1 ਜਦੋਂ ਦਾਵੀਦ ਦੇ ਮਰਨ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੁਕਮ ਦਿੱਤਾ।
2 "ਮੈਂ ਸਾਰੀ ਸਰਿਸ਼ਟੀ ਦੀ ਤਰ੍ਹਾਂ ਮਰਨ ਵਾਲਾ ਹਾਂ, ਇਸ ਲਈ ਤਕੜਾ ਹੋ, ਮਰਦ ਬਣ। 3 ਧਿਆਨ ਰੱਖ ਕਿ ਯਾਹਵੇਹ ਤੇਰਾ ਪਰਮੇਸ਼ਵਰ ਕੀ ਚਾਹੁੰਦਾ ਹੈ: ਉਸਦੀ ਆਗਿਆਕਾਰੀ ਵਿੱਚ ਚੱਲ, ਅਤੇ ਉਸਦੇ ਹੁਕਮਾਂ ਅਤੇ ਬਿਧੀਆਂ, ਨਿਯਮਾਂ ਅਤੇ ਸਾਖੀਆਂ ਦੀ ਪਾਲਣਾ ਕਰ, ਜਿਵੇਂ ਕਿ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਗਿਆ ਹੈ। ਇਸ ਕਾਰਨ ਤੂੰ ਹਰ ਕੰਮ ਵਿੱਚ ਜੋ ਤੂੰ ਕਰੇ ਅਤੇ ਜਿੱਥੇ ਵੀ ਮੂੰਹ ਕਰੇ, ਸਫ਼ਲ ਹੋਵੇਗਾ। 4 ਜਿਸ ਕਾਰਨ ਯਾਹਵੇਹ ਆਪਣੇ ਉਸ ਬਚਨ ਉੱਤੇ ਬਣਿਆ ਰਹੇ, ‘ਜੋ ਉਸ ਨੇ ਮੇਰੇ ਬਾਰੇ ਆਖਿਆ ਸੀ ਕਿ ਜੇਕਰ ਤੇਰੇ ਸੰਤਾਨ ਆਪਣੇ ਮਾਰਗ ਉੱਤੇ ਧਿਆਨ ਰੱਖੇ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਮੇਰੇ ਅੱਗੇ ਸਚਿਆਈ ਨਾਲ ਚੱਲੇ, ਤਾਂ ਤੇਰੇ ਵੰਸ਼ ਵਿੱਚ ਇਸਰਾਏਲ ਦੀ ਰਾਜ ਗੱਦੀ ਦੇ ਲਈ ਮਨੁੱਖ ਦੀ ਕਮੀ ਨਾ ਹੋਵੇਗੀ।’
5 "ਹੁਣ ਤੁਸੀਂ ਆਪ ਹੀ ਜਾਣਦੇ ਹੋ ਕਿ ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਅਤੇ ਇਸਰਾਏਲ ਦੇ ਦੋਹਾਂ ਸੈਨਾਪਤੀਆਂ ਨਾਲ, ਨੇਰ ਦੇ ਪੁੱਤਰ ਅਬਨੇਰ ਅਤੇ ਯਥੇਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ। ਉਸਨੇ ਉਹਨਾਂ ਨੂੰ ਮਾਰਿਆ, ਸ਼ਾਂਤੀ ਦੇ ਸਮੇਂ ਵਿੱਚ ਯੁੱਧ ਦਾ ਲਹੂ ਵਹਾਇਆ ਅਤੇ ਯੁੱਧ ਦੇ ਲਹੂ ਨੂੰ ਆਪਣੀ ਪੇਟੀ ਉੱਤੇ ਜਿਹੜੀ ਉਸ ਦੇ ਲੱਕ ਨਾਲ ਸੀ ਅਤੇ ਆਪਣੀ ਜੁੱਤੀ ਉੱਤੇ ਜਿਹੜੀ ਉਸਦੇ ਪੈਰਾਂ ਵਿੱਚ ਸੀ, ਛਿੜਕਿਆ। 6 ਤੂੰ ਆਪਣੀ ਬੁੱਧ ਦੇ ਅਨੁਸਾਰ ਉਸ ਨਾਲ ਪੇਸ਼ ਆਵੀ, ਪਰ ਉਹ ਦਾ ਧੌਲਾ ਸਿਰ ਸ਼ਾਂਤੀ ਨਾਲ ਕਬਰ ਵਿੱਚ ਨਾ ਜਾਣ ਦੇਣਾ।
