Publicidade

Atos 2

ਪਵਿੱਤਰ ਆਤਮਾ ਦਾ ਪੰਤੇਕੁਸਤ ਤਿਉਹਾਰ ਤੇ ਉਤਰਨਾ

1 ਜਦੋਂ ਪੰਤੇਕੁਸਤ ਦਾ ਦਿਨ ਆਇਆ, ਸਾਰੇ ਵਿਸ਼ਵਾਸੀ ਇੱਕ ਜਗ੍ਹਾ ਇਕੱਠੇ ਸਨ। 2 ਇਕਦਮ ਅਕਾਸ਼ ਵਿੱਚੋਂ ਇੱਕ ਆਵਾਜ਼ ਆਈ ਜਿਵੇਂ ਇੱਕ ਤੇਜ਼ ਹਵਾ ਦੇ ਵਗਣ ਦੀ ਆਵਾਜ਼ ਹੁੰਦੀ ਹੈ ਅਤੇ ਸਾਰਾ ਘਰ ਭਰ ਗਿਆ ਜਿੱਥੇ ਉਹ ਬੈਠੇ ਸਨ। 3 ਤਦ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ। 4 ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾਵਾਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੇ ਯੋਗ ਬਣਾਇਆ।

5 ਹੁਣ ਯੇਰੂਸ਼ਲੇਮ ਵਿੱਚ ਸਵਰਗ ਦੇ ਅਧੀਨ ਹਰ ਕੌਮ ਦੇ ਪਰਮੇਸ਼ਵਰ ਤੋਂ ਡਰਨ ਵਾਲੇ ਯਹੂਦੀ ਰਹਿ ਰਹੇ ਸਨ। 6 ਜਦੋਂ ਉਨ੍ਹਾਂ ਨੇ ਇਹ ਆਵਾਜ਼ ਸੁਣੀ, ਤਾਂ ਭੀੜ ਦੇ ਲੋਕ ਹੈਰਾਨ ਹੋ ਗਏ, ਕਿਉਂਕਿ ਹਰ ਇੱਕ ਨੇ ਆਪਣੀ ਖੁਦ ਦੀ ਭਾਸ਼ਾ ਬੋਲਦੇ ਸੁਣਿਆ। 7 ਬਹੁਤੇ ਹੈਰਾਨ ਹੋ ਕੇ ਇੱਕ-ਦੂਜੇ ਤੋਂ ਪੁੱਛਣ ਲੱਗੇ: "ਕੀ ਇਹ ਸਾਰੇ ਗਲੀਲੀ ਨਹੀਂ ਜੋ ਬੋਲ ਰਹੇ ਹਨ? 8 ਫਿਰ ਇਹ ਕਿਵੇਂ ਹੈ ਕਿ ਸਾਡੇ ਵਿੱਚੋਂ ਹਰ ਕੋਈ ਉਨ੍ਹਾਂ ਨੂੰ ਆਪਣੀ ਹੀ ਮਾਂ ਭਾਸ਼ਾ ਵਿੱਚ ਬੋਲਦੇ ਸੁਣ ਰਿਹਾ ਹੈ? 9 ਪਾਰਥੀ, ਮੇਦੀ ਅਤੇ ਇਲਾਮੀ; ਮੈਸੋਪਟਾਮਿਆ ਦੇ ਰਹਿਣ ਵਾਲੇ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਏਸ਼ੀਆ, 10 ਫ਼ਰੂਗਿਯਾ ਅਤੇ ਪੈਮਫੀਲੀਆ, ਮਿਸਰ ਅਤੇ ਲਿਬੀਆ ਦੇ ਕੁਝ ਹਿੱਸੇ ਜੋ ਕੁਰੇਨੇ ਦੇ ਨੇੜੇ ਹੈ; ਰੋਮ ਤੋਂ ਯਾਤਰੀ 11 ਦੋਵੇਂ ਯਹੂਦੀ ਅਤੇ ਯਹੂਦੀ ਧਰਮ ਵਿੱਚ ਤਬਦੀਲ ਹੋਏ ਲੋਕ ਸਨ; ਕਰੇਤੀ ਅਤੇ ਅਰਬੀ, ਅਸੀਂ ਉਨ੍ਹਾਂ ਨੂੰ ਆਪਣੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਪਰਮੇਸ਼ਵਰ ਦੇ ਚਮਤਕਾਰਾਂ ਬਾਰੇ ਦੱਸਦੇ ਸੁਣਿਆ ਹੈ!" 12 ਹੈਰਾਨ ਅਤੇ ਅਚਰਜ਼ ਹੋ ਕੇ, ਉਨ੍ਹਾਂ ਨੇ ਇੱਕ-ਦੂਜੇ ਨੂੰ ਪੁੱਛਿਆ, "ਇਸ ਦਾ ਕੀ ਅਰਥ ਹੈ?"

