Pular para o conteúdo
Publicidade

ਏਸਤੇਰ 6

ਮਾਰਦਕਈ ਦਾ ਸਨਮਾਨ

1 ਉਸ ਰਾਤ ਰਾਜਾ ਸੌਂ ਨਾ ਸਕਿਆ। ਇਸ ਲਈ ਉਸ ਨੇ ਇਤਿਹਾਸ ਦੀ ਪੁਸਤਕ ਲਿਆਉਣ ਦਾ ਹੁਕਮ ਦਿੱਤਾ ਅਤੇ ਉਹ ਰਾਜਾ ਦੇ ਸਾਹਮਣੇ ਪੜ੍ਹ ਕੇ ਸੁਣਾਈ ਗਈ। 2 ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਜਦ ਰਾਜਾ ਅਹਸ਼ਵੇਰੋਸ਼ ਦੇ ਹਾਕਮ ਜੋ ਦਰਬਾਨ ਵੀ ਸਨ, ਉਨ੍ਹਾਂ ਵਿੱਚੋਂ ਬਿਗਥਾਨ ਅਤੇ ਤਰਸ਼ ਨਾਮਕ ਦੋ ਅਧਿਕਾਰੀਆਂ ਨੇ ਰਾਜਾ ਦਾ ਕਤਲ ਕਰਨ ਦੀ ਯੋਜਨਾ ਬਣਾਈ, ਤਾਂ ਮਾਰਦਕਈ ਨੇ ਇਸ ਗੱਲ ਦੀ ਖ਼ਬਰ ਦਿੱਤੀ ਸੀ।

3 ਤਦ ਰਾਜੇ ਨੇ ਪੁੱਛਿਆ, "ਇਸ ਦੇ ਬਦਲੇ ਵਿੱਚ ਮਾਰਦਕਈ ਦਾ ਕੀ ਮਾਣ-ਸਨਮਾਨ ਕੀਤਾ ਗਿਆ?"

ਤਦ ਰਾਜਾ ਦੇ ਸੇਵਕ ਜਿਹੜੇ ਉਸ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, "ਉਸ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ।"

4 ਰਾਜੇ ਨੇ ਪੁੱਛਿਆ, "ਵਿਹੜੇ ਵਿੱਚ ਕੌਣ ਹੈ?" ਉਸੇ ਸਮੇਂ ਹਾਮਾਨ ਰਾਜਾ ਦੇ ਮਹਿਲ ਦੇ ਬਾਹਰੀ ਵਿਹੜੇ ਵਿੱਚ ਆਇਆ ਤਾਂ ਕਿ ਜੋ ਥੰਮ੍ਹ ਉਸ ਨੇ ਮਾਰਦਕਈ ਦੇ ਲਈ ਤਿਆਰ ਕੀਤਾ ਸੀ, ਉਸ ਉੱਤੇ ਮਾਰਦਕਈ ਨੂੰ ਚੜ੍ਹਾਉਣ ਲਈ ਰਾਜਾ ਨੂੰ ਕਹੇ।

5 ਉਸ ਦੇ ਸੇਵਾਦਾਰਾਂ ਨੇ ਉੱਤਰ ਦਿੱਤਾ, "ਹਾਮਾਨ ਵਿਹੜੇ ਵਿੱਚ ਖੜ੍ਹਾ ਹੈ।"

ਤਾਂ ਰਾਜੇ ਨੇ ਕਿਹਾ, "ਉਸ ਨੂੰ ਅੰਦਰ ਲੈ ਆਓ।"

6 ਜਦੋਂ ਹਾਮਾਨ ਅੰਦਰ ਗਿਆ ਤਾਂ ਰਾਜੇ ਨੇ ਉਸ ਨੂੰ ਪੁੱਛਿਆ, "ਜਿਸ ਆਦਮੀ ਦਾ ਆਦਰ ਕਰਨਾ ਰਾਜਾ ਨੂੰ ਚੰਗਾ ਲੱਗਦਾ ਹੈ ਉਸ ਲਈ ਕੀ ਕੀਤਾ ਜਾਵੇ?"

ਹੁਣ ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, "ਅਜਿਹਾ ਕੌਣ ਹੈ ਰਾਜਾ ਜਿਸ ਦਾ ਮੇਰੇ ਨਾਲੋਂ ਵੱਧ ਆਦਰ ਕਰੇ?" 7 ਤਾਂ ਹਾਮਾਨ ਨੇ ਰਾਜੇ ਨੂੰ ਉੱਤਰ ਦਿੱਤਾ, "ਜਿਸ ਮਨੁੱਖ ਦਾ ਆਦਰ ਕਰਨ ਵਿੱਚ ਰਾਜਾ ਪ੍ਰਸੰਨ ਹੁੰਦਾ ਹੈ, 8 ਉਸ ਦੇ ਲਈ ਸ਼ਾਹੀ ਬਸਤਰ ਲਿਆਇਆ ਜਾਵੇ ਜੋ ਰਾਜਾ ਪਹਿਨਦਾ ਹੈ, ਅਤੇ ਇੱਕ ਘੋੜਾ ਵੀ, ਜਿਸ ਦੇ ਉੱਤੇ ਰਾਜਾ ਸਵਾਰ ਹੁੰਦਾ ਹੈ ਅਤੇ ਉਹ ਸ਼ਾਹੀ ਤਾਜ ਜਿਹੜਾ ਰਾਜਾ ਦੇ ਸਿਰ ਉੱਤੇ ਰੱਖਿਆ ਜਾਂਦਾ ਹੈ, ਉਹ ਵੀ ਲਿਆਂਦਾ ਜਾਵੇ। 9 ਫਿਰ ਉਹ ਬਸਤਰ ਅਤੇ ਉਹ ਘੋੜਾ ਰਾਜਾ ਦੇ ਕਿਸੇ ਵੱਡੇ ਹਾਕਮ ਨੂੰ ਦਿੱਤਾ ਜਾਵੇ ਤਾਂ ਜੋ ਉਸ ਮਨੁੱਖ ਨੂੰ ਜਿਸ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਹ ਬਸਤਰ ਪਹਿਨਾਇਆ ਜਾਵੇ ਅਤੇ ਉਸ ਨੂੰ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਸ ਦੇ ਅੱਗੇ-ਅੱਗੇ ਇਹ ਬੋਲਿਆ ਜਾਵੇ ਕਿ ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ‘ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ!’ "

10 ਤਦ ਰਾਜਾ ਨੇ ਹਾਮਾਨ ਨੂੰ ਕਿਹਾ, "ਛੇਤੀ ਕਰ ਅਤੇ ਆਪਣੀ ਗੱਲ ਅਨੁਸਾਰ ਉਹ ਬਸਤਰ ਅਤੇ ਘੋੜਾ ਲੈ ਅਤੇ ਉਸ ਯਹੂਦੀ ਮਾਰਦਕਈ ਨਾਲ ਜਿਹੜਾ ਮਹਿਲ ਦੇ ਫਾਟਕ ਉੱਤੇ ਬੈਠਦਾ ਹੈ, ਇਸੇ ਤਰ੍ਹਾਂ ਹੀ ਕਰ। ਜੋ ਕੁਝ ਵੀ ਤੂੰ ਕਿਹਾ ਹੈ ਉਸ ਵਿੱਚੋਂ ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ।"

11 ਤਾਂ ਹਾਮਾਨ ਨੇ ਉਹ ਬਸਤਰ ਅਤੇ ਉਹ ਘੋੜਾ ਲਿਆ ਅਤੇ ਮਾਰਦਕਈ ਨੂੰ ਬਸਤਰ ਪਹਿਨਾਇਆ ਅਤੇ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਘੁਮਾਇਆ ਅਤੇ ਉਸ ਦੇ ਅੱਗੇ ਇਹ ਮਨਾਦੀ ਕਰਵਾਈ, "ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ!"

12 ਇਸ ਤੋਂ ਬਾਅਦ ਮਾਰਦਕਈ ਪਾਤਸ਼ਾਹ ਦੇ ਦਰਵਾਜ਼ੇ ਵੱਲ ਮੁੜਿਆ। ਪਰ ਹਾਮਾਨ ਸੋਗ ਨਾਲ ਸਿਰ ਢੱਕ ਕੇ ਘਰ ਨੂੰ ਆਇਆ, 13 ਅਤੇ ਆਪਣੀ ਪਤਨੀ ਜ਼ਰੇਸ਼ ਅਤੇ ਆਪਣੇ ਸਾਰੇ ਦੋਸਤਾਂ ਨੂੰ ਜੋ ਕੁਝ ਉਸ ਨਾਲ ਵਾਪਰਿਆ ਸੀ, ਦੱਸ ਦਿੱਤਾ।

ਉਸ ਦੇ ਸਲਾਹਕਾਰਾਂ ਅਤੇ ਉਸ ਦੀ ਪਤਨੀ ਜ਼ੇਰਸ਼ ਨੇ ਉਸ ਨੂੰ ਆਖਿਆ, ਜੇਕਰ ਮਾਰਦਕਈ ਜਿਸ ਨੂੰ ਤੂੰ ਨੀਵਾਂ ਵਿਖਾਉਣਾ ਚਾਹੁੰਦਾ ਹੈ, ਯਹੂਦੀਆਂ ਦੇ ਵੰਸ਼ ਵਿੱਚੋਂ ਹੈ, ਤਾਂ ਤੂੰ ਉਸ ਨੂੰ ਜਿੱਤ ਨਹੀਂ ਸਕਦਾ ਪਰ ਤੂੰ ਜ਼ਰੂਰ ਉਸ ਦੇ ਅੱਗੇ ਨੀਵਾਂ ਕੀਤਾ ਜਾਵੇਂਗਾ! 14 ਜਦੋਂ ਉਹ ਅਜੇ ਉਸ ਨਾਲ ਗੱਲਾਂ ਕਰ ਰਹੇ ਸਨ, ਰਾਜੇ ਦੇ ਅਧਿਕਾਰੀ ਆ ਗਏ ਅਤੇ ਹਾਮਾਨ ਨੂੰ ਉਸ ਦਾਅਵਤ ਲਈ ਜੋ ਏਸਤੇਰ ਨੇ ਤਿਆਰ ਕੀਤੀ ਸੀ, ਲੈ ਗਏ।

Estes versículos te tocaram? Ore agora!

+581 estão orando agora.

Junte-se à corrente de oração.