1 ਹੇ ਮੇਰੇ ਭਰਾਵੋ ਅਤੇ ਭੈਣੋ, ਸਾਡੇ ਪ੍ਰਤਾਪਵਾਨ ਪ੍ਰਭੂ ਯਿਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਪੱਖਪਾਤ ਨਹੀਂ ਦਿਖਾਉਣਾ ਚਾਹੀਦਾ। 2 ਮੰਨ ਲਓ ਕਿ ਇੱਕ ਆਦਮੀ ਸੋਨੇ ਦੀ ਮੁੰਦਰੀ ਅਤੇ ਵਧੀਆ ਕੱਪੜੇ ਪਾ ਕੇ ਤੁਹਾਡੇ ਪ੍ਰਾਰਥਨਾ ਸਥਾਨ ਵਿੱਚ ਆਉਂਦਾ ਹੈ, ਅਤੇ ਇੱਕ ਗਰੀਬ ਆਦਮੀ ਗੰਦੇ ਪੁਰਾਣੇ ਕੱਪੜਿਆਂ ਵਿੱਚ ਵੀ ਆਉਂਦਾ ਹੈ। 3 ਜੇ ਤੁਸੀਂ ਉਸ ਵਿਅਕਤੀ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋ ਜੋ ਵਧੀਆ ਕੱਪੜੇ ਪਾਉਂਦਾ ਹੈ ਅਤੇ ਉਸ ਨੂੰ ਕਹੋ, "ਇੱਥੇ ਚੰਗੀ ਥਾਂ ਆ ਕੇ ਬੈਠ," ਅਤੇ ਉਸ ਗਰੀਬ ਨੂੰ ਕਹੋ ਕਿ, "ਤੂੰ ਇੱਥੇ ਖੜ੍ਹਾ ਰਹਿ," ਜਾਂ "ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ," 4 ਕੀ ਤੁਸੀਂ ਆਪਸ ਵਿੱਚ ਭੇਦ-ਭਾਵ ਨਹੀਂ ਕੀਤਾ ਅਤੇ ਭੈੜੇ ਵਿਚਾਰਾਂ ਨਾਲ ਨਿਆਈਂ ਨਹੀਂ ਬਣ ਗਏ?
5 ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ: ਸੁਣੋ, ਕੀ ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਚੁਣਿਆ ਜੋ ਦੁਨੀਆਂ ਦੀ ਨਜ਼ਰ ਵਿੱਚ ਗਰੀਬ ਹਨ ਅਤੇ ਕਿ ਉਹ ਵਿਸ਼ਵਾਸ ਵਿੱਚ ਅਮੀਰ ਹੋਣ ਅਤੇ ਰਾਜ ਦੇ ਵਾਰਸ ਬਣਨ ਜਿਸ ਦਾ ਵਾਅਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ? 6 ਪਰ ਤੁਸੀਂ ਗਰੀਬਾਂ ਦਾ ਨਿਰਾਦਰ ਕੀਤਾ ਹੈ। ਕੀ ਇਹ ਅਮੀਰ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਕੇ ਨਹੀਂ ਲੈ ਜਾਂਦੇ? 7 ਕੀ ਇਹ ਉਹ ਨਹੀਂ ਹਨ ਜੋ ਉਸ ਦੇ ਉੱਤਮ ਨਾਮ ਦੀ ਨਿੰਦਿਆ ਕਰ ਰਹੇ ਹਨ ਜਿਸ ਨਾਲ ਤੁਸੀਂ ਸੰਬੰਧਿਤ ਹੋ?
