1 ਅਸੀਂ ਜੋ ਵਿਸ਼ਵਾਸ ਵਿੱਚ ਮਜ਼ਬੂਤ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨਾਲ ਧੀਰਜ ਰੱਖੀਏ ਨਾ ਕਿ ਸਿਰਫ ਆਪਣੇ ਵਿੱਚ ਅਨੰਦ ਰਹੀਏ 2 ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੁਆਂਢੀ ਦੀ ਖੁਸ਼ਹਾਲੀ ਨੂੰ ਉਸ ਦੀ ਭਲਾਈ ਅਤੇ ਤਰੱਕੀ ਲਈ ਖੁਸ਼ ਹੋਣਾ ਚਾਹੀਦਾ ਹੈ। 3 ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ, ਪਰ ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: "ਜਿਹੜੇ ਲੋਕ ਤੇਰੀ ਨਿੰਦਿਆ ਕਰਦੇ ਹਨ ਉਹਨਾਂ ਦੀ ਨਿੰਦਿਆਂ ਮੇਰੇ ਉੱਤੇ ਡਿੱਗ ਪਈ ਹੈ।" 4 ਕਿਉਂਕਿ ਜੋ ਕੁਝ ਪਹਿਲਾਂ ਹੀ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ ਉਹ ਸਾਨੂੰ ਸਿਖਾਉਣ ਲਈ ਲਿਖਿਆ ਗਿਆ ਸੀ, ਤਾਂ ਜੋ ਸਹਿਣਸ਼ੀਲਤਾ ਦੁਆਰਾ ਸਿਖਾਇਆ ਗਿਆ ਪਵਿੱਤਰ ਸ਼ਾਸਤਰ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ।
5 ਪਰਮੇਸ਼ਵਰ ਜੋ ਧੀਰਜ ਅਤੇ ਦਿਲਾਸਾ ਦਿੰਦਾ ਹੈ, ਤੁਹਾਨੂੰ ਇੱਕ-ਦੂਜੇ ਪ੍ਰਤੀ ਉਹੋ ਜਿਹਾ ਰਵੱਈਆ ਦੇਵੇ ਜੋ ਮਸੀਹ ਯਿਸ਼ੂ ਦਾ ਸੀ, 6 ਤਾਂ ਜੋ ਇੱਕ ਮਨ ਅਤੇ ਇੱਕ ਆਵਾਜ਼ ਨਾਲ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਵਡਿਆਈ ਕਰ ਸਕੋ।
7 ਇੱਕ-ਦੂਜੇ ਨੂੰ ਸਵੀਕਾਰ ਕਰੋ, ਜਿਵੇਂ ਕਿ ਮਸੀਹ ਨੇ ਤੁਹਾਨੂੰ ਸਵੀਕਾਰ ਕੀਤਾ ਹੈ, ਤਾਂ ਜੋ ਪਰਮੇਸ਼ਵਰ ਦੀ ਉਸਤਤ ਹੋਵੇ। 8 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਪਰਮੇਸ਼ਵਰ ਦੀ ਸੱਚਾਈ ਦੇ ਲਈ ਯਹੂਦੀ ਲੋਕਾਂ ਦਾ ਸੇਵਕ ਬਣ ਗਿਆ ਹੈ, ਤਾਂ ਜੋ ਪਰਮੇਸ਼ਵਰ ਸਾਡੇ ਪਿਉ-ਦਾਦਿਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰੇ। 9 ਅਤੇ ਇਸ ਤੋਂ ਇਲਾਵਾ, ਪਰਾਈਆਂ ਕੌਮਾਂ ਉਸ ਦੀ ਦਯਾ ਲਈ ਪਰਮੇਸ਼ਵਰ ਦੀ ਵਡਿਆਈ ਕਰਨ ਜਿਵੇਂ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਇਸ ਲਈ ਮੈਂ ਪਰਾਈਆਂ ਕੌਮਾਂ ਦੇ ਵਿੱਚ ਤੇਰੀ ਉਸਤਤ ਕਰਾਂਗਾ;
