Publicidade

Tiago 1

1 ਯਾਕੋਬ, ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਸੇਵਕ ਵੱਲੋਂ,

ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਕੌਮਾਂ ਵਿੱਚ ਖਿੰਡੇ ਹੋਏ ਹਨ:

ਨਮਸਕਾਰ।

ਅਜ਼ਮਾਇਸ਼ਾਂ ਅਤੇ ਪਰਤਾਵੇ

2 ਹੇ ਮੇਰੇ ਭਰਾਵੋ ਅਤੇ ਭੈਣੋ, ਇਸ ਨੂੰ ਸ਼ੁੱਧ ਖੁਸ਼ੀ ਸਮਝੋ, ਜਦੋਂ ਵੀ ਤੁਹਾਨੂੰ ਬਹੁਤ ਸਾਰੀਆਂ ਕਿਸਮਾਂ ਦੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, 3 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਧੀਰਜ ਨੂੰ ਪੈਦਾ ਕਰਦੀ ਹੈ। 4 ਧੀਰਜ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਬਣ ਸਕੋ, ਤੁਹਾਨੂੰ ਕਿਸੇ ਵੀ ਗੱਲ ਦੀ ਘਾਟ ਨਾ ਹੋਵੇ। 5 ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੈ, ਤਾਂ ਤੁਹਾਨੂੰ ਪਰਮੇਸ਼ਵਰ ਤੋਂ ਮੰਗਣਾ ਚਾਹੀਦੀ ਹੈ, ਜੋ ਬਿਨਾਂ ਕਿਸੇ ਉਲਾਂਭੇ ਦੇ ਸਭ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ, ਅਤੇ ਇਹ ਤੁਹਾਨੂੰ ਦਿੱਤੀ ਜਾਵੇਗੀ 6 ਪਰ ਜਦੋਂ ਤੁਸੀਂ ਮੰਗਦੇ ਹੋ, ਤੁਹਾਨੂੰ ਵਿਸ਼ਵਾਸ ਨਾਲ ਮੰਗਣਾ ਚਾਹੀਦਾ ਹੈ ਅਤੇ ਸ਼ੱਕ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਸ਼ੱਕ ਕਰਦਾ ਹੈ ਉਹ ਸਮੁੰਦਰ ਦੀ ਲਹਿਰ ਵਰਗਾ ਹੁੰਦਾ ਹੈ, ਜਿਹੜੀ ਹਵਾ ਦੇ ਨਾਲ ਉੱਡਦੀ ਅਤੇ ਉੱਛਲਦੀ ਹੈ। 7 ਅਜਿਹਾ ਵਿਅਕਤੀ ਇਹ ਉਮੀਦ ਨਾ ਕਰੇ ਕਿ ਪ੍ਰਭੂ ਕੋਲੋ ਮੈਨੂੰ ਕੁਝ ਮਿਲੇਗਾ। 8 ਅਜਿਹਾ ਵਿਅਕਤੀ ਉਸ ਦੇ ਹਰ ਕੰਮ ਵਿੱਚ ਦੋਗਲਾ ਅਤੇ ਅਸਥਿਰ ਹੁੰਦਾ ਹੈ।

9 ਗਰੀਬੀ ਦੇ ਮਾੜੇ ਹਾਲਾਤਾਂ ਵਿੱਚ ਮਸੀਹੀ ਵਿਸ਼ਵਾਸੀਆਂ ਨੂੰ ਆਪਣੇ ਉੱਚੇ ਅਹੁਦੇ ਤੇ ਮਾਣ ਕਰਨਾ ਚਾਹੀਦਾ ਹੈ। 10 ਪਰ ਅਮੀਰਾਂ ਨੂੰ ਆਪਣੀ ਬੇਇੱਜ਼ਤੀ ਤੇ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਉਹ ਇੱਕ ਜੰਗਲੀ ਫੁੱਲ ਵਾਂਗ ਮਰ ਜਾਣਗੇ। 11 ਕਿਉਂਕਿ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਜਿਹੜੀ ਘਾਹ ਨੂੰ ਮੁਰਝਾ ਦਿੰਦੀ ਹੈ; ਅਤੇ ਉਸ ਦੇ ਫੁੱਲ ਖਿੜਣੇ ਬੰਦ ਹੋ ਜਾਂਦੇ ਹਨ ਅਤੇ ਉਸ ਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਜਿਵੇਂ ਕਿ ਅਮੀਰ ਵੀ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਹੋਏ ਕੁਮਲਾ ਜਾਣਗੇ।