7 "ਪਰ ਗਿਲਆਦ ਦੇ ਬਾਰਜ਼ਿੱਲਈ ਦੇ ਪੁੱਤਰਾਂ ਉੱਤੇ ਦਯਾ ਕੀਤੀ ਅਤੇ ਉਹਨਾਂ ਨੂੰ ਆਪਣੀ ਮੇਜ਼ ਉੱਤੇ ਖਾਣ ਵਾਲਿਆਂ ਵਿੱਚ ਸ਼ਾਮਲ ਹੋਣ ਦੇਣਾ। ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਭੱਜ ਗਿਆ ਸੀ ਤਾਂ ਉਹ ਮੇਰੇ ਨਾਲ ਖੜ੍ਹੇ ਸਨ।
8 "ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ। ਜਿਸ ਦਿਨ ਮੈਂ ਮਾਹਾਨਾਇਮ ਨੂੰ ਜਾਂਦਾ ਸੀ, ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ। ਜਦੋਂ ਉਹ ਯਰਦਨ ਨਦੀ ਉੱਤੇ ਮੈਨੂੰ ਮਿਲਣ ਆਇਆ, ਤਾਂ ਮੈਂ ਯਾਹਵੇਹ ਦੀ ਸਹੁੰ ਖਾਧੀ, ‘ਮੈਂ ਤੈਨੂੰ ਤਲਵਾਰ ਨਾਲ ਨਹੀਂ ਮਾਰਾਂਗਾ।’ 9 ਪਰ ਹੁਣ ਉਸ ਨੂੰ ਨਿਰਦੋਸ਼ ਨਾ ਸਮਝੀ। ਕਿਉਂ ਜੋ ਤੂੰ ਸਿਆਣਾ ਆਦਮੀ ਹੈ; ਤੁਹਾਨੂੰ ਪਤਾ ਹੈ ਕਿ ਉਸ ਨਾਲ ਕੀ ਕਰਨਾ ਹੈ। ਇਸ ਲਈ ਉਸਦਾ ਧੌਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ।"
10 ਤਦ ਦਾਵੀਦ ਆਪਣੇ ਪੁਰਖਿਆਂ ਨਾਲ ਸੋ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦੱਬਿਆ ਗਿਆ। 11 ਦਾਵੀਦ ਨੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ, ਸੱਤ ਸਾਲ ਹੇਬਰੋਨ ਵਿੱਚ ਅਤੇ ਤੇਤੀ ਸਾਲ ਯੇਰੂਸ਼ਲੇਮ ਵਿੱਚ ਰਾਜ ਕੀਤਾ। 12 ਸੋ ਸ਼ਲੋਮੋਨ ਆਪਣੇ ਪਿਤਾ ਦਾਵੀਦ ਦੀ ਗੱਦੀ ਉੱਤੇ ਬੈਠਾ ਅਤੇ ਉਹ ਦਾ ਰਾਜ ਦ੍ਰਿੜ੍ਹ ਹੋ ਗਿਆ।
13 ਹੁਣ ਹੇਗੀਥ ਦਾ ਪੁੱਤਰ ਅਦੋਨੀਯਾਹ ਸ਼ਲੋਮੋਨ ਦੀ ਮਾਤਾ ਬਥਸ਼ਬਾ ਕੋਲ ਗਿਆ। ਬੈਥਸ਼ੇਬਾ ਨੇ ਉਸਨੂੰ ਪੁੱਛਿਆ, "ਕੀ ਤੂੰ ਸ਼ਾਂਤੀ ਨਾਲ ਆਇਆ ਹੈ?"
