Publicidade

Atos 13

1 ਅੰਤਾਕਿਆ ਸ਼ਹਿਰ ਦੀ ਕਲੀਸਿਆ ਦੇ ਲੋਕਾਂ ਵਿੱਚ ਨਬੀ ਅਤੇ ਉਪਦੇਸ਼ਕ ਸਨ: ਜਿਵੇਂ ਬਰਨਬਾਸ, ਸ਼ਿਮਓਨ ਜਿਸ ਨੂੰ ਨੀਗਰ ਵੀ ਕਿਹਾ ਜਾਂਦਾ ਹੈ, ਲੂਕਿਯੁਸ ਕੁਰੇਨੀਆਂ ਦਾ ਇੱਕ ਮਨੁੱਖ, ਮਨਏਨ (ਜਿਸ ਦਾ ਰਾਜਾ ਹੇਰੋਦੇਸ ਦੇ ਨਾਲ ਪਾਲਣ-ਪੋਸ਼ਣ ਹੋਇਆਂ ਸੀ) ਅਤੇ ਸੌਲੁਸ। 2 ਇੱਕ ਦਿਨ ਜਦੋਂ ਉਹ ਪ੍ਰਭੂ ਦੀ ਬੰਦਗੀ ਵਰਤ ਰੱਖ ਕਰ ਰਹੇ ਸਨ, ਤਾਂ ਪਵਿੱਤਰ ਆਤਮਾ ਨੇ ਕਿਹਾ, "ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਵੱਖਰਾ ਕਰੋ ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।" 3 ਇਸ ਲਈ ਜਦੋਂ ਉਨ੍ਹਾਂ ਨੇ ਵਰਤ ਰੱਖਿਆ ਅਤੇ ਪ੍ਰਾਰਥਨਾ ਕੀਤੀ, ਤਾਂ ਫਿਰ ਬਰਨਬਾਸ ਅਤੇ ਸੌਲੁਸ ਨੇ ਆਪਣੇ ਹੱਥ ਉਨ੍ਹਾਂ ਤੇ ਰੱਖੇ ਅਤੇ ਉਨ੍ਹਾਂ ਨੂੰ ਭੇਜ ਦਿੱਤਾ।

ਸਾਈਪ੍ਰਸ ਵਿੱਚ

4 ਉਹ ਦੋਨੋਂ, ਪਵਿੱਤਰ ਆਤਮਾ ਦੀ ਅਗਵਾਈ ਹੇਠ, ਸਿਲੂਸੀਆ ਸ਼ਹਿਰ ਗਏ ਅਤੇ ਉੱਥੋਂ ਉਹ ਸਾਈਪ੍ਰਸ ਵੱਲ ਚਲੇ ਗਏ। 5 ਅਤੇ ਜਦੋਂ ਉਹ ਸਲਾਮੀਜ਼ ਸ਼ਹਿਰ ਵਿੱਚ ਪਹੁੰਚੇ, ਉੱਥੇ ਉਨ੍ਹਾਂ ਨੇ ਯਹੂਦੀ ਪ੍ਰਾਰਥਨਾ ਸਥਾਨਾਂ ਵਿੱਚ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕੀਤਾ। ਯੋਹਨ ਮਰਕੁਸ ਉਨ੍ਹਾਂ ਦੇ ਨਾਲ ਗਿਆ ਅਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ।

