Pular para o conteúdo
Publicidade

1 ਰਾਜਿਆਂ 14

ਯਾਰਾਬੁਆਮ ਦੇ ਵਿਰੁੱਧ ਅਬੀਯਾਹ ਦੀ ਭਵਿੱਖਬਾਣੀ

1 ਉਸ ਸਮੇਂ ਯਾਰਾਬੁਆਮ ਦਾ ਪੁੱਤਰ ਅਬੀਯਾਹ ਬਿਮਾਰ ਹੋ ਗਿਆ, 2 ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, "ਜਾ, ਆਪਣਾ ਭੇਸ ਧਾਰ, ਤਾਂ ਜੋ ਤੂੰ ਯਾਰਾਬੁਆਮ ਦੀ ਪਤਨੀ ਵਜੋਂ ਪਛਾਣੀ ਨਾ ਜਾਵੇਂ। ਫਿਰ ਸ਼ੀਲੋਹ ਨੂੰ ਜਾ। ਅਹੀਯਾਹ ਨਬੀ ਉੱਥੇ ਹੈ ਜਿਸ ਨੇ ਮੈਨੂੰ ਦੱਸਿਆ ਕਿ ਮੈਂ ਇਨ੍ਹਾਂ ਲੋਕਾਂ ਦਾ ਰਾਜਾ ਬਣਾਗਾ। 3 ਆਪਣੇ ਨਾਲ ਦਸ ਰੋਟੀਆਂ, ਕੁਝ ਚੂਰਮਾ ਅਤੇ ਇੱਕ ਘੜਾ ਸ਼ਹਿਦ ਲੈ ਕੇ ਉਹ ਦੇ ਕੋਲ ਜਾ। ਉਹ ਤੁਹਾਨੂੰ ਦੱਸੇਗਾ ਕਿ ਮੁੰਡੇ ਦਾ ਕੀ ਹੋਵੇਗਾ।" 4 ਤਾਂ ਯਾਰਾਬੁਆਮ ਦੀ ਪਤਨੀ ਨੇ ਉਹੀ ਕੀਤਾ ਜੋ ਉਸ ਨੇ ਕਿਹਾ ਅਤੇ ਸ਼ੀਲੋਹ ਵਿੱਚ ਅਹੀਯਾਹ ਦੇ ਘਰ ਚਲੀ ਗਈ।

ਹੁਣ ਅਹੀਯਾਹ ਨਹੀਂ ਦੇਖ ਸਕਦਾ ਸੀ ਅਤੇ ਉਮਰ ਕਾਰਨ ਉਸਦੀ ਨਜ਼ਰ ਚਲੀ ਗਈ ਸੀ। 5 ਪਰ ਯਾਹਵੇਹ ਨੇ ਅਹੀਯਾਹ ਨੂੰ ਆਖਿਆ ਸੀ, "ਯਾਰਾਬੁਆਮ ਦੀ ਪਤਨੀ ਆਪਣੇ ਪੁੱਤਰ ਬਾਰੇ ਪੁੱਛਣ ਲਈ ਆ ਰਹੀ ਹੈ ਕਿਉਂਕਿ ਉਹ ਬਿਮਾਰ ਹੈ ਅਤੇ ਤੂੰ ਉਸਨੂੰ ਅਜਿਹਾ ਉੱਤਰ ਦੇਣਾ ਹੈ। ਜਦੋਂ ਉਹ ਆਵੇਗੀ, ਉਹ ਕੋਈ ਹੋਰ ਹੋਣ ਦਾ ਦਿਖਾਵਾ ਕਰੇਗੀ।"

