Publicidade

Romanos 6

ਪਾਪ ਪ੍ਰਤੀ ਮਰਿਆ, ਮਸੀਹ ਪ੍ਰਤੀ ਜੀਉਂਦਾ

1 ਤਾਂ ਫਿਰ ਅਸੀਂ ਕੀ ਕਹਾਂਗੇ? ਕੀ ਅਸੀਂ ਪਾਪ ਕਰਦੇ ਰਹੀਏ ਤਾਂ ਜੋ ਕਿਰਪਾ ਵਧੇ? 2 ਬਿਲਕੁਲ ਨਹੀਂ! ਅਸੀਂ ਉਹ ਹਾਂ ਜਿਹੜੇ ਪਾਪ ਦੇ ਲਈ ਮਰੇ ਹਾਂ; ਫਿਰ ਅਸੀਂ ਹੋਰ ਕਿਵੇਂ ਪਾਪ ਵਿੱਚ ਰਹਿ ਸਕਦੇ ਹਾਂ? 3 ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਾਰੇ ਜਿਨਾਂ ਨੇ ਮਸੀਹ ਯਿਸ਼ੂ ਵਿੱਚ ਬਪਤਿਸਮਾ ਲਿਆ ਸੀ, ਉਹਨਾਂ ਦੀ ਮੌਤ ਵਿੱਚ ਬਪਤਿਸਮਾ ਲਿਆ ਸੀ? 4 ਇਸ ਲਈ ਸਾਨੂੰ ਉਹਨਾਂ ਦੇ ਨਾਲ ਬਪਤਿਸਮੇ ਰਾਹੀਂ ਮੌਤ ਦੇ ਵਿੱਚ ਦਫ਼ਨਾਇਆ ਗਿਆ ਤਾਂ ਜੋ ਜਿਵੇਂ ਪਿਤਾ ਨੇ ਆਪਣੀ ਮਹਿਮਾ ਦੁਆਰਾ ਮਸੀਹ ਨੂੰ ਮੌਤ ਤੋਂ ਜੀ ਉਠਾ ਲਿਆ, ਤਾਂ ਕਿ ਅਸੀਂ ਵੀ ਇੱਕ ਨਵਾਂ ਜੀਵਨ ਜੀ ਸਕੀਏ।

5 ਜੇ ਅਸੀਂ ਮਸੀਹ ਯਿਸ਼ੂ ਦੇ ਨਾਲ ਮੌਤ ਵਿੱਚ ਜੁੜ ਗਏ ਹਾਂ, ਤਾਂ ਅਸੀਂ ਵੀ ਉਸ ਦੇ ਨਾਲ ਇੱਕ ਪੁਨਰ-ਉਥਾਨ ਵਿੱਚ ਉਸ ਦੇ ਨਾਲ ਇੱਕ ਜੁੱਟ ਹੋਵਾਂਗੇ। 6 ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਯਿਸ਼ੂ ਦੇ ਨਾਲ ਸਲੀਬ ਤੇ ਚੜ੍ਹਾਈ ਗਈ ਹੈ ਤਾਂ ਜੋ ਪਾਪ ਦਾ ਸਰੀਰ ਖ਼ਤਮ ਹੋ ਸਕੇ, ਅਤੇ ਇਸ ਤੋਂ ਅੱਗੇ ਅਸੀਂ ਪਾਪ ਦੇ ਗੁਲਾਮ ਨਾ ਰਹੀਏ। 7 ਕਿਉਂਕਿ ਜਦੋਂ ਅਸੀਂ ਮਸੀਹ ਦੇ ਨਾਲ ਮਰ ਗਏ ਤਾਂ ਅਸੀਂ ਪਾਪ ਦੀ ਸ਼ਕਤੀ ਤੋਂ ਮੁਕਤ ਹੋ ਗਏ।

