1 ਤਾਂ ਰਾਜਾ ਅਤੇ ਹਾਮਾਨ ਰਾਣੀ ਏਸਤੇਰ ਦੀ ਦਾਅਵਤ ਵਿੱਚ ਗਏ, 2 ਰਾਜੇ ਨੇ ਦੂਸਰੇ ਦਿਨ ਵੀ ਦਾਖ਼ਰਸ ਪੀਂਦੇ ਹੋਏ ਏਸਤੇਰ ਤੋਂ ਫਿਰ ਪੁੱਛਿਆ, "ਹੇ ਰਾਣੀ ਏਸਤੇਰ, ਤੇਰੀ ਕੀ ਬੇਨਤੀ ਹੈ? ਉਹ ਪੂਰੀ ਕੀਤੀ ਜਾਵੇਗੀ। ਤੂੰ ਕੀ ਮੰਗਦੀ ਹੈ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ।"
3 ਤਦ ਰਾਣੀ ਏਸਤੇਰ ਨੇ ਉੱਤਰ ਦਿੱਤਾ, "ਹੇ ਮਹਾਰਾਜ, ਜੇ ਮੇਰੇ ਉੱਤੇ ਤੁਹਾਡੀ ਕਿਰਪਾ ਹੋਈ ਹੈ ਅਤੇ ਜੇ ਤੁਹਾਨੂੰ ਚੰਗਾ ਲੱਗੇ, ਤਾਂ ਮੇਰੀ ਇਹ ਬੇਨਤੀ ਹੈ ਕਿ ਮੇਰੀ ਅਤੇ ਮੇਰੇ ਲੋਕਾਂ ਦੀ ਜਾਨ ਬਖ਼ਸ਼ੀ ਜਾਵੇ। 4 ਕਿਉਂਕਿ ਮੈਂ ਅਤੇ ਮੇਰੇ ਲੋਕ ਨਾਸ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇਕਰ ਅਸੀਂ ਸਿਰਫ ਦਾਸ-ਦਾਸੀਆਂ ਹੋਣ ਲਈ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਵੈਰੀ ਰਾਜਾ ਦੇ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ।"
5 ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਪੁੱਛਿਆ, "ਉਹ ਕੌਣ ਹੈ ਅਤੇ ਕਿੱਥੇ ਹੈ ਉਹ ਆਦਮੀ ਜਿਸ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਹੈ?"
6 ਏਸਤੇਰ ਨੇ ਕਿਹਾ, "ਉਹ ਦੁਸ਼ਮਣ, ਉਹ ਵਿਰੋਧੀ, ਇਹ ਦੁਸ਼ਟ ਹਾਮਾਨ ਹੈ!"
ਤਦ ਹਾਮਾਨ ਰਾਜੇ ਅਤੇ ਰਾਣੀ ਦੇ ਸਾਹਮਣੇ ਘਬਰਾ ਗਿਆ। 7 ਅਤੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਦਾਖ਼ਰਸ ਪੀਣੀ ਛੱਡ ਕੇ ਉੱਠਿਆ ਅਤੇ ਸ਼ਾਹੀ ਬਾਗ਼ ਵਿੱਚ ਚਲਾ ਗਿਆ ਪਰ ਹਾਮਾਨ ਰਾਣੀ ਏਸਤੇਰ ਕੋਲ ਆਪਣੀ ਜਾਨ ਬਖ਼ਸ਼ਾਉਣ ਲਈ ਖੜ੍ਹਾ ਹੋ ਗਿਆ, ਕਿਉਂਕਿ ਉਸ ਨੇ ਵੇਖਿਆ ਕਿ ਰਾਜਾ ਨੇ ਮੇਰੀ ਹਾਨੀ ਕਰਨ ਦਾ ਇਰਾਦਾ ਬਣਾ ਲਿਆ ਹੈ।
8 ਕੁਝ ਸਮੇਂ ਬਾਅਦ ਜਿਵੇਂ ਹੀ ਰਾਜਾ ਮਹਿਲ ਦੇ ਬਾਗ ਤੋਂ ਦਾਅਵਤ ਹਾਲ ਵਿੱਚ ਮੁੜਿਆ ਤਾਂ ਹਾਮਾਨ ਉਸ ਪਲੰਘ ਉੱਤੇ ਡਿੱਗ ਪਿਆ ਸੀ ਜਿੱਥੇ ਏਸਤੇਰ ਬੈਠੀ ਹੋਈ ਸੀ।
ਇਹ ਦੇਖ ਕੇ ਰਾਜੇ ਨੇ ਕਿਹਾ, "ਕੀ ਉਹ ਮੇਰੀ ਮੌਜੂਦਗੀ ਵਿੱਚ ਰਾਣੀ ਨਾਲ ਛੇੜਛਾੜ ਵੀ ਕਰੇਗਾ?"
ਜਿਵੇਂ ਹੀ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਿਆ ਤਾਂ ਸੇਵਕਾਂ ਨੇ ਹਾਮਾਨ ਦਾ ਮੂੰਹ ਢੱਕ ਲਿਆ। 9 ਫਿਰ ਰਾਜਾ ਦੇ ਸਾਹਮਣੇ ਖੜ੍ਹੇ ਰਹਿਣ ਵਾਲੇ ਅਧਿਕਾਰੀਆ ਵਿੱਚੋਂ ਇੱਕ ਅਧਿਕਾਰੀ ਹਰਬੋਨਾ ਨੇ ਰਾਜਾ ਨੂੰ ਕਿਹਾ, "ਮਹਾਰਾਜ! ਹਾਮਾਨ ਦੇ ਘਰ ਪੰਜਾਹ ਹੱਥ ਉੱਚਾ ਫਾਂਸੀ ਲਾਉਣ ਦਾ ਇੱਕ ਥੰਮ੍ਹ ਖੜ੍ਹਾ ਕੀਤਾ ਗਿਆ ਹੈ ਜੋ ਉਸ ਨੇ ਮਾਰਦਕਈ ਦੇ ਲਈ ਬਣਵਾਇਆ ਹੈ, ਜਿਸ ਨੇ ਰਾਜਾ ਦਾ ਭਲਾ ਕੀਤਾ ਸੀ।"
ਰਾਜਾ ਨੇ ਕਿਹਾ, "ਇਸ ਨੂੰ ਹੀ ਉਹ ਦੇ ਉੱਤੇ ਚੜ੍ਹਾ ਦਿਉ!" 10 ਇਸ ਲਈ ਉਨ੍ਹਾਂ ਨੇ ਹਾਮਾਨ ਨੂੰ ਉਸ ਖੰਭੇ ਉੱਤੇ ਟੰਗ ਦਿੱਤਾ ਜਿਸਨੂੰ ਉਸਨੇ ਮਾਰਦਕਈ ਲਈ ਖੜਾ ਕੀਤਾ ਸੀ। ਫਿਰ ਰਾਜੇ ਦਾ ਕਹਿਰ ਸ਼ਾਂਤ ਹੋ ਗਿਆ।