Publicidade

Romanos 7

ਬਿਵਸਥਾ ਤੋਂ ਮੁਕਤ, ਮਸੀਹ ਦਾ ਬੰਦੀ

1 ਭਰਾਵੋ ਅਤੇ ਭੈਣੋ, ਤੁਸੀਂ ਜਿਹੜੇ ਬਿਵਸਥਾ ਨੂੰ ਜਾਣਦੇ ਹੋ, ਕੀ ਤੁਹਾਨੂੰ ਨਹੀਂ ਪਤਾ ਕਿ ਕੋਈ ਵੀ ਵਿਅਕਤੀ ਤੇ ਬਿਵਸਥਾ ਦਾ ਅਧਿਕਾਰ ਉਦੋਂ ਤੱਕ ਹੈ ਜਦੋਂ ਤੱਕ ਉਹ ਵਿਅਕਤੀ ਜਿਉਂਦਾ ਹੈ? 2 ਉਦਾਹਰਣ ਦੇ ਲਈ, ਬਿਵਸਥਾ ਦੁਆਰਾ ਇੱਕ ਵਿਆਹੀ ਔਰਤ ਜਿੰਨੀ ਦੇਰ ਤੱਕ ਉਸ ਦਾ ਪਤੀ ਜਿੰਦਾ ਹੈ ਉਸ ਬਿਵਸਥਾ ਦੇ ਬੰਧਨ ਵਿੱਚ ਹੈ, ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਔਰਤ ਉਸ ਬਿਵਸਥਾ ਤੋਂ ਮੁਕਤ ਹੋ ਜਾਂਦੀ ਹੈ ਜਿਸ ਦੁਆਰਾ ਉਹ ਆਪਣੇ ਪਤੀ ਦੇ ਬੰਧਨ ਵਿੱਚ ਸੀ। 3 ਇਸ ਲਈ, ਜੇ ਉਸ ਦਾ ਪਤੀ ਜਿਉਂਦਾ ਹੈ, ਅਤੇ ਉਹ ਔਰਤ ਕਿਸੇ ਹੋਰ ਆਦਮੀ ਨਾਲ ਰਹੇ ਤਾਂ ਵਿਭਚਾਰਨ ਅਖਵਾਏਗੀ। ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਉਸ ਬਿਵਸਥਾ ਤੋਂ ਮੁਕਤ ਹੈ ਅਤੇ ਜੇ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵਿਭਚਾਰਨ ਨਹੀਂ ਹੈ।

4 ਸੋ ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਮਸੀਹ ਦੇ ਸਰੀਰ ਰਾਹੀਂ ਬਿਵਸਥਾ ਦੇ ਵੱਲੋਂ ਮਰ ਗਏ ਤਾਂ ਜੋ ਤੁਸੀਂ ਇੱਕ-ਦੂਜੇ ਦੇ ਹੋ ਸਕੋ ਅਰਥਾਤ ਉਸ ਦੇ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਜੋ ਅਸੀਂ ਪਰਮੇਸ਼ਵਰ ਲਈ ਫ਼ਲ ਦੇ ਸਕੀਏ। 5 ਕਿਉਂਕਿ ਜਦੋਂ ਅਸੀਂ ਪਾਪੀ ਸੁਭਾਅ ਦੇ ਅੰਦਰ ਸੀ, ਪਾਪੀ ਇੱਛਾਵਾਂ ਜੋ ਬਿਵਸਥਾ ਦੇ ਦੁਆਰਾ ਸਾਡੇ ਅੰਗਾਂ ਨੂੰ ਪ੍ਰੇਰਿਤ ਕਰਦੀਆਂ ਸਨ ਕਿ ਅਸੀਂ ਮੌਤ ਦੇ ਲਈ ਫ਼ਲ ਲਿਆ ਸਕੀਏ। 6 ਪਰ ਹੁਣ ਸਾਨੂੰ ਬਿਵਸਥਾ ਤੋਂ ਮੁਕਤ ਕਰ ਦਿੱਤਾ ਗਿਆ ਹੈ, ਕਿਉਂਕਿ ਅਸੀਂ ਇਸ ਦੇ ਲਈ ਮਰ ਗਏ ਹਾਂ ਅਤੇ ਹੁਣ ਅਸੀਂ ਬਿਵਸਥਾ ਦੇ ਗੁਲਾਮ ਨਹੀਂ ਹਾਂ। ਇਸ ਲਈ ਅਸੀਂ ਪਵਿੱਤਰ ਆਤਮਾ ਦੇ ਨਵੇਂ ਤਰੀਕੇ ਨਾਲ ਸੇਵਾ ਕਰੀਏ, ਨਾ ਕਿ ਬਿਵਸਥਾ ਦੇ ਪੁਰਾਣੇ ਤਰੀਕੇ ਦੇ ਅਨੁਸਾਰ।

