Publicidade

Romanos 8

ਆਤਮਾ ਦੁਆਰਾ ਜੀਵਨ

1 ਇਸ ਲਈ, ਹੁਣ ਉਹਨਾਂ ਲੋਕਾਂ ਲਈ ਸਜ਼ਾ ਦਾ ਹੁਕਮ ਨਹੀਂ ਜਿਹੜੇ ਮਸੀਹ ਯਿਸ਼ੂ ਵਿੱਚ ਹਨ, 2 ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸ਼ੂ ਦੇ ਰਾਹੀਂ ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਮੁਕਤ ਕੀਤਾ ਹੈ। 3 ਉਹ ਕੰਮ ਜੋ ਮਨੁੱਖ ਦੇ ਪਾਪੀ ਸੁਭਾਅ ਦੇ ਕਾਰਨ ਬਿਵਸਥਾ ਨੇ ਪੂਰਾ ਨਹੀਂ ਕੀਤਾ, ਉਹ ਪਰਮੇਸ਼ਵਰ ਦੁਆਰਾ ਪੂਰਾ ਕੀਤਾ ਗਿਆ ਉਸ ਨੇ ਆਪਣੇ ਪੁੱਤਰ ਨੂੰ ਇੱਕ ਪਾਪੀ ਆਦਮੀ ਵਾਂਗ ਬਣਾਇਆ ਅਤੇ ਉਸ ਨੂੰ ਪਾਪ ਦੀ ਭੇਟ ਵਜੋਂ ਭੇਜਿਆ। ਇਸ ਤਰ੍ਹਾਂ ਉਸ ਨੇ ਪਾਪੀ ਸਰੀਰ ਵਿੱਚ ਹੀ ਪਾਪ ਦੀ ਸਜ਼ਾ ਦਿੱਤੀ। 4 ਇਸ ਲਈ ਕਿ ਕਾਨੂੰਨ ਦੀ ਧਰਮੀ ਲੋੜ ਸਾਡੇ ਵਿੱਚ ਪੂਰੀ ਤਰ੍ਹਾਂ ਪੂਰੀ ਹੋਵੇ, ਜੋ ਸਰੀਰ ਦੇ ਅਨੁਸਾਰ ਨਹੀਂ ਬਲਕਿ ਪਵਿੱਤਰ ਆਤਮਾ ਦੇ ਅਨੁਸਾਰ ਜੀਉਂਦੇ ਹਨ।

5 ਉਹ ਜਿਹੜੇ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। ਪਰ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਉਂਦੇ ਹਨ ਉਹਨਾਂ ਦੇ ਮਨ ਉਹ ਗੱਲਾਂ ਤੇ ਉੱਤੇ ਮਨ ਲਾਉਂਦੇ ਹਨ ਜੋ ਪਵਿੱਤਰ ਆਤਮਾ ਚਾਹੁੰਦਾ ਹੈ। 6 ਇਸ ਲਈ ਮਨ ਨੂੰ ਪਾਪੀ ਸੁਭਾਅ ਉੱਤੇ ਲਾਉਣਾ ਮੌਤ ਵੱਲ ਲੈ ਜਾਂਦਾ ਹੈ, ਪਰ ਪਵਿੱਤਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ। 7 ਕਿਉਂਕਿ ਪਾਪੀ ਸੁਭਾਅ ਹਮੇਸ਼ਾ ਪਰਮੇਸ਼ਵਰ ਦਾ ਵੈਰੀ ਹੁੰਦਾ ਹੈ। ਇਹ ਪਰਮੇਸ਼ਵਰ ਦੇ ਬਿਵਸਥਾ ਦੇ ਅਧੀਨ ਨਹੀਂ ਹੁੰਦਾ ਅਤੇ ਨਾ ਹੀ ਇਹ ਕਰ ਸਕਦਾ ਹੈ। 8 ਉਹ ਜਿਹੜੇ ਆਪਣੇ ਪਾਪੀ ਸੁਭਾਅ ਦੇ ਅੰਦਰ ਰਹਿੰਦੇ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ।

