1 ਤਦ ਸ਼ਲੋਮੋਨ ਪਾਤਸ਼ਾਹ ਨੇ ਯੇਰੂਸ਼ਲੇਮ ਵਿੱਚ ਇਸਰਾਏਲ ਦੇ ਬਜ਼ੁਰਗਾਂ, ਸਾਰੇ ਗੋਤਾਂ ਦੇ ਮੁਖੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਸੰਦੂਕ ਲਿਆਉਣ ਲਈ ਆਪਣੀ ਹਾਜ਼ਰੀ ਵਿੱਚ ਬੁਲਾਇਆ। ਤਾਂ ਜੋ ਦਾਵੀਦ ਦੇ ਸ਼ਹਿਰ ਸੀਯੋਨ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉਤਾਹਾਂ ਲੈ ਆਉਣ। 2 ਸਾਰੇ ਇਸਰਾਏਲੀ ਸੱਤਵੇਂ ਮਹੀਨੇ ਏਥਾਨਿਮ ਦੇ ਤਿਉਹਾਰ ਦੇ ਸਮੇਂ ਸ਼ਲੋਮੋਨ ਪਾਤਸ਼ਾਹ ਕੋਲ ਇਕੱਠੇ ਹੋਏ।
3 ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਉੱਥੇ ਪਹੁੰਚ ਗਏ ਤਾਂ ਜਾਜਕਾਂ ਨੇ ਸੰਦੂਕ ਨੂੰ ਚੁੱਕ ਲਿਆ, 4 ਅਤੇ ਉਹਨਾਂ ਨੇ ਯਾਹਵੇਹ ਦੇ ਸੰਦੂਕ ਨੂੰ ਅਤੇ ਮੰਡਲੀ ਦੇ ਤੰਬੂ ਅਤੇ ਉਸ ਵਿੱਚ ਮੌਜੂਦ ਸਾਰੇ ਪਵਿੱਤਰ ਸਮਾਨ ਨੂੰ ਚੁੱਕ ਲਿਆ। ਜਾਜਕਾਂ ਅਤੇ ਲੇਵੀਆਂ ਨੇ ਉਹਨਾਂ ਨੂੰ ਚੁੱਕ ਲਿਆ, 5 ਅਤੇ ਰਾਜਾ ਸ਼ਲੋਮੋਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਜੋ ਉਸ ਦੇ ਆਲੇ-ਦੁਆਲੇ ਇਕੱਠੀ ਹੋਈ ਸੀ, ਸੰਦੂਕ ਦੇ ਅੱਗੇ ਸਨ ਅਤੇ ਇੰਨੀਆਂ ਭੇਡਾਂ ਅਤੇ ਪਸ਼ੂਆਂ ਦੀ ਬਲੀ ਚੜ੍ਹਾ ਰਹੇ ਸਨ ਜੋ ਉਹਨਾਂ ਨੂੰ ਦਰਜ ਜਾਂ ਗਿਣਿਆ ਨਹੀਂ ਜਾ ਸਕਦਾ ਸੀ।
6 ਤਦ ਜਾਜਕਾਂ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਅਸਥਾਨ ਵਿੱਚ ਅਰਥਾਤ ਅੱਤ ਪਵਿੱਤਰ ਸਥਾਨ ਵਿੱਚ ਲਿਆਇਆ ਅਤੇ ਇਸ ਨੂੰ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਰੱਖਿਆ। 7 ਕਰੂਬੀਆਂ ਨੇ ਸੰਦੂਕ ਦੀ ਥਾਂ ਉੱਤੇ ਆਪਣੇ ਖੰਭ ਫੈਲਾਏ ਸਨ ਅਤੇ ਕਰੂਬੀਆਂ ਨੇ ਸੰਦੂਕ ਨੂੰ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਢੱਕਿਆ ਹੋਇਆ ਸੀ। 8 ਇਹ ਖੰਭੇ ਇੰਨੇ ਲੰਬੇ ਸਨ ਕਿ ਉਹਨਾਂ ਦੇ ਸਿਰੇ ਪਵਿੱਤਰ ਸਥਾਨ ਦੇ ਸਾਹਮਣੇ ਪਵਿੱਤਰ ਸਥਾਨ ਤੋਂ ਵੇਖੇ ਜਾ ਸਕਦੇ ਸਨ, ਪਰ ਪਵਿੱਤਰ ਸਥਾਨ ਦੇ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦਿਨ ਤੱਕ ਵੀ ਉੱਥੇ ਹਨ। 9 ਸੰਦੂਕ ਵਿੱਚ ਉਹਨਾਂ ਦੋ ਪੱਥਰਾਂ ਦੀਆਂ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੋਸ਼ੇਹ ਨੇ ਉੱਥੇ ਹੋਰੇਬ ਵਿੱਚ ਰੱਖੀਆਂ ਸਨ ਜਿੱਥੇ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲੇ ਸਨ।