6 ਇਸ ਲਈ ਜਦੋਂ ਅਹੀਯਾਹ ਨੇ ਦਰਵਾਜ਼ੇ ਉੱਤੇ ਉਸ ਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, "ਹੇ ਯਾਰਾਬੁਆਮ ਦੀ ਪਤਨੀ, ਅੰਦਰ ਆ ਜਾ। ਇਹ ਦਿਖਾਵਾ ਕਿਉਂ? ਮੈਨੂੰ ਤੁਹਾਡੇ ਕੋਲ ਬੁਰੀ ਖ਼ਬਰ ਨਾਲ ਭੇਜਿਆ ਗਿਆ ਹੈ। 7 ਜਾ, ਯਾਰਾਬੁਆਮ ਨੂੰ ਆਖ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਗੱਲਾਂ ਆਖਦਾ ਹੈ, ‘ਮੈਂ ਤੈਨੂੰ ਲੋਕਾਂ ਵਿੱਚੋਂ ਉਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ। 8 ਮੈਂ ਦਾਵੀਦ ਦੇ ਘਰਾਣੇ ਤੋਂ ਰਾਜ ਖੋਹ ਕੇ ਤੈਨੂੰ ਦੇ ਦਿੱਤਾ, ਪਰ ਤੂੰ ਮੇਰੇ ਦਾਸ ਦਾਵੀਦ ਵਰਗਾ ਨਹੀਂ ਰਿਹਾ ਜਿਸ ਨੇ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਿਆ ਅਤੇ ਉਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ। 9 ਤੁਸੀਂ ਉਹਨਾਂ ਸਭਨਾਂ ਨਾਲੋਂ ਜੋ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਵੱਧ ਬੁਰਿਆਈ ਕੀਤੀ ਹੈ। ਤੁਸੀਂ ਆਪਣੇ ਲਈ ਹੋਰ ਦੇਵਤੇ ਬਣਾਏ ਹਨ, ਧਾਤੂ ਦੀਆਂ ਮੂਰਤੀਆਂ ਬਣਾਈਆਂ ਹਨ, ਤੂੰ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ।

10 " ‘ਇਸ ਕਾਰਨ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਤਬਾਹੀ ਲਿਆਉਣ ਜਾ ਰਿਹਾ ਹਾਂ। ਮੈਂ ਯਾਰਾਬੁਆਮ ਤੋਂ ਇਸਰਾਏਲ ਦੇ ਹਰ ਆਖਰੀ ਆਦਮੀ ਨੂੰ ਕੱਟ ਦਿਆਂਗਾ ਗ਼ੁਲਾਮ ਜਾਂ ਅਜ਼ਾਦ, ਮੈਂ ਯਾਰਾਬੁਆਮ ਦੇ ਘਰਾਣੇ ਨੂੰ ਇਸ ਤਰ੍ਹਾਂ ਸਾੜ ਦਿਆਂਗਾ ਜਿਵੇਂ ਕੋਈ ਗੋਹੇ ਨੂੰ ਸਾੜਦਾ ਹੈ, ਜਦ ਤੱਕ ਇਹ ਸਭ ਖਤਮ ਨਹੀਂ ਹੋ ਜਾਂਦਾ। 11 ਯਾਰਾਬੁਆਮ ਦੇ ਘਰ ਦੇ ਮੈਂਬਰ ਜਿਹੜੇ ਸ਼ਹਿਰ ਵਿੱਚ ਮਰਨਗੇ ਉਹਨਾਂ ਨੂੰ ਕੁੱਤੇ ਖਾ ਜਾਣਗੇ ਅਤੇ ਜਿਹੜੇ ਦੇਸ ਵਿੱਚ ਮਰਨਗੇ ਉਹਨਾਂ ਨੂੰ ਪੰਛੀ ਖਾਣਗੇ, ਕਿਉਂ ਜੋ ਯਾਹਵੇਹ ਇਸ ਤਰ੍ਹਾਂ ਬੋਲਿਆ ਹੈ।’

12 "ਜਿੱਥੋਂ ਤੱਕ ਤੁਹਾਡੀ ਗੱਲ ਹੈ, ਘਰ ਵਾਪਸ ਜਾ। ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਹੀ ਮੁੰਡਾ ਮਰ ਜਾਵੇਗਾ। 13 ਸਾਰਾ ਇਸਰਾਏਲ ਉਹ ਦੇ ਲਈ ਸੋਗ ਕਰੇਗਾ ਅਤੇ ਉਸ ਨੂੰ ਦਫ਼ਨਾਉਣਗੇ। ਸਿਰਫ ਉਹੀ ਯਾਰਾਬੁਆਮ ਦਾ ਹੈ ਜਿਸ ਨੂੰ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚ ਸਿਰਫ ਉਹੀ ਵਿਅਕਤੀ ਹੈ ਜਿਸ ਵਿੱਚ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੇ ਕੁਝ ਵੀ ਚੰਗਾ ਪਾਇਆ ਹੈ।