ਉਸ ਨੇ ਉੱਤਰ ਦਿੱਤਾ, "ਹਾਂ, ਮੈ ਸ਼ਾਂਤੀ ਨਾਲ ਆਇਆ ਹਾਂ।" 14 ਤਦ ਉਸ ਨੇ ਕਿਹਾ, ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਹੈ।
ਉਸਨੇ ਜਵਾਬ ਦਿੱਤਾ, "ਤੂੰ ਕਰ ਸਕਦਾ ਹੈ।"
15 ਉਸਨੇ ਕਿਹਾ, "ਜਿਵੇਂ ਕਿ ਤੂੰ ਜਾਣਦੀ ਹੈ, ਰਾਜ ਮੇਰਾ ਸੀ। ਸਾਰੇ ਇਸਰਾਏਲ ਨੇ ਮੈਨੂੰ ਆਪਣਾ ਰਾਜਾ ਸਮਝਿਆ। ਪਰ ਚੀਜ਼ਾਂ ਬਦਲ ਗਈਆਂ, ਅਤੇ ਰਾਜ ਮੇਰੇ ਭਰਾ ਕੋਲ ਚਲਾ ਗਿਆ ਕਿਉਂਕਿ ਉਹ ਯਾਹਵੇਹ ਦੀ ਵੱਲੋਂ ਉਸਦਾ ਹੀ ਸੀ। 16 ਹੁਣ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਮੈਨੂੰ ਨਾਂਹ ਨਾ ਕਰੀਂ।"
ਉਸਨੇ ਆਖਿਆ, "ਤੂੰ ਬੋਲ।"
17 ਤਾਂ ਉਸ ਨੇ ਕਿਹਾ, "ਕਿਰਪਾ ਕਰਕੇ ਰਾਜਾ ਸ਼ਲੋਮੋਨ ਨੂੰ ਆਖ, ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇ ਦੇਵੇ ਕਿਉਂ ਜੋ ਉਹ ਤੇਰੀ ਗੱਲ ਨਹੀਂ ਮੋੜੇਗਾ।"
18 ਬੈਥਸ਼ੇਬਾ ਨੇ ਉੱਤਰ ਦਿੱਤਾ, "ਠੀਕ ਹੈ ਮੈਂ ਤੇਰੇ ਲਈ ਰਾਜੇ ਨਾਲ ਗੱਲ ਕਰਾਂਗੀ।"
19 ਜਦੋਂ ਬੈਥਸ਼ੇਬਾ ਰਾਜਾ ਸ਼ਲੋਮੋਨ ਕੋਲ ਅਦੋਨੀਯਾਹ ਲਈ ਗੱਲ ਕਰਨ ਲਈ ਗਈ, ਤਾਂ ਰਾਜਾ ਉਸ ਨੂੰ ਮਿਲਣ ਲਈ ਖੜ੍ਹਾ ਹੋਇਆ, ਉਸ ਨੂੰ ਮੱਥਾ ਟੇਕਿਆ ਅਤੇ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ, ਅਤੇ ਉਹ ਉਸਦੇ ਸੱਜੇ ਪਾਸੇ ਬੈਠ ਗਈ।
20 ਉਸਨੇ ਕਿਹਾ, "ਮੇਰੀ ਤੇਰੇ ਅੱਗੇ ਇੱਕ ਛੋਟੀ ਜਿਹੀ ਬੇਨਤੀ ਹੈ, ਮੈਨੂੰ ਇਨਕਾਰ ਨਾ ਕਰੀ।"
ਰਾਜੇ ਨੇ ਜਵਾਬ ਦਿੱਤਾ, "ਮੇਰੀ ਮਾਤਾ ਜੀ ਮੰਗੋ; ਮੈਂ ਤੁਹਾਨੂੰ ਇਨਕਾਰ ਨਹੀਂ ਕਰਾਂਗਾ।"
21 ਤਾਂ ਉਸ ਨੇ ਆਖਿਆ, "ਸ਼ੂਨੰਮੀ ਅਬੀਸ਼ਗ ਦਾ ਵਿਆਹ ਤੇਰੇ ਭਰਾ ਅਦੋਨੀਯਾਹ ਨਾਲ ਕੀਤਾ ਜਾਵੇ।"