ਮੈਂ ਤੁਹਾਡੇ ਨਾਮ ਦੀ ਉਸਤਤ ਗਾਵਾਂਗਾ।"
10 ਫਿਰ, ਬਚਨ ਕਹਿੰਦਾ ਹੈ,
"ਤੁਸੀਂ ਗ਼ੈਰ-ਯਹੂਦੀਓ, ਉਸ ਦੇ ਲੋਕਾਂ ਨਾਲ ਖੁਸ਼ ਹੋਵੋ।"
11 ਅਤੇ ਦੁਬਾਰਾ ਫਿਰ ਕਹਿੰਦਾ ਹੈ,
"ਸਾਰੇ ਗ਼ੈਰ-ਯਹੂਦੀਓ, ਪ੍ਰਭੂ ਦੀ ਉਸਤਤ ਕਰੋ;
ਹੇ ਸਾਰੇ ਲੋਕੋ ਉਸ ਦੀ ਉਸਤਤ ਕਰੋ।"
12 ਅਤੇ ਯਸ਼ਾਯਾਹ ਫਿਰ ਕਹਿੰਦਾ ਹੈ,
"ਯੱਸੀ ਦੀ ਜੜ੍ਹ ਉੱਭਰੇਗੀ,
ਉਹ ਜੋ ਕੌਮਾਂ ਉੱਤੇ ਰਾਜ ਕਰਨ ਲਈ ਉੱਠੇਗਾ;
ਪਰਾਈਆਂ ਕੌਮਾਂ ਉਸ ਵਿੱਚ ਆਸ ਰੱਖਣਗੀਆਂ।" (ਸੈਪਟੁਜਿੰਟ ਦੇਖੋ)
13 ਉਮੀਦ ਦਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ, ਤਾਂ ਜੋ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਮੀਦ ਵਿੱਚ ਭਰਪੂਰ ਹੋ ਸਕੋ।
14 ਹੇ ਮੇਰੇ ਭਰਾਵੋ ਅਤੇ ਭੈਣੋ, ਮੈਨੂੰ ਖੁਦ ਯਕੀਨ ਹੈ ਕਿ ਤੁਸੀਂ ਖੁਦ ਭਲਾਈ ਨਾਲ ਭਰੇ ਹੋਏ ਹੋ, ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ-ਦੂਜੇ ਨੂੰ ਸਿੱਖਿਆ ਦੇਣ ਦੇ ਯੋਗ ਹੋ। 15 ਫਿਰ ਵੀ, ਮੈਂ ਤੁਹਾਨੂੰ ਦੁਬਾਰਾ ਯਾਦ ਕਰਾਉਣ ਲਈ ਕੁਝ ਵਿਸ਼ਿਆਂ ਉੱਤੇ ਹਿੰਮਤ ਨਾਲ ਲਿਖਿਆ ਹੈ। ਇਹ ਇਸ ਲਈ ਹੈ ਕਿਉਂਕਿ ਮੈਨੂੰ ਪਰਮੇਸ਼ਵਰ ਦੁਆਰਾ ਕਿਰਪਾ ਦਿੱਤੀ ਗਈ ਹੈ 16 ਕਿ ਮੈਂ ਪਰਮੇਸ਼ਵਰ ਦੀ ਸਵਰਗੀ ਖੁਸ਼ਖ਼ਬਰੀ ਦੇ ਜਾਜਕ ਦੇ ਤੌਰ ਉੱਤੇ ਗ਼ੈਰ-ਯਹੂਦੀਆਂ ਲਈ ਮਸੀਹ ਯਿਸ਼ੂ ਦਾ ਸੇਵਕ ਹੋਵਾਂ, ਤਾਂ ਜੋ ਗ਼ੈਰ-ਯਹੂਦੀਆਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਸਵੀਕਾਰ ਹੋਵੇ।