8 ਜੇ ਤੁਸੀਂ ਸੱਚ-ਮੁੱਚ ਪਵਿੱਤਰ ਸ਼ਾਸਤਰ ਵਿੱਚ ਲਿਖੇ ਗਏ ਉਸ ਸ਼ਾਹੀ ਕਾਨੂੰਨ ਨੂੰ ਮੰਨਦੇ ਹੋ, "ਕਿ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ," ਤਾਂ ਤੁਸੀਂ ਸਹੀ ਕਰਦੇ ਹੋ। 9 ਪਰ ਜੇ ਤੁਸੀਂ ਪੱਖਪਾਤ ਕਰਦੇ ਹੋ, ਤਾਂ ਤੁਸੀਂ ਪਾਪ ਕਰਦੇ ਹੋ ਅਤੇ ਕਾਨੂੰਨ ਤੋੜਨ ਵਾਲੇ ਵਜੋਂ ਦੋਸ਼ੀ ਠਹਿਰਾਏ ਜਾਂਦੇ ਹੋ। 10 ਕਿਉਂਕਿ ਜੋ ਕੋਈ ਵੀ ਪੂਰੇ ਕਾਨੂੰਨ ਦੀ ਪਾਲਣਾ ਕਰਦਾ ਹੈ ਅਤੇ ਫਿਰ ਵੀ ਸਿਰਫ ਇੱਕ ਬਿੰਦੂ ਤੇ ਠੋਕਰ ਖਾਂਦਾ ਹੈ ਉਹ ਇਸ ਨੂੰ ਤੋੜਨ ਦਾ ਦੋਸ਼ੀ ਹੈ। 11 ਕਿਉਂਕਿ ਜਿਸ ਨੇ ਕਿਹਾ ਸੀ, "ਤੂੰ ਵਿਭਚਾਰ ਨਾ ਕਰਨਾ," ਇਹ ਵੀ ਕਿਹਾ ਗਿਆ ਸੀ, "ਤੂੰ ਕਤਲ ਨਾ ਕਰਨਾ।" ਜੇ ਤੁਸੀਂ ਵਿਭਚਾਰ ਨਹੀਂ ਕਰਦੇ ਪਰ ਕਤਲ ਕਰਦੇ ਹੋ, ਤਾਂ ਤੁਸੀਂ ਬਿਵਸਥਾ ਤੋੜਨ ਵਾਲੇ ਬਣ ਗਏ ਹੋ।
12 ਤੁਸੀਂ ਬੋਲੋ ਅਤੇ ਉਨ੍ਹਾਂ ਦੀ ਤਰ੍ਹਾਂ ਕੰਮ ਕਰੋ ਜਿਨ੍ਹਾਂ ਦਾ ਨਿਆਂ ਕਾਨੂੰਨ ਦੁਆਰਾ ਕੀਤਾ ਜਾਵੇਗਾ ਜੋ ਅਜ਼ਾਦੀ ਦਿੰਦਾ ਹੈ, 13 ਕਿਉਂਕਿ ਜਿਸ ਨੇ ਦਯਾ ਨਹੀਂ ਕੀਤੀ ਉਸ ਦਾ ਨਿਆਂ ਬਿਨ੍ਹਾਂ ਦਯਾ ਤੋਂ ਕੀਤਾ ਜਾਵੇਗਾ। ਦਯਾ ਨਿਆਂ ਦੇ ਉੱਤੇ ਜਿੱਤ ਪਾਉਂਦੀ ਹੈ।
14 ਹੇ ਮੇਰੇ ਭਰਾਵੋ ਅਤੇ ਭੈਣੋ, ਜੇ ਕੋਈ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਹੈ, ਪਰ ਕੋਈ ਕਰਮ ਨਹੀਂ ਕਰਦਾ ਤਾਂ ਇਸ ਦਾ ਕੀ ਲਾਭ ਹੈ? ਕੀ ਅਜਿਹਾ ਵਿਸ਼ਵਾਸ ਉਨ੍ਹਾਂ ਨੂੰ ਬਚਾ ਸਕਦਾ ਹੈ? 15 ਮੰਨ ਲਓ ਕਿ ਕੋਈ ਭਰਾ ਜਾਂ ਭੈਣ ਬਿਨਾਂ ਕੱਪੜਿਆਂ ਅਤੇ ਰੋਜ਼ਾਨਾ ਭੋਜਨ ਦੇ ਜੀਵਨ ਬਤੀਤ ਕਰ ਰਿਹਾ ਹੈ। 16 ਜੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਕਹੇ, "ਸ਼ਾਂਤੀ ਨਾਲ ਚਲੇ ਜਾਓ; ਨਿੱਘੇ ਅਤੇ ਰੱਜੇ ਪੁੱਜੇ ਰਹੋ," ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਜੇ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਇਸ ਦਾ ਕੀ ਲਾਭ ਹੈ? 17 ਇਸੇ ਤਰ੍ਹਾਂ, ਵਿਸ਼ਵਾਸ ਜੇਕਰ ਉਸ ਦੇ ਕਰਮਾਂ ਦੇ ਅਨੁਸਾਰ ਨਹੀਂ ਹੈ, ਤਾਂ ਉਹ ਮਰਿਆ ਹੋਇਆਂ ਹੈ।