9 ਪਰ ਤੁਸੀਂ ਪਾਪੀ ਸੁਭਾਅ ਦੇ ਦੁਆਰਾ ਨਹੀਂ ਚੱਲਦੇ ਸਗੋਂ ਆਤਮਾ ਦੁਆਰਾ ਚੱਲਦੇ ਹੋ, ਜੇ ਸੱਚ-ਮੁੱਚ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ ਅਤੇ ਜੇ ਕਿਸੇ ਕੋਲ ਮਸੀਹ ਦਾ ਪਵਿੱਤਰ ਆਤਮਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ। 10 ਪਰ ਜੇ ਮਸੀਹ ਤੁਹਾਡੇ ਵਿੱਚ ਹੈ, ਤਾਂ ਭਾਵੇਂ ਤੁਹਾਡਾ ਸਰੀਰ ਪਾਪ ਕਾਰਨ ਮੌਤ ਦੇ ਅਧੀਨ ਹੈ, ਪਰ ਪਵਿੱਤਰ ਆਤਮਾ ਧਰਮ ਦੇ ਕਾਰਨ ਜੀਵਤ ਹੈ। 11 ਅਤੇ ਜੇ ਉਸ ਆਤਮਾ ਨੇ ਯਿਸ਼ੂ ਨੂੰ ਮੁਰਦੇ ਤੋਂ ਜਿਵਾਲਿਆ ਅਤੇ ਉਹ ਤੁਹਾਡੇ ਅੰਦਰ ਵੱਸਦਾ ਹੈ, ਤਾਂ ਉਹ ਜਿਸ ਨੇ ਮਸੀਹ ਨੂੰ ਮੁਰਦਿਆਂ ਵਿਚੋਂ ਜਿਵਾਲਿਆ, ਉਹ ਤੁਹਾਡੇ ਮਰਨਹਾਰ ਸਰੀਰ ਨੂੰ ਵੀ ਜੀਵਨ ਦੇਵੇਗਾ, ਕਿਉਂਕਿ ਉਸ ਦਾ ਆਤਮਾ ਤੁਹਾਡੇ ਅੰਦਰ ਰਹਿੰਦਾ ਹੈ।

12 ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡਾ ਆਪਣਾ ਫ਼ਰਜ਼ ਬਣਦਾ ਹੈ, ਕਿ ਅਸੀਂ ਪਾਪੀ ਸੁਭਾਅ ਦੇ ਅਨੁਸਾਰ ਜੀਵਨ ਨਾ ਗੁਜ਼ਰੀਏ। 13 ਜੇ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹੋ ਤਾਂ ਤੁਸੀਂ ਮਰ ਜਾਵੋਂਗੇ; ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਸਰੀਰ ਦੇ ਪਾਪਾਂ ਨੂੰ ਮਾਰ ਦਿੰਦੇ ਹੋ, ਤਾਂ ਤੁਸੀਂ ਜਿਉਂਦੇ ਹੋਵੋਂਗੇ।

