ ਪਾਪ ਦਾ ਗ਼ੁਲਾਮ ਹੈ।"

24 ਫਿਰ ਸ਼ਿਮਓਨ ਨੇ ਉੱਤਰ ਦਿੱਤਾ, "ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।"

25 ਜਦੋਂ ਪਤਰਸ ਅਤੇ ਯੋਹਨ ਨੇ ਅੱਗੇ ਪ੍ਰਭੂ ਦੇ ਬਚਨ ਦਾ ਪ੍ਰਚਾਰ ਕੀਤਾ ਅਤੇ ਯਿਸ਼ੂ ਬਾਰੇ ਗਵਾਹੀ ਦਿੱਤੀ, ਤਾਂ ਪਤਰਸ ਅਤੇ ਯੋਹਨ ਬਹੁਤ ਸਾਰੇ ਸਾਮਰਿਯਾ ਪਿੰਡਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਯੇਰੂਸ਼ਲੇਮ ਨੂੰ ਵਾਪਸ ਪਰਤੇ।

ਫਿਲਿਪੁੱਸ ਅਤੇ ਖੋਜਾ

26 ਇੱਕ ਦਿਨ ਪ੍ਰਭੂ ਦੇ ਇੱਕ ਸਵਰਗਦੂਤ ਨੇ ਫਿਲਿਪ ਨੂੰ ਕਿਹਾ, "ਉੱਠ, ਦੱਖਣ ਵੱਲ ਜਾਂਦੀ ਸੜਕ, ਜਿਹੜੀ ਉਜਾੜ ਵਾਲੀ ਸੜਕ ਹੈ, ਜੋ ਯੇਰੂਸ਼ਲੇਮ ਤੋਂ ਗਾਜ਼ਾ ਸ਼ਹਿਰ ਨੂੰ ਜਾਂਦੀ ਹੈ, ਉਸ ਰਾਹ ਵੱਲ ਜਾ।" 27 ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਈਥੋਪੀਆ ਦੇਸ਼ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਉਹ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਬੰਦਗੀ ਕਰਨ ਲਈ ਆਇਆ ਸੀ, 28 ਉਹ ਆਪਣੇ ਘਰ ਵਾਪਸ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ। 29 ਤਦ ਪਵਿੱਤਰ ਆਤਮਾ ਨੇ ਫਿਲਿਪ ਨੂੰ ਕਿਹਾ, "ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।"

30 ਤਦ ਫਿਲਿਪ ਰੱਥ ਵੱਲ ਭੱਜ ਕੇ ਨੇੜੇ ਗਿਆ ਤੇ ਉਸ ਨੂੰ ਯਸ਼ਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ। ਅਤੇ ਫਿਲਿਪ ਨੇ ਪੁੱਛਿਆ, "ਕੀ ਤੁਸੀਂ ਸਮਝਦੇ ਹੋ ਜੋ ਤੁਸੀਂ ਪੜ੍ਹ ਰਹੇ ਹੋ?"

31 ਉਸ ਅਧਿਕਾਰੀ ਨੇ ਆਖਿਆ, "ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ?" ਫੇਰ ਉਸ ਨੇ ਫਿਲਿਪ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ।

32 ਪਵਿੱਤਰ ਸ਼ਾਸਤਰ ਦਾ ਇਹ ਹਿੱਸਾ ਜੋ ਉਹ ਪੜ੍ਹ ਰਿਹਾ ਸੀ:

"ਉਹ ਇੱਕ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ,

ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ,

ਉਸੇ ਤਰ੍ਹਾਂ ਹੀ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।

33 ਉਸ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ।

ਉਸ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ?

ਕਿਉਂਕਿ ਉਹ ਦਾ ਪ੍ਰਾਣ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ।" (ਸੈਪਟੁਜਿੰਟ ਦੇਖੋ)

34 ਤਾਂ ਉਸ ਖੋਜੇ ਨੇ ਅੱਗੋਂ ਫਿਲਿਪ ਨੂੰ ਆਖਿਆ, "ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ?" 35 ਫਿਰ ਫਿਲਿਪ ਨੇ ਉਸ ਲਿਖਤ ਦੇ ਹਵਾਲੇ ਨਾਲ ਸ਼ੁਰੂ ਕੀਤਾ ਅਤੇ ਉਸ ਨੂੰ ਯਿਸ਼ੂ ਬਾਰੇ ਖੁਸ਼ਖ਼ਬਰੀ ਸੁਣਾਈ।

36 ਅਤੇ ਉਹ ਰਾਹ ਤੇ ਜਾ ਰਹੇ ਸਨ ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ। ਤਦ ਉਸ ਖੋਜੇ ਨੇ ਕਿਹਾ, "ਵੇਖ, ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?"

37 ਫਿਲਿਪ ਨੇ ਕਿਹਾ, "ਜੇ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰੇ ਤਾਂ ਜ਼ਰੂਰ ਲੈ ਸਕਦਾ ਹੈ।"

ਉਸ ਨੇ ਉੱਤਰ ਦਿੱਤਾ, "ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ।" 38 ਅਤੇ ਤਦ ਖੋਜੇ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ। ਫਿਰ ਫਿਲਿਪ ਅਤੇ ਉਹ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਫਿਲਿਪ ਨੇ ਉਸ ਨੂੰ ਬਪਤਿਸਮਾ ਦਿੱਤਾ। 39 ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ, ਤਦ ਪ੍ਰਭੂ ਦਾ ਆਤਮਾ ਫਿਲਿਪ ਨੂੰ ਉਸੇ ਵੇਲੇ ਲੈ ਗਿਆ, ਅਤੇ ਉਸ ਅਧਿਕਾਰੀ ਨੇ ਉਹ ਨੂੰ ਫੇਰ ਨਾ ਵੇਖਿਆ, ਅਤੇ ਉਹ ਆਨੰਦ ਨਾਲ ਆਪਣੇ ਰਾਹ ਚੱਲਿਆ ਗਿਆ। 40 ਫਿਲਿਪ, ਹਾਲਾਂਕਿ, ਅਜ਼ੋਤੁਸ ਸ਼ਹਿਰ ਵਿੱਚ ਮਿਲਿਆ, ਅਤੇ ਜਦੋਂ ਤੱਕ ਕੈਸਰਿਆ ਸ਼ਹਿਰ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ਖ਼ਬਰੀ ਸੁਣਾਉਂਦਾ ਗਿਆ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-