10 ਤਾਂ ਐਉਂ ਹੋਇਆ ਕਿ ਜਦ ਜਾਜਕ ਪਵਿੱਤਰ ਅਸਥਾਨ ਤੋਂ ਨਿੱਕਲੇ ਤਦ ਉਸ ਬੱਦਲ ਨੇ ਪ੍ਰਭੂ ਯਾਹਵੇਹ ਦੇ ਭਵਨ ਨੂੰ ਇਸ ਤਰ੍ਹਾਂ ਭਰ ਦਿੱਤਾ। 11 ਅਤੇ ਜਾਜਕ ਬੱਦਲ ਦੇ ਕਾਰਨ ਆਪਣੀ ਸੇਵਾ ਨਾ ਕਰ ਸਕੇ ਕਿਉਂ ਜੋ ਯਾਹਵੇਹ ਦੀ ਮਹਿਮਾ ਨਾਲ ਉਸਦਾ ਭਵਨ ਭਰ ਗਿਆ ਸੀ।
12 ਤਦ ਸ਼ਲੋਮੋਨ ਨੇ ਕਿਹਾ, "ਯਾਹਵੇਹ ਨੇ ਆਖਿਆ ਹੈ ਕਿ ਉਹ ਕਾਲੇ ਬੱਦਲ ਵਿੱਚ ਵੱਸੇਗਾ। 13 ਸੱਚ-ਮੁੱਚ ਮੈਂ ਤੇਰੇ ਲਈ ਇੱਕ ਸ਼ਾਨਦਾਰ ਭਵਨ ਬਣਾਇਆ ਹੈ, ਜਿੱਥੇ ਤੂੰ ਸਦਾ ਰਹਿ ਸਕੇ।"
14 ਜਦੋਂ ਇਸਰਾਏਲ ਦੀ ਸਾਰੀ ਸਭਾ ਉੱਥੇ ਖੜ੍ਹੀ ਸੀ ਤਾਂ ਪਾਤਸ਼ਾਹ ਨੇ ਮੁੜ ਕੇ ਉਹਨਾਂ ਨੂੰ ਅਸੀਸ ਦਿੱਤੀ। 15 ਤਦ ਉਸ ਨੇ ਆਖਿਆ,
"ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਮੇਰੇ ਪਿਤਾ ਦਾਵੀਦ ਨਾਲ ਆਪਣੇ ਮੂੰਹ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਆਪਣੇ ਹੱਥੀਂ ਪੂਰਾ ਕੀਤਾ। 16 ‘ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਮੈਂ ਇਸਰਾਏਲ ਦੇ ਕਿਸੇ ਵੀ ਗੋਤ ਦੇ ਸ਼ਹਿਰ ਨੂੰ ਮੰਦਰ ਬਣਾਉਣ ਲਈ ਨਹੀਂ ਚੁਣਿਆ ਪਰ ਮੈਂ ਦਾਵੀਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਰਾਜ ਕਰੇ।’
17 "ਮੇਰੇ ਪਿਤਾ ਦਾਵੀਦ ਦੇ ਦਿਲ ਵਿੱਚ ਸੀ ਕਿ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਨਾਮ ਲਈ ਇੱਕ ਭਵਨ ਬਣਾਵੇ। 18 ਪਰ ਯਾਹਵੇਹ ਨੇ ਮੇਰੇ ਪਿਤਾ ਦਾਵੀਦ ਨੂੰ ਕਿਹਾ, ‘ਤੂੰ ਚੰਗਾ ਕੀਤਾ ਹੈ ਜੋ ਤੇਰੇ ਮਨ ਵਿੱਚ ਮੇਰੇ ਨਾਮ ਲਈ ਇੱਕ ਭਵਨ ਬਣਾਉਣ ਇੱਛਾ ਸੀ। 19 ਫਿਰ ਵੀ, ਤੂੰ ਭਵਨ ਨਹੀਂ ਬਣਾਵੇਗਾ, ਪਰ ਫਿਰ ਵੀ ਤੇਰਾ ਪੁੱਤਰ, ਜੋ ਤੇਰੇ ਆਪਣੇ ਮਾਸ ਅਤੇ ਲਹੂ ਵਿੱਚੋਂ ਹੋਵੇਗਾ ਉਹ ਮੇਰੇ ਲਈ ਭਵਨ ਨੂੰ ਬਣਾਵੇਗਾ।’