ਬਿਵਸਥਾ ਅਤੇ ਪਾਪ

7 ਤਾਂ ਫਿਰ ਅਸੀਂ ਕੀ ਕਹਾਂਗੇ? ਕੀ ਬਿਵਸਥਾ ਪਾਪ ਹੈ? ਬਿਲਕੁੱਲ ਨਹੀਂ! ਪਰ, ਜੇ ਬਿਵਸਥਾ ਤੋਂ ਬਿਨ੍ਹਾਂ ਮੈਨੂੰ ਇਹ ਨਾ ਪਤਾ ਹੁੰਦਾ ਕਿ ਪਾਪ ਕੀ ਸੀ। ਕਿਉਂਕਿ ਮੈਂ ਇਹ ਨਹੀਂ ਜਾਣਦਾ ਸੀ ਕਿ ਅਸਲ ਵਿੱਚ ਲਾਲਚ ਕੀ ਹੈ ਜੇ ਬਿਵਸਥਾ ਇਹ ਨਾ ਕਹਿੰਦੀ ਕਿ, "ਤੁਸੀਂ ਲਾਲਚ ਨਾ ਕਰੋ।" 8 ਪਰ ਪਾਪ ਨੇ ਇਸ ਹੁਕਮ ਦੀ ਵਰਤੋਂ ਕਰਕੇ ਮੇਰੇ ਅੰਦਰ ਹਰ ਕਿਸਮ ਦੀਆਂ ਲੋਭੀਆਂ ਇੱਛਾਵਾਂ ਨੂੰ ਪੈਦਾ ਕੀਤਾ। ਕਿਉਂਕਿ ਬਿਵਸਥਾ ਤੋਂ ਬਿਨਾਂ ਪਾਪ ਮੁਰਦਾ ਹੈ। 9 ਇੱਕ ਵਾਰ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ; ਪਰ ਜਦੋਂ ਆਗਿਆ ਆਈ ਤਾਂ ਪਾਪ ਜੀ ਪਿਆ ਅਤੇ ਮੈਂ ਮਰ ਗਿਆ। 10 ਮੈਂ ਇਹ ਪਾਇਆ ਕਿ ਜਿਹੜਾ ਹੁਕਮਨਾਮਾ ਜੀਵਨ ਸੀ ਅਸਲ ਵਿੱਚ ਉਹ ਮੇਰੇ ਲਈ ਮੌਤ ਲੈ ਕੇ ਆਇਆ। 11 ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਦੁਆਰਾ ਮੈਨੂੰ ਧੋਖਾ ਦਿੱਤਾ, ਅਤੇ ਹੁਕਮ ਨੇ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ। 12 ਇਸ ਲਈ, ਬਿਵਸਥਾ ਪਵਿੱਤਰ ਹੈ ਅਤੇ ਇਸ ਦੇ ਹੁਕਮ ਵੀ ਪਵਿੱਤਰ, ਧਰਮੀ ਅਤੇ ਚੰਗੇ ਹਨ।

13 ਪਰ ਇਹ ਕਿਵੇਂ ਹੋ ਸਕਦਾ ਹੈ? ਕੀ ਬਿਵਸਥਾ, ਜੋ ਭਲੀ ਹੈ, ਮੇਰੀ ਮੌਤ ਦਾ ਕਾਰਨ ਬਣੀ? ਬਿਲਕੁੱਲ ਨਹੀਂ! ਇਹ ਪਾਪ ਸੀ ਜਿਸ ਨੇ ਭਲਾਈ ਦੀ ਵਰਤੋਂ ਕੀਤੀ ਅਤੇ ਮੇਰੇ ਲਈ ਮੌਤ ਲਿਆਂਦੀ ਕਿ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਸਕੇ। ਅਤੇ ਇਸ ਲਈ, ਹੁਕਮ ਦੁਆਰਾ ਪਾਪ ਨੂੰ ਹੋਰ ਵੀ ਭਿਆਨਕ ਦਿਖਾਇਆ ਗਿਆ ਹੈ।