18 ਪਰ ਜੇ ਕੋਈ ਕਹੇ, "ਤੇਰੇ ਕੋਲ ਵਿਸ਼ਵਾਸ ਹੈ; ਮੇਰੇ ਕੋਲ ਕਰਮ ਹਨ।"
ਮੈਨੂੰ ਬਿਨਾਂ ਕਰਮਾਂ ਦੇ ਆਪਣਾ ਵਿਸ਼ਵਾਸ ਦਿਖਾ, ਅਤੇ ਮੈਂ ਤੈਨੂੰ ਆਪਣੇ ਕਰਮਾਂ ਦੁਆਰਾ ਆਪਣਾ ਵਿਸ਼ਵਾਸ ਦਿਖਾਵਾਂਗਾ। 19 ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈ, ਭੂਤ ਵੀ ਇਹ ਵਿਸ਼ਵਾਸ ਕਰਦੇ ਅਤੇ ਕੰਬਦੇ ਹਨ।
20 ਉਹ ਤੂੰ ਮੂਰਖ ਵਿਅਕਤੀ! ਕੀ ਤੂੰ ਸਬੂਤ ਚਾਹੁੰਦਾ ਹੈ ਕਿ ਕਰਮ ਤੋਂ ਬਿਨਾਂ ਵਿਸ਼ਵਾਸ ਵਿਅਰਥ ਹੈ? 21 ਕੀ ਸਾਡੇ ਪੂਰਵਜ ਪਿਤਾ ਅਬਰਾਹਾਮ ਨੂੰ ਉਸ ਕੰਮ ਲਈ ਧਰਮੀ ਨਹੀਂ ਸਮਝਿਆ ਗਿਆ ਸੀ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਤੇ ਚੜ੍ਹਾਇਆ ਸੀ? 22 ਤੁਸੀਂ ਵੇਖਦੇ ਹੋ ਕਿ ਉਸ ਦੀ ਨਿਹਚਾ ਅਤੇ ਉਸ ਦੇ ਕਾਰਜ ਮਿਲ ਕੇ ਕੰਮ ਕਰ ਰਹੇ ਸਨ, ਅਤੇ ਵਿਸ਼ਵਾਸ ਉਸ ਦੇ ਕੰਮਾਂ ਦੁਆਰਾ ਪੂਰਾ ਹੋਇਆ ਜੋ ਉਸ ਨੇ ਕੀਤਾ। 23 ਅਤੇ ਪਵਿੱਤਰ ਸ਼ਾਸਤਰ ਸੰਪੂਰਨ ਹੋਇਆ ਜੋ ਕਹਿੰਦਾ ਹੈ, "ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣੀ ਗਈ," ਅਤੇ ਉਸ ਨੂੰ ਪਰਮੇਸ਼ਵਰ ਦਾ ਮਿੱਤਰ ਕਿਹਾ ਗਿਆ। 24 ਤੁਸੀਂ ਵੇਖਦੇ ਹੋ ਕਿ ਇੱਕ ਵਿਅਕਤੀ ਕੇਵਲ ਵਿਸ਼ਵਾਸ ਨਾਲ ਹੀ ਨਹੀਂ ਸਗੋਂ ਕੰਮਾਂ ਨਾਲ ਵੀ ਧਰਮੀ ਠਹਿਰਾਇਆ ਜਾਂਦਾ ਹੈ।
25 ਇਸੇ ਤਰ੍ਹਾਂ, ਕੀ ਰਾਹਾਬ ਵੇਸਵਾ ਵੀ ਕਰਮਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਸ ਨੇ ਜਾਸੂਸਾਂ ਨੂੰ ਆਪਣੇ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਸਰੇ ਰਾਹ ਵੱਲੋਂ ਭੇਜ ਦਿੱਤਾ? 26 ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਮਰ ਜਾਂਦਾ, ਉਸੇ ਤਰ੍ਹਾਂ ਕਰਮਾਂ ਤੋਂ ਬਿਨਾਂ ਵਿਸ਼ਵਾਸ ਮੁਰਦਾ ਹੁੰਦਾ ਹੈ।