14 ਕਿਉਂ ਜੋ ਉਹ ਲੋਕ ਜੋ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਅਧੀਨ ਹਨ ਪਰਮੇਸ਼ਵਰ ਦੇ ਬੱਚੇ ਹਨ। 15 ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਤੁਸੀਂ ਦੁਬਾਰਾ ਡਰ ਵਿੱਚ ਜੀਵੋ; ਸਗੋਂ ਤੁਹਾਨੂੰ ਪਰਮੇਸ਼ਵਰ ਦਾ ਆਤਮਾ ਮਿਲਿਆ ਹੈ ਜਿਸ ਕਰਕੇ ਅਸੀਂ, "ਅੱਬਾ, ਹੇ ਪਿਤਾ!" ਪੁਕਾਰਦੇ ਹਾਂ। 16 ਉਹ ਪਵਿੱਤਰ ਆਤਮਾ ਆਪ ਹੀ ਸਾਡੀ ਆਤਮਾ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ। 17 ਹੁਣ ਜੇ ਅਸੀਂ ਬੱਚੇ ਹਾਂ, ਤਾਂ ਅਸੀਂ ਪਰਮੇਸ਼ਵਰ ਦੇ ਵਾਰਸ ਹਾਂ ਅਤੇ ਮਸੀਹ ਨਾਲ ਸਾਂਝੇ ਵਾਰਸ ਹਾਂ, ਜੇ ਅਸੀਂ ਸੱਚੀਂ ਉਸ ਦੇ ਦੁੱਖਾਂ ਵਿੱਚ ਸਾਂਝੇ ਹੁੰਦੇ ਹਾਂ ਤਾਂ ਜੋ ਅਸੀਂ ਵੀ ਉਸ ਦੀ ਮਹਿਮਾ ਵਿੱਚ ਹਿੱਸਾ ਪਾ ਸਕੀਏ।

ਵਰਤਮਾਨ ਦੁੱਖ ਅਤੇ ਭਵਿੱਖ ਦੀ ਮਹਿਮਾ

18 ਮੈਂ ਮੰਨਦਾ ਹਾਂ ਕਿ ਸਾਡੇ ਵਰਤਮਾਨ ਦੁੱਖਾਂ ਦੀ ਉਸ ਮਹਿਮਾ ਨਾਲ ਤੁਲਨਾ ਕਰਨ ਯੋਗ ਨਹੀਂ ਹੈ ਜੋ ਸਾਡੇ ਵਿੱਚ ਪ੍ਰਗਟ ਹੋਵੇਗੀ। 19 ਕਿਉਂਕਿ ਸ੍ਰਿਸ਼ਟੀ ਪਰਮੇਸ਼ਵਰ ਦੇ ਬੱਚਿਆਂ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। 20 ਕਿਉਂਕਿ ਸਾਰੀ ਸ੍ਰਿਸ਼ਟੀ ਨਿਰਾਸ਼ਾ ਦੇ ਅਧੀਨ ਹੋਈ, ਸਗੋਂ ਆਪਣੀ ਇੱਛਾ ਨਾਲ ਨਹੀਂ, ਬਲਕਿ ਉਸ ਦੀ ਇੱਛਾ ਦੇ ਅਨੁਸਾਰ ਹੋਇਆ ਹੈ ਜਿਨ੍ਹਾਂ ਨੇ ਉਸ ਨੂੰ ਇਸ ਉਮੀਦ ਦੇ ਅਧੀਨ ਕੀਤਾ ਹੈ। 21 ਇਸ ਲਈ ਸ੍ਰਿਸ਼ਟੀ ਵੀ ਵਿਨਾਸ਼ ਦੇ ਬੰਧਨ ਤੋਂ ਛੁਟਕਾਰਾ ਪਾਉਣ ਅਤੇ ਪਰਮੇਸ਼ਵਰ ਦੇ ਬੱਚਿਆਂ ਦੀ ਸ਼ਾਨਦਾਰ ਅਜ਼ਾਦੀ ਪ੍ਰਾਪਤ ਕਰਨ ਦੇ ਦਿਨ ਦੀ ਉਡੀਕ ਕਰ ਰਹੀ ਹੈ।

