1 ਤਾਂ ਫਿਰ ਯਹੂਦੀ ਹੋਣ ਦਾ ਕੀ ਫ਼ਾਇਦਾ ਹੈ ਜਾਂ ਸੁੰਨਤ ਦਾ ਕੀ ਲਾਭ ਹੈ? 2 ਹਰ ਤਰੀਕੇ ਨਾਲ ਬਹੁਤ ਸਾਰੇ ਫਾਇਦੇ ਹਨ! ਸਭ ਤੋਂ ਪਹਿਲਾਂ, ਯਹੂਦੀਆਂ ਨੂੰ ਪਰਮੇਸ਼ਵਰ ਦੇ ਵਚਨ ਦਿੱਤੇ ਗਏ ਹਨ।
3 ਇਹ ਸੱਚ ਹੈ ਕਿ ਉਹਨਾਂ ਵਿਚੋਂ ਕੁਝ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ; ਪਰ ਜੇ ਉਹ ਅਵਿਸ਼ਵਾਸੀ ਸਨ, ਕੀ ਇਸ ਦਾ ਮਤਲਬ ਇਹ ਹੈ ਕਿ ਪਰਮੇਸ਼ਵਰ ਵੀ ਵਫ਼ਾਦਾਰ ਨਹੀਂ ਹੈ? 4 ਬਿਲਕੁਲ ਨਹੀਂ! ਪਰਮੇਸ਼ਵਰ ਸੱਚਾ ਹੋਵੇ ਅਤੇ ਹਰ ਇਨਸਾਨ ਝੂਠਾ ਹੋਵੇ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ:
"ਤਾਂ ਜੋ ਤੁਸੀਂ ਬੋਲਣ ਵੇਲੇ ਸਹੀ ਸਿੱਧ ਹੋ ਸਕੋ
ਅਤੇ ਜਦੋਂ ਤੁਸੀਂ ਨਿਆਂ ਕਰੋ ਤਾਂ ਜਿੱਤ ਪ੍ਰਾਪਤ ਕਰੋ।"
5 ਪਰ ਜੇ ਸਾਡੀ ਬੁਰਾਈ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਪ੍ਰਗਟ ਕਰਦੀ, ਤਾਂ ਅਸੀਂ ਕੀ ਕਹਾਂਗੇ? ਕੀ ਪਰਮੇਸ਼ਵਰ ਸਾਡੇ ਉੱਤੇ ਆਪਣਾ ਕ੍ਰੋਧ ਲਿਆਉਣ ਵਿੱਚ ਅਧਰਮੀ ਹੈ (ਮੈਂ ਮਨੁੱਖੀ ਨਜ਼ਰੀਏ ਨਾਲ ਗੱਲ ਕਰ ਰਿਹਾ ਹਾਂ।) 6 ਬਿਲਕੁਲ ਨਹੀਂ! ਜੇ ਅਜਿਹਾ ਹੁੰਦਾ ਤਾਂ ਪਰਮੇਸ਼ਵਰ ਦੁਨੀਆਂ ਦਾ ਨਿਆਂ ਕਿਵੇਂ ਕਰ ਸਕਦੇ ਹਨ? 7 ਕੋਈ ਸ਼ਾਇਦ ਬਹਿਸ ਕਰ ਸਕਦਾ ਹੈ, "ਜੇ ਮੇਰਾ ਝੂਠ ਪਰਮੇਸ਼ਵਰ ਦੀ ਸੱਚਾਈ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਮਹਿਮਾ ਨੂੰ ਵਧਾਉਂਦਾ ਹੈ, ਤਾਂ ਮੈਨੂੰ ਅਜੇ ਵੀ ਪਾਪੀ ਸਮਝ ਕੇ ਨਿੰਦਿਆ ਕਿਉਂ ਜਾਂਦਾ ਹੈ?" 