14 "ਯਾਹਵੇਹ ਆਪਣੇ ਲਈ ਇਸਰਾਏਲ ਉੱਤੇ ਇੱਕ ਰਾਜਾ ਖੜ੍ਹਾ ਕਰੇਗਾ ਜੋ ਯਾਰਾਬੁਆਮ ਦੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਹੁਣ ਵੀ ਇਹ ਵਾਪਰਨਾ ਸ਼ੁਰੂ ਹੋ ਗਿਆ ਹੈ। 15 ਅਤੇ ਯਾਹਵੇਹ ਇਸਰਾਏਲ ਨੂੰ ਅਜਿਹਾ ਮਾਰ ਦੇਵੇਗਾ ਕਿ ਉਹ ਪਾਣੀ ਵਿੱਚ ਹਿੱਲਦੇ ਹੋਏ ਕਾਨੇ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਇਸ ਚੰਗੀ ਧਰਤੀ ਤੋਂ ਉਖਾੜ ਸੁੱਟੇਗਾ ਜਿਹੜੀ ਉਸ ਨੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਅਤੇ ਉਹਨਾਂ ਨੂੰ ਫ਼ਰਾਤ ਦਰਿਆ ਦੇ ਪਾਰ ਖਿੰਡਾ ਦੇਵੇਗਾ ਕਿਉਂ ਜੋ ਉਹਨਾਂ ਨੇ ਅਸ਼ੇਰਾਹ ਦੇ ਥੰਮ ਬਣਾ ਕੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ 16 ਅਤੇ ਉਹ ਇਸਰਾਏਲ ਨੂੰ ਛੱਡ ਦੇਵੇਗਾ ਕਿਉਂਕਿ ਜਿਹੜੇ ਪਾਪ ਯਾਰਾਬੁਆਮ ਨੇ ਕੀਤੇ ਹਨ ਅਤੇ ਇਸਰਾਏਲ ਨੂੰ ਕਰਨ ਲਈ ਉਕਸਾਇਆ ਹੈ।"

17 ਤਦ ਯਾਰਾਬੁਆਮ ਦੀ ਪਤਨੀ ਉੱਠ ਕੇ ਤੁਰ ਗਈ ਅਤੇ ਤਿਰਜ਼ਾਹ ਨੂੰ ਚਲੀ ਗਈ। ਜਿਵੇਂ ਹੀ ਉਸਨੇ ਘਰ ਦੀ ਦਹਿਲੀਜ਼ ਉੱਤੇ ਪੈਰ ਰੱਖਿਆ, ਲੜਕੇ ਦੀ ਮੌਤ ਹੋ ਗਈ। 18 ਉਹਨਾਂ ਨੇ ਉਹ ਨੂੰ ਦਫ਼ਨਾਇਆ ਅਤੇ ਸਾਰੇ ਇਸਰਾਏਲ ਨੇ ਉਹ ਦੇ ਲਈ ਸੋਗ ਕੀਤਾ ਜਿਵੇਂ ਯਾਹਵੇਹ ਨੇ ਆਪਣੇ ਸੇਵਕ ਅਹੀਯਾਹ ਨਬੀ ਦੇ ਰਾਹੀਂ ਆਖਿਆ ਸੀ।

19 ਯਾਰਾਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਲੜਾਈਆਂ ਅਤੇ ਉਸ ਨੇ ਕਿਵੇਂ ਰਾਜ ਕੀਤਾ, ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 20 ਯਾਰਾਬੁਆਮ ਨੇ ਬਾਈ ਸਾਲ ਰਾਜ ਕੀਤਾ ਅਤੇ ਤਾਂ ਉਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਨਾਦਾਬ ਉਸ ਤੋਂ ਬਾਅਦ ਰਾਜਾ ਬਣਿਆ।

ਯਹੂਦਾਹ ਦਾ ਰਾਜਾ ਰਹਬੁਆਮ

21 ਸ਼ਲੋਮੋਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਰਾਜਾ ਸੀ। ਜਦੋਂ ਉਹ ਰਾਜਾ ਬਣਿਆ ਤਾਂ ਉਹ ਇੱਕਤਾਲੀਆਂ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਸਤਾਰਾਂ ਸਾਲ ਰਾਜ ਕੀਤਾ, ਜਿਸ ਸ਼ਹਿਰ ਨੂੰ ਯਾਹਵੇਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਜਿਸ ਵਿੱਚ ਆਪਣਾ ਨਾਮ ਰੱਖਣ ਲਈ ਚੁਣਿਆ ਗਿਆ ਸੀ। ਉਸਦੀ ਮਾਤਾ ਦਾ ਨਾਮ ਨਾਮਾਹ ਸੀ; ਉਹ ਇੱਕ ਅੰਮੋਨੀ ਸੀ।

