1 ਬਹੁਤ ਦੇਰ ਬਾਅਦ, ਤੀਜੇ ਸਾਲ ਵਿੱਚ, ਯਾਹਵੇਹ ਦਾ ਬਚਨ ਏਲੀਯਾਹ ਨੂੰ ਆਇਆ: "ਜਾ ਅਤੇ ਅਹਾਬ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰ, ਅਤੇ ਮੈਂ ਧਰਤੀ ਉੱਤੇ ਮੀਂਹ ਪਾਵਾਂਗਾ।" 2 ਇਸ ਲਈ ਏਲੀਯਾਹ ਆਪਣੇ ਆਪ ਨੂੰ ਅਹਾਬ ਕੋਲ ਪੇਸ਼ ਕਰਨ ਲਈ ਗਿਆ।
ਹੁਣ ਸਾਮਰਿਯਾ ਵਿੱਚ ਸਖ਼ਤ ਕਾਲ ਸੀ, 3 ਅਤੇ ਅਹਾਬ ਨੇ ਓਬਦਯਾਹ ਨੂੰ ਜੋ ਉਸਦੇ ਮਹਿਲ ਦਾ ਦੀਵਾਨ ਸੀ ਬੁਲਾਇਆ। (ਓਬਦਯਾਹ ਯਾਹਵੇਹ ਕੋਲੋ ਡਰਦਾ ਸੀ। 4 ਜਦੋਂ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਮਾਰ ਰਹੀ ਸੀ, ਓਬਦਯਾਹ ਨੇ ਸੌ ਨਬੀਆਂ ਨੂੰ ਲਿਆ ਅਤੇ ਉਹਨਾਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਂਵਾਂ ਵਿੱਚ ਛੁਪਾ ਦਿੱਤਾ, ਅਤੇ ਉਹਨਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਸੀ।) 5 ਤਾਂ ਅਹਾਬ ਨੇ ਓਬਦਯਾਹ ਨੂੰ ਆਖਿਆ, ਦੇਸ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾਹ। ਸ਼ਾਇਦ ਸਾਨੂੰ ਘਾਹ ਲੱਭੇ ਅਤੇ ਅਸੀਂ ਘੋੜੇ ਖੱਚਰਾਂ ਨੂੰ ਜੀਉਂਦੇ ਰੱਖ ਸਕੀਏ ਅਰ ਡੰਗਰਾਂ ਨੂੰ ਨਾ ਗੁਆਈਏ। 6 ਸੋ ਉਹਨਾਂ ਨੇ ਦੇਸ ਦੇ ਵਿੱਚੋਂ ਲੰਘਣ ਲਈ ਉਸ ਨੂੰ ਵੰਡ ਦਿੱਤਾ, ਅਹਾਬ ਇਕੱਲਾ ਇੱਕ ਰਾਹ ਗਿਆ ਅਤੇ ਓਬਦਯਾਹ ਇਕੱਲਾ ਦੂਜੇ ਰਾਹ ਗਿਆ।
7 ਜਦੋਂ ਓਬਦਯਾਹ ਰਾਹ ਵਿੱਚ ਸੀ, ਏਲੀਯਾਹ ਉਸ ਨੂੰ ਮਿਲਿਆ। ਓਬਦਯਾਹ ਨੇ ਉਸ ਨੂੰ ਪਛਾਣ ਲਿਆ, ਜ਼ਮੀਨ ਉੱਤੇ ਝੁਕਿਆ ਅਤੇ ਕਿਹਾ, "ਕੀ ਇਹ ਸੱਚਮੁੱਚ ਤੂੰ ਹੀ ਹੈ, ਮੇਰੇ ਮਹਾਰਾਜ ਏਲੀਯਾਹ?"