8 ਅਤੇ ਕੁਝ ਲੋਕ ਇਹ ਕਹਿੰਦੇ ਹੋਏ ਵੀ ਸਾਡੀ ਨਿੰਦਿਆ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, "ਜਿੰਨਾ ਅਸੀਂ ਪਾਪ ਕਰਦੇ ਹਾਂ ਉੱਨਾ ਹੀ ਚੰਗਾ!" ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹਨਾਂ ਦੇ ਲਈ ਸਜ਼ਾ ਹੀ ਠੀਕ ਹੈ।
9 ਇਸ ਦਾ ਅਰਥ ਕੀ ਹੋਇਆ ਫਿਰ? ਕੀ ਅਸੀਂ ਯਹੂਦੀ ਦੂਜਿਆਂ ਨਾਲੋਂ ਚੰਗੇ ਹਾਂ? ਨਹੀਂ ਬਿਲਕੁਲ ਵੀ ਨਹੀਂ! ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਸਾਰੇ ਲੋਕ, ਚਾਹੇ ਯਹੂਦੀ ਹੋਣ ਜਾਂ ਗ਼ੈਰ-ਯਹੂਦੀ, ਸਭ ਪਾਪ ਦੇ ਅਧੀਨ ਹਨ। 10 ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
ਕੋਈ ਵੀ ਧਰਮੀ ਨਹੀਂ, ਇੱਕ ਵੀ ਨਹੀਂ;
11 ਕੋਈ ਵੀ ਨਹੀਂ ਜੋ ਸਮਝਦਾ;
ਕੋਈ ਵੀ ਨਹੀਂ ਜੋ ਪਰਮੇਸ਼ਵਰ ਨੂੰ ਭਾਲਦਾ ਹੈ।
12 ਸਾਰੇ ਪਰਮੇਸ਼ਵਰ ਤੋਂ ਦੂਰ ਹਨ,
ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ,
ਕੋਈ ਵੀ ਭਲਾਈ ਨਹੀਂ ਕਰਦਾ,
ਇੱਕ ਵੀ ਨਹੀਂ।
13 "ਉਹਨਾਂ ਦੇ ਗਲੇ ਖੁੱਲ੍ਹੇ ਕਬਰ ਹਨ;
ਉਹਨਾਂ ਦੀ ਜੀਭ ਝੂਠ ਨਾਲ ਭਰੀ ਹੈ।"
"ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਵਿੱਚੋਂ ਨਿਕਲਦਾ ਹੈ।"
14 "ਉਹਨਾਂ ਦੇ ਮੂੰਹ ਸਰਾਪ ਅਤੇ ਕੌੜੇਪਣ ਨਾਲ ਭਰੇ ਹੋਏ ਹਨ।" (ਸੈਪਟੁਜਿੰਟ ਦੇਖੋ)
15 "ਉਨ੍ਹਾਂ ਦੇ ਪੈਰ ਖੂਨ ਵਹਾਉਣ ਲਈ ਤੇਜ਼ ਹਨ।
16 ਤਬਾਹੀ ਅਤੇ ਦੁੱਖ ਹਮੇਸ਼ਾ ਉਹਨਾਂ ਦਾ ਪਿੱਛਾ ਕਰਦੇ ਹਨ।
17 ਅਤੇ ਸ਼ਾਂਤੀ ਦੇ ਰਾਹ ਨੂੰ ਉਹ ਨਹੀਂ ਜਾਣਦੇ।"
