1 ਮੈਂ ਮਸੀਹ ਵਿੱਚ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲ ਰਿਹਾ, ਮੇਰਾ ਮਨ ਪਵਿੱਤਰ ਆਤਮਾ ਦੁਆਰਾ ਮੇਰਾ ਗਵਾਹ ਹੈ। 2 ਕਿ ਮੇਰਾ ਦਿਲ ਬਹੁਤ ਦੁੱਖੀ ਹੈ ਅਤੇ ਇਸ ਵਿੱਚ ਬੇਅੰਤ ਦੁੱਖ ਹੈ। 3 ਮੈਂ ਆਪਣੇ ਯਹੂਦੀ ਭਰਾਵਾਂ ਅਤੇ ਭੈਣਾਂ ਲਈ ਮੈਂ ਹਮੇਸ਼ਾ ਲਈ ਸਰਾਪਿਆ ਜਾਵਾਂ ਅਤੇ ਮਸੀਹ ਤੋਂ ਵੱਖ ਹੋ ਜਾਵਾਂ ਜੇ ਇਹ ਉਨ੍ਹਾਂ ਨੂੰ ਬਚਾਏਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਲਈ ਆਪਣੇ ਭਰਾਵਾਂ ਦੀ ਖ਼ਾਤਰ ਜੋ ਕਿ ਸਰੀਰ ਵਿੱਚ ਮੇਰੇ ਆਪਣੇ ਰਿਸ਼ਤੇਦਾਰ ਹਨ ਸਰਾਪਿਆ ਜਾਣਾ ਬਿਹਤਰ ਹੁੰਦਾ, ਅਤੇ ਮਸੀਹ ਤੋਂ ਵੱਖਰਾ ਹੋ ਜਾਵਾਂ ਜੇ ਇਹ ਕਰਨ ਨਾਲ ਉਨ੍ਹਾਂ ਦਾ ਬਚਾ ਹੋ ਸਕਦਾ ਹੈ, 4 ਉਹ ਇਸਰਾਏਲ ਦੇ ਲੋਕ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਗੋਦ ਲਏ ਬੱਚੇ ਹੋਣ ਲਈ ਚੁਣਿਆ ਗਿਆ ਹੈ। ਪਰਮੇਸ਼ਵਰ ਨੇ ਉਨ੍ਹਾਂ ਉੱਤੇ ਆਪਣੀ ਮਹਿਮਾ ਪ੍ਰਗਟ ਕੀਤੀ। ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹੇ ਅਤੇ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ। ਉਸ ਨੇ ਉਨ੍ਹਾਂ ਨੂੰ ਉਸ ਦੀ ਉਪਾਸਨਾ ਕਰਨ ਅਤੇ ਉਸ ਦੇ ਸ਼ਾਨਦਾਰ ਵਾਅਦੇ ਪ੍ਰਾਪਤ ਕਰਨ ਦਾ ਸਨਮਾਨ ਦਿੱਤਾ। 5 ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦਾ ਮਨੁੱਖੀ ਜਨਮ ਵੀ ਹੋਇਆ, ਜੋ ਸਾਰਿਆਂ ਦਾ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!