20 "ਯਾਹਵੇਹ ਨੇ ਆਪਣਾ ਉਹ ਵਚਨ ਜਿਹੜਾ ਉਸਨੇ ਕਿਹਾ ਸੀ ਪੂਰਾ ਕੀਤਾ। ਜੋ ਮੈਂ ਆਪਣੇ ਪਿਤਾ ਦਾਵੀਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਾਹਵੇਹ ਨੇ ਬਚਨ ਕੀਤਾ ਸੀ ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਲਈ ਇਹ ਭਵਨ ਬਣਾਇਆ। 21 ਉੱਥੇ ਮੈਂ ਸੰਦੂਕ ਲਈ ਥਾਂ ਰੱਖਿਆ ਹੈ ਜਿਸ ਵਿੱਚ ਯਾਹਵੇਹ ਦਾ ਨੇਮ ਹੈ ਜੋ ਉਸਨੇ ਸਾਡੇ ਪਿਉ ਦਾਦਿਆਂ ਨਾਲ ਬੰਨ੍ਹਿਆ ਜਦ ਉਸ ਨੇ ਉਹਨਾਂ ਨੂੰ ਮਿਸਰ ਦੇਸ ਤੋਂ ਕੱਢਿਆ।"
22 ਤਦ ਸ਼ਲੋਮੋਨ ਨੇ ਇਸਰਾਏਲ ਦੀ ਸਾਰੀ ਸਭਾ ਦੇ ਸਾਹਮਣੇ ਯਾਹਵੇਹ ਦੀ ਜਗਵੇਦੀ ਦੇ ਅੱਗੇ ਖੜ੍ਹਾ ਹੋ ਕੇ ਆਪਣੇ ਹੱਥ ਅਕਾਸ਼ ਵੱਲ ਚੁੱਕੇ 23 ਉਸ ਨੇ ਕਿਹਾ:
"ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਤੇਰੇ ਵਰਗਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਕੋਈ ਪਰਮੇਸ਼ਵਰ ਨਹੀਂ ਹੈ, ਤੂੰ ਆਪਣੇ ਸੇਵਕਾਂ ਨਾਲ ਆਪਣੇ ਪਿਆਰ ਦੇ ਨੇਮ ਦੀ ਪਾਲਣਾ ਕੀਤੀ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਤੇਰੇ ਰਾਹ ਉੱਤੇ ਚੱਲਦੇ ਹਨ। 24 ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਤੂੰ ਆਪਣੇ ਮੂੰਹ ਨਾਲ ਇਕਰਾਰ ਕੀਤਾ ਸੀ ਅਤੇ ਆਪਣੇ ਹੱਥਾਂ ਨਾਲ ਇਸ ਨੂੰ ਪੂਰਾ ਕੀਤਾ ਹੈ, ਜਿਵੇਂ ਅੱਜ ਦੇ ਦਿਨ ਹੈ।
25 "ਇਸ ਲਈ ਹੁਣ ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ‘ਮੇਰੇ ਪਿਤਾ ਆਪਣੇ ਦਾਸ ਦਾਵੀਦ ਨਾਲ ਜੋ ਵਾਅਦਾ ਕੀਤਾ ਪੂਰਾ ਕਰ ਕਿ ਮੇਰੇ ਅੱਗੇ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਤੇਰੇ ਥਾਂ ਮਨੁੱਖ ਦੀ ਥੁੜ ਨਾ ਹੋਵੇਗੀ ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਅਤੇ ਉਹ ਮੇਰੇ ਸਨਮੁਖ ਵਫ਼ਾਦਾਰੀ ਨਾਲ ਚੱਲਣ ਜਿਵੇਂ ਤੂੰ ਮੇਰੇ ਸਨਮੁਖ ਚੱਲਦਾ ਰਿਹਾ ਹੈ।’ 26 ਹੁਣ ਹੇ ਇਸਰਾਏਲ ਦੇ ਪਰਮੇਸ਼ਵਰ, ਤੇਰਾ ਬਚਨ ਜਿਸਦਾ ਤੂੰ ਮੇਰੇ ਪਿਤਾ ਆਪਣੇ ਦਾਸ ਦਾਵੀਦ ਨਾਲ ਵਾਅਦਾ ਕੀਤਾ ਸੀ ਪੂਰਾ ਹੋਵੇ।
27 "ਪਰ ਕੀ ਪਰਮੇਸ਼ਵਰ ਸੱਚ-ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਸੰਭਾਲ ਨਹੀਂ ਸਕੇ, ਫਿਰ ਇਹ ਭਵਨ ਜੋ ਮੈਂ ਬਣਾਇਆ ਕਿਵੇਂ ਸਮਾਂ ਸਕਦਾ ਹੈ! 28 ਤਦ ਵੀ ਹੇ ਯਾਹਵੇਹ ਮੇਰੇ ਪਰਮੇਸ਼ਵਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਕੇ ਉਸਦੀ ਦੁਹਾਈ ਅਤੇ ਬੇਨਤੀ ਸੁਣ ਲੈ ਅੱਜ ਦੇ ਦਿਨ ਤੇਰਾ ਦਾਸ ਤੇਰੀ ਹਜ਼ੂਰੀ ਵਿੱਚ ਕਰ ਰਿਹਾ ਹੈ। 