6 ਉਹ ਪੂਰੇ ਟਾਪੂ ਵਿੱਚੋਂ ਲੰਘੇ ਜਦ ਤੱਕ ਉਹ ਪਾਫ਼ੁਸ ਸ਼ਹਿਰ ਨਾ ਆਏ। ਉੱਥੇ ਉਨ੍ਹਾਂ ਨੂੰ ਇੱਕ ਯਹੂਦੀ ਜਾਦੂ-ਟੂਣਾ ਕਰਨ ਵਾਲਾ ਅਤੇ ਝੂਠਾ ਨਬੀ ਮਿਲਿਆਂ ਜਿਸ ਦਾ ਨਾਮ ਬਾਰ-ਯਿਸ਼ੂ ਸੀ, 7 ਉਹ ਅਕਸਰ ਟਾਪੂ ਦੇ ਹਾਕਮ ਸਰਗੀਅਸ ਪੌਲੁਸ ਦੇ ਸੰਗ ਜਾਂਦਾ ਸੀ, ਜੋ ਇੱਕ ਬੁੱਧੀਮਾਨ ਆਦਮੀ ਸੀ। ਰਾਜਪਾਲ ਨੇ ਬਰਨਬਾਸ ਅਤੇ ਸੌਲੁਸ ਨੂੰ ਉਸ ਕੋਲ ਆਉਣ ਲਈ ਸੁਨੇਹਾ ਭੇਜਿਆ, ਕਿਉਂਕਿ ਉਹ ਪਰਮੇਸ਼ਵਰ ਦਾ ਬਚਨ ਸੁਣਨਾ ਚਾਹੁੰਦਾ ਸੀ। 8 ਪਰ ਐਲਿਮਾਸ ਜਾਦੂਗਰ (ਇਸ ਲਈ ਉਸ ਦੇ ਨਾਮ ਦਾ ਅਰਥ ਜਾਦੂਗਰ ਹੈ) ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਬਾਰ-ਬਾਰ ਹਾਕਮ ਨੂੰ ਵਿਸ਼ਵਾਸ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। 9 ਤਦ ਸੌਲੁਸ, ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਉਸ ਨੇ ਜਾਦੂਗਰ ਵੱਲ ਸਿੱਧਾ ਵੇਖਿਆ ਅਤੇ ਕਿਹਾ, 10 "ਤੂੰ ਦੁਸ਼ਟ ਦਾ ਬੱਚਾ ਹੈ ਅਤੇ ਤੂੰ ਉਸ ਹਰ ਚੰਗੀ ਚੀਜ਼ ਦਾ ਵਿਰੋਧ ਕਰਦਾ ਹੈ! ਤੂੰ ਹਮੇਸ਼ਾ ਲੋਕਾਂ ਨਾਲ ਝੂਠ ਬੋਲਦਾ ਅਤੇ ਬਹੁਤਿਆਂ ਦਾ ਮਾੜਾ ਕਰਦਾ। ਕੀ ਤੂੰ ਪ੍ਰਭੂ ਦੀ ਸੱਚਾਈ ਨੂੰ ਬਦਲਣਾ ਅਤੇ ਉਸ ਦੀ ਸੱਚਾਈ ਬਾਰੇ ਝੂਠ ਬੋਲਣਾ ਕਦੋਂ ਬੰਦ ਕਰੇਗਾ? 11 ਹੁਣ ਪਰਮੇਸ਼ਵਰ ਦਾ ਹੱਥ ਤੇਰੇ ਖਿਲਾਫ਼ ਹੈ। ਕੁਝ ਸਮੇਂ ਲਈ ਤੂੰ ਅੰਨ੍ਹਾ ਹੋ ਜਾਵੇਗਾ, ਅਤੇ ਸੂਰਜ ਦੀ ਰੌਸ਼ਨੀ ਵੀ ਨਹੀਂ ਵੇਖ ਸਕੇਗਾ।"

ਅਚਾਨਕ ਉਸ ਦੀਆ ਅੱਖਾਂ ਤੇ ਧੁੰਦਲਾਪਨ ਅਤੇ ਹਨੇਰਾ ਆ ਗਿਆ, ਅਤੇ ਉਹ ਭੜਕ ਉੱਠਿਆ, ਅਤੇ ਉਹ ਅੰਨ੍ਹੇ ਲੋਕ ਵਾਂਗ ਟੋਲਦਾ ਸੀ, ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ। 12 ਜਦੋਂ ਹਾਕਮ ਨੇ ਵੇਖਿਆ ਕਿ ਐਲਿਮਾਸ ਨਾਲ ਕੀ ਹੋਇਆ, ਤਾਂ ਉਸ ਨੇ ਵਿਸ਼ਵਾਸ ਕੀਤਾ, ਤਾਂ ਉਹ ਪ੍ਰਭੂ ਦੇ ਬਾਰੇ ਬਚਨ ਸੁਣ ਕੇ ਹੈਰਾਨ ਰਹਿ ਗਿਆ।