13 ਹਾਲਾਂਕਿ, ਕੁਝ ਦੂਸਰੇ ਲੋਕਾਂ ਨੇ ਵਿਸ਼ਵਾਸੀਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ, "ਉਨ੍ਹਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ।"

ਪਤਰਸ ਨੇ ਭੀੜ ਨੂੰ ਪ੍ਰਚਾਰ ਕੀਤਾ

14 ਤਦ ਪਤਰਸ ਦੂਸਰੇ ਗਿਆਰਾਂ ਰਸੂਲਾਂ ਦੇ ਨਾਲ ਖੜਾ ਹੋਇਆ, ਉਸ ਨੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਭੀੜ ਨੂੰ ਬੋਲਦਿਆਂ ਕਿਹਾ: "ਹੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਯਹੂਦੀਓ, ਮੈਂ ਤੁਹਾਨੂੰ ਇਹ ਦੱਸਣਾ ਚਾਉਂਦਾ ਹਾਂ; ਜੋ ਮੈਂ ਕਹਿਣ ਜਾ ਰਿਹਾ ਹਾਂ ਤੁਸੀਂ ਬੜੇ ਧਿਆਨ ਨਾਲ ਮੇਰੀ ਸੁਣਨਾ। 15 ਇਹ ਲੋਕ ਸ਼ਰਾਬੀ ਨਹੀਂ ਹਨ, ਜਿਵੇਂ ਤੁਸੀਂ ਸੋਚਦੇ ਹੋ। ਕਿਉਂ ਜੋ ਅਜੇ ਤਾਂ ਸਵੇਰੇ ਦੇ ਨੌਂ ਹੀ ਵਜੇ ਹਨ! 16 ਨਹੀਂ, ਇਹ ਉਹ ਬਚਨ ਹੈ ਜੋ ਨਬੀ ਯੋਏਲ ਦੁਆਰਾ ਕਿਹਾ ਗਿਆ ਸੀ:

