1 ਇਨ੍ਹਾਂ ਗੱਲਾਂ ਦੇ ਬਾਅਦ ਜਦ ਰਾਜਾ ਅਹਸ਼ਵੇਰੋਸ਼ ਦਾ ਗੁੱਸਾ ਠੰਡਾ ਪੈ ਗਿਆ, ਤਾਂ ਉਸ ਨੇ ਰਾਣੀ ਵਸ਼ਤੀ ਨੂੰ ਅਤੇ ਜੋ ਕੁਝ ਉਸ ਨੇ ਕੀਤਾ ਸੀ ਅਤੇ ਜੋ ਕੁਝ ਉਸ ਦੇ ਵਿਰੁੱਧ ਹੁਕਮ ਜਾਰੀ ਕੀਤਾ ਗਿਆ ਸੀ ਯਾਦ ਕੀਤਾ। 2 ਤਦ ਰਾਜੇ ਦੇ ਨਿਜੀ ਸੇਵਾਦਾਰਾਂ ਨੇ ਸੂਝਾਅ ਰੱਖਿਆ, "ਰਾਜੇ ਲਈ ਸੁੰਦਰ ਮੁਟਿਆਰਾਂ ਦੀ ਖੋਜ ਕੀਤੀ ਜਾਵੇ। 3 ਅਤੇ ਰਾਜਾ ਆਪਣੇ ਰਾਜ ਦੇ ਸਾਰੇ ਸੂਬਿਆਂ ਵਿੱਚ ਅਧਿਕਾਰੀਆਂ ਨੂੰ ਨਿਯੁਕਤ ਕਰੇ ਤਾਂ ਜੋ ਉਹ ਸਾਰੀਆਂ ਸੋਹਣੀਆਂ ਜੁਆਨ ਮੁਟਿਆਰਾਂ ਨੂੰ ਸ਼ੂਸ਼ਨ ਦੇ ਮਹਿਲ ਵਿੱਚ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਇਕੱਠੀਆਂ ਕਰਨ ਅਤੇ ਰਾਜਾ ਦੇ ਖੁਸਰੇ ਹੇਗਈ ਨੂੰ ਜਿਹੜਾ ਇਸਤਰੀਆਂ ਦਾ ਪ੍ਰਬੰਧਕ ਸੀ ਸੌਂਪ ਦੇਣ, ਅਤੇ ਉਨ੍ਹਾਂ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਵਸਤੂਆਂ ਦਿੱਤੀਆਂ ਜਾਣ। 4 ਤਦ ਜਿਹੜੀ ਕੁਆਰੀ ਰਾਜਾ ਦੀ ਨਿਗਾਹ ਵਿੱਚ ਸਭ ਤੋਂ ਚੰਗੀ ਹੋਵੇ, ਉਸ ਨੂੰ ਰਾਣੀ ਵਸ਼ਤੀ ਦੇ ਸਥਾਨ ਤੇ ਮਹਾਰਾਣੀ ਬਣਾਇਆ ਜਾਵੇ।" ਇਹ ਗੱਲ ਰਾਜਾ ਨੂੰ ਚੰਗੀ ਲੱਗੀ ਅਤੇ ਉਸ ਨੇ ਇਸੇ ਤਰ੍ਹਾਂ ਹੀ ਕੀਤਾ।
5 ਸ਼ੂਸ਼ਨ ਦੇ ਮਹਿਲ ਵਿੱਚ ਮਾਰਦਕਈ ਨਾਮ ਦਾ ਇੱਕ ਯਹੂਦੀ ਰਹਿੰਦਾ ਸੀ, ਉਹ ਬਿਨਯਾਮੀਨ ਦੇ ਗੋਤ ਵਿੱਚੋਂ ਯਾਈਰ ਦਾ ਪੁੱਤਰ, ਸ਼ਿਮਈ ਦਾ ਪੋਤਾ ਅਤੇ ਕੀਸ਼ ਦਾ ਪੜਪੋਤਾ ਸੀ, 6 ਉਹ ਯਹੂਦੀਆ ਦੇ ਰਾਜੇ ਯਹੋਯਾਕੀਨ ਦੇ ਨਾਲ ਯੇਰੂਸ਼ਲੇਮ ਤੋਂ ਗ਼ੁਲਾਮੀ ਵਿੱਚ ਚਲਾ ਗਿਆ ਸੀ ਅਤੇ ਉਨ੍ਹਾਂ ਹੋਰ ਗ਼ੁਲਾਮਾਂ ਨਾਲ ਜਿਨ੍ਹਾਂ ਨੂੰ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਬੰਦੀ ਬਣਾ ਲਿਆ ਸੀ। 7 ਮਾਰਦਕਈ ਨੇ ਹੱਦਸਾਹ ਨਾਮਕ ਚਾਚੇ ਦੀ ਧੀ ਨੂੰ, ਜੋ ਇਬਰਾਨੀ ਭਾਸ਼ਾ ਵਿੱਚ ਏਸਤੇਰ ਵੀ ਕਹਾਉਂਦੀ ਸੀ ਪਾਲਿਆ ਪੋਸਿਆ ਕਿਉਂਕਿ ਉਸ ਦੇ ਮਾਤਾ-ਪਿਤਾ ਨਹੀਂ ਸਨ, ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਸੀ ਅਤੇ ਜਦ ਉਸ ਦੇ ਮਾਤਾ-ਪਿਤਾ ਮਰ ਗਏ ਤਾਂ ਮਾਰਦਕਈ ਨੇ ਉਸ ਨੂੰ ਆਪਣੀ ਧੀ ਬਣਾ ਕੇ ਪਾਲਿਆ।
8 ਜਦੋਂ ਰਾਜੇ ਦੇ ਹੁਕਮ ਅਤੇ ਨਿਯਮ ਸੁਣਾਏ ਗਏ, ਤਾਂ ਬਹੁਤ ਸਾਰੀਆਂ ਮੁਟਿਆਰਾਂ ਨੂੰ ਸ਼ੂਸ਼ਨ ਦੇ ਗੜ੍ਹ ਵਿੱਚ ਲਿਆਂਦਾ ਗਿਆ ਅਤੇ ਹੇਗਈ ਦੀ ਦੇਖਭਾਲ ਵਿੱਚ ਰੱਖਿਆ ਗਿਆ। ਏਸਤੇਰ ਨੂੰ ਵੀ ਰਾਜੇ ਦੇ ਮਹਿਲ ਵਿੱਚ ਲਿਜਾਇਆ ਗਿਆ ਅਤੇ ਇਸਤਰੀਆਂ ਦੇ ਪ੍ਰਬੰਧਕ ਹੇਗਈ ਦੇ ਹਵਾਲੇ ਕੀਤੀ ਗਈ। 9 ਹੇਗਈ ਨੂੰ ਏਸਤੇਰ ਚੰਗੀ ਲੱਗੀ, ਅਤੇ ਉਹ ਉਸ ਤੋਂ ਖੁਸ਼ ਹੋਇਆ, ਤਦ ਉਸ ਨੇ ਛੇਤੀ ਨਾਲ ਉਸ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਅਤੇ ਰੋਜ਼ ਦਾ ਭੋਜਨ ਅਤੇ ਨਾਲ ਹੀ ਰਾਜਾ ਦੇ ਮਹਿਲ ਵਿੱਚੋਂ ਚੁਣ ਕੇ ਸੱਤ ਸਹੇਲੀਆਂ ਵੀ ਉਸ ਨੂੰ ਦਿੱਤੀਆਂ ਅਤੇ ਉਸ ਨੂੰ ਅਤੇ ਉਸ ਦੀਆਂ ਸਹੇਲੀਆਂ ਨੂੰ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਸਭ ਤੋਂ ਚੰਗਾ ਸਥਾਨ ਰਹਿਣ ਲਈ ਦਿੱਤਾ।
