Publicidade

Miquéias 7

ਇਸਰਾਏਲ ਦਾ ਦੁੱਖ

1 ਮੇਰਾ ਕੀ ਦੁੱਖ ਹੈ!

ਮੈਂ ਉਸ ਵਰਗਾ ਹਾਂ ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ

ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ

ਖਾਣ ਲਈ ਅੰਗੂਰਾਂ ਦਾ ਕੋਈ ਗੁੱਛਾ ਨਹੀਂ ਹੈ,

ਹੰਜੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ।

2 ਵਫ਼ਾਦਾਰ ਧਰਤੀ ਤੋਂ ਉਜਾੜ ਦਿੱਤੇ ਗਏ ਹਨ;

ਇੱਕ ਵੀ ਧਰਮੀ ਨਹੀਂ ਰਹਿੰਦਾ।

ਹਰ ਕੋਈ ਲਹੂ ਵਹਾਉਣ ਦੀ ਉਡੀਕ ਵਿੱਚ ਹੈ;

ਉਹ ਜਾਲ ਨਾਲ ਇੱਕ-ਦੂਜੇ ਦਾ ਸ਼ਿਕਾਰ ਕਰਦੇ ਹਨ।

3 ਦੋਵੇਂ ਹੱਥ ਬੁਰਿਆਈ ਕਰਨ ਵਿੱਚ ਮਾਹਰ ਹਨ;

ਹਾਕਮ ਤੋਹਫ਼ਿਆਂ ਦੀ ਮੰਗ ਕਰਦਾ ਹੈ,

ਜੱਜ ਰਿਸ਼ਵਤ ਲੈਂਦਾ ਹੈ,

ਤਾਕਤਵਰ ਆਪਣੀ ਇੱਛਾ ਅਨੁਸਾਰ ਹੁਕਮ ਦਿੰਦੇ ਹਨ

ਉਹ ਸਾਰੇ ਮਿਲ ਕੇ ਸਾਜ਼ਿਸ਼ ਕਰਦੇ ਹਨ।

4 ਉਹਨਾਂ ਵਿੱਚੋਂ ਸਭ ਤੋਂ ਉੱਤਮ ਪੁਰਖ ਕੰਡਿਆਲੀ ਝਾੜੀ ਵਰਗਾ ਹੈ,

ਅਤੇ ਸਭ ਤੋਂ ਸਮਝਦਾਰ ਮਨੁੱਖ ਕੰਡੇਦਾਰ ਬਾੜੇ ਨਾਲੋਂ ਭੈੜਾ ਹੈ,

ਉਹ ਦਿਨ ਆ ਗਿਆ ਹੈ ਜਦੋਂ ਪਰਮੇਸ਼ਵਰ ਤੁਹਾਡੇ ਕੋਲ ਆਵੇਗਾ,

ਤੇਰੇ ਰਾਖਿਆਂ ਦਾ ਦਿਨ, ਸਗੋਂ ਤੇਰੀ ਖ਼ਬਰ ਲੈਣ ਦਾ ਦਿਨ ਆ ਗਿਆ ਹੈ,

ਹੁਣ ਉਹਨਾਂ ਦੀ ਹੈਰਾਨਗੀ ਦਾ ਵੇਲਾ ਹੈ।

5 ਗੁਆਂਢੀ ਤੇ ਭਰੋਸਾ ਨਾ ਕਰੋ;

ਕਿਸੇ ਦੋਸਤ ਤੇ ਭਰੋਸਾ ਨਾ ਕਰੋ।

ਇੱਥੋਂ ਤੱਕ ਉਸ ਔਰਤ ਤੇ ਵੀ ਭਰੋਸਾ ਨਾ ਕਰੋ ਜੋ ਤੇਰੀ ਬਾਹਾਂ ਵਿੱਚ ਲੇਟਦੀ ਹੈ,

ਆਪਣੇ ਬੁੱਲ੍ਹਾਂ ਦੇ ਬਚਨਾਂ ਦੀ ਰਾਖੀ ਕਰ।

6 ਕਿਉਂਕਿ ਇੱਕ ਪੁੱਤਰ ਆਪਣੇ ਪਿਤਾ ਦਾ ਨਿਰਾਦਰ ਕਰਦਾ ਹੈ,

ਇੱਕ ਧੀ ਆਪਣੀ ਮਾਂ ਦੇ ਵਿਰੁੱਧ,

ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਉੱਠਦੀ ਹੈ,

ਮਨੁੱਖ ਦੇ ਦੁਸ਼ਮਣ ਉਸਦੇ ਘਰ ਦੇ ਮੈਂਬਰ ਹਨ।

7 ਪਰ ਮੇਰੇ ਲਈ, ਮੈਂ ਯਾਹਵੇਹ ਦੀ ਉਮੀਦ ਵਿੱਚ ਵੇਖਦਾ ਹਾਂ,

ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਦੀ ਉਡੀਕ ਕਰਦਾ ਹਾਂ;

