1 ਜਦ ਮਾਰਦਕਈ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਪਤਾ ਲੱਗਿਆ, ਜਿਹੜੀਆਂ ਕੀਤੀਆਂ ਗਈਆਂ ਸਨ ਤਾਂ ਮਾਰਦਕਈ ਨੇ ਦੁਖੀ ਹੋ ਕੇ ਆਪਣੇ ਕੱਪੜੇ ਫਾੜ ਕੇ, ਤੱਪੜ ਪਹਿਣ ਲਿਆਂ ਅਤੇ ਆਪਣੇ ਸਿਰ ਉੱਤੇ ਸੁਆਹ ਪਾ ਲਈ ਤੇ ਸ਼ਹਿਰ ਦੇ ਵਿਚਕਾਰ ਜਾ ਕੇ ਉੱਚੀ-ਉੱਚੀ ਦੁੱਖ ਭਰੇ ਸ਼ਬਦਾਂ ਨਾਲ ਦੁਹਾਈ ਦੇਣ ਲੱਗਾ। 2 ਪਰ ਉਹ ਰਾਜੇ ਦੇ ਦਰਵਾਜ਼ੇ ਤੱਕ ਹੀ ਗਿਆ ਕਿਉਂ ਜੋ ਤੱਪੜ ਪਹਿਨੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। 3 ਹਰ ਸੂਬੇ ਵਿੱਚ ਜਿੱਥੇ ਕਿਤੇ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀ ਵੱਡਾ ਵਿਰਲਾਪ ਕਰਨ, ਵਰਤ ਰੱਖਣ ਅਤੇ ਰੋਣ-ਪਿੱਟਣ ਲੱਗੇ ਅਤੇ ਬਹੁਤ ਹਾਹਾਕਾਰ ਮੱਚ ਗਿਆ ਅਤੇ ਬਹੁਤੇ ਤੱਪੜ ਪਾ ਕੇ ਸੁਆਹ ਵਿੱਚ ਬੈਠ ਗਏ।
4 ਰਾਣੀ ਏਸਤੇਰ ਦੀਆਂ ਸਹੇਲੀਆਂ ਅਤੇ ਉਸ ਦੇ ਖੁਸਰਿਆਂ ਨੇ ਜਾ ਕੇ ਉਸ ਨੂੰ ਮਾਰਦਕਈ ਬਾਰੇ ਦੱਸਿਆ। ਤਦ ਰਾਣੀ ਬਹੁਤ ਦੁਖੀ ਹੋਈ ਅਤੇ ਉਸ ਨੇ ਕੱਪੜੇ ਭੇਜ ਕੇ ਮਾਰਦਕਈ ਨੂੰ ਇਹ ਸੁਨੇਹਾ ਭੇਜਿਆ ਕਿ ਤੱਪੜ ਉਤਾਰ ਕੇ ਇਨ੍ਹਾਂ ਕੱਪੜਿਆਂ ਨੂੰ ਪਹਿਨ ਲਵੇ ਪਰ ਉਸ ਨੇ ਕਬੂਲ ਨਾ ਕੀਤੇ। 5 ਤਦ ਏਸਤੇਰ ਨੇ ਰਾਜੇ ਦੇ ਖੁਸਰਿਆਂ ਵਿੱਚੋਂ ਇੱਕ ਹਥਾਕ ਨੂੰ ਬੁਲਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਉਹ ਪਤਾ ਕਰੇ ਕਿ ਮਾਰਦਕਈ ਨੂੰ ਕੀ ਪਰੇਸ਼ਾਨੀ ਹੈ ਅਤੇ ਇਸ ਦਾ ਕੀ ਕਾਰਨ ਹੈ?
6 ਇਸ ਲਈ ਹਥਾਕ ਪਾਤਸ਼ਾਹ ਦੇ ਦਰਵਾਜ਼ੇ ਦੇ ਸਾਹਮਣੇ ਸ਼ਹਿਰ ਦੇ ਖੁੱਲ੍ਹੇ ਚੌਂਕ ਵਿੱਚ ਮਾਰਦਕਈ ਕੋਲ ਗਿਆ। 7 ਮਾਰਦਕਈ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਉਸ ਨਾਲ ਵਾਪਰਿਆ ਸੀ, ਜਿਸ ਵਿੱਚ ਉਹ ਰਕਮ ਵੀ ਸ਼ਾਮਲ ਸੀ ਜੋ ਹਾਮਾਨ ਨੇ ਯਹੂਦੀਆਂ ਦੇ ਨਾਸ਼ ਲਈ ਸ਼ਾਹੀ ਖ਼ਜ਼ਾਨੇ ਵਿੱਚ ਦੇਣ ਦਾ ਇਕਰਾਰ ਕੀਤਾ ਸੀ। 8 ਫਿਰ ਯਹੂਦੀਆਂ ਨੂੰ ਨਾਸ ਕਰਨ ਦਾ ਜੋ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਸੀ, ਉਸ ਦੀ ਇੱਕ ਨਕਲ ਵੀ ਉਸ ਨੇ ਹਥਾਕ ਨੂੰ ਦਿੱਤੀ ਕਿ ਉਹ ਏਸਤੇਰ ਨੂੰ ਵਿਖਾਵੇ ਅਤੇ ਉਸ ਨੂੰ ਸਭ ਕੁਝ ਦੱਸੇ ਅਤੇ ਏਸਤੇਰ ਲਈ ਇਹ ਹੁਕਮ ਦਿੱਤਾ ਕਿ ਉਹ ਰਾਜਾ ਦੇ ਕੋਲ ਜਾ ਕੇ ਉਸ ਦੇ ਅੱਗੇ ਆਪਣੀ ਜਾਤੀ ਦੇ ਲੋਕਾਂ ਦੇ ਲਈ ਮਿੰਨਤ ਅਤੇ ਬੇਨਤੀ ਕਰੇ।
9 ਹਥਾਕ ਵਾਪਸ ਗਿਆ ਅਤੇ ਏਸਤੇਰ ਨੂੰ ਮਾਰਦਕਈ ਦੀਆਂ ਗੱਲਾਂ ਦੱਸੀਆਂ। 10 ਫਿਰ ਏਸਤੇਰ ਨੇ ਹਥਾਕ ਦੁਆਰਾ ਮਾਰਦਕਈ ਲਈ ਇਹ ਸੁਨੇਹਾ ਭੇਜਿਆ, 11 "ਰਾਜੇ ਦੇ ਸਾਰੇ ਸੇਵਕ ਅਤੇ ਰਾਜੇ ਦੇ ਰਾਜ ਦੀ ਸਾਰੀ ਪਰਜਾ ਜਾਣਦੀ ਹੈ ਕਿ ਜੇ ਕੋਈ ਆਦਮੀ ਜਾਂ ਔਰਤ ਬਿਨਾਂ ਬੁਲਾਏ ਰਾਜੇ ਦੇ ਅੰਦਰਲੇ ਵਿਹੜੇ ਵਿੱਚ ਦਾਖਲ ਹੁੰਦਾ ਹੈ, ਤਾਂ ਉਹਨਾਂ ਲਈ ਇੱਕ ਹੀ ਨਿਯਮ ਬਣਾਇਆ ਗਿਆ ਹੈ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਦੇ ਬਚਣ ਲਈ ਸਿਰਫ ਇੱਕ ਹੀ ਕਾਨੂੰਨ ਬਚਿਆ ਹੈ, ਜੇਕਰ ਰਾਜਾ ਆਪਣਾ ਸੁਨਹਿਰੀ ਰਾਜਦ ਉਸ ਵੱਲ ਵਧਾਵੇ, ਤਾਂ ਜੋ ਉਹ ਬਚ ਸਕੇ। ਪਰ ਮੈਨੂੰ ਪਿਛਲੇ ਤੀਹ ਦਿਨਾਂ ਤੋਂ ਰਾਜੇ ਨੇ ਨਹੀਂ ਬੁਲਾਇਆ।"
12 ਜਦੋਂ ਏਸਤੇਰ ਦੀਆਂ ਗੱਲਾਂ ਮਾਰਦਕਈ ਨੂੰ ਸੁਣਾਈਆਂ ਗਈਆਂ, 13 ਤਦ ਮਾਰਦਕਈ ਨੇ ਏਸਤੇਰ ਨੂੰ ਇਹ ਉੱਤਰ ਭੇਜਿਆ, "ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਰਾਜ ਮਹਿਲ ਵਿੱਚ ਰਹਿਣ ਦੇ ਕਾਰਨ ਤੂੰ ਹੋਰ ਸਾਰੇ ਯਹੂਦੀਆਂ ਵਿੱਚੋਂ ਬਚ ਜਾਵੇਂਗੀ। 14 ਕਿਉਂਕਿ ਜੇ ਤੂੰ ਇਸ ਸਮੇਂ ਚੁੱਪ ਰਹੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਯਹੂਦੀਆਂ ਦੀ ਰਿਹਾਈ ਅਤੇ ਛੁਟਕਾਰਾ ਹੋ ਹੀ ਜਾਵੇਗਾ, ਪਰ ਤੂੰ ਆਪਣੇ ਪਿਤਾ ਦੇ ਘਰਾਣੇ ਸਮੇਤ ਨਾਸ ਹੋ ਜਾਵੇਂਗੀ। ਕੀ ਪਤਾ ਕਿ ਤੂੰ ਅਜਿਹੇ ਔਖੇ ਸਮੇਂ ਲਈ ਹੀ ਮਹਿਲ ਵਿੱਚ ਪਹੁੰਚੀ ਹੈ?"
15 ਤਦ ਏਸਤੇਰ ਨੇ ਮਾਰਦਕਈ ਨੂੰ ਇਹ ਉੱਤਰ ਭੇਜਿਆ: 16 "ਤੂੰ ਜਾ ਕੇ ਸ਼ੂਸ਼ਨ ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਤੁਸੀਂ ਸਾਰੇ ਮਿਲ ਕੇ ਮੇਰੇ ਲਈ ਵਰਤ ਰੱਖੋ, ਤਿੰਨ ਦਿਨ ਤਿੰਨ ਰਾਤ ਤੱਕ ਨਾ ਕੁਝ ਖਾਣਾ ਅਤੇ ਨਾ ਪੀਣਾ। ਮੈਂ ਵੀ ਆਪਣੀਆਂ ਸਹੇਲੀਆਂ ਸਮੇਤ ਇਸੇ ਤਰ੍ਹਾਂ ਹੀ ਵਰਤ ਰੱਖਾਂਗੀ ਅਤੇ ਇਸੇ ਤਰ੍ਹਾਂ ਹੀ ਮੈਂ ਨਿਯਮ ਦੇ ਵਿਰੁੱਧ ਰਾਜੇ ਦੇ ਕੋਲ ਅੰਦਰ ਜਾਵਾਂਗੀ ਅਤੇ ਜੇਕਰ ਮੈਂ ਨਾਸ ਹੋ ਗਈ ਤਾਂ ਹੋ ਗਈ।"
17 ਤਾਂ ਮਾਰਦਕਈ ਚਲਾ ਗਿਆ ਅਤੇ ਏਸਤੇਰ ਦੀਆਂ ਸਾਰੀਆਂ ਹਿਦਾਇਤਾਂ ਪੂਰੀਆਂ ਕੀਤੀਆਂ।