ਪਿਸਿਦਿਯਾ ਦੇ ਅੰਤਾਕਿਆ ਵਿੱਚ

13 ਪਾਫ਼ੁਸ ਤੋਂ, ਪੌਲੁਸ ਅਤੇ ਉਸ ਦੇ ਸਾਥੀ ਪੈਮਫੀਲੀਆ ਪ੍ਰਾਂਤ ਦੇ ਪਰਗਾ ਸ਼ਹਿਰ ਲਈ ਰਵਾਨਾ ਹੋਏ, ਜਿੱਥੇ ਯੋਹਨ ਮਰਕੁਸ ਉਨ੍ਹਾਂ ਨੂੰ ਛੱਡ ਕੇ ਯੇਰੂਸ਼ਲੇਮ ਵਿੱਚ ਆਪਣੇ ਘਰ ਵਾਪਸ ਚਲਾ ਗਿਆ। 14 ਪਰਗਾ ਤੋਂ ਉਹ ਪਿਸਿਦਿਯਾ ਪ੍ਰਾਂਤ ਦੇ ਅੰਤਾਕਿਆ ਗਏ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਵਿੱਚ ਜਾ ਕੇ ਬੈਠ ਗਏ। 15 ਬਿਵਸਥਾ ਅਤੇ ਨਬੀਆਂ ਦੀ ਲਿਖਤ ਪੜ੍ਹਨ ਤੋਂ ਬਾਅਦ, ਹੈਕਲ ਦੇ ਆਗੂਆਂ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਭੇਜਿਆ, "ਭਾਈਉ, ਅਗਰ ਤੁਹਾਡੇ ਕੋਲ ਲੋਕਾਂ ਲਈ ਕੋਈ ਉਪਦੇਸ਼ ਹੈ, ਤਾਂ ਕਿਰਪਾ ਕਰਕੇ ਸੁਣਾਓ।"

16 ਪੌਲੁਸ ਨੇ ਖੜੇ ਹੋ ਕੇ, ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਕਿਹਾ: "ਹੇ ਇਸਰਾਏਲੀਓ ਅਤੇ ਤੁਸੀਂ ਗ਼ੈਰ-ਯਹੂਦੀਓ ਜੋ ਪਰਮੇਸ਼ਵਰ ਦੀ ਬੰਦਗੀ ਕਰਦੇ ਹੋ, ਮੇਰੀ ਗੱਲ ਸੁਣੋ!" 17 ਇਸਰਾਏਲ ਦੇ ਲੋਕਾਂ ਦੇ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨੂੰ ਚੁਣਿਆ; ਉਸ ਨੇ ਮਿਸਰ ਵਿੱਚ ਰਹਿਣ ਦੇ ਦੌਰਾਨ ਲੋਕਾਂ ਨੂੰ ਖੁਸ਼ਹਾਲ ਬਣਾਇਆ; ਉਸ ਨੇ ਆਪਣੀ ਸ਼ਕਤੀ ਨਾਲ ਉਨ੍ਹਾਂ ਨੂੰ ਉਸੇ ਦੇਸ਼ ਵਿੱਚੋਂ ਬਾਹਰ ਕੱਢ ਲਿਆਂਦਾ; 18 ਮੋਸ਼ੇਹ ਨੇ ਚਾਲੀ ਸਾਲਾਂ ਤੱਕ ਉਜਾੜ ਵਿੱਚ ਉਨ੍ਹਾਂ ਦੇ ਚਾਲ-ਚਲਣ ਨੂੰ ਸਹਿਣ ਕੀਤਾ; 19 ਅਤੇ ਉਸ ਨੇ ਕਨਾਨ ਦੇਸ ਦੇ ਸੱਤ ਕੌਮਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦੇ ਦਿੱਤੀ। 20 ਇਸ ਸਭ ਨੂੰ ਲਗਭਗ 450 ਸਾਲ ਲੱਗ ਗਏ।