18 "ਉਹਨਾਂ ਦੀਆਂ ਅੱਖਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।"
19 ਹੁਣ ਅਸੀਂ ਜਾਣਦੇ ਹਾਂ ਜੋ ਵੀ ਬਿਵਸਥਾ ਕਹਿੰਦੀ ਹੈ, ਪਰ ਇਹ ਉਹਨਾਂ ਲੋਕਾਂ ਨੂੰ ਕਹਿੰਦੀ ਹੈ ਜਿਹੜੇ ਬਿਵਸਥਾ ਦੇ ਅਧੀਨ ਹਨ, ਤਾਂ ਜੋ ਹਰੇਕ ਮੂੰਹ ਚੁੱਪ ਹੋ ਜਾਵੇ ਅਤੇ ਸਾਰੀ ਦੁਨੀਆਂ ਪਰਮੇਸ਼ਵਰ ਦੇ ਨਿਆਉਂ ਦੇ ਹੇਠ ਆ ਜਾਵੇਗੀ। 20 ਇਸ ਲਈ, ਕੋਈ ਵੀ ਵਿਅਕਤੀ ਬਿਵਸਥਾ ਦੇ ਕੰਮਾਂ ਦੁਆਰਾ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਨਹੀਂ ਠਹਿਰਾਇਆ ਜਾਵੇਗਾ; ਇਸ ਦੀ ਬਜਾਏ, ਬਿਵਸਥਾ ਦੁਆਰਾ ਅਸੀਂ ਆਪਣੇ ਪਾਪ ਬਾਰੇ ਜਾਣੂ ਹੁੰਦੇ ਹਾਂ।
21 ਪਰ ਹੁਣ ਬਿਵਸਥਾ ਤੋਂ ਬਿਨਾਂ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਜਿਸ ਬਾਰੇ ਬਿਵਸਥਾ ਅਤੇ ਨਬੀਆਂ ਨੇ ਗਵਾਹੀ ਦਿੱਤੀ ਹੈ। 22 ਪਰਮੇਸ਼ਵਰ ਦੀ ਇਹ ਧਾਰਮਿਕਤਾ ਯਿਸ਼ੂ ਮਸੀਹ ਵਿੱਚ ਨਿਹਚਾ ਦੁਆਰਾ ਉਹਨਾਂ ਸਭ ਲੋਕਾਂ ਨੂੰ ਦਿੱਤੀ ਗਈ ਹੈ ਜੋ ਵਿਸ਼ਵਾਸ ਕਰਦੇ ਹਨ। ਯਹੂਦੀ ਅਤੇ ਗ਼ੈਰ-ਯਹੂਦੀ ਵਿੱਚ ਕੋਈ ਅੰਤਰ ਨਹੀਂ ਹੈ, 23 ਸਾਰਿਆਂ ਨੇ ਪਾਪ ਕੀਤਾ ਹੈ ਅਤੇ ਉਹ ਪਰਮੇਸ਼ਵਰ ਦੀ ਮਹਿਮਾ ਤੋਂ ਵਾਂਝੇ ਹਨ, 24 ਪਰ ਪਰਮੇਸ਼ਵਰ ਦੀ ਮੁ਼ਫ਼ਤ ਕਿਰਪਾ ਦੇ ਰਾਹੀ ਉਸ ਛੁਟਕਾਰੇ ਦੇ ਰਾਹੀ ਜੋ ਮਸੀਹ ਯਿਸ਼ੂ ਵਿੱਚ ਹੁੰਦਾ ਹੈ ਸਭ ਧਰਮੀ ਠਹਿਰਾਏ ਗਏ ਹਨ। 