6 ਇਹ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ਵਰ ਦਾ ਬਚਨ ਅਸਫ਼ਲ ਹੋ ਗਿਆ ਸੀ। ਸਾਰੇ ਲੋਕ ਜੋ ਇਸਰਾਏਲ ਤੋਂ ਆਏ ਹਨ ਇਸਰਾਏਲੀ ਨਹੀਂ ਹਨ। 7 ਕੇਵਲ ਅਬਰਾਹਾਮ ਦੀ ਸੰਤਾਨ ਹੋਣਾ ਹੀ ਉਹਨਾਂ ਨੂੰ ਅਸਲ ਵਿੱਚ ਅਬਰਾਹਾਮ ਦੇ ਬੱਚੇ ਨਹੀਂ ਬਣਾਉਂਦਾ। ਕਿਉਂਕਿ ਬਚਨ ਕਹਿੰਦਾ ਹੈ, "ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ" ਹਾਲਾਂਕਿ ਅਬਰਾਹਾਮ ਦੇ ਹੋਰ ਬੱਚੇ ਵੀ ਸਨ। 8 ਇਸਦਾ ਅਰਥ ਇਹ ਹੈ ਕਿ ਅਬਰਾਹਾਮ ਦੀ ਸਰੀਰਕ ਔਲਾਦ ਜ਼ਰੂਰੀ ਨਹੀਂ ਹੈ ਕਿ ਉਹ ਪਰਮੇਸ਼ਵਰ ਦੇ ਬੱਚੇ ਹਨ। ਪਰ ਇਹ ਵਾਅਦੇ ਦੇ ਬੱਚੇ ਹਨ ਜਿਨ੍ਹਾਂ ਨੂੰ ਅਬਰਾਹਾਮ ਦੀ ਸੰਤਾਨ ਮੰਨਿਆ ਜਾਂਦਾ ਹੈ। 9 ਪਰ ਪਰਮੇਸ਼ਵਰ ਨੇ ਵਾਅਦਾ ਇਸ ਤਰ੍ਹਾਂ ਕੀਤਾ ਸੀ: "ਨਿਸ਼ਚਿਤ ਸਮੇਂ ਤੇ ਮੈਂ ਵਾਪਸ ਆਵਾਂਗਾ, ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।"
10 ਸਿਰਫ ਇਹੀ ਨਹੀਂ, ਪਰ ਜਦੋਂ ਰਿਬਕਾਹ ਇਸਹਾਕ ਦੇ ਦੁਆਰਾ ਗਰਭਵਤੀ ਹੋਈ। 11 ਭਾਵੇਂ ਜੁੜਵੇ ਬੱਚੇ ਅਜੇ ਜੰਮੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੇ ਕੁਝ ਭਲਾ ਬੁਰਾ ਕੀਤਾ ਸੀ। ਪਰ ਫਿਰ ਵੀ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਦਾ ਚੋਣ ਦਾ ਮਕਸਦ ਪੂਰਾ ਹੋਇਆ: 12 ਇਹ ਕੰਮਾਂ ਦੁਆਰਾ ਨਹੀਂ, ਪਰ ਜਿਸ ਨੇ ਬੁਲਾਇਆ ਸੀ, ਉਸ ਨੂੰ ਕਿਹਾ ਗਿਆ ਸੀ, "ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।" 13 ਜਿਵੇਂ ਕਿ ਇਹ ਲਿਖਿਆ ਹੋਇਆ ਹੈ: "ਮੈਂ ਯਾਕੋਬ ਨੂੰ ਪਿਆਰ ਕੀਤਾ ਪਰ ਏਸਾਓ ਨੂੰ ਮੈਂ ਨਫ਼ਰਤ ਕਰਦਾ ਸੀ।"
14 ਫਿਰ ਅਸੀਂ ਕੀ ਆਖੀਏ? ਕੀ ਪਰਮੇਸ਼ਵਰ ਨੇ ਬੇਇਨਸਾਫ਼ੀ ਕੀਤੀ ਹੈ? ਬਿਲਕੁਲ ਨਹੀਂ! 15 ਕਿਉਂਕਿ ਪਰਮੇਸ਼ਵਰ ਮੋਸ਼ੇਹ ਨੂੰ ਕਹਿੰਦਾ ਹੈ,
"ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ,
ਅਤੇ ਮੈਂ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।"