29 ਤੇਰੀਆਂ ਅੱਖਾਂ ਰਾਤ ਦਿਨ ਇਸ ਭਵਨ ਵੱਲ ਖੁਲ੍ਹੀਆਂ ਰਹਿਣ, ਇਸ ਅਸਥਾਨ ਵੱਲ ਜਿਹ ਦੇ ਬਾਰੇ ਤੂੰ ਕਿਹਾ ਸੀ, ‘ਮੇਰਾ ਨਾਮ ਉੱਥੇ ਰਹੇਗਾ,’ ਤਾਂ ਜੋ ਤੂੰ ਉਸ ਪ੍ਰਾਰਥਨਾ ਨੂੰ ਸੁਣੇ ਜੋ ਤੇਰਾ ਦਾਸ ਇਸ ਅਸਥਾਨ ਵੱਲ ਕਰੇ। 30 ਆਪਣੇ ਸੇਵਕ ਅਤੇ ਆਪਣੇ ਲੋਕਾਂ ਇਸਰਾਏਲ ਦੀਆਂ ਬੇਨਤੀਆਂ ਨੂੰ ਸੁਣ ਜਦੋਂ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ। ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈ ਅਤੇ ਸੁਣ ਕੇ ਮਾਫ਼ ਕਰੀਂ।
31 "ਜਦੋਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬੁਰਾ ਕਰੇ ਅਤੇ ਉਸ ਤੋਂ ਸਹੁੰ ਖਵਾਈ ਜਾਵੇ ਆ ਕੇ ਅਤੇ ਉਹ ਇਸ ਭਵਨ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸਹੁੰ ਖਾਧੀ, 32 ਤਾਂ ਤੂੰ ਸਵਰਗ ਵਿੱਚੋਂ ਸੁਣ ਕੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਇਸ ਤਰ੍ਹਾਂ ਕਰੀ ਕਿ ਬੁਰੇ ਨੂੰ ਦੋਸ਼ੀ ਠਹਿਰਾਵੇਂ ਕਿ ਉਸ ਦੇ ਕੀਤੇ ਨੂੰ ਉਸ ਦੇ ਸਿਰ ਉੱਤੇ ਆਵੇ ਅਤੇ ਧਰਮੀ ਨੂੰ ਧਰਮੀ ਠਹਿਰਾਵੇਂ ਕਿ ਉਸ ਦੇ ਧਰਮ ਅਨੁਸਾਰ ਉਸ ਨੂੰ ਬਦਲਾ ਦਿੱਤਾ ਜਾਵੇ।
33 "ਜਦ ਤੇਰੀ ਪਰਜਾ ਇਸਰਾਏਲ ਤੇਰਾ ਪਾਪ ਕਰਨ ਦੇ ਕਾਰਨ ਆਪਣੇ ਵੈਰੀਆਂ ਦੇ ਅੱਗੋਂ ਹਾਰ ਜਾਵੇ ਅਤੇ ਜਦੋਂ ਉਹ ਤੇਰੇ ਵੱਲ ਮੁੜਨ ਅਤੇ ਤੇਰੇ ਨਾਮ ਦੀ ਉਸਤਤ ਕਰਨ ਅਤੇ ਇਸ ਭਵਨ ਵਿੱਚ ਤੇਰੇ ਸਨਮੁੱਖ ਪ੍ਰਾਰਥਨਾ ਅਤੇ ਬੇਨਤੀ ਕਰਨ, 34 ਫਿਰ ਤੂੰ ਸਵਰਗ ਤੋਂ ਸੁਣੀ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪਾਂ ਨੂੰ ਮਾਫ਼ ਕਰੀ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚ ਵਾਪਸ ਲਿਆਵੀਂ ਜਿਹੜਾ ਤੂੰ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।