17 ਇਸ ਲਈ ਮੈਂ ਪਰਮੇਸ਼ਵਰ ਦੀ ਸੇਵਾ ਵਿੱਚ ਮਸੀਹ ਯਿਸ਼ੂ ਵਿੱਚ ਅਭਮਾਨ ਕਰਦਾ ਹਾਂ। 18 ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਬੋਲਾਂਗਾ ਕਿ ਮਸੀਹ ਯਿਸ਼ੂ ਨੇ ਮੈਨੂੰ ਗ਼ੈਰ-ਯਹੂਦੀਆਂ ਦੇ ਲਈ ਚੁਣਿਆ ਹੈ ਤਾਂ ਜੋ ਮੇਰੇ ਪ੍ਰਚਾਰ ਦੁਆਰਾ ਮੈਂ ਗ਼ੈਰ-ਯਹੂਦੀਆਂ ਨੂੰ ਪਰਮੇਸ਼ਵਰ ਦੀ ਆਗਿਆ ਵਿੱਚ ਲੈ ਕੇ ਆਵਾਂ। 19 ਇਹ ਸਭ ਚਿੰਨ੍ਹ ਅਤੇ ਚਮਤਕਾਰਾਂ ਨਾਲ ਜੋ ਪਰਮੇਸ਼ਵਰ ਦੇ ਆਤਮਾ ਦੀ ਸ਼ਕਤੀ ਦੁਆਰਾ ਹੈ। ਇਸ ਲਈ ਯੇਰੂਸ਼ਲੇਮ ਤੋਂ ਲੈ ਕੇ ਇੱਲੁਰਿਕੁਨ ਤੱਕ, ਮੈਂ ਮਸੀਹ ਦੀ ਖੁਸ਼ਖ਼ਬਰੀ ਦਾ ਪੂਰੀ ਤਰ੍ਹਾਂ ਐਲਾਨ ਕੀਤਾ ਹੈ। 20 ਮੇਰੀ ਹਮੇਸ਼ਾ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਇੱਛਾ ਰਹੀ ਹੈ ਜਿੱਥੇ ਮਸੀਹ ਨੂੰ ਨਹੀਂ ਜਾਣਿਆ ਜਾਂਦਾ ਸੀ, ਤਾਂ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਨਿਰਮਾਣ ਨਾ ਕਰਾਂ। 21 ਸਗੋਂ, ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ ਸੀ ਉਹ ਵੇਖਣਗੇ,
ਅਤੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸਮਝਣਗੇ।" (ਸੈਪਟੁਜਿੰਟ ਦੇਖੋ)
22 ਇਸੇ ਕਰਕੇ ਮੈਨੂੰ ਤੁਹਾਡੇ ਕੋਲ ਆਉਣ ਤੋਂ ਅਕਸਰ ਰੋਕਿਆ ਜਾਂਦਾ ਰਿਹਾ ਹੈ।
23 ਪਰ ਹੁਣ ਜਦੋਂ ਕਿ ਇਨ੍ਹਾਂ ਖੇਤਰਾਂ ਵਿੱਚ ਮੇਰੇ ਲਈ ਕੰਮ ਕਰਨ ਲਈ ਕੋਈ ਹੋਰ ਜਗ੍ਹਾ ਨਹੀਂ ਹੈ, ਅਤੇ ਜਦੋਂ ਕਿ ਮੈਂ ਤੁਹਾਨੂੰ ਮਿਲਣ ਲਈ ਕਈ ਸਾਲਾਂ ਤੋਂ ਤਰਸ ਰਿਹਾ ਹਾਂ। 24 ਇਹ ਮੇਰੇ ਲਈ ਸੰਭਵ ਹੋਵੇਗਾ ਜਦੋਂ ਮੈਂ ਸਪੇਨ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਾਂਦੇ ਸਮੇਂ ਮਿਲੋਗੇ ਅਤੇ ਕੁਝ ਸਮੇਂ ਲਈ ਤੁਹਾਡੀ ਸੰਗਤੀ ਦਾ ਆਨੰਦ ਲਵਾਂਗਾ ਅਤੇ ਤੁਹਾਡੀ ਸਹਾਇਤਾ ਪ੍ਰਾਪਤ ਕਰਾਂਗਾ। 