"ਇਸ ਤੋਂ ਬਾਅਦ, ਪਰਮੇਸ਼ਵਰ ਨੇ ਨਬੀ ਸਮੂਏਲ ਦੇ ਸਮੇਂ ਤੱਕ ਉਨ੍ਹਾਂ ਨੂੰ ਨਿਆਈਂ ਦਿੱਤੇ। 21 ਤਦ ਇਸਰਾਏਲ ਦੇ ਲੋਕਾਂ ਨੇ ਸਮੂਏਲ ਦੁਆਰਾ ਪਰਮੇਸ਼ਵਰ ਕੋਲੋ ਇੱਕ ਪਾਤਸ਼ਾਹ ਦੀ ਮੰਗ ਕੀਤੀ, ਅਤੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਬਿਨਯਾਮੀਨ ਦੀ ਗੋਤ ਦੇ ਕਿਸ਼ ਦਾ ਪੁੱਤਰ ਸੌਲੁਸ ਰਾਜਾ ਹੋਣ ਲਈ ਦਿੱਤਾ, ਜਿਸ ਨੇ ਚਾਲੀ ਸਾਲ ਰਾਜ ਕੀਤਾ। 22 ਫੇਰ ਸ਼ਾਊਲ ਨੂੰ ਹਟਾਉਣ ਤੋਂ ਬਾਅਦ, ਦਾਵੀਦ ਨੂੰ ਉਨ੍ਹਾਂ ਦਾ ਪਾਤਸ਼ਾਹ ਹੋਣ ਲਈ ਖੜ੍ਹਾ ਕੀਤਾ। ਜਿਸ ਦੇ ਹੱਕ ਵਿੱਚ ਪਰਮੇਸ਼ਵਰ ਨੇ ਗਵਾਹੀ ਦੇ ਕੇ ਆਖਿਆ: ‘ਕਿ ਮੈਂ ਯੱਸੀ ਦੇ ਪੁੱਤਰ ਦਾਵੀਦ ਨੂੰ ਲੱਭਿਆ, ਇੱਕ ਮਨੁੱਖ ਜੋ ਮੇਰੇ ਮਨ ਨੂੰ ਭਾਉਂਦਾ; ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।’

23 "ਇਸ ਮਨੁੱਖ ਦੇ ਵੰਸ਼ ਵਿੱਚੋਂ ਪਰਮੇਸ਼ਵਰ ਨੇ ਇਸਰਾਏਲ ਲਈ ਇੱਕ ਮੁਕਤੀਦਾਤਾ ਯਿਸ਼ੂ ਭੇਜਿਆ, ਜਿਵੇਂ ਉਸ ਨੇ ਵਾਇਦਾ ਕੀਤਾ ਸੀ। 24 ਯਿਸ਼ੂ ਦੇ ਆਉਣ ਤੋਂ ਪਹਿਲਾਂ, ਯੋਹਨ ਨੇ ਤੋਬਾ ਦਾ ਪ੍ਰਚਾਰ ਕੀਤਾ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ। 25 ਜਦੋਂ ਯੋਹਨ ਆਪਣਾ ਕੰਮ ਪੂਰਾ ਕਰ ਰਿਹਾ ਸੀ, ਉਸ ਨੇ ਲੋਕਾਂ ਨੂੰ ਕਿਹਾ: ‘ਤੁਸੀਂ ਕੀ ਮੰਨਦੇ ਹੋ ਕਿ ਮੈਂ ਕੌਣ ਹਾਂ? ਮੈਂ ਉਹ ਨਹੀਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਪਰ ਮੇਰੇ ਤੋਂ ਬਾਅਦ ਇੱਕ ਅਜਿਹਾ ਆ ਰਿਹਾ ਹੈ ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’