8 ਹੁਣ ਜੇ ਅਸੀਂ ਮਸੀਹ ਨਾਲ ਮਰੇ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਵੀ ਮਸੀਹ ਦੇ ਨਾਲ ਜੀਵਾਂਗੇ। 9 ਕਿਉਂ ਜੋ ਅਸੀਂ ਜਾਣਦੇ ਹਾਂ ਕਿ ਮਸੀਹ ਯਿਸ਼ੂ, ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਦੁਬਾਰਾ ਕਦੇ ਨਹੀਂ ਮਰੇਗਾ; ਕਿਉਂਕਿ ਮੌਤ ਦਾ ਉਸ ਉੱਤੇ ਕੋਈ ਅਧਿਕਾਰ ਨਹੀਂ ਹੈ। 10 ਜਿਹੜੀ ਮੌਤ ਯਿਸ਼ੂ ਮਸੀਹ ਮਰਿਆ ਉਹ ਪਾਪ ਦੇ ਲਈ ਇੱਕੋ ਵਾਰ ਮਰਿਆ; ਪਰ ਉਹ ਜ਼ਿੰਦਗੀ ਜਿਹੜੀ ਉਹ ਜਿਉਂਦਾ ਹੈ, ਉਹ ਪਰਮੇਸ਼ਵਰ ਲਈ ਜਿਉਂਦਾ ਹੈ।

11 ਇਸੇ ਤਰ੍ਹਾਂ, ਤੁਸੀਂ ਆਪਣੇ ਆਪ ਨੂੰ ਪਾਪ ਲਈ ਮਰੇ ਹੋਏ ਸਮਝੋ ਪਰ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਲਈ ਜਿਉਂਦੇ ਹੋਏ। 12 ਇਸ ਲਈ ਆਪਣੇ ਮਰਨਹਾਰ ਸਰੀਰ ਤੇ ਪਾਪ ਨੂੰ ਰਾਜ ਨਾ ਕਰਨ ਦਿਓ ਤਾਂ ਜੋ ਤੁਸੀਂ ਇਸ ਦੀਆਂ ਭੈੜੀਆਂ ਇੱਛਾਵਾਂ ਦਾ ਪਾਲਣ ਕਰੋ। 13 ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ। 14 ਪਾਪ ਹੁਣ ਤੁਹਾਡਾ ਮਾਲਕ ਨਹੀਂ ਹੋਵੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਹੇਠ ਨਹੀਂ, ਪਰ ਪਰਮੇਸ਼ਵਰ ਦੀ ਕਿਰਪਾ ਦੇ ਹੇਠ ਹੋ।

ਧਾਰਮਿਕਤਾ ਦੇ ਗੁਲਾਮ

15 ਫਿਰ ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਬਿਵਸਥਾ ਦੇ ਅਧੀਨ ਨਹੀਂ ਪਰ ਕਿਰਪਾ ਦੇ ਅਧੀਨ ਹਾਂ? ਕਦੇ ਵੀ ਨਹੀਂ! 16 ਕੀ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਆਪਣੇ ਆਪ ਨੂੰ ਆਗਿਆਕਾਰੀ ਵਜੋਂ ਸੌਂਪ ਦੇ ਹੋ, ਤਾਂ ਤੁਸੀਂ ਉਸ ਦੇ ਗੁਲਾਮ ਹੋ ਜਿਸ ਦੀ ਤੁਸੀਂ ਆਗਿਆ ਨੂੰ ਮੰਨਦੇ ਹੋ, ਜੇ ਤੁਸੀਂ ਪਾਪ ਦੇ ਗੁਲਾਮ ਹੋ, ਤਾਂ ਉਹ ਮੌਤ ਵੱਲ ਲੈ ਜਾਂਦਾ ਹੈ, ਅਤੇ ਜੇ ਤੁਸੀਂ ਪਰਮੇਸ਼ਵਰ ਦੀ ਆਗਿਆ ਮੰਨਣ ਲਈ ਇੱਕ ਗੁਲਾਮ ਹੋ, ਤਾਂ ਉਹ ਜੀਵਨ ਵੱਲ ਲੈ ਜਾਂਦਾ ਹੈ। 17 ਪਰ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਸੀ, ਪਰ ਹੁਣ ਤੁਸੀਂ ਆਪਣੇ ਦਿਲੋਂ ਉਸ ਸਿੱਖਿਆ ਨੂੰ ਮੰਨ ਲਿਆ ਹੈ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ। 18 ਹੁਣ ਤੁਹਾਨੂੰ ਪਾਪ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਧਾਰਮਿਕਤਾ ਦੇ ਗੁਲਾਮ ਬਣਾ ਦਿੱਤਾ ਗਿਆ ਹੈ।