25 ਪਰ ਹੁਣ, ਮੈਂ ਯੇਰੂਸ਼ਲੇਮ ਨੂੰ ਜਾ ਰਿਹਾ ਹਾਂ, ਉੱਥੇ ਪ੍ਰਭੂ ਦੇ ਸੰਤਾਂ ਦੀ ਸੇਵਾ ਕਰਨ ਲਈ ਜਾਂਦਾ ਹਾਂ। 26 ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੀ ਕਲੀਸਿਆ ਯੇਰੂਸ਼ਲੇਮ ਵਿੱਚ ਪ੍ਰਭੂ ਦੇ ਸੰਤਾਂ ਦੇ ਲਈ ਜੋ ਗਰੀਬ ਸਨ ਯੋਗਦਾਨ ਪਾ ਕੇ ਖੁਸ਼ ਸਨ। 27 ਉਹ ਇਸ ਨੂੰ ਕਰਨ ਵਿੱਚ ਖੁਸ਼ ਸਨ, ਅਤੇ ਸੱਚ-ਮੁੱਚ ਉਹ ਉਹਨਾਂ ਦੇ ਕਰਜ਼ਦਾਰ ਹਨ। ਕਿਉਂਕਿ ਜੇ ਗ਼ੈਰ-ਯਹੂਦੀਆਂ ਨੇ ਯਹੂਦੀਆਂ ਦੀਆਂ ਆਤਮਿਕ ਬਰਕਤਾਂ ਵਿੱਚ ਹਿੱਸਾ ਲਿਆ ਹੈ, ਤਾਂ ਉਹ ਯਹੂਦੀਆਂ ਦੇ ਨਾਲ ਆਪਣੀਆਂ ਸਰੀਰਕ ਬਰਕਤਾਂ ਵੀ ਸਾਂਝਿਆਂ ਕਰਨ। 28 ਜਿਵੇਂ ਹੀ ਮੈਂ ਇਹ ਦਾਨ ਦੇ ਦਿੱਤਾ ਅਤੇ ਉਹਨਾਂ ਦਾ ਇਹ ਨੇਕ ਕੰਮ ਪੂਰਾ ਕਰ ਲਿਆ, ਮੈਂ ਸਪੇਨ ਜਾਂਦੇ ਹੋਏ ਤੁਹਾਨੂੰ ਮਿਲਣ ਆਵਾਂਗਾ। 29 ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਮੈਂ ਮਸੀਹ ਦੀ ਬਰਕਤ ਦੇ ਪੂਰੇ ਪੈਮਾਨੇ ਦੇ ਨਾਲ ਆਵਾਂਗਾ।
30 ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੁਆਰਾ, ਮੇਰੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਕੇ ਮੇਰੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋਵੋ। 31 ਪ੍ਰਾਰਥਨਾ ਕਰੋ ਕਿ ਮੈਨੂੰ ਯਹੂਦਿਯਾ ਦੇ ਅਵਿਸ਼ਵਾਸੀਆਂ ਤੋਂ ਸੁਰੱਖਿਅਤ ਰੱਖਿਆ ਜਾਵੇ ਅਤੇ ਜੋ ਯੇਰੂਸ਼ਲੇਮ ਵਿੱਚ ਮੈਂ ਯੋਗਦਾਨ ਪਾਉਂਦਾ ਹਾਂ ਉਹ ਪ੍ਰਭੂ ਦੇ ਸੰਤਾਂ ਦੁਆਰਾ ਉੱਥੇ ਪ੍ਰਾਪਤ ਕੀਤਾ ਜਾ ਸਕੇ, 32 ਤਾਂ ਜੋ ਮੈਂ ਖੁਸ਼ੀ ਨਾਲ, ਪਰਮੇਸ਼ਵਰ ਦੀ ਇੱਛਾ ਨਾਲ ਤੁਹਾਡੇ ਕੋਲ ਆ ਸਕਾਂ, ਅਤੇ ਤੁਹਾਡੀ ਸੰਗਤ ਵਿੱਚ ਆਰਾਮ ਕਰ ਸਕਾਂ। 33 ਸ਼ਾਂਤੀ ਦਾ ਪਰਮੇਸ਼ਵਰ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਮੀਨ।