Pular para o conteúdo
Publicidade

ਮੀਕਾਹ 2

ਮਨੁੱਖਾਂ ਦੀਆਂ ਯੋਜਨਾਵਾਂ ਅਤੇ ਪਰਮੇਸ਼ਵਰ ਦੀਆਂ ਯੋਜਨਾਵਾਂ

1 ਹਾਏ ਉਨ੍ਹਾਂ ਉੱਤੇ ਜਿਹੜੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ,

ਉਨ੍ਹਾਂ ਉੱਤੇ ਜਿਹੜੇ ਆਪਣੇ ਬਿਸਤਰੇ ਉੱਤੇ ਬੁਰਿਆਈ ਦੀ ਯੋਜਨਾ ਬਣਾਉਂਦੇ ਹਨ!

ਸਵੇਰ ਦੀ ਰੋਸ਼ਨੀ ਵਿੱਚ ਉਹ ਇਸ ਨੂੰ ਪੂਰਾ ਕਰਦੇ ਹਨ

ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੇ ਹੱਥ ਵਿੱਚ ਹੈ।

2 ਉਹ ਖੇਤਾਂ ਦਾ ਲਾਲਚ ਕਰਦੇ ਹਨ

ਅਤੇ ਉਨ੍ਹਾਂ ਨੂੰ ਖੋਹ ਲੈਂਦੇ ਹਨ,

ਉਹ ਲੋਕਾਂ ਦੇ ਘਰ ਦਾ ਲੋਭ ਕਰਦੇ ਅਤੇ ਉਨ੍ਹਾਂ ਨੂੰ ਲੈ ਲੈਂਦੇ ਹਨ,

ਉਹ ਉਨ੍ਹਾਂ ਦੀ ਵਿਰਾਸਤ ਲੁੱਟ ਲੈਂਦੇ ਹਨ।

3 ਇਸ ਲਈ, ਯਾਹਵੇਹ ਆਖਦਾ ਹੈ:

"ਮੈਂ ਇਨ੍ਹਾਂ ਲੋਕਾਂ ਦੇ ਵਿਰੁੱਧ ਤਬਾਹੀ ਦੀ ਯੋਜਨਾ ਬਣਾ ਰਿਹਾ ਹਾਂ,

ਜਿਸ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ।

ਅਤੇ ਤੁਸੀਂ ਹੰਕਾਰ ਨਾਲ ਨਹੀਂ ਚੱਲ ਸਕੋਗੇ,

ਕਿਉਂ ਜੋ ਉਹ ਬਿਪਤਾ ਦਾ ਸਮਾਂ ਹੋਵੇਗਾ।

4 ਉਸ ਦਿਨ ਲੋਕ ਤੁਹਾਡਾ ਮਖੌਲ ਉਡਾਉਣਗੇ।

ਉਹ ਇਸ ਸੋਗ ਭਰੇ ਗੀਤ ਨਾਲ ਤੁਹਾਨੂੰ ਤਾਅਨੇ ਮਾਰਨਗੇ:

‘ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ;

ਮੇਰੇ ਲੋਕਾਂ ਦਾ ਵਿਰਾਸਤ ਵੰਡੀ ਗਈ ਹੈ।

ਉਹ ਉਸਨੂੰ ਮੇਰੇ ਕੋਲੋ ਲੈ ਲੈਂਦਾ ਹੈ!

ਉਹ ਸਾਡੇ ਖੇਤ ਵਿਸ਼ਵਾਸਘਾਤੀਆਂ ਨੂੰ ਸੌਂਪਦਾ ਹੈ।’ "

5 ਇਸ ਲਈ ਤੇਰੇ ਕੋਲ ਯਾਹਵੇਹ ਦੀ ਸਭਾ ਵਿੱਚ ਕੋਈ ਨਹੀਂ ਹੋਵੇਗਾ

ਜੋ ਜ਼ਮੀਨ ਨੂੰ ਗੁਣਾ ਪਾ ਕੇ ਵੰਡੇ।

ਝੂਠੇ ਨਬੀ

6 ਉਨ੍ਹਾਂ ਦੇ ਨਬੀ ਆਖਦੇ ਹਨ, "ਭਵਿੱਖਬਾਣੀ ਨਾ ਕਰੋ।"

"ਇਨ੍ਹਾਂ ਗੱਲਾਂ ਬਾਰੇ ਅਗੰਮਵਾਕ ਨਾ ਕਰੋ;

ਬਦਨਾਮੀ ਸਾਡੇ ਉੱਤੇ ਨਹੀਂ ਆਵੇਗੀ।"

7 ਹੇ ਯਾਕੋਬ ਦੀ ਸੰਤਾਨ, ਕੀ ਇਹ ਕਿਹਾ ਜਾਵੇ,

"ਕੀ ਯਾਹਵੇਹ ਦਾ ਆਤਮਾ ਬੇਸਬਰ ਹੋ ਗਿਆ ਹੈ?

ਕੀ ਉਹ ਅਜਿਹੇ ਕੰਮ ਕਰਦਾ ਹੈ?"

"ਕੀ ਮੇਰੇ ਬਚਨ ਉਸ ਆਦਮੀ ਲਈ ਭਲੇ ਨਹੀਂ ਹੁੰਦੇ

ਜਿਸ ਦੇ ਰਾਹ ਸਿੱਧੇ ਹਨ?

8 ਹਾਲ ਹੀ ਵਿੱਚ ਮੇਰੇ ਲੋਕ ਦੁਸ਼ਮਣ ਵਾਂਗ ਉੱਠੇ ਹਨ।

ਤੁਸੀਂ ਉਨ੍ਹਾਂ ਲੋਕਾਂ ਤੋਂ ਕੱਪੜੇ ਅਤੇ ਚਾਦਰ ਖਿੱਚ ਦਿੰਦੇ ਹੋ

ਜੋ ਬਿਨਾਂ ਪਰਵਾਹ ਕੀਤੇ ਜਾਂਦੇ ਹਨ,

ਜਿਵੇਂ ਲੜਾਈ ਤੋਂ ਵਾਪਸ ਆਉਂਦੇ ਹਨ।

9 ਤੁਸੀਂ ਮੇਰੀ ਪਰਜਾ ਦੀਆਂ ਇਸਤਰੀਆਂ ਨੂੰ,

ਉਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ,

ਤੁਸੀਂ ਉਹਨਾਂ ਦੇ ਨਿਆਣਿਆਂ ਤੋਂ ਮੇਰੀਆਂ ਦਿੱਤੀਆਂ ਹੋਈਆਂ

ਬਰਕਤਾਂ ਸਦਾ ਲਈ ਖੋਹ ਲੈਂਦੇ ਹੋ।

10 ਉੱਠੋ, ਚਲੇ ਜਾਓ!

ਕਿਉਂ ਜੋ ਇਹ ਤੁਹਾਡਾ ਆਰਾਮ ਕਰਨ ਦਾ ਸਥਾਨ ਨਹੀਂ ਹੈ,

ਇਸ ਦਾ ਕਾਰਨ ਤੁਹਾਡੀ ਉਹ ਅਸ਼ੁੱਧਤਾ ਹੈ,

ਜਿਸ ਨਾਲ ਤੁਸੀਂ ਇਸ ਸਥਾਨ ਦਾ ਨਾਸ ਕਰ ਦਿੱਤਾ ਹੈ।

11 ਜੇਕਰ ਇੱਕ ਝੂਠੀ ਆਤਮਾ ਵਿੱਚ ਚੱਲਦਾ ਹੋਇਆ,

ਝੂਠੀ ਅਤੇ ਵਿਅਰਥ ਗੱਲ ਬੋਲੇ ਅਤੇ ਆਖੇ,

‘ਮੈਂ ਤੇਰੇ ਲਈ ਦਾਖਰਸ ਅਤੇ ਸ਼ਰਾਬ ਦੀ ਭਵਿੱਖਬਾਣੀ ਕਰਾਂਗਾ,’

ਤਾਂ ਉਹ ਇਸ ਪਰਜਾ ਦਾ ਨਬੀ ਹੁੰਦਾ ਹੈ!

ਮੁਕਤੀ ਦਾ ਵਾਅਦਾ

12 "ਯਾਕੋਬ, ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇਕੱਠਾ ਕਰਾਂਗਾ।

ਮੈਂ ਇਸਰਾਏਲ ਦੇ ਬਚੇ ਹੋਇਆ ਨੂੰ ਜ਼ਰੂਰ ਇਕੱਠਾ ਕਰਾਂਗਾ।

ਮੈਂ ਉਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਗੂੰ ਰਲਾ ਕੇ ਰੱਖਾਂਗਾ,

ਇੱਕ ਇੱਜੜ ਵਾਂਗੂੰ ਜੋ ਚੰਗੀ ਜੂਹ ਵਿੱਚ ਹੈ;

ਮਨੁੱਖਾਂ ਦੀ ਬਹੁਤਾਇਤ ਦੇ ਕਾਰਨ ਧਰਤੀ ਫੇਰ ਭਰ ਜਾਵੇਗੀ।

13 ਜਿਹੜਾ ਰਾਹ ਤੋੜਦਾ ਹੈ ਉਹ ਉਨ੍ਹਾਂ ਦੇ ਅੱਗੇ ਚੜ੍ਹ ਜਾਵੇਗਾ।

ਉਹ ਫਾਟਕ ਨੂੰ ਤੋੜ ਕੇ ਬਾਹਰ ਨਿਕਲ ਜਾਣਗੇ।

ਉਨ੍ਹਾਂ ਦਾ ਰਾਜਾ ਉਨ੍ਹਾਂ ਦੇ ਅੱਗੇ-ਅੱਗੇ ਚੱਲੇਗਾ,

ਯਾਹਵੇਹ ਆਪ ਉਨ੍ਹਾਂ ਦਾ ਆਗੂ ਹੋਵੇਗਾ।"

Estes versículos te tocaram? Ore agora!

+581 estão orando agora.

Junte-se à corrente de oração.