Publicidade

Romanos 5

ਸ਼ਾਂਤੀ ਅਤੇ ਉਮੀਦ

1 ਇਸ ਲਈ ਜਦੋਂ ਤੋਂ ਸਾਨੂੰ ਸਾਡੀ ਨਿਹਚਾ ਦੁਆਰਾ ਧਰਮੀ ਠਹਿਰਾਇਆ ਗਿਆ ਹੈ, ਅਸੀਂ ਆਪਣੇ ਪ੍ਰਭੂ ਯਿਸ਼ੂ ਮਸੀਹ ਦੇ ਰਾਹੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਹੋ ਗਿਆ ਹੈ 2 ਵਿਸ਼ਵਾਸ ਦੇ ਦੁਆਰਾ ਅਸੀਂ ਉਸ ਕਿਰਪਾ ਤੱਕ ਪਹੁੰਚੇ ਹਾਂ ਜਿਸ ਵਿੱਚ ਅਸੀਂ ਹੁਣ ਖੜ੍ਹੇ ਹਾਂ। ਹੁਣ ਅਸੀਂ ਪਰਮੇਸ਼ਵਰ ਦੀ ਮਹਿਮਾ ਦੀ ਉਮੀਦ ਵਿੱਚ ਖੁਸ਼ ਹਾਂ। 3 ਸਿਰਫ ਇਹ ਹੀ ਨਹੀਂ, ਅਸੀਂ ਆਪਣੇ ਦੁੱਖਾਂ ਵਿੱਚ ਵੀ ਪ੍ਰਸੰਨ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਦੁੱਖਾਂ ਵਿੱਚੋਂ ਧੀਰਜ ਪੈਦਾ ਹੁੰਦਾ ਹੈ; 4 ਧੀਰਜ ਤੋਂ ਸੁਭਾਉ ਅਤੇ ਸੁਭਾਉ ਤੋਂ ਉਮੀਦ ਪੈਦਾ ਹੁੰਦੀ ਹੈ। 5 ਅਤੇ ਉਮੀਦ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦੀ, ਕਿਉਂਕਿ ਪਵਿੱਤਰ ਆਤਮਾ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਵਰ ਦਾ ਪਿਆਰ ਸਾਡੇ ਦਿਲਾਂ ਵਿੱਚ ਡੋਲ੍ਹਿਆ ਗਿਆ ਹੈ।

6 ਜਦੋਂ ਅਸੀਂ ਬਿਲਕੁਲ ਬੇਵੱਸ ਸੀ, ਮਸੀਹ ਸਹੀ ਸਮੇਂ ਤੇ ਆਇਆ ਅਤੇ ਸਾਡੇ ਪਾਪਾਂ ਲਈ ਮਰਿਆ। 7 ਇਹ ਬਹੁਤ ਔਖੀ ਗੱਲ ਹੈ ਕਿ ਕੋਈ ਕਿਸੇ ਧਰਮੀ ਵਿਅਕਤੀ ਦੇ ਲਈ ਮਰੇ, ਇਹ ਹੋ ਸਕਦਾ ਹੈ ਕਿ ਇੱਕ ਭਲੇ ਵਿਅਕਤੀ ਲਈ ਸ਼ਾਇਦ ਕੋਈ ਮਰਨ ਦੀ ਹਿੰਮਤ ਕਰੇ। 8 ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।

9 ਹੁਣ ਅਸੀਂ ਉਸ ਦੇ ਲਹੂ ਨਾਲ ਧਰਮੀ ਠਹਿਰਾਏ ਗਏ, ਇਸ ਨਾਲੋਂ ਵੀ ਵੱਧ ਕੇ ਅਸੀਂ ਮਸੀਹ ਦੇ ਰਾਹੀਂ ਪਰਮੇਸ਼ਵਰ ਦੇ ਕ੍ਰੋਧ ਤੋਂ ਬਚਾਏ ਜਾਂਵਾਗੇ। 10 ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਵੈਰੀ ਸੀ, ਅਸੀਂ ਪਰਮੇਸ਼ਵਰ ਦੇ ਪੁੱਤਰ ਯਿਸ਼ੂ ਦੀ ਮੌਤ ਦੇ ਦੁਆਰਾ ਉਸ ਦੇ ਨਾਲ ਮੇਲ-ਮਿਲਾਪ ਕੀਤਾ, ਤਾਂ ਫਿਰ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਮੇਲ-ਮਿਲਾਪ ਹੋਣ ਦੇ ਕਾਰਨ ਅਸੀਂ ਮਸੀਹ ਦੇ ਜੀਵਨ ਦੁਆਰਾ ਬਚ ਜਾਵਾਂਗੇ। 11 ਸਿਰਫ ਇਹ ਹੀ ਨਹੀਂ, ਅਸੀਂ ਆਪਣੇ ਪ੍ਰਭੂ ਯਿਸ਼ੂ ਮਸੀਹ ਰਾਹੀਂ ਪਰਮੇਸ਼ਵਰ ਤੇ ਮਾਣ ਕਰਦੇ ਹਾਂ, ਜਿਸ ਰਾਹੀਂ ਹੁਣ ਸਾਨੂੰ ਮੇਲ ਪ੍ਰਾਪਤ ਹੋਇਆ ਹੈ।

ਆਦਮ ਦੁਆਰਾ ਮੌਤ, ਮਸੀਹ ਦੁਆਰਾ ਜੀਵਨ

12 ਇਸ ਲਈ, ਜਿਵੇਂ ਕਿ ਪਾਪ ਇੱਕ ਆਦਮੀ ਦੁਆਰਾ ਸੰਸਾਰ ਵਿੱਚ ਆਇਆ ਸੀ, ਅਤੇ ਪਾਪ ਦੁਆਰਾ ਮੌਤ ਆਈ, ਅਤੇ ਇਸ ਤਰ੍ਹਾਂ ਮੌਤ ਸਾਰੇ ਲੋਕਾਂ ਵਿੱਚ ਆਈ, ਕਿਉਂਕਿ ਸਾਰਿਆਂ ਨੇ ਪਾਪ ਕੀਤਾ।

13 ਬਿਵਸਥਾ ਦੇ ਆਉਣ ਤੋਂ ਪਹਿਲਾਂ ਹੀ ਪਾਪ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਦਾ ਲੇਖਾ ਨਹੀਂ ਹੁੰਦਾ। 14 ਪਰ ਫਿਰ ਵੀ, ਆਦਮ ਦੇ ਸਮੇਂ ਤੋਂ ਲੈ ਕੇ ਮੋਸ਼ੇਹ ਦੇ ਸਮੇਂ ਤੱਕ ਮੌਤ ਨੇ ਰਾਜ ਕੀਤਾ, ਇੱਥੋਂ ਤੱਕ ਕਿ ਉਹਨਾਂ ਲੋਕਾਂ ਉੱਤੇ ਵੀ ਜਿਨ੍ਹਾਂ ਨੇ ਹੁਕਮ ਤੋੜ ਕੇ ਪਾਪ ਨਹੀਂ ਕੀਤਾ, ਜਿਵੇਂ ਕਿ ਆਦਮ, ਜੋ ਆਉਣ ਵਾਲਾ ਇੱਕ ਨਮੂਨਾ ਹੈ।