12 ਮੁਬਾਰਕ ਉਹ ਹੈ ਜੋ ਅਜ਼ਮਾਇਸ਼ਾਂ ਦੇ ਦੌਰਾਨ ਸਬਰ ਕਰਦਾ ਹੈ ਕਿਉਂਕਿ, ਪਰੀਖਿਆ ਵਿੱਚ ਖੜ੍ਹੇ ਹੋਣ ਤੇ, ਉਹ ਵਿਅਕਤੀ ਜੀਵਨ ਦਾ ਤਾਜ ਪ੍ਰਾਪਤ ਕਰੇਗਾ ਜਿਸ ਦਾ ਪ੍ਰਭੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।

13 ਜਦੋਂ ਕੋਈ ਪਰਤਾਇਆ ਜਾਂਦਾ ਹੈ, ਤਾਂ ਉਸ ਨੂੰ ਇਹ ਨਹੀਂ ਕਹਿਣਾ ਚਾਹੀਦਾ, "ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ।" ਕਿਉਂਕਿ ਪਰਮੇਸ਼ਵਰ ਬੁਰਾਈ ਨਾਲ ਪਰਤਾਇਆ ਨਹੀਂ ਜਾਂਦਾ, ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ; 14 ਪਰ ਹਰੇਕ ਵਿਅਕਤੀ ਪਰਤਾਇਆ ਜਾਂਦਾ ਹੈ ਜਦਕਿ ਉਹ ਆਪਣੀਆਂ ਹੀ ਬੁਰੀਆਂ ਇੱਛਾਵਾਂ ਦੁਆਰਾ ਖਿੱਚੇ ਅਤੇ ਭਰਮਾਏ ਜਾਂਦੇ ਹਨ। 15 ਫਿਰ, ਇੱਛਾ ਗਰਭ ਧਾਰਨ ਤੋਂ ਬਾਅਦ, ਪਾਪ ਨੂੰ ਜਨਮ ਦਿੰਦੀ ਹੈ; ਅਤੇ ਪਾਪ ਜਦੋਂ ਵੱਧ ਜਾਂਦਾ ਹੈ, ਉਹ ਮੌਤ ਨੂੰ ਜਨਮ ਦਿੰਦਾ ਹੈ।

16 ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਧੋਖਾ ਨਾ ਖਾਓ। 17 ਹਰ ਇੱਕ ਚੰਗਾ ਅਤੇ ਸੰਪੂਰਨ ਤੋਹਫ਼ਾ ਉੱਪਰ ਤੋਂ ਹੈ, ਸਵਰਗੀ ਰੌਸ਼ਨੀ ਦੇ ਪਿਤਾ ਵੱਲੋਂ ਮਿਲਦਾ ਹੈ, ਜੋ ਪਰਛਾਵੇਂ ਬਦਲਣ ਵਾਂਗ ਨਹੀਂ ਬਦਲਦਾ। 18 ਪਰਮੇਸ਼ਵਰ ਨੇ ਸਾਨੂੰ ਸੱਚ ਦੇ ਬਚਨ ਦੁਆਰਾ ਜਨਮ ਦੇਣ ਦੀ ਚੋਣ ਕੀਤੀ, ਤਾਂ ਜੋ ਅਸੀਂ ਉਸ ਦੁਆਰਾ ਬਣਾਏ ਗਏ ਸਭ ਤੋਂ ਪਹਿਲੇ ਫ਼ਲ ਦੇ ਰੂਪ ਅਜਿਹੇ ਹੋ ਸਕੀਏ।