22 ਰਾਜਾ ਸ਼ਲੋਮੋਨ ਨੇ ਆਪਣੀ ਮਾਤਾ ਨੂੰ ਉੱਤਰ ਦਿੱਤਾ, "ਤੁਸੀਂ ਅਦੋਨੀਯਾਹ ਲਈ ਸ਼ੂਨੰਮੀ ਅਬੀਸ਼ਗ ਦੀ ਹੀ ਕਿਉਂ ਬੇਨਤੀ ਕਰਦੇ ਹੋ? ਤੁਸੀਂ ਉਸ ਲਈ ਰਾਜ ਦੀ ਮੰਗ ਵੀ ਕਰ ਸਕਦੇ ਹੋ, ਆਖਰਕਾਰ, ਉਹ ਮੇਰਾ ਵੱਡਾ ਭਰਾ ਹੈ, ਹਾਂ, ਉਸਦੇ ਲਈ ਅਤੇ ਅਬੀਯਾਥਰ ਜਾਜਕ ਅਤੇ ਜ਼ੇਰੂਇਯਾਹ ਦੇ ਪੁੱਤਰ ਯੋਆਬ ਲਈ ਵੀ!"
23 ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਦੀ ਸਹੁੰ ਖਾ ਕੇ ਆਖਿਆ, "ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ਵਰ ਮੇਰੇ ਨਾਲ ਵੀ ਅਜਿਹਾ ਕਰੇ ਸਗੋਂ ਇਸ ਤੋਂ ਵੀ ਵਧੀਕ ਕਰੇ! 24 ਅਤੇ ਹੁਣ, ਜਿਉਂਦੇ ਪ੍ਰਭੂ ਯਾਹਵੇਹ ਦੀ ਸਹੁੰ ਜਿਸ ਨੇ ਮੈਨੂੰ ਮੇਰੇ ਪਿਤਾ ਦਾਵੀਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਰਾਜ ਬਚਨ ਦੇ ਅਨੁਸਾਰ ਇੱਕ ਘਰ ਬਣਾਇਆ ਹੈ ਅਦੋਨੀਯਾਹ ਅੱਜ ਦੇ ਦਿਨ ਹੀ ਮਾਰਿਆ ਜਾਵੇਗਾ।" 25 ਸੋ ਸ਼ਲੋਮੋਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਅਦੋਨੀਯਾਹ ਨੂੰ ਮਾਰਿਆ ਅਤੇ ਉਹ ਮਰ ਗਿਆ।
26 ਅਬੀਯਾਥਰ ਜਾਜਕ ਨੂੰ ਪਾਤਸ਼ਾਹ ਨੇ ਆਖਿਆ, "ਅਨਾਥੋਥ ਵਿੱਚ ਆਪਣੇ ਖੇਤਾਂ ਵੱਲ ਮੁੜ ਜਾ। ਤੂੰ ਮਰਨ ਦੇ ਲਾਇਕ ਹੈ, ਪਰ ਮੈਂ ਤੈਨੂੰ ਹੁਣ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਵੀਦ ਦੇ ਸਾਹਮਣੇ ਸਰਬਸ਼ਕਤੀਮਾਨ ਯਾਹਵੇਹ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਉਹਨਾਂ ਸਾਰੇ ਦੁੱਖਾ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।" 27 ਇਸ ਲਈ ਸ਼ਲੋਮੋਨ ਨੇ ਅਬੀਯਾਥਰ ਨੂੰ ਯਾਹਵੇਹ ਦੇ ਜਾਜਕ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਸ ਬਚਨ ਨੂੰ ਪੂਰਾ ਕੀਤਾ ਜੋ ਯਾਹਵੇਹ ਨੇ ਸ਼ੀਲੋਹ ਵਿੱਚ ਏਲੀ ਦੇ ਘਰ ਬਾਰੇ ਬੋਲਿਆ ਸੀ।