ਮੇਰਾ ਪਰਮੇਸ਼ਵਰ ਮੇਰੀ ਸੁਣੇਗਾ।

ਇਸਰਾਏਲ ਉੱਠੇਗਾ

8 ਹੇ ਮੇਰੇ ਵੈਰੀ, ਮੇਰੇ ਉੱਤੇ ਖੁਸ਼ੀ ਨਾ ਮਨਾ!

ਭਾਵੇਂ ਮੈਂ ਡਿੱਗ ਪਿਆ ਹਾਂ, ਮੈਂ ਫਿਰ ਉੱਠਾਂਗਾ।

ਭਾਵੇਂ ਮੈਂ ਹਨੇਰੇ ਵਿੱਚ ਬੈਠਾ ਹਾਂ,

ਯਾਹਵੇਹ ਮੇਰਾ ਚਾਨਣ ਹੋਵੇਗਾ।

9 ਕਿਉਂ ਜੋ ਮੈਂ ਉਹ ਦੇ ਵਿਰੁੱਧ ਪਾਪ ਕੀਤਾ ਹੈ,

ਮੈਂ ਯਾਹਵੇਹ ਦਾ ਕ੍ਰੋਧ ਝੱਲਾਂਗਾ,

ਜਦ ਤੱਕ ਕਿ ਉਹ ਮੇਰਾ ਮੁਕੱਦਮਾ ਨਾ ਲੜੇ,

ਅਤੇ ਮੇਰਾ ਪੱਖ ਨਹੀਂ ਰੱਖਦਾ।

ਉਹ ਮੈਨੂੰ ਚਾਨਣ ਵਿੱਚ ਬਾਹਰ ਲਿਆਵੇਗਾ;

ਮੈਂ ਉਸਦੀ ਧਾਰਮਿਕਤਾ ਨੂੰ ਵੇਖਾਂਗਾ।

10 ਤਦ ਮੇਰਾ ਵੈਰੀ ਇਹ ਵੇਖੇਗਾ

ਅਤੇ ਸ਼ਰਮ ਨਾਲ ਢੱਕ ਜਾਵੇਗਾ,

ਜਿਸ ਨੇ ਮੈਨੂੰ ਆਖਿਆ,

"ਕਿੱਥੇ ਹੈ ਯਾਹਵੇਹ ਤੁਹਾਡਾ ਪਰਮੇਸ਼ਵਰ?"

ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ।

ਤਦ ਉਹ ਗਲੀਆਂ ਵਿੱਚ ਚਿੱਕੜ ਵਾਂਗੂੰ ਪੈਰਾਂ ਹੇਠ ਮਿੱਧੀ ਜਾਵੇਗੀ।

11 ਤੇਰੀਆਂ ਕੰਧਾਂ ਬਣਾਉਣ ਦਾ ਦਿਨ ਆਵੇਗਾ,

ਤੇਰੀਆਂ ਹੱਦਾਂ ਵਧਾਉਣ ਦਾ ਦਿਨ ਆਵੇਗਾ।

12 ਉਸ ਦਿਨ ਉਹ ਅੱਸ਼ੂਰ ਤੋਂ,

ਮਿਸਰ ਦੇ ਸ਼ਹਿਰਾਂ ਤੋਂ,

ਮਿਸਰ ਤੋਂ ਦਰਿਆ ਤੱਕ,

ਸਮੁੰਦਰ ਤੋਂ ਸਮੁੰਦਰ ਤੱਕ,

ਅਤੇ ਪਰਬਤ ਤੋਂ ਪਰਬਤ ਤੱਕ ਤੇਰੇ ਕੋਲ ਆਉਣਗੇ,

13 ਧਰਤੀ ਆਪਣੇ ਵਾਸੀਆਂ ਦੇ ਕਾਰਨ ਅਤੇ ਉਹਨਾਂ ਦੇ ਕੰਮਾਂ ਦੇ ਨਤੀਜੇ ਵਜੋਂ

ਧਰਤੀ ਵਿਰਾਨ ਹੋ ਜਾਵੇਗੀ।

ਪ੍ਰਾਰਥਨਾ ਅਤੇ ਉਸਤਤ

14 ਆਪਣੇ ਲੋਕਾਂ ਦੀ ਰਾਖੀ ਕਰੋ,

ਆਪਣੇ ਵਿਰਸੇ ਵਿੱਚ ਮਿਲੇ ਇੱਜੜ ਦੀ ਲਾਠੀ ਨਾਲ ਰਾਖੀ ਕਰੋ।

ਜਿਹੜੇ ਕਰਮਲ ਦੇ ਜੰਗਲ ਵਿੱਚ ਇਕੱਲੇ ਰਹਿੰਦੇ ਹਨ,

ਉਹ ਬਾਸ਼ਾਨ ਅਤੇ ਗਿਲਆਦ ਦੀਆਂ ਉਪਜਾਊ ਚਰਾਂਦਾਂ ਵਿੱਚ ਚਰਨ,

ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਦੇ ਸਨ।

15 "ਜਿਵੇਂ ਕਿ ਤੁਸੀਂ ਮਿਸਰ ਵਿੱਚੋਂ ਨਿੱਕਲ ਆਏ ਸੀ,

ਮੈਂ ਉਨ੍ਹਾਂ ਨੂੰ ਆਪਣੇ ਚਮਤਕਾਰ ਦਿਖਾਵਾਂਗਾ।"

16 ਕੌਮਾਂ ਵੇਖਣਗੀਆਂ

ਅਤੇ ਆਪਣੇ ਬਲ ਦੇ ਸਾਰੇ ਕੰਮਾਂ ਤੋਂ ਸ਼ਰਮਿੰਦਾ ਹੋਣਗੀਆਂ,

ਉਹ ਆਪਣੇ ਹੱਥ ਆਪਣੇ ਮੂੰਹਾਂ ਉੱਤੇ ਰੱਖਣਗੀਆਂ,

ਉਹਨਾਂ ਦੇ ਕੰਨ ਬੋਲੇ ਹੋ ਜਾਣਗੇ।

17 ਉਹ ਸੱਪ ਵਾਂਗੂੰ ਧੂੜ ਚੱਟਣਗੀਆਂ,

ਧਰਤੀ ਦੇ ਘਿੱਸਰਨ ਵਾਲਿਆਂ ਵਾਂਗੂੰ

ਉਹ ਆਪਣੀਆਂ ਖੁੱਡਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲਣਗੀਆਂ,

ਉਹ ਭੈਅ ਨਾਲ ਯਾਹਵੇਹ ਸਾਡੇ ਪਰਮੇਸ਼ਵਰ ਕੋਲ ਆਉਣਗੀਆਂ,

ਅਤੇ ਤੇਰੇ ਕੋਲੋਂ ਡਰਨਗੀਆਂ।

18 ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ਵਰ ਹੈ?

ਜੋ ਅਪਰਾਧ ਨੂੰ ਮਾਫ਼ ਕਰੇ,

ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ,

ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ,

ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ।

19 ਤੁਸੀਂ ਫੇਰ ਸਾਡੇ ਉੱਤੇ ਰਹਿਮ ਕਰੋਗੇ।

ਤੁਸੀਂ ਸਾਡੇ ਪਾਪਾਂ ਨੂੰ ਪੈਰਾਂ ਹੇਠ ਮਿੱਧੋਗੇ,

ਅਤੇ ਸਾਡੀਆਂ ਸਾਰੀਆਂ ਬਦੀਆਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸੁੱਟੋਗੇ।

20 ਤੁਸੀਂ ਯਾਕੋਬ ਦੇ ਪ੍ਰਤੀ ਵਫ਼ਾਦਾਰ ਰਹੋਗੇ,

ਅਤੇ ਅਬਰਾਹਾਮ ਨੂੰ ਪਿਆਰ ਦਿਖਾਓਗੇ,

ਜਿਵੇਂ ਤੁਸੀਂ ਬਹੁਤ ਦਿਨ ਪਹਿਲਾਂ,

ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

Veja também

Publicidade
Miquéias
Ver todos os capítulos de Miquéias
Bíblia Online Bíblia Online

Bíblia Online • Versão: 2026-06-16_18-40-07-