10 ਏਸਤੇਰ ਨੇ ਆਪਣੀ ਜਾਤੀ ਅਤੇ ਪਰਿਵਾਰਕ ਪਿਛੋਕੜ ਦਾ ਖੁਲਾਸਾ ਨਹੀਂ ਕੀਤਾ ਸੀ ਕਿਉਂਕਿ ਮਾਰਦਕਈ ਨੇ ਉਸ ਨੂੰ ਅਜਿਹਾ ਦੱਸਣ ਤੋਂ ਮਨ੍ਹਾ ਕੀਤਾ ਸੀ। 11 ਮਾਰਦਕਈ ਹਰ ਰੋਜ਼ ਹਰਮ ਦੇ ਵਿਹੜੇ ਦੇ ਕੋਲ ਅੱਗੇ-ਪਿੱਛੇ ਇਹ ਜਾਣਨ ਲਈ ਜਾਂਦਾ ਸੀ ਕਿ ਏਸਤੇਰ ਕਿਵੇਂ ਹੈ ਅਤੇ ਉਸ ਨਾਲ ਕੀ ਹੋ ਰਿਹਾ ਹੈ।
12 ਇਸ ਤੋਂ ਪਹਿਲਾਂ ਕਿ ਹਰੇਕ ਕੁਆਰੀ ਆਪਣੀ ਵਾਰੀ ਅਨੁਸਾਰ ਅਹਸ਼ਵੇਰੋਸ਼ ਰਾਜਾ ਦੇ ਕੋਲ ਜਾਵੇ, ਉਸ ਨੂੰ ਇਸਤਰੀਆਂ ਦੇ ਲਈ ਬਣਾਏ ਹੋਏ ਨਿਯਮ ਦੇ ਅਨੁਸਾਰ ਬਾਰਾਂ ਮਹੀਨਿਆਂ ਤੱਕ ਸੁੰਦਰਤਾ ਵਧਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਸੀ, ਕਿਉਂ ਜੋ ਐਨਾ ਸਮਾਂ ਉਨ੍ਹਾਂ ਨੂੰ ਸ਼ੁੱਧ ਕਰਨ ਵਿੱਚ ਲੱਗ ਜਾਂਦਾ ਸੀ ਅਰਥਾਤ ਛੇ ਮਹੀਨੇ ਤੱਕ ਗੰਧਰਸ ਦਾ ਤੇਲ ਮਲਿਆ ਜਾਂਦਾ ਸੀ, ਅਤੇ ਛੇ ਮਹੀਨੇ ਅਤਰ ਅਤੇ ਇਸਤਰੀਆਂ ਨੂੰ ਸੁੰਦਰ ਬਣਾਉਣ ਲਈ ਹੋਰ ਚੀਜ਼ਾਂ ਮਲੀਆਂ ਜਾਂਦੀਆਂ ਸਨ। 13 ਇਸ ਤਰ੍ਹਾਂ ਜਦ ਉਹ ਕੁਆਰੀ ਰਾਜਾ ਦੇ ਕੋਲ ਜਾਂਦੀ ਸੀ, ਤਦ ਜੋ ਵੀ ਚੀਜ਼ ਉਹ ਚਾਹੁੰਦੀ ਸੀ ਕਿ ਰਾਣੀਆਂ ਦੇ ਨਿਵਾਸ ਤੋਂ ਰਾਜਾ ਦੇ ਮਹਿਲ ਨੂੰ ਲੈ ਜਾਵੇ, ਉਹ ਉਸ ਨੂੰ ਦਿੱਤੀ ਜਾਂਦੀ ਸੀ। 