28 ਜਦੋਂ ਇਹ ਖ਼ਬਰ ਯੋਆਬ ਕੋਲ ਪਹੁੰਚੀ, ਜਿਸ ਨੇ ਅਦੋਨੀਯਾਹ ਨਾਲ ਸਾਜ਼ਿਸ਼ ਰਚੀ ਸੀ, ਭਾਵੇਂ ਕਿ ਅਬਸ਼ਾਲੋਮ ਨਾਲ ਨਹੀਂ, ਤਾਂ ਉਹ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਅਤੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ। 29 ਰਾਜਾ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਯੋਆਬ ਯਾਹਵੇਹ ਦੇ ਤੰਬੂ ਵੱਲ ਭੱਜ ਗਿਆ ਹੈ ਅਤੇ ਜਗਵੇਦੀ ਦੇ ਕੋਲ ਹੈ। ਤਦ ਸ਼ਲੋਮੋਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, "ਜਾਹ, ਉਸਨੂੰ ਮਾਰ ਸੁੱਟ।"
30 ਤਾਂ ਬਨਾਯਾਹ ਯਾਹਵੇਹ ਦੇ ਤੰਬੂ ਵਿੱਚ ਗਿਆ ਅਤੇ ਯੋਆਬ ਨੂੰ ਆਖਿਆ, "ਪਾਤਸ਼ਾਹ ਆਖਦਾ ਹੈ, ‘ਬਾਹਰ ਆ ਜਾ!’ "
ਪਰ ਉਸ ਨੇ ਉੱਤਰ ਦਿੱਤਾ, "ਨਹੀਂ, ਮੈਂ ਇੱਥੇ ਮਰਾਂਗਾ।"
ਬਨਾਯਾਹ ਨੇ ਰਾਜੇ ਨੂੰ ਖ਼ਬਰ ਦਿੱਤੀ, "ਯੋਆਬ ਨੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ।"
31 ਤਦ ਰਾਜੇ ਨੇ ਬਨਾਯਾਹ ਨੂੰ ਹੁਕਮ ਦਿੱਤਾ, "ਜਿਵੇਂ ਉਹ ਆਖਦਾ ਹੈ ਕਰ। ਉਸਨੂੰ ਮਾਰੋ ਅਤੇ ਉਸਨੂੰ ਦਫ਼ਨਾ ਦੇਵੀਂ ਅਤੇ ਇਸ ਤਰ੍ਹਾਂ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਉਸ ਨਿਰਦੋਸ਼ ਖੂਨ ਦੇ ਦੋਸ਼ ਤੋਂ ਮੁਕਤ ਕਰੀ ਜੋ ਯੋਆਬ ਨੇ ਵਹਾਇਆ ਸੀ। 32 ਯਾਹਵੇਹ ਉਸ ਦਾ ਖੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂਕਿ ਮੇਰੇ ਪਿਤਾ ਦਾਵੀਦ ਨੂੰ ਇਹ ਦੱਸੇ ਬਿਨਾਂ ਹੀ ਉਸਨੇ ਦੋ ਮਨੁੱਖਾਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਉਹ ਦੋਵੇਂ ਸਨ, ਨੇਰ ਦਾ ਪੁੱਤਰ ਅਬਨੇਰ, ਇਸਰਾਏਲ ਦੀ ਸੈਨਾ ਦਾ ਸੈਨਾਪਤੀ, ਅਤੇ ਯਥੇਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਸੈਨਾ ਦਾ ਸੈਨਾਪਤੀ ਸੀ ਜੋ ਉਸ ਨਾਲੋਂ ਚੰਗੇ ਅਤੇ ਨੇਕ ਆਦਮੀ ਸਨ। 33 ਉਹਨਾਂ ਦੇ ਲਹੂ ਦਾ ਦੋਸ਼ ਯੋਆਬ ਅਤੇ ਉਹ ਦੇ ਉੱਤਰਾਧਿਕਾਰੀ ਦੇ ਸਿਰ ਉੱਤੇ ਸਦਾ ਲਈ ਰਹੇ। ਪਰ ਦਾਵੀਦ ਅਤੇ ਉਸਦੀ ਸੰਤਾਨ, ਉਸਦੇ ਘਰ ਅਤੇ ਉਸਦੇ ਸਿੰਘਾਸਣ ਉੱਤੇ, ਯਾਹਵੇਹ ਦੀ ਸ਼ਾਂਤੀ ਸਦਾ ਲਈ ਹੋਵੇ।"
34 ਤਾਂ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਚੜ੍ਹ ਕੇ ਯੋਆਬ ਨੂੰ ਮਾਰ ਕੇ ਮਾਰ ਸੁੱਟਿਆ ਅਤੇ ਉਹ ਨੂੰ ਉਸ ਦੇ ਘਰ ਬਾਹਰ ਦੇਸ ਵਿੱਚ ਦੱਬ ਦਿੱਤਾ ਗਿਆ। 35 ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਯੋਆਬ ਦੀ ਸੈਨਾਂ ਉੱਤੇ ਸੈਨਾਪਤੀ ਨਿਯੁਕਤ ਕੀਤਾ ਅਤੇ ਅਬੀਯਾਥਰ ਦੀ ਥਾਂ ਸਾਦੋਕ ਜਾਜਕ ਨੂੰ ਨਿਯੁਕਤ ਕੀਤਾ।
36 ਤਦ ਰਾਜੇ ਨੇ ਸ਼ਿਮਈ ਨੂੰ ਸੱਦ ਕੇ ਉਸ ਨੂੰ ਆਖਿਆ, "ਯੇਰੂਸ਼ਲੇਮ ਵਿੱਚ ਇੱਕ ਘਰ ਬਣਾ ਕੇ ਉੱਥੇ ਰਹਿ, ਪਰ ਹੋਰ ਕਿਤੇ ਨਾ ਜਾਵੀਂ। 37 ਜਿਸ ਦਿਨ ਤੂੰ ਛੱਡ ਕੇ ਕਿਦਰੋਨ ਘਾਟੀ ਨੂੰ ਪਾਰ ਲੰਘੇਗਾ, ਤੂੰ ਸੱਚ-ਮੁੱਚ ਮਰ ਜਾਵੇਗਾ ਅਤੇ ਤੇਰਾ ਖੂਨ ਤੇਰੇ ਸਿਰ ਉੱਤੇ ਹੋਵੇਗਾ।"
38 ਸ਼ਿਮਈ ਨੇ ਰਾਜੇ ਨੂੰ ਉੱਤਰ ਦਿੱਤਾ, "ਜੋ ਤੁਸੀਂ ਕਹਿੰਦੇ ਹੋ ਉਹ ਚੰਗਾ ਹੈ। ਤੁਹਾਡਾ ਸੇਵਕ ਉਵੇਂ ਹੀ ਕਰੇਗਾ ਜਿਵੇਂ ਮੇਰੇ ਸੁਆਮੀ ਪਾਤਸ਼ਾਹ ਨੇ ਆਖਿਆ ਹੈ।" ਅਤੇ ਸ਼ਿਮਈ ਲੰਬੇ ਸਮੇਂ ਤੱਕ ਯੇਰੂਸ਼ਲੇਮ ਵਿੱਚ ਰਿਹਾ।