17 " ‘ਅੰਤ ਦੇ ਦਿਨਾਂ ਵਿੱਚ, ਪਰਮੇਸ਼ਵਰ ਆਖਦਾ ਹੈ,

ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ।

ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ,

ਤੁਹਾਡੇ ਜੁਆਨ ਦਰਸ਼ਣ ਵੇਖਣਗੇ,

ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ।

18 ਇੱਥੋਂ ਤੱਕ ਕਿ ਮੇਰੇ ਸੇਵਕਾਂ ਉੱਤੇ, ਆਦਮੀ ਅਤੇ ਔਰਤ ਦੋਹਾਂ ਤੇ,

ਮੈਂ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ,

ਅਤੇ ਉਹ ਭਵਿੱਖਬਾਣੀਆ ਕਰਨਗੇ।

19 ਮੈਂ ਅਕਾਸ਼ ਵਿੱਚ ਅਨੋਖੇ ਚਿੰਨ੍ਹ

ਅਤੇ ਹੇਠਾਂ ਧਰਤੀ ਉੱਤੇ ਨਿਸ਼ਾਨ,

ਅਰਥਾਤ ਲਹੂ ਅਤੇ ਅੱਗ ਅਤੇ ਧੁੰਏਂ ਦੇ ਬੱਦਲ ਵਿਖਾਵਾਂਗਾ।

20 ਸੂਰਜ ਹਨ੍ਹੇਰੇ ਵਿੱਚ ਬਦਲ ਜਾਵੇਗਾ

ਅਤੇ ਚੰਨ ਲਹੂ ਵਿੱਚ

ਪ੍ਰਭੂ ਦੇ ਮਹਾਨ ਅਤੇ ਪ੍ਰਤਾਪੀ ਦਿਨ ਦੇ ਆਉਣ ਤੋਂ ਪਹਿਲਾਂ।

21 ਅਤੇ ਹਰੇਕ ਜਿਹੜਾ ਵੀ ਪ੍ਰਭੂ ਦਾ ਨਾਮ ਲੈ ਕੇ ਪੁਕਾਰਦਾ ਹੈ

ਉਹ ਬਚਾਇਆ ਜਾਵੇਗਾ।’

22 "ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਕਿ ਯਿਸ਼ੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਦੇ ਸੱਚ ਹੋਣ ਦਾ ਪ੍ਰਮਾਣ ਪਰਮੇਸ਼ਵਰ ਦੇ ਵੱਲੋਂ ਉਨ੍ਹਾਂ ਚਮਤਕਾਰਾਂ, ਅਚੰਭਿਆਂ ਅਤੇ ਨਿਸ਼ਾਨਾ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ਵਰ ਨੇ ਯਿਸ਼ੂ ਦੇ ਰਾਹੀਂ ਵਿਖਾਏ, ਜਿਸ ਤਰ੍ਹਾਂ ਤੁਸੀਂ ਆਪ ਜਾਣਦੇ ਹੋ। 23 ਇਹ ਯਿਸ਼ੂ ਜੋ ਪਰਮੇਸ਼ਵਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੰਮ ਗਿਆਨ ਦੇ ਅਨੁਸਾਰ ਤੁਹਾਡੇ ਹਵਾਲੇ ਕੀਤਾ ਗਿਆ; ਅਤੇ ਤੁਸੀਂ, ਦੁਸ਼ਟ ਮਨੁੱਖਾਂ ਦੀ ਸਹਾਇਤਾ ਨਾਲ, ਉਸ ਨੂੰ ਸਲੀਬ ਤੇ ਕਿੱਲਾ ਨਾਲ ਟੰਗ ਕੇ ਮਾਰ ਦਿੱਤਾ। 24 ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਉਸ ਨੂੰ ਮੌਤ ਦੇ ਕਸ਼ਟ ਤੋਂ ਮੁਕਤ ਕਰ ਦਿੱਤਾ, ਕਿਉਂਕਿ ਇਹ ਮੌਤ ਲਈ ਮੁਸ਼ਕਲ ਹੋਇਆ ਕਿ ਉਸ ਨੂੰ ਆਪਣੇ ਵੱਸ ਵਿੱਚ ਰੱਖ ਸਕੇ। 25 ਇਸ ਲਈ ਦਾਵੀਦ ਰਾਜੇ ਨੇ ਜੋ ਉਸ ਦੇ ਬਾਰੇ ਕਿਹਾ ਹੈ:

" ‘ਮੈਂ ਪ੍ਰਭੂ ਨੂੰ ਆਪਣੇ ਅੱਗੇ ਸਦਾ ਵੇਖਿਆ ਹੈ।

ਕਿਉਂਕਿ ਉਹ ਮੇਰੇ ਸੱਜੇ ਹੱਥ ਹੈ,

ਇਸ ਲਈ ਮੈਂ ਨਾ ਡੋਲਾਂਗਾ।

26 ਇਸ ਲਈ ਮੇਰਾ ਦਿਲ ਖੁਸ਼ ਹੋਇਆ ਅਤੇ ਮੇਰੀ ਜੀਭ ਅਨੰਦ ਹੋਈ;

ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ,

27 ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ,

ਨਾ ਹੀ ਆਪਣੇ ਪਵਿੱਤਰ ਦਾਸ ਨੂੰ ਸੜਨ ਦੇਵੇਂਗਾ।

28 ਤੂੰ ਮੈਨੂੰ ਜ਼ਿੰਦਗੀ ਦੇ ਰਾਹ ਦੱਸੇ ਹਨ;

ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਆਨੰਦ ਨਾਲ ਭਰ ਦੇਵੇਗਾ।’ (ਸੈਪਟੁਜਿੰਟ ਦੇਖੋ)

29 "ਹੇ ਇਸਰਾਏਲੀ ਭਾਈਉ, ਮੈਂ ਸਾਡੇ ਪੁਰਖ ਦਾਵੀਦ ਰਾਜਾ ਦੇ ਵਿਖੇ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਮਰਿਆ ਤੇ ਦੱਬਿਆ ਗਿਆ, ਅਤੇ ਉਹ ਦੀ ਕਬਰ ਅੱਜ ਤੱਕ ਸਾਡੇ ਵਿੱਚ ਹੈ। 30 ਪਰ ਉਹ ਇੱਕ ਨਬੀ ਸੀ ਅਤੇ ਇਹ ਜਾਣਦਾ ਸੀ ਜੋ ਪਰਮੇਸ਼ਵਰ ਨੇ ਮੇਰੇ ਨਾਲ ਵਾਇਦੇ ਦੀ ਸਹੁੰ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ। 31 ਉਸ ਨੇ ਉਹ ਪਹਿਲਾਂ ਹੀ ਵੇਖਿਆ ਜੋ ਵਾਪਰਨਾ ਸੀ, ਉਸ ਨੇ ਮਸੀਹ ਦੇ ਪੁਨਰ-ਉਥਾਨ ਬਾਰੇ ਗੱਲ ਕੀਤੀ, ਕਿ ਉਹ ਪਤਾਲ ਵਿੱਚ ਨਾ ਛੱਡਿਆ ਜਾਵੇਗਾ, ਅਤੇ ਨਾ ਉਸ ਦਾ ਸਰੀਰ ਸੜਨ ਦੇਵੇਂਗਾ। 32 ਉਸ ਯਿਸ਼ੂ ਨੂੰ ਪਰਮੇਸ਼ਵਰ ਨੇ ਜਿਉਂਦਾ ਉੱਠਾਇਆ, ਅਤੇ ਜਿਸ ਦੇ ਅਸੀਂ ਸਭ ਗਵਾਹ ਹਾਂ। 33 ਉਹ ਪਰਮੇਸ਼ਵਰ ਦੇ ਸੱਜੇ ਹੱਥ ਅੱਤ ਉੱਚਾ ਹੋ ਕੇ, ਪਿਤਾ ਤੋਂ ਪਵਿੱਤਰ ਆਤਮਾ ਦਾ ਵਾਅਦਾ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ ਤੁਹਾਡੇ ਉੱਤੇ ਵਹਾ ਦਿੱਤਾ। 34 ਕਿਉਂ ਜੋ ਦਾਵੀਦ ਸਵਰਗ ਵਿੱਚ ਉੱਪਰ ਉਠਾਇਆ ਨਾ ਗਿਆ, ਫਿਰ ਵੀ ਉਹ ਆਖਦਾ ਹੈ,

" ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ:

"ਮੇਰੇ ਸੱਜੇ ਪਾਸੇ ਬੈਠੋ

35 ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ

ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ।" ’

36 "ਇਸ ਲਈ ਇਸਰਾਏਲ ਦਾ ਸਾਰਾ ਘਰਾਣਾ ਇਹ ਗੱਲ ਪੱਕੀ ਜਾਣ ਲਵੇ: ਕਿ ਪਰਮੇਸ਼ਵਰ ਨੇ ਇਸ ਯਿਸ਼ੂ ਨੂੰ, ਜਿਸ ਨੂੰ ਤੁਸੀਂ ਸਲੀਬ ਉੱਤੇ ਚੜਾਇਆ ਸੀ, ਉਸ ਨੂੰ ਪ੍ਰਭੂ ਅਤੇ ਮਸੀਹ ਦੋਨੋ ਹੀ ਠਹਿਰਾਇਆ।"

37 ਜਦੋਂ ਲੋਕਾਂ ਨੇ ਇਹ ਸੁਣਿਆ, ਤਾਂ ਉਨ੍ਹਾਂ ਦੇ ਦਿਲ ਵਿੰਨੇ ਗਏ ਅਤੇ ਉਨ੍ਹਾਂ ਨੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, "ਹੇ ਭਾਈਉ ਅਸੀਂ ਕੀ ਕਰੀਏ?"