26 "ਹੇ ਭਾਈਓ ਅਬਰਾਹਾਮ ਦੀ ਅੰਸ ਦੇ ਪੁੱਤਰੋ ਅਤੇ ਤੁਸੀਂ ਵੀ ਗ਼ੈਰ-ਯਹੂਦੀ ਜਿਹੜੇ ਪਰਮੇਸ਼ਵਰ ਦਾ ਡਰ ਮੰਨਦੇ ਹੋ, ਸਾਡੇ ਕੋਲ ਇਹ ਮੁਕਤੀ ਦਾ ਸੰਦੇਸ਼ ਭੇਜਿਆ ਗਿਆ ਹੈ। 27 ਯੇਰੂਸ਼ਲੇਮ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਾਸਕਾਂ ਨੇ ਯਿਸ਼ੂ ਨੂੰ ਨਹੀਂ ਪਛਾਣਿਆ, ਫਿਰ ਵੀ ਉਸ ਦੀ ਨਿੰਦਾ ਕਰਦਿਆਂ ਉਨ੍ਹਾਂ ਨਬੀਆਂ ਦੇ ਬਚਨਾ ਨੂੰ ਪੂਰਾ ਕਰਦੇ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ। 28 ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ, ਤਾਂ ਵੀ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਜਾਨੋਂ ਮਾਰਿਆ ਜਾਵੇ। 29 ਜਦੋਂ ਉਨ੍ਹਾਂ ਨੇ ਉਹ ਸਭ ਕੁਝ ਕੀਤਾ ਜੋ ਉਸ ਦੇ ਬਾਰੇ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਸੀ, ਉਨ੍ਹਾਂ ਨੇ ਉਸ ਨੂੰ ਸਲੀਬ ਤੋਂ ਹੇਠਾਂ ਉਤਾਰਿਆ ਅਤੇ ਉਸ ਨੂੰ ਕਬਰ ਵਿੱਚ ਰੱਖ ਦਿੱਤਾ। 30 ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, 31 ਅਤੇ ਬਹੁਤ ਦਿਨਾਂ ਤੱਕ ਉਹ ਬਾਰ-ਬਾਰ ਆਪਣੇ ਚੇਲਿਆਂ ਨੂੰ ਵਿਖਾਈ ਦਿੰਦਾ ਰਿਹਾ ਜੋ ਗਲੀਲੀ ਸੂਬੇ ਤੋਂ ਯੇਰੂਸ਼ਲੇਮ ਵਿੱਚ ਉਸ ਦੇ ਨਾਲ ਆਏ ਸਨ। ਉਹ ਹੁਣ ਸਾਡੇ ਲੋਕਾਂ ਲਈ ਉਸ ਦੇ ਗਵਾਹ ਹਨ।"

32 ਅਸੀਂ ਤੁਹਾਨੂੰ ਖੁਸ਼ਖ਼ਬਰੀ ਦੱਸਦੇ ਹਾਂ: ਜੋ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀ ਵਾਇਦਾ ਕੀਤੀ ਸੀ 33 ਕਿ ਪਰਮੇਸ਼ਵਰ ਨੇ ਯਿਸ਼ੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ। ਜਿਵੇਂ ਕਿ ਇਹ ਦੂਸਰੇ ਜ਼ਬੂਰ ਵਿੱਚ ਲਿਖਿਆ ਗਿਆ ਹੈ:

" ‘ਕਿ ਤੂੰ ਮੇਰਾ ਪੁੱਤਰ ਹੈ;

ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।’"

34 ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ। ਪਰਮੇਸ਼ਵਰ ਨੇ ਇਸ ਤਰ੍ਹਾਂ ਆਖਿਆ ਹੈ,

"ਮੈਂ ਤੁਹਾਨੂੰ ਪਵਿੱਤਰ ਅਤੇ ਅਟੱਲ ਬਰਕਤਾਂ ਦੇਵਾਂਗਾ ਜਿਸ ਦਾ ਦਾਵੀਦ ਨਾਲ ਵਾਅਦਾ ਕੀਤਾ ਸੀ।"

35 ਇਸ ਲਈ ਜ਼ਬੂਰਾਂ ਵਿੱਚ ਇਹ ਵੀ ਲਿਖਿਆ ਗਿਆ ਹੈ:

" ‘ਕਿ ਤੂੰ ਨਾ ਹੀ ਆਪਣੇ ਪਵਿੱਤਰ ਦਾਸ ਨੂੰ ਸੜਨ ਦੇਵੇਂਗਾ।’ (ਸੈਪਟੁਜਿੰਟ ਦੇਖੋ)

36 "ਹੁਣ ਜਦੋਂ ਦਾਵੀਦ ਆਪਣੀ ਪੀੜ੍ਹੀ ਵਿੱਚ ਪਰਮੇਸ਼ਵਰ ਦੇ ਮਕਸਦ ਦੀ ਸੇਵਾ ਕਰ ਚੁੱਕਿਆ, ਤਾਂ ਉਹ ਚਲਾਣਾ ਕਰ ਗਿਆ; ਉਸ ਨੂੰ ਆਪਣੇ ਪਿਉ-ਦਾਦਿਆਂ ਦੇ ਕੋਲ ਦਫ਼ਨਾਇਆ ਗਿਆ ਅਤੇ ਉਸ ਦਾ ਸਰੀਰ ਸੜ ਗਿਆ। 37 ਪਰ ਜਿਸ ਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਦਾ ਸਰੀਰ ਨਾ ਸਾੜਿਆ।

38 "ਇਸ ਲਈ, ਮੇਰੇ ਦੋਸਤੋ, ਮੈਂ ਚਾਹੁੰਦਾ ਹਾਂ ਤੁਸੀਂ ਇਹ ਜਾਣੋ ਕਿ ਯਿਸ਼ੂ ਦੇ ਰਾਹੀਂ ਤੁਹਾਡੇ ਲਈ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਗਿਆ ਨਾ ਕਿ ਮੋਸ਼ੇਹ ਦੀ ਬਿਵਸਥਾ ਰਾਹੀਂ। 39 ਉਸ ਦੇ ਰਾਹੀਂ ਜੋ ਕੋਈ ਵਿਸ਼ਵਾਸ ਕਰਦਾ ਹੈ ਉਹ ਹਰ ਪਾਪ ਤੋਂ ਮੁਕਤੀ ਪ੍ਰਾਪਤ ਕਰੇਗਾ, ਇੱਕ ਅਜਿਹਾ ਨਿਆਂ ਜੋ ਤੁਸੀਂ ਮੋਸ਼ੇਹ ਦੀ ਬਿਵਸਥਾ ਦੇ ਅਧੀਨ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ। 40 ਸੋ ਤੁਸੀਂ ਸਾਵਧਾਨ ਰਹੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੋ ਨਬੀਆਂ ਦੁਆਰਾ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ:

41 " ‘ਵੇਖੋ, ਤੁਸੀਂ ਮਖੌਲ ਜਾਣਨ ਵਾਲਿਓ,

ਅਚਰਜ਼ ਮੰਨੋ ਅਤੇ ਨਸ਼ਟ ਹੋ ਜਾਓ,

ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ

ਜਿਸ ਉੱਤੇ ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ,

ਭਾਵੇਂ ਕਿਸੇ ਨੇ ਤੁਹਾਨੂੰ ਦੱਸਿਆ ਹੋਵੇ।’"

42 ਜਦੋਂ ਪੌਲੁਸ ਅਤੇ ਬਰਨਬਾਸ ਪ੍ਰਾਰਥਨਾ ਸਥਾਨ ਤੋਂ ਬਾਹਰ ਜਾ ਰਹੇ ਸਨ, ਫਿਰ ਲੋਕਾਂ ਨੇ ਉਨ੍ਹਾਂ ਨੂੰ ਅਗਲੇ ਸਬਤ ਦੇ ਦਿਨ ਲਈ ਇਨ੍ਹਾਂ ਗੱਲਾਂ ਬਾਰੇ ਹੋਰ ਬੋਲਣ ਲਈ ਸੱਦਾ ਦਿੱਤਾ। 43 ਜਦੋਂ ਪ੍ਰਾਰਥਨਾ ਸਥਾਨ ਦੀ ਸਭਾ ਨੂੰ ਸਮਾਪਤ ਕਰ ਦਿੱਤਾ ਗਿਆ, ਤਾਂ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਮੱਤ ਵਿੱਚੋਂ ਭਗਤਾਂ ਨੇ ਪੌਲੁਸ ਅਤੇ ਬਰਨਬਾਸ ਦੀ ਪਾਲਣਾ ਕੀਤੀ, ਉਹ ਉਨ੍ਹਾਂ ਨਾਲ ਗੱਲਾਂ ਕਰਦੇ ਰਹੇ ਅਤੇ ਉਨ੍ਹਾਂ ਨੂੰ ਪਰਮੇਸ਼ਵਰ ਦੀ ਕਿਰਪਾ ਵਿੱਚ ਬਣੇ ਰਹਿਣ ਦੀ ਅਪੀਲ ਕੀਤੀ।

44 ਅਗਲੇ ਸਬਤ ਦੇ ਦਿਨ ਤਕਰੀਬਨ ਸਾਰਾ ਸ਼ਹਿਰ ਪ੍ਰਭੂ ਦਾ ਬਚਨ ਸੁਣਨ ਲਈ ਇਕੱਠਾ ਹੋ ਗਿਆ। 45 ਜਦੋਂ ਯਹੂਦੀਆਂ ਨੇ ਭੀੜ ਨੂੰ ਵੇਖਿਆ, ਤਾਂ ਉਹ ਈਰਖਾ ਨਾਲ ਭਰੇ ਹੋਏ ਸਨ। ਉਨ੍ਹਾਂ ਨੇ ਪੌਲੁਸ ਦੀਆਂ ਗੱਲਾਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਬਦਸਲੂਕੀ ਕੀਤੀ।