16 ਇਸ ਲਈ ਇਹ ਮਨੁੱਖੀ ਇੱਛਾ ਜਾਂ ਕੋਸ਼ਿਸ਼ ਉੱਤੇ ਨਹੀਂ, ਪਰ ਪਰਮੇਸ਼ਵਰ ਦੀ ਦਯਾ ਉੱਤੇ ਨਿਰਭਰ ਕਰਦਾ ਹੈ। 17 ਕਿਉਂ ਜੋ ਪਵਿੱਤਰ ਸ਼ਾਸਤਰ ਫ਼ਿਰਾਊਨ ਨੂੰ ਇਸ ਤਰ੍ਹਾਂ ਕਹਿੰਦਾ ਹੈ: "ਮੈਂ ਤੈਨੂੰ ਇਸ ਉਦੇਸ਼ ਦੇ ਲਈ ਨਿਯੁਕਤ ਕੀਤਾ ਤਾਂ ਜੋ ਮੈਂ ਤੇਰੇ ਵਿੱਚ ਆਪਣੀ ਸ਼ਕਤੀ ਪ੍ਰਦਰਸ਼ਿਤ ਕਰ ਸਕਾਂ ਅਤੇ ਮੇਰਾ ਨਾਮ ਸਾਰੀ ਧਰਤੀ ਉੱਤੇ ਸੁਣਾਇਆ ਜਾਵੇ।" 18 ਇਸ ਲਈ ਪਰਮੇਸ਼ਵਰ ਆਪਣੀ ਇੱਛਾ ਦੇ ਅਨੁਸਾਰ ਆਪਣੇ ਚੁਣੇ ਹੋਇਆ ਤੇ ਆਪਣੀ ਦਯਾ ਕਰਦਾ ਹੈ ਅਤੇ ਜਿਹਦੇ ਉੱਤੇ ਚਾਹੁੰਦਾ ਉਹ ਦੇ ਉੱਤੇ ਸਖ਼ਤੀ ਕਰਦਾ ਹੈ।
19 ਤੁਹਾਡੇ ਵਿੱਚੋਂ ਕੋਈ ਮੈਨੂੰ ਕਹੇਗਾ: "ਕਿ ਫਿਰ ਪਰਮੇਸ਼ਵਰ ਸਾਡੇ ਉੱਤੇ ਦੋਸ਼ ਕਿਉਂ ਲਾਉਂਦਾ ਹੈ? ਕਿਉਂਕਿ ਕੌਣ ਪਰਮੇਸ਼ਵਰ ਦੀ ਇੱਛਾ ਦਾ ਵਿਰੋਧ ਕਰਨ ਦੇ ਯੋਗ ਹੈ?" 20 ਤੁਸੀਂ ਕੌਣ ਹੋ ਜੋ ਪਰਮੇਸ਼ਵਰ ਨਾਲ ਬਹਿਸ ਕਰਨ ਦੀ ਹਿੰਮਤ ਕਰੋ? ਕੀ ਕੋਈ ਚੀਜ਼ ਕਦੇ ਆਪਣੇ ਸਿਰਜਣਹਾਰ ਨੂੰ ਪੁੱਛ ਸਕਦੀ ਹੈ, "ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਇਆ ਹੈ?" 21 ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ ਕਿ ਇੱਕੋ ਮਿੱਟੀ ਵਿਚੋਂ ਕੁਝ ਬਰਤਨ ਖਾਸ ਮਕਸਦ ਲਈ ਬਣਾਵੇ ਅਤੇ ਕੁਝ ਆਮ ਵਰਤੋਂ ਲਈ?
22 ਇਸੇ ਤਰ੍ਹਾਂ, ਪਰਮੇਸ਼ਵਰ ਨੂੰ ਆਪਣਾ ਕ੍ਰੋਧ ਅਤੇ ਆਪਣੀ ਸ਼ਕਤੀ ਦਿਖਾਉਣ ਦਾ ਅਧਿਕਾਰ ਹੈ, ਉਹ ਉਨ੍ਹਾਂ ਲੋਕਾਂ ਨਾਲ ਬਹੁਤ ਧੀਰਜ ਰੱਖਦਾ ਹੈ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਡਿੱਗਦਾ ਹੈ, ਜੋ ਤਬਾਹੀ ਲਈ ਹੁੰਦੇ ਹਨ। 23 ਜੇ ਪਰਮੇਸ਼ਵਰ ਨੇ ਅਜਿਹਾ ਕੀਤਾ ਹੈ ਤਾਂ ਉਹ ਆਪਣੀ ਮਹਿਮਾ ਦੇ ਧਨ ਨੂੰ ਉਹਨਾਂ ਦਯਾ ਦੇ ਭਾਂਡਿਆਂ ਉੱਤੇ ਪ੍ਰਗਟ ਕਰ ਸਕੇ, ਜਿਸ ਨੂੰ ਉਸ ਨੇ ਮਹਿਮਾ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ। 24 ਸਾਨੂੰ ਵੀ ਜਿਸ ਨੂੰ ਉਸ ਨੇ ਵੀ ਬੁਲਾਇਆ ਸੀ, ਨਾ ਸਿਰਫ ਯਹੂਦੀਆਂ ਵਿੱਚੋਂ, ਪਰ ਗ਼ੈਰ-ਯਹੂਦੀਆਂ ਵਿੱਚੋਂ ਵੀ? 25 ਜਿਵੇਂ ਕਿ ਉਹ ਹੋਸ਼ੇਆ ਵਿੱਚ ਕਹਿੰਦਾ ਹੈ:
"ਮੈਂ ਉਹਨਾਂ ਨੂੰ ‘ਮੇਰੇ ਲੋਕ’ ਕਹਾਂਗਾ ਜੋ ਮੇਰੇ ਲੋਕ ਨਹੀਂ ਹਨ;
ਅਤੇ ਮੈਂ ਉਸ ਨੂੰ ਮੇਰਾ ਪਿਆਰਾ ਕਹਾਂਗਾ ਜੋ ਮੇਰਾ ਪਿਆਰਾ ਨਹੀਂ ਹੈ।"
26 ਅਤੇ,
"ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ,
‘ਤੁਸੀਂ ਮੇਰੇ ਲੋਕ ਨਹੀਂ ਹੋ,’
ਉੱਥੇ ਉਹਨਾਂ ਨੂੰ ‘ਜੀਉਂਦੇ ਪਰਮੇਸ਼ਵਰ ਦੇ ਬੱਚੇ’ ਕਿਹਾ ਜਾਵੇਗਾ।"
27 ਯਸ਼ਾਯਾਹ ਨੇ ਇਸਰਾਏਲ ਬਾਰੇ ਦੁਹਾਈ ਦਿੱਤੀ:
"ਹਾਲਾਂਕਿ ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਰਗੀ ਸੀ,
ਸਿਰਫ ਚੁਣੇ ਬਚਾਏ ਜਾਣਗੇ।
28 ਕਿਉਂਕਿ ਪ੍ਰਭੂ ਧਰਤੀ ਉੱਤੇ
ਆਪਣੀ ਸਜ਼ਾ ਦੀ ਗਤੀ ਅਤੇ ਅੰਤ ਨੂੰ ਪੂਰਾ ਕਰੇਗਾ।" (ਸੈਪਟੁਜਿੰਟ ਦੇਖੋ)
29 ਇਹ ਉਵੇਂ ਹੀ ਯਸ਼ਾਯਾਹ ਨੇ ਪਹਿਲਾਂ ਕਿਹਾ ਸੀ:
"ਜਦ ਤੱਕ ਸਰਵਸ਼ਕਤੀਮਾਨ ਪਰਮੇਸ਼ਵਰ
ਸਾਡੇ ਲਈ ਅੰਸ ਨੂੰ ਨਾ ਛੱਡਦਾ,
ਅਸੀਂ ਸੋਦੋਮ ਵਰਗੇ ਹੋ ਜਾਂਦੇ,
ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।"
30 ਤਾਂ ਫਿਰ ਅਸੀਂ ਕੀ ਆਖੀਏ? ਕਿ ਪਰਾਈਆਂ ਕੌਮਾਂ ਜਿਹੜੀਆਂ ਧਰਮ ਦਾ ਪਿੱਛਾ ਨਹੀਂ ਕਰਦੀਆਂ, ਉਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ ਉਹ ਧਰਮ ਨੂੰ ਜੋ ਵਿਸ਼ਵਾਸ ਦੁਆਰਾ ਹੈ। 31 ਪਰ ਇਸਰਾਏਲ ਦੇ ਲੋਕ, ਜਿਨ੍ਹਾਂ ਨੇ ਧਾਰਮਿਕਤਾ ਦੀ ਬਿਵਸਥਾ ਦਾ ਪਿੱਛਾ ਕੀਤਾ ਪਰ ਫਿਰ ਵੀ ਉਹ ਅਸਫ਼ਲ ਰਹੇ। 32 ਇਸ ਦਾ ਕੀ ਕਾਰਨ ਹੈ? ਕਿਉਂਕਿ ਉਹਨਾਂ ਨੇ ਇਸ ਦੀ ਪਾਲਣਾ ਨਿਹਚਾ ਨਾਲ ਨਹੀਂ ਕੀਤੀ, ਪਰ ਉਹਨਾਂ ਇਹ ਕੰਮਾਂ ਦੁਆਰਾ ਕੀਤੀ। ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ। 33 ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਇਸ ਤਰ੍ਹਾਂ ਲਿਖਿਆ ਹੋਇਆਂ ਹੈ:
"ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ ਅਤੇ ਇੱਕ ਚੱਟਾਨ ਜਿਸ ਕਾਰਨ ਉਹ ਡਿੱਗਣਗੇ ਰੱਖਦਾ ਹਾਂ,
ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ,
ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।"