35 "ਜਦ ਇਸ ਕਾਰਨ ਕਿ ਉਹਨਾਂ ਨੇ ਤੇਰਾ ਪਾਪ ਕੀਤਾ ਹੋਵੇ ਅਤੇ ਅਕਾਸ਼ ਬੰਦ ਹੋ ਜਾਵੇ ਅਤੇ ਵਰਖਾ ਨਾ ਹੋਵੇ ਅਤੇ ਉਹ ਇਸ ਅਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮਹਿਮਾ ਅਤੇ ਜਦ ਤੂੰ ਉਹਨਾਂ ਨੂੰ ਦੁੱਖ ਦਿੱਤਾ ਹੋਵੇ ਅਤੇ ਜਦ ਆਪਣੇ ਪਾਪ ਤੋਂ ਮੂੰਹ ਮੋੜਨ। 36 ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀ। ਤੂੰ ਉਹਨਾਂ ਨੂੰ ਜੀਉਣ ਦਾ ਸਹੀ ਰਾਹ ਸਿਖਾਵੀਂ ਜਿਸ ਤੇ ਉਹ ਚੱਲ ਸਕਣ, ਅਤੇ ਉਸ ਧਰਤੀ ਉੱਤੇ ਜਿਹੜੀ ਤੂੰ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦਿੱਤੀ ਸੀ ਮੀਹ ਵਰਾਈਂ।
37 "ਜਦੋਂ ਦੇਸ਼ ਉੱਤੇ ਕਾਲ ਜਾਂ ਬਵਾ ਆ ਜਾਵੇ ਜਾਂ ਝੁਲਸ ਜਾਂ ਉੱਲੀ ਟਿੱਡੀਆਂ ਜਾਂ ਸੁੰਡੀਆਂ ਜਾਂ ਜਦੋਂ ਕੋਈ ਦੁਸ਼ਮਣ ਉਹਨਾਂ ਦੇ ਕਿਸੇ ਸ਼ਹਿਰ ਵਿੱਚ ਉਹਨਾਂ ਨੂੰ ਘੇਰ ਲੈਂਦਾ ਹੈ, ਭਾਵੇਂ ਕੋਈ ਵੀ ਆਫ਼ਤ ਜਾਂ ਬਿਮਾਰੀ ਆਵੇ, 38 ਅਤੇ ਬੇਨਤੀ ਜਾਂ ਪ੍ਰਾਰਥਨਾ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਵੱਲੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਉਠਾਵੇ, 39 ਤਾਂ ਆਪਣੇ ਨਿਵਾਸ ਸਥਾਨ ਸਵਰਗ ਤੋਂ ਸੁਣ, ਮਾਫ਼ ਕਰ ਅਤੇ ਕੰਮ ਕਰੀ; ਹਰ ਕਿਸੇ ਨਾਲ ਉਸੇ ਤਰ੍ਹਾਂ ਵਰਤਾਓ ਕਰੀ ਜਿਵੇਂ ਉਹ ਕਰਦੇ ਹਨ, ਕਿਉਂਕਿ ਤੂੰ ਉਹਨਾਂ ਦੇ ਦਿਲਾਂ ਨੂੰ ਜਾਣਦਾ ਹੈ (ਕਿਉਂਕਿ ਤੂੰ ਹਰ ਮਨੁੱਖ ਦੇ ਦਿਲ ਨੂੰ ਜਾਣਦਾ ਹੈ), 40 ਤਾਂ ਜੋ ਉਹ ਤੇਰੇ ਤੋਂ ਡਰਦੇ ਰਹਿਣ ਜਦੋਂ ਤੱਕ ਉਹ ਉਸ ਦੇਸ਼ ਵਿੱਚ ਰਹਿਣ ਜੋ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤਾ ਹੈ।
41 "ਜਦੋਂ ਉਹ ਪਰਦੇਸੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਤੇਰੇ ਮਹਾਨ ਨਾਮ ਦੇ ਕਾਰਨ ਦੂਰ ਦੇਸ਼ ਤੋਂ ਆਇਆ ਹੈ, 42 ਕਿਉਂ ਜੋ ਓਹ ਤੇਰਾ ਵੱਡਾ ਨਾਮ, ਸ਼ਕਤੀਸ਼ਾਲੀ ਹੱਥ ਅਤੇ ਤੇਰੀ ਪਸਾਰੀ ਹੋਈ ਬਾਂਹ ਦੀ ਖ਼ਬਰ ਸੁਣਨਗੇ ਸੋ ਜਦ ਉਹ ਆਵੇ ਅਤੇ ਇਸ ਭਵਨ ਵੱਲ ਆ ਕੇ ਪ੍ਰਾਰਥਨਾ ਕਰਨ, 43 ਤਦ ਸਵਰਗ ਤੋਂ ਸੁਣ, ਜੋ ਤੇਰਾ ਨਿਵਾਸ ਸਥਾਨ ਹੈ। ਜੋ ਕੁਝ ਪਰਦੇਸੀ ਤੇਰੇ ਕੋਲੋਂ ਮੰਗੇ ਸੋ ਕਰ, ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣਨ ਅਤੇ ਤੇਰੇ ਤੋਂ ਡਰਨ ਜਿਵੇਂ ਤੇਰੀ ਪਰਜਾ ਇਸਰਾਏਲ, ਅਤੇ ਜਾਣ ਲੈਣ ਕਿ ਇਹ ਭਵਨ ਮੈਂ ਤੇਰੇ ਨਾਮ ਦਾ ਬਣਾਇਆ ਹੈ।