25 ਪਰਮੇਸ਼ਵਰ ਨੇ ਯਿਸ਼ੂ ਨੂੰ ਪਾਪ ਦੀ ਬਲੀ ਵਜੋਂ ਪੇਸ਼ ਕੀਤਾ। ਜਦੋਂ ਲੋਕ ਵਿਸ਼ਵਾਸ ਕਰਦੇ ਹਨ ਕਿ ਯਿਸ਼ੂ ਨੇ ਆਪਣਾ ਜੀਵਨ ਕੁਰਬਾਨ ਕੀਤਾ, ਅਤੇ ਆਪਣਾ ਲਹੂ ਵਹਾਇਆ ਤਾਂ ਲੋਕ ਪਰਮੇਸ਼ਵਰ ਨਾਲ ਸੱਚੇ ਬਣ ਜਾਂਦੇ ਹਨ। ਇਹ ਕੁਰਬਾਨੀ ਦਰਸਾਉਂਦੀ ਹੈ ਕਿ ਪਰਮੇਸ਼ਵਰ ਸਹੀ ਸੀ, ਜਦੋਂ ਉਹ ਪਿੱਛੇ ਹਟਿਆ ਅਤੇ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਪਾਪ ਕੀਤੇ ਸਨ। 26 ਪਰਮੇਸ਼ਵਰ ਨੇ ਇਹ ਧਾਰਮਿਕਤਾ ਨੂੰ ਇਸ ਸਮੇਂ ਵਿੱਚ ਦਿਖਾਉਣ ਲਈ ਕੀਤਾ, ਤਾਂ ਜੋ ਉਹ ਵਿਅਕਤੀ ਜੋ ਯਿਸ਼ੂ ਵਿੱਚ ਵਿਸ਼ਵਾਸ ਰੱਖਦਾ ਹੈ ਪਰਮੇਸ਼ਵਰ ਉਸ ਨੂੰ ਧਰਮੀ ਠਹਿਰਾਉਂਦਾ ਹੈ।
27 ਤਾਂ ਕੀ ਫਿਰ ਅਸੀਂ ਕਿਸੇ ਤੇ ਘਮੰਡ ਕਰ ਸਕਦੇ ਹਾਂ? ਕਿਸੇ ਤੇ ਵੀ ਨਹੀਂ। ਬਿਵਸਥਾ ਦੇ ਅਨੁਸਾਰ ਕਰਮ ਜ਼ਰੂਰੀ ਹੈ? ਨਹੀਂ, ਸਗੋਂ ਬਿਵਸਥਾ ਤਾਂ ਵਿਸ਼ਵਾਸ ਦੀ ਮੰਗ ਕਰਦੀ ਹੈ। 28 ਕਿਉਂ ਜੋ ਅਸੀਂ ਮੰਨਦੇ ਹਾਂ ਕਿ ਇੱਕ ਵਿਅਕਤੀ ਬਿਵਸਥਾ ਦੇ ਕੰਮਾਂ ਤੋਂ ਇਲਾਵਾ ਵਿਸ਼ਵਾਸ ਦੁਆਰਾ ਧਰਮੀ ਬਣਾਇਆ ਜਾਦਾਂ ਹੈ। 29 ਕੀ ਪਰਮੇਸ਼ਵਰ ਸਿਰਫ ਯਹੂਦੀਆਂ ਦਾ ਪਰਮੇਸ਼ਵਰ ਹੈ? ਕੀ ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਨਹੀਂ ਹੈ? ਹਾਂ, ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਹੈ। 30 ਸਿਰਫ ਇੱਕ ਹੀ ਪਰਮੇਸ਼ਵਰ ਹੈ, ਜੋ ਸੁੰਨਤ ਵਾਲਿਆਂ ਨੂੰ ਵੀ ਨਿਹਚਾ ਦੁਆਰਾ ਅਤੇ ਅਸੁੰਨਤ ਕੀਤੇ ਹੋਏ ਨੂੰ ਵੀ ਉਸੇ ਨਿਹਚਾ ਦੁਆਰਾ ਧਰਮੀ ਠਹਿਰਾਵੇਗਾ। 31 ਤਾਂ ਫਿਰ ਕੀ ਅਸੀਂ ਇਸ ਨਿਹਚਾ ਦੁਆਰਾ ਬਿਵਸਥਾ ਨੂੰ ਖਤਮ ਕਰ ਦਿੰਦੇ ਹਾਂ? ਬਿਲਕੁਲ ਨਹੀਂ! ਇਸ ਦੀ ਬਜਾਏ, ਅਸੀਂ ਬਿਵਸਥਾ ਦੀ ਪਾਲਣਾ ਕਰਦੇ ਹਾਂ।