ਸੁਣਨਾ ਅਤੇ ਕਰਨਾ

19 ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲ ਦਾ ਧਿਆਨ ਰੱਖੋ: ਹਰ ਮਨੁੱਖ ਸੁਣਨ ਵਿੱਚ ਤੇਜ਼, ਬੋਲਣ ਵਿੱਚ ਧੀਮਾ ਅਤੇ ਗੁੱਸਾ ਕਰਨ ਵਿੱਚ ਵੀ ਧੀਮਾ ਹੋਣਾ ਚਾਹੀਦਾ ਹੈ, 20 ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ਵਰ ਦੀ ਧਾਰਮਿਕਤਾ ਪੈਦਾ ਨਹੀਂ ਕਰਦਾ ਜਿਸ ਨੂੰ ਉਹ ਚਾਹੁੰਦਾ ਹੈ। 21 ਇਸ ਲਈ, ਸਾਰੀ ਗੰਦਗੀ ਅਤੇ ਵੱਧ ਰਹੇ ਵੈਰ-ਵਿਰੋਧ ਨੂੰ ਦੂਰ ਕਰਕੇ, ਨਿਮਰਤਾ ਨਾਲ ਉਸ ਬਚਨ ਨੂੰ ਸਵੀਕਾਰ ਕਰੋ ਜੋ ਤੁਹਾਡੇ ਦਿਲ ਵਿੱਚ ਬੀਜਿਆ ਗਿਆ ਹੈ ਅਤੇ ਜੋ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ।

22 ਸਿਰਫ ਬਚਨ ਨੂੰ ਸੁਣਨ ਵਾਲੇ ਨਾ ਬਣੋ ਅਤੇ ਆਪਣੇ ਆਪ ਨੂੰ ਧੋਖਾ ਨਾ ਦਿਓ। ਸਗੋਂ ਉਹੀ ਕਰੋ ਜੋ ਬਚਨ ਕਹਿੰਦਾ ਹੈ। 23 ਜੇ ਕੋਈ ਬਚਨ ਨੂੰ ਸੁਣਦਾ ਹੈ ਪਰ ਜੋ ਬਚਨ ਕਹਿੰਦਾ ਹੈ ਉਹ ਨਹੀਂ ਕਰਦਾ ਉਹ ਉਸ ਵਿਅਕਤੀ ਵਰਗਾ ਹੈ ਜੋ ਆਪਣੇ ਚਿਹਰੇ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। 24 ਅਤੇ, ਆਪਣੇ ਆਪ ਨੂੰ ਵੇਖਣ ਤੋਂ ਬਾਅਦ, ਚਲਾ ਜਾਂਦਾ ਹੈ ਅਤੇ ਤੁਰੰਤ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਹੈ। 25 ਪਰ ਜਿਹੜਾ ਵੀ ਵਿਅਕਤੀ ਸੰਪੂਰਨ ਨਿਯਮ ਨੂੰ ਧਿਆਨ ਨਾਲ ਵੇਖਦਾ ਹੈ ਜੋ ਅਜ਼ਾਦੀ ਦਿੰਦਾ ਹੈ, ਅਤੇ ਇਸ ਵਿੱਚ ਲਗਾਤਾਰ ਬਣਿਆ ਰਹਿੰਦਾ ਹੈ। ਜੋ ਉਨ੍ਹਾਂ ਨੇ ਸੁਣਿਆ ਹੈ ਅਤੇ ਉਸ ਨੂੰ ਨਹੀਂ ਭੁੱਲਦਾ, ਬਲਕਿ ਇਸ ਨੂੰ ਕਰਦੇ ਹੋਏ ਉਹ ਉਸ ਵਿੱਚ ਅਸੀਸ ਨੂੰ ਪ੍ਰਾਪਤ ਕਰਨਗੇ।

26 ਜੋ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਨ ਅਤੇ ਫਿਰ ਵੀ ਆਪਣੀ ਜੀਭਾਂ ਤੇ ਲਗਾਮ ਨਹੀਂ ਲਗਾਉਂਦੇ ਉਹ ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਅਤੇ ਉਨ੍ਹਾਂ ਦਾ ਧਰਮ ਵਿਅਰਥ ਹੈ। 27 ਉਹ ਧਰਮ ਜਿਸ ਨੂੰ ਸਾਡਾ ਪਿਤਾ ਪਰਮੇਸ਼ਵਰ ਸ਼ੁੱਧ ਅਤੇ ਨਿਰਦੋਸ਼ ਮੰਨਦਾ ਹੈ ਉਹ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੀ ਉਨ੍ਹਾਂ ਦੀ ਮੁਸੀਬਤ ਵਿੱਚ ਦੇਖਭਾਲ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੁਆਰਾ ਬੇਦਾਗ ਹੋਣ ਤੋਂ ਬਚਾਏ ਰੱਖਣਾ।

Veja também

Publicidade
Tiago
Ver todos os capítulos de Tiago
Bíblia Online Bíblia Online

Bíblia Online • Versão: 2026-06-15_21-32-39-