14 ਉਹ ਸ਼ਾਮ ਨੂੰ ਜਾਂਦੀ ਸੀ ਅਤੇ ਸਵੇਰ ਨੂੰ ਵਾਪਸ ਆ ਕੇ ਰਾਣੀਆਂ ਦੇ ਨਿਵਾਸ ਦੇ ਦੂਸਰੇ ਘਰ ਵਿੱਚ ਚਲੀ ਜਾਂਦੀ ਸੀ ਅਤੇ ਰਾਜਾ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ, ਜਿਹੜਾ ਰਖੇਲਾਂ ਦਾ ਅਧਿਕਾਰੀ ਸੀ, ਅਤੇ ਉਹ ਫੇਰ ਕਦੀ ਰਾਜਾ ਦੇ ਕੋਲ ਨਹੀਂ ਜਾਂਦੀ ਸੀ, ਪਰ ਜੇਕਰ ਰਾਜਾ ਉਸ ਤੋਂ ਪ੍ਰਸੰਨ ਹੁੰਦਾ ਸੀ ਤਾਂ ਉਸ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ।
15 ਜਦੋਂ ਮਾਰਦਕਈ ਦੇ ਚਾਚੇ ਅਬੀਹੇਲ ਦੀ ਧੀ, ਏਸਤੇਰ ਦੀ ਵਾਰੀ ਆਈ, ਜਿਸ ਨੂੰ ਮਾਰਦਕਈ ਨੇ ਆਪਣੀ ਧੀ ਵਜੋਂ ਪਾਲਿਆ ਸੀ, ਉਹ ਰਾਜੇ ਦੇ ਸਾਹਮਣੇ ਪੇਸ਼ ਹੋਈ। ਉਸਨੇ ਆਪਣੇ ਲਈ ਕੁਝ ਨਹੀਂ ਮੰਗਿਆ ਸੀ ਸਿਵਾਏ ਹੇਗਈ ਦੁਆਰਾ ਦਿੱਤੀ ਸਲਾਹ ਦੇ ਜੋ ਕਿ ਰਾਜੇ ਦੇ ਖੁਸਰੇ ਵਿੱਚੋਂ ਔਰਤਾਂ ਦਾ ਇੰਚਾਰਜ ਸੀ। ਹਰ ਕੋਈ ਜਿਸ ਨੇ ਏਸਤੇਰ ਨੂੰ ਦੇਖਿਆ ਉਹ ਸੋਚਿਆ ਕਿ ਉਹ ਸੁੰਦਰ ਹੈ। 16 ਇਸ ਤਰ੍ਹਾਂ ਏਸਤੇਰ ਅਹਸ਼ਵੇਰੋਸ਼ ਰਾਜਾ ਦੇ ਕੋਲ ਉਸ ਦੇ ਸ਼ਾਹੀ ਮਹਿਲ ਵਿੱਚ, ਉਸ ਦੇ ਰਾਜ ਦੇ ਸੱਤਵੇਂ ਸਾਲ ਦੇ ਟੇਬੇਥ ਨਾਮਕ ਦਸਵੇਂ ਮਹੀਨੇ ਵਿੱਚ ਪਹੁੰਚਾਈ ਗਈ।
17 ਹੁਣ ਰਾਜੇ ਨੇ ਦੂਸਰੀਆਂ ਮੁਟਿਆਰਾਂ ਨਾਲੋਂ ਏਸਤੇਰ ਨੂੰ ਵੱਧ ਪਸੰਦ ਕੀਤਾ ਅਤੇ ਏਸਤੇਰ ਤੇ ਨੇ ਹੋਰਨਾਂ ਕੁਆਰੀਆਂ ਨਾਲੋਂ ਵੱਧ ਮਿਹਰ ਅਤੇ ਪ੍ਰਸੰਨਤਾ ਪ੍ਰਾਪਤ ਕੀਤੀ। ਇਸ ਲਈ ਉਸ ਨੇ ਉਸ ਦੇ ਸਿਰ ਉੱਤੇ ਇੱਕ ਸ਼ਾਹੀ ਤਾਜ ਰੱਖਿਆ ਅਤੇ ਵਸ਼ਤੀ ਦੀ ਬਜਾਏ ਉਸ ਨੂੰ ਰਾਣੀ ਬਣਾ ਦਿੱਤਾ। 18 ਅਤੇ ਰਾਜੇ ਨੇ ਆਪਣੇ ਸਾਰੇ ਸਰਦਾਰਾਂ ਅਤੇ ਅਧਿਕਾਰੀਆਂ ਲਈ ਇੱਕ ਵੱਡੀ ਦਾਅਵਤ ਅਰਥਾਤ ਏਸਤੇਰ ਦੀ ਦਾਅਵਤ ਦਿੱਤੀ। ਉਸ ਨੇ ਸਾਰੇ ਪ੍ਰਾਂਤਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਅਤੇ ਰਾਜੇ ਦੇ ਖ਼ਜ਼ਾਨੇ ਵਿੱਚੋਂ ਤੋਹਫ਼ੇ ਵੀ ਵੰਡੇ ਗਏ।