38 ਪਤਰਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, "ਤੁਹਾਡੇ ਵਿੱਚੋਂ ਹਰੇਕ ਜਨ, ਤੌਬਾ ਕਰੇ ਅਤੇ ਬਪਤਿਸਮਾ ਲਵੇ, ਯਿਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ। ਅਤੇ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ। 39 ਕਿਉਂਕਿ ਇਹ ਵਾਇਦਾ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਲਈ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਦੂਰ ਹਨ, ਜਿੰਨਿਆਂ ਨੂੰ ਪ੍ਰਭੂ ਸਾਡਾ ਪਰਮੇਸ਼ਵਰ ਆਪਣੇ ਕੋਲ ਬੁਲਾਵੇਗਾ।"

40 ਹੋਰ ਬਹੁਤ ਸਾਰੇ ਸ਼ਬਦਾਂ ਨਾਲ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ; ਅਤੇ ਉਸ ਨੇ ਉਨ੍ਹਾਂ ਨੂੰ ਬੇਨਤੀ ਵੀ ਕੀਤੀ, "ਆਪਣੇ ਆਪ ਨੂੰ ਇਸ ਭ੍ਰਿਸ਼ਟ ਪੀੜ੍ਹੀ ਤੋਂ ਬਚਾਓ।" 41 ਜਿਨ੍ਹਾਂ ਲੋਕਾਂ ਨੇ ਉਹ ਦਾ ਬਚਨ ਖੁਸ਼ੀ ਨਾਲ ਸਵੀਕਾਰ ਕੀਤਾ ਉਨ੍ਹਾਂ ਨੇ ਬਪਤਿਸਮਾ ਲਿਆ, ਅਤੇ ਉਸੇ ਦਿਨ ਲਗਭਗ ਤਿੰਨ ਹਜ਼ਾਰ ਲੋਕ ਉਨ੍ਹਾਂ ਵਿਸ਼ਵਾਸੀਆਂ ਦੇ ਨਾਲ ਮਿਲ ਗਏ।

ਵਿਸ਼ਵਾਸੀਆ ਦੀ ਸੰਗਤੀ

42 ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਲੈਣ ਵਿੱਚ, ਸੰਗਤੀ ਰੱਖਣ ਵਿੱਚ, ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। 43 ਰਸੂਲਾਂ ਦੁਆਰਾ ਕੀਤੇ ਗਏ ਬਹੁਤ ਸਾਰੇ ਚਮਤਕਾਰਾਂ ਅਤੇ ਕਰਾਮਾਤਾਂ ਤੇ ਹਰ ਕੋਈ ਹੈਰਾਨ ਹੋ ਗਿਆ। 44 ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਸਾਰਿਆਂ ਵਸਤਾਂ ਵਿੱਚ ਸਾਂਝੇ ਭਾਈਵਾਲ ਸਨ। 45 ਅਤੇ ਆਪਣੀ ਜਾਇਦਾਦ ਅਤੇ ਸਮਾਨ ਵੇਚ ਕੇ, ਹਰੇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ। 46 ਹਰ ਦਿਨ ਉਹ ਹੈਕਲ ਦੇ ਦਰਬਾਰਾਂ ਵਿੱਚ ਲਗਾਤਾਰ ਇਕੱਠੇ ਹੁੰਦੇ ਸਨ। ਉਹ ਘਰ-ਘਰ ਰੋਟੀ ਤੋੜਦੇ, ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ 47 ਪਰਮੇਸ਼ਵਰ ਦੀ ਉਸਤਤ ਕਰਦੇ ਅਤੇ ਸਭਨਾਂ ਲੋਕਾਂ ਨੂੰ ਪਿਆਰੇ ਸਨ। ਅਤੇ ਪ੍ਰਭੂ ਦੀ ਦਯਾ ਨਾਲ ਹਰੇਕ ਦਿਨ ਉਨ੍ਹਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਦੀ ਮੰਡਲੀ ਵਿੱਚ ਮਿਲਾ ਦਿੰਦਾ ਸੀ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-