39 ਪਰ ਤਿੰਨ ਸਾਲਾਂ ਬਾਅਦ ਸ਼ਿਮਈ ਦੇ ਦੋ ਦਾਸ ਗਥ ਦੇ ਰਾਜਾ ਮਕਾਹ ਦੇ ਪੁੱਤਰ ਆਕੀਸ਼ ਕੋਲ ਭੱਜੇ ਅਤੇ ਸ਼ਿਮਈ ਨੂੰ ਦੱਸਿਆ ਗਿਆ, "ਤੇਰੇ ਦਾਸ ਗਾਥ ਵਿੱਚ ਹਨ।" 40 ਤਦ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਨੌਕਰਾਂ ਦੀ ਭਾਲ ਵਿੱਚ ਗਥ ਨੂੰ ਆਕੀਸ਼ ਕੋਲ ਗਿਆ। ਇਸ ਲਈ ਸ਼ਿਮਈ ਗਿਆ ਅਤੇ ਉੱਥੋਂ ਆਪਣੇ ਦਾਸਾਂ ਨੂੰ ਗਾਥ ਤੋਂ ਵਾਪਸ ਲੈ ਆਇਆ।
41 ਜਦੋਂ ਸ਼ਲੋਮੋਨ ਨੂੰ ਦੱਸਿਆ ਗਿਆ ਕਿ ਸ਼ਿਮਈ ਯੇਰੂਸ਼ਲੇਮ ਤੋਂ ਗਾਥ ਨੂੰ ਗਿਆ ਹੈ ਅਤੇ ਵਾਪਸ ਆ ਗਿਆ ਹੈ, 42 ਤਾਂ ਰਾਜੇ ਨੇ ਸ਼ਿਮਈ ਨੂੰ ਸੱਦ ਕੇ ਉਸ ਨੂੰ ਕਿਹਾ, "ਕੀ ਮੈਂ ਤੈਨੂੰ ਯਾਹਵੇਹ ਦੀ ਸਹੁੰ ਨਹੀਂ ਦਿੱਤੀ ਸੀ ਅਤੇ ਤੈਨੂੰ ਚੇਤਾਵਨੀ ਨਹੀਂ ਦਿੱਤੀ ਸੀ, ‘ਜਿਸ ਦਿਨ ਤੂੰ ਕਿਤੇ ਹੋਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ’? ਤੂੰ ਮੈਨੂੰ ਆਖਿਆ ਸੀ, ‘ਜੋ ਕੁਝ ਤੁਸੀਂ ਕਿਹਾ ਹੈ ਚੰਗਾ ਹੈ। ਮੈਂ ਇਸਨੂੰ ਮੰਨਾਗਾ।’ 43 ਫਿਰ ਤੂੰ ਯਾਹਵੇਹ ਦੇ ਅੱਗੇ ਆਪਣੀ ਸਹੁੰ ਕਿਉਂ ਨਹੀਂ ਪੂਰੀ ਕੀਤੀ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਸੀ ਉਸ ਨੂੰ ਕਿਉਂ ਨਹੀਂ ਮੰਨਿਆ?"
44 ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ, "ਤੂੰ ਆਪਣੇ ਦਿਲ ਵਿੱਚ ਜਾਣਦਾ ਹੈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਕੀ ਬੁਰਿਆਈ ਕੀਤੀ ਸੀ। ਹੁਣ ਯਾਹਵੇਹ ਤੈਨੂੰ ਤੇਰੀ ਗਲਤੀ ਦਾ ਬਦਲਾ ਦੇਵੇਗਾ। 45 ਪਰ ਰਾਜਾ ਸ਼ਲੋਮੋਨ ਮੁਬਾਰਕ ਹੋਵੇਗਾ, ਅਤੇ ਦਾਵੀਦ ਦਾ ਸਿੰਘਾਸਣ ਸਦਾ ਲਈ ਯਾਹਵੇਹ ਦੇ ਅੱਗੇ ਸੁਰੱਖਿਅਤ ਰਹੇਗਾ।"
46 ਤਦ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਬਾਹਰ ਜਾ ਕੇ ਸ਼ਿਮਈ ਨੂੰ ਮਾਰਿਆ ਅਤੇ ਉਹ ਮਰ ਗਿਆ।
ਰਾਜ ਸ਼ਲੋਮੋਨ ਦੇ ਹੱਥ ਵਿੱਚ ਪੱਕਾ ਹੋ ਗਿਆ।