44 "ਜਦ ਤੇਰੇ ਲੋਕ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਨਿੱਕਲਣ ਜਿੱਥੇ ਤੂੰ ਉਹਨਾਂ ਨੂੰ ਘੱਲੇ ਅਤੇ ਯਾਹਵੇਹ ਦੇ ਅੱਗੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆਂ ਅਤੇ ਉਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਪ੍ਰਾਰਥਨਾ ਕਰਨ। 45 ਤਦ ਤੂੰ ਸਵਰਗ ਤੋਂ ਉਹਨਾਂ ਦੀ ਪ੍ਰਾਰਥਨਾ ਅਤੇ ਉਹਨਾਂ ਦੀ ਬੇਨਤੀ ਸੁਣ ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀਂ।
46 "ਜੇਕਰ ਉਹ ਤੇਰਾ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਹੈ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਹਨਾਂ ਨਾਲ ਕ੍ਰੋਧਵਾਨ ਹੋਵੇ ਅਤੇ ਉਹਨਾਂ ਨੂੰ ਵੈਰੀ ਦੇ ਹੱਥ ਵਿੱਚ ਐਉਂ ਦੇ ਦੇਵੇਂ ਜਿਵੇਂ ਉਹ ਉਹਨਾਂ ਨੂੰ ਗ਼ੁਲਾਮ ਬਣਾ ਕੇ ਵੈਰੀ ਦੇ ਦੇਸ਼ ਵਿੱਚ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ; 47 ਅਤੇ ਜੇ ਉਹ ਉਸ ਦੇਸ਼ ਵਿੱਚ ਜਿੱਥੇ ਉਹ ਗ਼ੁਲਾਮੀ ਵਿੱਚ ਹੋਣ, ਆਪਣੇ ਮਨ ਬਦਲ ਲੈਣ ਅਤੇ ਪਛਤਾਉਣ ਆਪਣੇ ਗ਼ੁਲਾਮ ਬਣਾਉਣ ਵਾਲਿਆ ਦੇ ਦੇਸ਼ ਵਿੱਚ ਤੇਰੇ ਅੱਗੇ ਬੇਨਤੀ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ, ਅਸੀਂ ਬੁਰਿਆਈ ਕੀਤੀ ਹੈ’ 48 ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ਼ ਵੱਲ ਬੇਨਤੀ ਕਰਨ ਜਿਹੜਾ ਤੂੰ ਉਹਨਾਂ ਦੇ ਪਿਉ ਦਾਦਿਆਂ ਨੂੰ ਦਿੱਤਾ ਅਤੇ ਉਸ ਸ਼ਹਿਰ ਵੱਲ ਜੋ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਨਾਮ ਲਈ ਬਣਾਇਆ; 49 ਤਦ ਸਵਰਗ ਆਪਣੇ ਨਿਵਾਸ ਸਥਾਨ ਤੋਂ, ਉਹਨਾਂ ਦੀਆਂ ਪ੍ਰਾਰਥਨਾ ਅਤੇ ਉਹਨਾਂ ਦੀ ਬੇਨਤੀ ਨੂੰ ਸੁਣ ਲਵੀਂ, ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀ। 50 ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀ, ਜਿਨ੍ਹਾਂ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ। ਉਹਨਾਂ ਦੇ ਸਾਰੇ ਅਪਰਾਧਾਂ ਨੂੰ ਮਾਫ਼ ਕਰੀ ਜੋ ਉਹਨਾਂ ਨੇ ਤੇਰੇ ਵਿਰੁੱਧ ਕੀਤੇ ਹਨ, ਅਤੇ ਉਹ ਆਪਣੇ ਬੰਦੀ ਬਣਾਉਣ ਵਾਲਿਆ ਦੇ ਅੱਗੇ ਦਯਾ ਪ੍ਰਾਪਤ ਕਰਨ; 51 ਕਿਉਂ ਜੋ ਉਹ ਤੇਰੀ ਪਰਜਾ ਅਤੇ ਤੇਰੀ ਮਿਰਾਸ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਪਿਘਲਣ ਵਾਲੀ ਭੱਠੀ ਵਿੱਚੋਂ ਕੱਢ ਲਿਆਇਆ ਸੀ।