22 ਅਤੇ ਯਹੂਦਾਹ ਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਹਨਾਂ ਨੇ ਉਸ ਦੀ ਅਣਖ ਨੂੰ ਭੜਕਾਇਆ ਉਹਨਾਂ ਸਾਰਿਆਂ ਪਾਪਾਂ ਦੇ ਕਾਰਨ ਜੋ ਉਹਨਾਂ ਆਪਣੇ ਪੁਰਖਿਆਂ ਤੋਂ ਵੱਧ ਪਾਪ ਕੀਤਾ। 23 ਉਹਨਾਂ ਨੇ ਆਪਣੇ ਲਈ ਉੱਚੇ ਸਥਾਨ, ਪਵਿੱਤਰ ਪੱਥਰ ਅਤੇ ਅਸ਼ੇਰਾਹ ਦੇ ਥੰਮ ਹਰੇਕ ਉੱਚੇ ਟਿੱਬੇ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਣਾਏ। 24 ਦੇਸ਼ ਵਿੱਚ ਮਰਦ ਅਤੇ ਇਸਤਰੀਆਂ ਵੇਸਵਾਵਾਂ ਵੀ ਸਨ। ਉਹ ਲੋਕ ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਵਿੱਚ ਲੱਗੇ ਹੋਏ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿੱਤਾ ਸੀ।

25 ਰਾਜਾ ਰਹਬੁਆਮ ਦੇ ਪੰਜਵੇਂ ਸਾਲ ਵਿੱਚ ਮਿਸਰ ਦੇ ਰਾਜਾ ਸ਼ੀਸ਼ਕ ਨੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ। 26 ਉਹ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨੇ ਲੈ ਗਿਆ। ਸਗੋਂ ਉਹ ਸਭ ਲੈ ਗਿਆ ਸੋਨੇ ਦੀਆਂ ਢਾਲ਼ਾਂ ਵੀ ਜੋ ਸ਼ਲੋਮੋਨ ਨੇ ਬਣਵਾਈਆਂ ਸਨ। 27 ਇਸ ਲਈ ਰਾਜਾ ਰਹਬੁਆਮ ਨੇ ਉਹਨਾਂ ਨੂੰ ਬਦਲਣ ਲਈ ਪਿੱਤਲ ਦੀਆਂ ਢਾਲ਼ਾਂ ਬਣਵਾਈਆਂ ਅਤੇ ਇਨ੍ਹਾਂ ਉਹਨਾਂ ਨੂੰ ਸ਼ਾਹੀ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਪਹਿਰੇਦਾਰਾਂ ਨੂੰ ਸੌਂਪ ਦਿੱਤਾ। 28 ਜਦੋਂ ਵੀ ਰਾਜਾ ਯਾਹਵੇਹ ਦੇ ਭਵਨ ਵਿੱਚ ਜਾਂਦਾ ਸੀ ਤਾਂ ਪਹਿਰੇਦਾਰ ਢਾਲ਼ਾਂ ਨੂੰ ਚੁੱਕ ਕੇ ਪਹਿਰੇ ਵਾਲੇ ਕਮਰੇ ਵਿੱਚ ਵਾਪਸ ਲੈ ਕੇ ਰੱਖ ਦਿੰਦੇ ਸਨ।

29 ਰਹਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਕੀਤਾ ਗਿਆ। 30 ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਲੜਾਈ ਹੁੰਦੀ ਰਹਿੰਦੀ ਸੀ। 31 ਅਤੇ ਰਹਬੁਆਮ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ। ਉਸਦੀ ਮਾਤਾ ਦਾ ਨਾਮ ਨਾਮਾਹ ਸੀ ਉਹ ਇੱਕ ਅੰਮੋਨੀ ਸੀ ਅਤੇ ਉਸਦਾ ਪੁੱਤਰ ਅਬੀਜਾਮ14:31 ਅਬੀਜਾਮ ਕੁਝ ਲਿਖਤਾਂ ਦੇ ਵਿੱਚ ਅਬੀਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

Estes versículos te tocaram? Ore agora!

+581 estão orando agora.

Junte-se à corrente de oração.