15 ਪਰ ਵਰਦਾਨ ਪਾਪ ਵਰਗਾ ਨਹੀਂ ਹੈ ਕਿਉਂਕਿ ਜੇ ਬਹੁਤ ਸਾਰੇ ਲੋਕ ਇੱਕ ਆਦਮੀ ਦੇ ਪਾਪ ਕਾਰਣ ਮਰ ਗਏ, ਤਾਂ ਪਰਮੇਸ਼ਵਰ ਦੀ ਕਿਰਪਾ, ਜਿਹੜੀ ਇੱਕ ਆਦਮੀ, ਯਿਸ਼ੂ ਮਸੀਹ, ਦੀ ਕਿਰਪਾ ਦੁਆਰਾ ਪ੍ਰਾਪਤ ਹੋਈ, ਬਹੁਤ ਸਾਰੇ ਲੋਕਾਂ ਤੇ ਪਰਗਟ ਹੋਈ। 16 ਨਾ ਹੀ ਪਰਮੇਸ਼ਵਰ ਦਾ ਵਰਦਾਨ ਇੱਕ ਆਦਮੀ ਦੇ ਪਾਪ ਦੇ ਨਤੀਜੇ ਦੇ ਨਾਲ ਤੋਲਿਆ ਜਾ ਸਕਦਾ ਹੈ: ਇੱਕ ਪਾਪ ਦੇ ਕਾਰਨ ਨਿਆਂ ਅਤੇ ਨਿੰਦਾ ਆਈ, ਪਰ ਇਹ ਵਰਦਾਨ ਬਹੁਤ ਸਾਰੇ ਗੁਨਾਹਾਂ ਦੇ ਬਾਅਦ ਆਇਆ ਅਤੇ ਜਿਸ ਨੇ ਧਰਮੀ ਠਹਿਰਾਇਆ ਹੈ। 17 ਜੇ ਆਦਮ ਦੇ ਪਾਪ ਕਰਨ ਦੁਆਰਾ ਮੌਤ ਦਾ ਰਾਜ ਹੋ ਗਿਆ, ਤਾਂ ਉਹ ਲੋਕ ਜਿਹੜੇ ਪਰਮੇਸ਼ਵਰ ਦੀ ਕਿਰਪਾ ਅਤੇ ਧਰਮੀ ਹੋਣ ਦੇ ਵਰਦਾਨ ਨੂੰ ਪ੍ਰਾਪਤ ਕਰਦੇ ਹਨ, ਇੱਕ ਆਦਮੀ, ਯਿਸ਼ੂ ਮਸੀਹ ਦੇ ਰਾਹੀਂ ਜੀਉਣਗੇ।

18 ਇਸ ਲਈ ਜਿਵੇਂ ਕਿ ਇੱਕ ਗੁਨਾਹ ਸਾਰੇ ਲੋਕਾਂ ਲਈ ਨਿੰਦਿਆ ਦਾ ਨਤੀਜਾ ਹੈ, ਇਸੇ ਤਰ੍ਹਾਂ ਇੱਕ ਧਰਮੀ ਕੰਮ ਦੇ ਕਰਕੇ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਗਿਆ ਅਤੇ ਸਭ ਨੂੰ ਜ਼ਿੰਦਗੀ ਮਿਲੀ। 19 ਜਿਸ ਤਰ੍ਹਾਂ ਆਦਮ ਦੇ ਅਣ-ਆਗਿਆਕਾਰੀ ਹੋਣ ਕਾਰਨ ਬਹੁਤ ਸਾਰੇ ਲੋਕ ਪਾਪੀ ਬਣਾਏ ਗਏ, ਉਸੇ ਤਰ੍ਹਾਂ ਆਦਮ ਦੇ ਆਗਿਆਕਾਰੀ ਹੋਣ ਕਾਰਨ ਵੀ ਬਹੁਤ ਸਾਰੇ ਲੋਕ ਧਰਮੀ ਬਣਾਏ ਜਾਣਗੇ।

20 ਬਿਵਸਥਾ ਇਸ ਲਈ ਦਿੱਤੀ ਗਈ ਸੀ ਤਾਂ ਜੋ ਸਾਰੇ ਲੋਕ ਵੇਖ ਸਕਣ ਕਿ ਉਹ ਕਿੰਨੇ ਪਾਪੀ ਸਨ। ਪਰ ਜਿਵੇਂ ਲੋਕਾਂ ਨੇ ਵੱਧ ਤੋਂ ਵੱਧ ਪਾਪ ਕੀਤੇ, ਪਰਮੇਸ਼ਵਰ ਦੀ ਅਦਭੁਤ ਕਿਰਪਾ ਹੋਰ ਵਧੇਰੀ ਹੁੰਦੀ ਗਈ। 21 ਇਸ ਲਈ, ਜਿਵੇਂ ਪਾਪ ਨੇ ਮੌਤ ਰਾਹੀਂ ਰਾਜ ਕੀਤਾ, ਉਸੇ ਤਰ੍ਹਾਂ ਪਰਮੇਸ਼ਵਰ ਦੀ ਕਿਰਪਾ ਧਾਰਮਿਕਤਾ ਦੁਆਰਾ ਰਾਜ ਕੀਤਾ ਤਾਂ ਜੋ ਯਿਸ਼ੂ ਮਸੀਹ ਰਾਹੀਂ ਸਦੀਪਕ ਜੀਵਨ ਮਿਲ ਸਕੇ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-