52 "ਤਾਂ ਜੋ ਤੇਰੀਆਂ ਅੱਖਾਂ ਆਪਣੇ ਦਾਸ ਦੀ ਅਰਦਾਸ ਵੱਲ ਅਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਵੱਲ ਖੁਲ੍ਹੀਆਂ ਰਹਿਣ ਭਈ ਤੂੰ ਉਹਨਾਂ ਦੀ ਸਾਰੀ ਦੁਹਾਈ ਨੂੰ ਜੋ ਉਹ ਤੇਰੇ ਅੱਗੇ ਦੇਣ ਸੁਣੇਂ। 53 ਕਿਉਂ ਜੋ ਤੂੰ ਉਹਨਾਂ ਨੂੰ ਸੰਸਾਰ ਦੀਆਂ ਸਾਰੀਆਂ ਕੌਮਾਂ ਵਿੱਚੋਂ ਆਪਣੀ ਵਿਰਾਸਤ ਹੋਣ ਲਈ ਚੁਣਿਆ ਸੀ, ਜਿਵੇਂ ਤੂੰ ਆਪਣੇ ਸੇਵਕ ਮੋਸ਼ੇਹ ਦੇ ਰਾਹੀਂ ਬਚਨ ਕੀਤਾ ਸੀ ਜਦੋਂ ਤੂੰ ਯਾਹਵੇਹ, ਤੁਸੀਂ ਸਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ।"
54 ਜਦੋਂ ਸ਼ਲੋਮੋਨ ਨੇ ਇਹ ਸਾਰੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਯਾਹਵੇਹ ਦੇ ਅੱਗੇ ਪੂਰੀਆਂ ਕਰ ਲਈਆਂ, ਤਾਂ ਉਹ ਯਾਹਵੇਹ ਦੀ ਜਗਵੇਦੀ ਦੇ ਅੱਗਿਓਂ ਉੱਠਿਆ, ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਅਕਾਸ਼ ਵੱਲ ਅੱਡ ਕੇ ਬੈਠਾ ਸੀ। 55 ਉਸ ਨੇ ਖੜ੍ਹਾ ਹੋ ਕੇ ਇਸਰਾਏਲ ਦੀ ਸਾਰੀ ਸਭਾ ਨੂੰ ਉੱਚੀ ਆਵਾਜ਼ ਵਿੱਚ ਅਸੀਸ ਦਿੱਤੀ:
56 "ਯਾਹਵੇਹ ਮੁਬਾਰਕ ਹੋਵੇ, ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੋਸ਼ੇਹ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ। 57 ਸਾਡਾ ਪਰਮੇਸ਼ਵਰ ਸਾਡੇ ਨਾਲ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ। ਉਹ ਸਾਨੂੰ ਕਦੇ ਨਾ ਛੱਡੇ ਅਤੇ ਨਾ ਹੀ ਸਾਨੂੰ ਕਦੇ ਤਿਆਗੇ। 58 ਉਹ ਸਾਡੇ ਮਨਾਂ ਨੂੰ ਉਸ ਵੱਲ ਮੋੜ ਦੇਵੇ, ਉਹ ਦੀ ਆਗਿਆਕਾਰੀ ਵਿੱਚ ਚੱਲੀਏ ਅਤੇ ਉਹਨਾਂ ਹੁਕਮਾਂ, ਫ਼ਰਮਾਨਾਂ ਅਤੇ ਬਿਧੀਆਂ ਦੀ ਪਾਲਨਾ ਕਰੀਏ ਜੋ ਉਸ ਨੇ ਸਾਡੇ ਪੁਰਖਿਆਂ ਨੂੰ ਦਿੱਤੇ ਸਨ। 59 ਅਤੇ ਮੇਰੇ ਇਹ ਬਚਨ, ਜੋ ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਕੀਤੀ ਹੈ, ਯਾਹਵੇਹ ਸਾਡੇ ਪਰਮੇਸ਼ਵਰ ਦੇ ਨੇੜੇ ਦਿਨ ਰਾਤ ਰਹਿਣ ਕਿ ਉਹ ਆਪਣੇ ਦਾਸ ਦੇ ਹੱਕ ਦਾ ਨਿਆਂ ਕਰੇ ਨਾਲੇ ਆਪਣੀ ਪਰਜਾ ਇਸਰਾਏਲ ਦੇ ਹੱਕ ਦਾ ਨਿਆਉਂ ਰੋਜ ਕਾਇਮ ਰੱਖੇ। 