14 ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਿਕ ਹੈ; ਪਰ ਮੈਂ ਸਰੀਰਕ ਹਾਂ ਅਤੇ ਮੈਂ ਪਾਪ ਦੇ ਗੁਲਾਮ ਵਜੋਂ ਵੇਚਿਆ ਗਿਆ ਹਾਂ। 15 ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਾਂ। ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਪਰ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ ਉਹ ਕਰਦਾ ਹਾਂ। 16 ਅਤੇ ਜੇ ਮੈਂ ਉਹ ਕਰਦਾ ਹਾਂ ਜੋ ਮੈਂ ਨਹੀਂ ਕਰਨਾ ਚਾਹੁੰਦਾ, ਤਾਂ ਮੈਂ ਸਹਿਮਤ ਹਾਂ ਕਿ ਬਿਵਸਥਾ ਚੰਗੀ ਹੈ। 17 ਇਸ ਲਈ ਹੁਣ ਇਹ ਕੰਮ ਮੈਂ ਨਹੀਂ ਕਰਦਾ ਪਰ ਮੇਰੇ ਅੰਦਰ ਵੱਸਦਾ ਪਾਪ ਕਰਦਾ ਹੈ। 18 ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਨਹੀਂ ਹੈ, ਭਾਵ ਇਹ ਮੇਰੇ ਪਾਪੀ ਸੁਭਾਅ ਵਿੱਚ ਹੁੰਦਾ ਹੈ। ਕਿਉਂਕਿ ਮੈਂ ਭਲਾ ਕਰਨਾ ਚਾਹੁੰਦਾ ਹਾਂ, ਪਰ ਮੇਰੇ ਕੋਲੋਂ ਹੁੰਦਾ ਨਹੀਂ। 19 ਕਿਉਂਕਿ ਮੈਂ ਉਹ ਭਲਾ ਨਹੀਂ ਕਰਦਾ ਜੋ ਮੈਂ ਕਰਨਾ ਚਾਹੁੰਦਾ ਹਾਂ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ ਇਹ ਮੈਂ ਕਰਦਾ ਰਹਿੰਦਾ ਹਾਂ। 20 ਜੇ ਹੁਣ ਮੈਂ ਉਹ ਕਰਦਾ ਹਾਂ ਜੋ ਮੈਨੂੰ ਨਹੀਂ ਕਰਨਾ ਚਾਹੀਦਾ, ਤਾਂ ਇਹ ਮੈਂ ਨਹੀਂ ਜੋ ਕਰਦਾ ਹਾਂ, ਪਰ ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਇਹ ਕਰਦਾ ਹੈ।

21 ਇਸ ਲਈ ਮੈਨੂੰ ਇਸ ਸੱਚ ਦਾ ਅਹਿਸਾਸ ਹੈ ਕਿ ਜਿੱਥੇ ਮੈਂ ਭਲਾਈ ਕਰਨਾ ਚਾਹੁੰਦਾ ਹਾਂ, ਉੱਥੇ ਮੇਰੇ ਕੋਲ ਬੁਰਾਈ ਹੁੰਦੀ ਹੈ। 22 ਕਿਉਂਕਿ ਮੇਰਾ ਮਨ ਪਰਮੇਸ਼ਵਰ ਦੀ ਬਿਵਸਥਾ ਵਿੱਚ ਪ੍ਰਸੰਨ ਹੁੰਦਾ ਹਾਂ; 23 ਪਰ ਮੈਂ ਆਪਣੇ ਮਨ ਦੇ ਅੰਦਰ ਇੱਕ ਹੋਰ ਕਾਨੂੰਨ ਕੰਮ ਕਰਦਾ ਦੇਖਦਾ ਹੈ, ਜੋ ਮੇਰੇ ਮਨ ਦੀ ਬਿਵਸਥਾ ਵਿਰੁੱਧ ਲੜਦਾ ਹੈ ਅਤੇ ਇਹ ਮੈਨੂੰ ਪਾਪ ਦਾ ਕੈਦੀ ਬਣਾ ਰਿਹਾ ਹੈ ਜੋ ਮੇਰੇ ਅੰਦਰ ਕੰਮ ਕਰਦਾ ਹੈ। 24 ਮੈਂ ਕਿੰਨਾ ਮੰਦਭਾਗੀ ਮਨੁੱਖ ਹਾਂ! ਮੈਨੂੰ ਇਸ ਸਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੌਤ ਦੇ ਅਧੀਨ ਹੈ? 25 ਪਰਮੇਸ਼ਵਰ ਦਾ ਧੰਨਵਾਦ ਕਰੋ, ਜਿਹੜਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਾਹੀਂ ਸਾਨੂੰ ਬਚਾਉਂਦਾ ਹੈ!

ਇਸ ਲਈ ਮੈਂ ਆਪਣੇ ਮਨ ਵਿੱਚ ਪਰਮੇਸ਼ਵਰ ਦੀ ਬਿਵਸਥਾ ਦਾ ਇੱਕ ਗੁਲਾਮ ਹਾਂ, ਪਰ ਮੇਰੇ ਪਾਪੀ ਸਰੀਰ ਵਿੱਚ ਮੈਂ ਪਾਪ ਦੇ ਨੇਮ ਦਾ ਗੁਲਾਮ ਹਾਂ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-