19 ਮੈਂ ਤੁਹਾਡੀਆਂ ਮਨੁੱਖੀ ਕਮੀਆਂ ਕਰਕੇ ਹਰ ਰੋਜ਼ ਦੀ ਜ਼ਿੰਦਗੀ ਦੀ ਉਦਾਹਰਣ ਦੀ ਵਰਤੋਂ ਕਰ ਰਿਹਾ ਹਾਂ। ਜਿਵੇਂ ਤੁਸੀਂ ਆਪਣੇ ਆਪ ਨੂੰ ਅਸ਼ੁੱਧਤਾ ਅਤੇ ਲਗਾਤਾਰ ਵਧ ਰਹੀ ਬੁਰਾਈ ਦੇ ਗੁਲਾਮ ਵਜੋਂ ਪੇਸ਼ ਕਰਦੇ ਸੀ, ਉਸੇ ਤਰ੍ਹਾਂ ਹੁਣ ਆਪਣੇ ਆਪ ਨੂੰ ਧਾਰਮਿਕਤਾ ਦੇ ਗੁਲਾਮ ਵਜੋਂ ਪੇਸ਼ ਕਰੋ ਜੋ ਪਵਿੱਤਰਤਾਈ ਵੱਲ ਜਾਂਦਾ ਹੈ। 20 ਜਦੋਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਸੀ, ਤਾਂ ਤੁਸੀਂ ਧਾਰਮਿਕਤਾ ਤੋਂ ਅਜ਼ਾਦ ਹੁੰਦੇ ਸੀ। 21 ਉਸ ਸਮੇਂ ਤੁਸੀਂ ਉਹਨਾਂ ਚੀਜ਼ਾਂ ਦਾ ਕੀ ਲਾਭ ਪ੍ਰਾਪਤ ਕੀਤਾ ਜਿਸ ਤੋਂ ਤੁਸੀਂ ਹੁਣ ਸ਼ਰਮਿੰਦੇ ਹੋ? ਉਹਨਾਂ ਚੀਜ਼ਾਂ ਦਾ ਨਤੀਜਾ ਮੌਤ ਹੈ! 22 ਪਰ ਹੁਣ ਜਦੋਂ ਤੁਸੀਂ ਪਾਪ ਤੋਂ ਮੁਕਤ ਹੋ ਚੁੱਕੇ ਹੋ ਅਤੇ ਪਰਮੇਸ਼ਵਰ ਦੇ ਗੁਲਾਮ ਹੋ ਗਏ ਹੋ, ਤਾਂ ਜੋ ਫ਼ਾਇਦਾ ਤੁਸੀਂ ਪ੍ਰਾਪਤ ਕਰਦੇ ਹੋ ਉਹ ਪਵਿੱਤਰਤਾ ਵੱਲ ਲੈ ਜਾਂਦਾ ਹੈ, ਅਤੇ ਨਤੀਜਾ ਸਦਾ ਦਾ ਜੀਵਨ ਹੈ। 23 ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰੰਤੂ ਪਰਮੇਸ਼ਵਰ ਦਾ ਤੋਹਫ਼ਾ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਸਦੀਪਕ ਜੀਵਨ ਹੈ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-