60 ਤਾਂ ਜੋ ਧਰਤੀ ਦੇ ਸਾਰੇ ਲੋਕ ਜਾਣ ਲੈਣ ਕਿ ਯਾਹਵੇਹ ਹੀ ਪਰਮੇਸ਼ਵਰ ਹੈ ਅਤੇ ਹੋਰ ਕੋਈ ਨਹੀਂ। 61 ਤੁਹਾਡਾ ਮਨ ਯਾਹਵੇਹ ਸਾਡੇ ਪਰਮੇਸ਼ਵਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਹ ਦੀਆਂ ਬਿਧੀਆਂ ਵਿੱਚ ਚੱਲੋ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਕਰੋ, ਜਿਵੇਂ ਅੱਜ ਦੇ ਦਿਨ ਹੁੰਦਾ ਹੈ।"
62 ਤਦ ਰਾਜਾ ਅਤੇ ਉਸਦੇ ਨਾਲ ਸਾਰੇ ਇਸਰਾਏਲ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ। 63 ਅਤੇ ਸ਼ਲੋਮੋਨ ਨੇ ਯਾਹਵੇਹ ਦੇ ਅੱਗੇ ਸੁੱਖ-ਸਾਂਦ ਲਈ: ਬਾਈ ਹਜ਼ਾਰ ਬਲਦਾਂ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ ਬੱਕਰੀਆਂ ਦੀਆਂ ਬਲੀਆਂ ਚੜ੍ਹਾਈਆਂ ਸਨ। ਸੋ ਪਾਤਸ਼ਾਹ ਤੇ ਸਾਰੇ ਇਸਰਾਏਲੀਆਂ ਨੇ ਯਾਹਵੇਹ ਦੇ ਭਵਨ ਨੂੰ ਅਰਪਣ ਕੀਤਾ।
64 ਉਸੇ ਦਿਨ ਰਾਜੇ ਨੇ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਯਾਹਵੇਹ ਦੇ ਭਵਨ ਦੇ ਸਾਹਮਣੇ ਪਵਿੱਤਰ ਕੀਤਾ ਅਤੇ ਉੱਥੇ ਉਸ ਨੇ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਪਿੱਤਲ ਦੀ ਜਗਵੇਦੀ ਜੋ ਯਾਹਵੇਹ ਦੇ ਅੱਗੇ ਖੜੀ ਸੀ, ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਰੱਖਣ ਲਈ ਬਹੁਤ ਛੋਟੀ ਸੀ।
65 ਇਸ ਲਈ ਸ਼ਲੋਮੋਨ ਨੇ ਉਸ ਸਮੇਂ ਉਸ ਦੇ ਨਾਲ ਸਾਰੇ ਇਸਰਾਏਲ ਨੇ ਇੱਕ ਵੱਡੀ ਸਭਾ ਨਾਲ, ਲੇਬੋ ਹਮਾਥ ਤੋਂ ਮਿਸਰ ਦੀ ਵਾਦੀ ਤੱਕ ਤਿਉਹਾਰ ਮਨਾਇਆ। ਉਹਨਾਂ ਨੇ ਇਸ ਨੂੰ ਸਾਡੇ ਯਾਹਵੇਹ ਪਰਮੇਸ਼ਵਰ ਦੇ ਸਾਹਮਣੇ ਸੱਤ ਦਿਨ ਅਤੇ ਸੱਤ ਦਿਨ ਹੋਰ, ਚੌਦਾਂ ਦਿਨਾਂ ਲਈ ਮਨਾਇਆ। 66 ਅਗਲੇ ਦਿਨ ਉਸ ਨੇ ਲੋਕਾਂ ਨੂੰ ਭੇਜ ਦਿੱਤਾ। ਉਹਨਾਂ ਨੇ ਰਾਜੇ ਨੂੰ ਅਸੀਸ ਦਿੱਤੀ ਅਤੇ ਫਿਰ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਆਪਣੇ ਸੇਵਕ ਦਾਵੀਦ ਅਤੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ, ਖੁਸ਼ ਅਤੇ ਪ੍ਰਸੰਨ ਹੋ ਕੇ ਘਰ ਨੂੰ ਚਲੇ ਗਏ।