46 ਫਿਰ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਦਲੇਰੀ ਨਾਲ ਜਵਾਬ ਦਿੱਤਾ: "ਸਾਨੂੰ ਪਹਿਲਾਂ ਤੁਹਾਨੂੰ ਪਰਮੇਸ਼ਵਰ ਦਾ ਬਚਨ ਦੱਸਣਾ ਜ਼ਰੂਰੀ ਸੀ। ਕਿਉਂਕਿ ਤੁਸੀਂ ਇਸ ਨੂੰ ਰੱਦ ਕੀਤਾ ਅਤੇ ਆਪਣੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਿਆ, ਇਸ ਲਈ ਅਸੀਂ ਹੁਣ ਗ਼ੈਰ-ਯਹੂਦੀਆਂ ਕੌਮਾਂ ਵੱਲ ਮੁੜਦੇ ਹਾਂ। 47 ਕਿਉਂ ਜੋ ਪ੍ਰਭੂ ਨੇ ਸਾਨੂੰ ਇਹ ਆਦੇਸ਼ ਦਿੱਤਾ ਹੈ:

" ‘ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਇਆ,

ਤਾਂ ਜੋ ਤੂੰ ਧਰਤੀ ਦੀਆਂ ਹੱਦਾਂ ਤੱਕ ਮੁਕਤੀ ਦਾ ਕਾਰਨ ਹੋਵੇ।’"

48 ਜਦੋਂ ਗ਼ੈਰ-ਯਹੂਦੀਆਂ ਨੇ ਇਹ ਸੁਣਿਆ, ਤਾਂ ਉਹ ਖੁਸ਼ ਹੋਏ ਅਤੇ ਉਨ੍ਹਾਂ ਨੇ ਪ੍ਰਭੂ ਦੇ ਬਚਨ ਦੀ ਵਡਿਆਈ ਕੀਤੀ; ਅਤੇ ਉਨ੍ਹਾਂ ਸਾਰਿਆਂ ਨੇ ਵਿਸ਼ਵਾਸ ਕੀਤਾ ਜਿਹੜੇ ਸਦੀਪਕ ਜੀਵਨ ਲਈ ਨਿਯੁਕਤ ਕੀਤੇ ਗਏ ਸਨ।

49 ਪ੍ਰਭੂ ਦਾ ਬਚਨ ਸਾਰੇ ਖੇਤਰ ਵਿੱਚ ਫੈਲ ਗਿਆ। 50 ਪਰ ਯਹੂਦੀਆਂ ਨੇ, ਭਗਤਣਾਂ, ਪਤਵੰਤੀਆਂ ਔਰਤਾਂ ਅਤੇ ਸ਼ਹਿਰ ਦੇ ਪ੍ਰਮੁੱਖ ਆਦਮੀਆਂ ਨੂੰ ਭੜਕਾਉਂਦੇ ਸਨ। ਅਤੇ ਪੌਲੁਸ, ਬਰਨਬਾਸ ਉੱਤੇ ਦੰਗਾ ਮਚਾਇਆ, ਅਤੇ ਉਨ੍ਹਾਂ ਨੂੰ ਆਪਣੇ ਖੇਤਰ ਚੋਂ ਬਾਹਰ ਕੱਢ ਦਿੱਤਾ। 51 ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਚੇਤਾਵਨੀ ਵਜੋਂ ਆਪਣੇ ਪੈਰਾਂ ਦੀ ਧੂੜ ਝਾੜ ਦਿੱਤੀ ਅਤੇ ਇਕੋਨਿਯਮ ਸ਼ਹਿਰ ਚਲੇ ਗਏ। 52 ਅੰਤਾਕਿਆ ਸ਼ਹਿਰ ਵਿੱਚ ਚੇਲੇ ਅਨੰਦ ਨਾਲ ਅਤੇ ਪਵਿੱਤਰ ਆਤਮਾ ਨਾਲ ਭਰੇ ਹੋਏ ਸਨ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-