22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਅੱਜ ਦੇ ਸਮੇਂ ਤੱਕ ਜਣੇਪੇ ਦੇ ਦੁੱਖਾਂ ਵਾਂਗ ਸਹਿਣ ਕਰ ਰਹੀ ਹੈ। 23 ਸਿਰਫ ਇਹੀ ਨਹੀਂ, ਪਰ ਅਸੀਂ ਆਪਣੇ ਆਪ ਵਿੱਚ ਹੀ, ਜਿਨ੍ਹਾਂ ਕੋਲ ਪਵਿੱਤਰ ਆਤਮਾ ਦਾ ਪਹਿਲਾਂ ਫ਼ਲ ਹੈ, ਉਹ ਅੰਦਰੂਨੀ ਤੌਰ ਤੇ ਕੁਰਲਾ ਰਹੇ ਹਾਂ ਕਿਉਂਕਿ ਅਸੀਂ ਪੁੱਤਰ ਦੀ ਇੱਛਾ ਨਾਲ, ਸਾਡੇ ਸਰੀਰ ਦੇ ਛੁਟਕਾਰੇ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। 24 ਕਿਉਂ ਜੋ ਇਸ ਆਸ ਵਿੱਚ ਅਸੀਂ ਬਚ ਗਏ ਹਾਂ। ਪਰ ਜਿਹੜੀ ਆਸ ਦਿਖਦੀ ਹੈ ਉਹ ਆਸ ਨਹੀਂ ਹੈ। ਕਿਉਂਕਿ ਜਿਹੜੀ ਵਸਤੂ ਕੋਈ ਵੇਖਦਾ ਹੈ ਉਹ ਉਸ ਦੀ ਆਸ ਕਿਉਂ ਰੱਖੇਗਾ? 25 ਪਰ ਜੇ ਅਸੀਂ ਉਸ ਚੀਜ਼ ਦੀ ਆਸ ਕਰਦੇ ਹਾਂ ਜੋ ਸਾਡੇ ਕੋਲ ਨਹੀਂ ਹੈ, ਤਾਂ ਅਸੀਂ ਧੀਰਜ ਨਾਲ ਇਸ ਦੀ ਉਡੀਕ ਕਰਦੇ ਹਾਂ।

26 ਇਸੇ ਤਰ੍ਹਾਂ, ਪਵਿੱਤਰ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਸਹਾਇਤਾ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਗੱਲ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਪਵਿੱਤਰ ਆਤਮਾ ਖੁਦ ਸਾਡੇ ਲਈ ਅਕੱਥ ਹਾਹੁਕੇ ਭਰ ਕੇ ਪ੍ਰਾਰਥਨਾ ਕਰਦਾ ਹੈ। 27 ਅਤੇ ਪਰਮੇਸ਼ਵਰ, ਜੋ ਦਿਲਾਂ ਦੀ ਖੋਜ ਕਰਦਾ ਹੈ, ਜਾਣਦਾ ਹੈ ਕਿ ਪਵਿੱਤਰ ਆਤਮਾ ਦਾ ਮਕਸਦ ਕੀ ਹੈ। ਕਿਉਂਕਿ ਪਵਿੱਤਰ ਆਤਮਾ ਪਰਮੇਸ਼ਵਰ ਦੇ ਲੋਕਾਂ ਦੀ ਸਹਾਇਤਾ ਪਰਮੇਸ਼ਵਰ ਦੀ ਇੱਛਾ ਅਨੁਸਾਰ ਕਰਦਾ ਹੈ।

28 ਅਤੇ ਅਸੀਂ ਜਾਣਦੇ ਹਾਂ ਕਿ ਹਰ ਚੀਜ਼ ਉਹਨਾਂ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ ਜਿਹੜੇ ਪਰਮੇਸ਼ਵਰ ਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਉਦੇਸ਼ ਅਨੁਸਾਰ ਬੁਲਾਇਆ ਹੈ। 29 ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਜਾਣਿਆ ਸੀ, ਉਸ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਉਹ ਆਪਣੇ ਪੁੱਤਰ ਦੇ ਸਰੂਪ ਦੇ ਅਨੁਸਾਰ ਬਣੇਗਾ ਤਾਂ ਜੋ ਉਹ ਬਹੁਤ ਸਾਰੇ ਭੈਣ-ਭਰਾਵਾਂ ਵਿੱਚੋਂ ਜੇਠਾ ਹੋ ਜਾਵੇ। 30 ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਠਹਿਰਾਇਆ ਹੈ, ਉਸ ਨੂੰ ਬੁਲਾਇਆ ਵੀ ਹੈ; ਜਿਨ੍ਹਾਂ ਨੂੰ ਉਸ ਨੇ ਬੁਲਾਇਆ, ਉਹਨਾਂ ਨੂੰ ਧਰਮੀ ਵੀ ਠਹਿਰਾਇਆ; ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ, ਉਹਨਾਂ ਨੂੰ ਉਸ ਨੇ ਮਹਿਮਾ ਵੀ ਦਿੱਤੀ।

ਪਰਮੇਸ਼ਵਰ ਦੇ ਪਿਆਰ ਦਾ ਗਾਣਾ

31 ਤਦ, ਅਸੀਂ ਇਨ੍ਹਾਂ ਗੱਲਾਂ ਦੇ ਜਵਾਬ ਵਿੱਚ ਕੀ ਕਹਾਂਗੇ? ਜੇ ਪਰਮੇਸ਼ਵਰ ਸਾਡੇ ਵੱਲ ਹੈ, ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ? 32 ਜਿਸ ਨੇ ਆਪਣੇ ਖੁਦ ਦੇ ਪੁੱਤਰ ਨੂੰ ਨਹੀਂ ਬਖਸ਼ਿਆ, ਪਰ ਸਾਡੇ ਸਭਨਾਂ ਦੇ ਲਈ ਉਸ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ। ਫਿਰ ਕਿਵੇਂ ਨਹੀਂ ਉਹ ਉਸ ਦੇ ਪੁੱਤਰ ਨਾਲ ਸਾਡੇ ਤੇ ਸਭ ਕੁਝ ਮਿਹਰਬਾਨ ਕਰੇਗਾ? 33 ਉਹਨਾਂ ਲੋਕਾਂ ਵਿਰੁੱਧ ਕੌਣ ਕੋਈ ਦੋਸ਼ ਲਾਵੇਗਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ ਹੈ? ਇਹ ਪਰਮੇਸ਼ਵਰ ਹੈ ਜੋ ਧਰਮੀ ਠਹਿਰਾਉਂਦਾ ਹੈ। 34 ਫਿਰ ਉਹ ਕੌਣ ਹੈ ਜੋ ਉਹਨਾਂ ਨੂੰ ਦੋਸ਼ੀ ਕਰਾਰ ਦਿੰਦਾ ਹੈ? ਕੋਈ ਵੀ ਨਹੀਂ। ਮਸੀਹ ਯਿਸ਼ੂ ਉਹ ਹੈ ਜੋ ਮਰ ਗਿਆ, ਪਰ ਇਸ ਤੋਂ ਵੀ ਵੱਧ, ਉਸ ਨੂੰ ਮੁਰਦਿਆਂ ਵਿੱਚ ਜਿਵਾਲਿਆ ਗਿਆ। ਉਹ ਪਰਮੇਸ਼ਵਰ ਦੇ ਸੱਜੇ ਹੱਥ ਹੈ ਅਤੇ ਉਹ ਸਾਡੇ ਲਈ ਵੀ ਬੇਨਤੀ ਕਰ ਰਿਹਾ ਹੈ। 35 ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਮੁਸੀਬਤ ਜਾ ਕਠਿਨਾਈ ਜਾਂ ਅੱਤਿਆਚਾਰ, ਕਾਲ ਜਾਂ ਨੰਗਾਪਨ ਜਾ ਖ਼ਤਰੇ ਜਾ ਤਲਵਾਰ? 36 ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:

"ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ;

ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।"

37 ਫਿਰ ਵੀ ਇਨ੍ਹਾਂ ਸਭ ਗੱਲਾਂ ਵਿੱਚ ਅਸੀਂ ਉਸ ਰਾਹੀਂ ਜਿੱਤ ਪ੍ਰਾਪਤ ਕਰਨ ਵਾਲੇ ਨਾਲੋਂ ਵੱਧ ਹਾਂ ਜਿਸ ਨੇ ਸਾਨੂੰ ਪਿਆਰ ਕੀਤਾ। 38 ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, 39 ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-