19 ਜਦੋਂ ਕੁਆਰੀਆਂ ਦੂਸਰੀ ਵਾਰ ਇਕੱਠੀਆਂ ਹੋਈਆਂ, ਮਾਰਦਕਈ ਪਾਤਸ਼ਾਹ ਦੇ ਦਰਵਾਜ਼ੇ ਕੋਲ ਬੈਠਾ ਸੀ। 20 ਪਰ ਏਸਤੇਰ ਨੇ ਜਿਵੇਂ ਮਾਰਦਕਈ ਨੇ ਉਸ ਨੂੰ ਕਰਨ ਲਈ ਕਿਹਾ ਸੀ, ਉਸ ਨੇ ਆਪਣਾ ਪਰਿਵਾਰਕ ਪਿਛੋਕੜ ਅਤੇ ਜਾਤੀ ਨੂੰ ਗੁਪਤ ਰੱਖਿਆ, ਕਿਉਂਕਿ ਉਹ ਮਾਰਦਕਈ ਦੀਆਂ ਹਿਦਾਇਤਾਂ ਉੱਤੇ ਚੱਲਦੀ ਰਹੀ ਜਿਵੇਂ ਉਸ ਨੇ ਉਸ ਦੇ ਪਾਲਣ-ਪੋਸ਼ਣ ਵੇਲੇ ਕੀਤੀ ਸੀ।
21 ਉਨ੍ਹਾਂ ਦਿਨਾਂ ਵਿੱਚ ਜਦ ਮਾਰਦਕਈ ਸ਼ਾਹੀ ਫਾਟਕ ਉੱਤੇ ਬੈਠਦਾ ਹੁੰਦਾ ਸੀ, ਤਾਂ ਰਾਜਾ ਦੇ ਅਧਿਕਾਰੀਆਂ ਵਿੱਚੋਂ ਜਿਹੜੇ ਦਰਬਾਨ ਵੀ ਸਨ, ਬਿਗਥਾਨ ਅਤੇ ਤਰਸ਼ ਨਾਮਕ ਦੋ ਅਧਿਕਾਰੀਆਂ ਨੇ ਰਾਜਾ ਦੇ ਵਿਰੁੱਧ ਹੋ ਕੇ ਰਾਜਾ ਅਹਸ਼ਵੇਰੋਸ਼ ਦਾ ਕਤਲ ਕਰਨ ਦੀ ਯੋਜਨਾ ਬਣਾਈ। 22 ਮਾਰਦਕਈ ਨੂੰ ਇਸ ਸਾਜ਼ਿਸ਼ ਬਾਰੇ ਪਤਾ ਲੱਗਾ ਤਾਂ ਉਸ ਨੇ ਰਾਣੀ ਏਸਤੇਰ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਮਾਰਦਕਈ ਦੀ ਤਰਫੋਂ ਏਸਤੇਰ ਨੇ ਰਾਜੇ ਨੂੰ ਸੂਚਿਤ ਕੀਤਾ। 23 ਅਤੇ ਜਦੋਂ ਪੜਤਾਲ ਕੀਤੀ ਗਈ ਅਤੇ ਉਹ ਸੱਚ ਸਾਬਤ ਹੋਇਆ ਤਾਂ ਦੋਹਾਂ ਅਧਿਕਾਰੀਆਂ ਨੂੰ ਖੰਭਿਆਂ ਉੱਤੇ ਟੰਗ ਦਿੱਤਾ ਗਿਆ। ਇਹ ਸਭ ਕੁਝ ਰਾਜੇ ਦੀ ਹਾਜ਼ਰੀ ਵਿੱਚ ਇਤਿਹਾਸ ਦੀ ਕਿਤਾਬ ਵਿੱਚ ਦਰਜ ਕੀਤਾ ਗਿਆ ਸੀ।