8 ਉਸ ਨੇ ਉੱਤਰ ਦਿੱਤਾ, "ਹਾਂ, ਇਹ ਮੈ ਹੀ ਹਾਂ, ‘ਜਾ ਆਪਣੇ ਮਾਲਕ ਨੂੰ ਆਖ ਕਿ ਏਲੀਯਾਹ ਆਇਆ ਹੈ।’ "
9 ਤਾਂ ਉਸ ਨੇ ਆਖਿਆ, "ਮੈਂ ਕੀ ਪਾਪ ਕੀਤਾ, ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ? 10 ਜੀਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਘੱਲਿਆ ਹੈ। ਜਦ ਉਹਨਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਭਈ ਉਹਨਾਂ ਨੇ ਤੈਨੂੰ ਨਹੀਂ ਲੱਭਿਆ। 11 ਪਰ ਹੁਣ ਤੂੰ ਮੈਨੂੰ ਮੇਰੇ ਮਾਲਕ ਕੋਲ ਜਾਣ ਲਈ ਆਖਦਾ ਹੈ ਕਿ ਵੇਖੋ, ‘ਏਲੀਯਾਹ ਇੱਥੇ ਹੈ।’ 12 ਮੈਂ ਨਹੀਂ ਜਾਣਦਾ ਕਿ ਜਦੋਂ ਮੈਂ ਤੇਰੇ ਕੋਲੋ ਚਲਿਆ ਜਾਵਾਂਗਾ ਤਾਂ ਯਾਹਵੇਹ ਦਾ ਆਤਮਾ ਤੈਨੂੰ ਕਿੱਥੇ ਲੈ ਜਾਵੇਗਾ। ਜੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਸਨੂੰ ਨਾ ਲੱਭਾ, ਤਾਂ ਉਹ ਮੈਨੂੰ ਮਾਰ ਦੇਵੇਗਾ। ਫਿਰ ਵੀ ਮੈਂ ਤੇਰਾ ਦਾਸ ਆਪਣੇ ਬਚਪਨ ਤੋਂ ਹੀ ਯਾਹਵੇਹ ਦੀ ਸੇਵਾ ਕਰਦਾ ਆ ਰਿਹਾ ਹਾਂ। 13 ਭਲਾ, ਹੇ ਮੇਰੇ ਮਹਾਰਾਜ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਵੱਢ ਰਹੀ ਸੀ ਭਈ ਮੈਂ ਕਿੱਕਰ ਯਾਹਵੇਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਹਨਾਂ ਨੂੰ ਅੰਨ ਪਾਣੀ ਦਿੱਤਾ ਸੀ। 14 ਹੁਣ ਤੂੰ ਕਹਿੰਦਾ ਹੈ ਜਾਹ ਆਪਣੇ ਮਾਲਕ ਨੂੰ ਆਖ, ‘ਭਈ ਵੇਖੋ ਏਲੀਯਾਹ ਆਇਆ ਹੈ।’ ਉਹ ਮੈਨੂੰ ਵੱਢ ਸੁੱਟੇਗਾ!"
15 ਏਲੀਯਾਹ ਨੇ ਕਿਹਾ, "ਸੈਨਾ ਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਅੱਜ ਆਪਣੇ ਆਪ ਨੂੰ ਅਹਾਬ ਅੱਗੇ ਜ਼ਰੂਰ ਪੇਸ਼ ਕਰਾਂਗਾ।"
16 ਸੋ ਓਬਦਯਾਹ ਅਹਾਬ ਨੂੰ ਮਿਲਣ ਗਿਆ ਅਤੇ ਉਸ ਨੂੰ ਦੱਸਿਆ ਅਤੇ ਅਹਾਬ ਏਲੀਯਾਹ ਨੂੰ ਮਿਲਣ ਲਈ ਆਇਆ। 17 ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਉਹ ਨੂੰ ਆਖਿਆ, "ਕੀ ਤੂੰ ਹੀ ਹੈ, ਹੇ ਇਸਰਾਏਲ ਨੂੰ ਦੁਖੀ ਕਰਨ ਵਾਲੇ?"
18 ਤਾਂ ਏਲੀਯਾਹ ਨੇ ਆਖਿਆ, "ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਪਰ ਤੂੰ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੂੰ ਯਾਹਵੇਹ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਆਲ ਦੇ ਮਗਰ ਚੱਲ ਪਏ। 19 ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਪਰਬਤ ਕੋਲ ਸੱਦ ਕੇ ਇਕੱਠਾ ਕਰ ਨਾਲੇ ਬਆਲ ਦੇ ਸਾਢੇ ਚਾਰ ਸੌ ਨਬੀ ਅਤੇ ਅਸ਼ੇਰਾਹ ਦੇਵੀ ਦੇ ਚਾਰ ਸੌ ਨਬੀ ਜਿਹੜੇ ਈਜ਼ੇਬੇਲ ਦੇ ਲੰਗਰ ਵਿੱਚੋਂ ਖਾਂਦੇ ਹਨ।"
20 ਤਾਂ ਅਹਾਬ ਨੇ ਸਾਰੇ ਇਸਰਾਏਲ ਵਿੱਚ ਸੰਦੇਸ਼ ਭੇਜਿਆ ਅਤੇ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ। 21 ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ, "ਭਲਾ, ਤੁਸੀਂ ਕਦੋਂ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਾਹਵੇਹ ਪਰਮੇਸ਼ਵਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।"
ਪਰ ਲੋਕਾਂ ਨੇ ਕੁਝ ਵੀ ਨਹੀਂ ਕਿਹਾ।
22 ਤਦ ਏਲੀਯਾਹ ਨੇ ਉਹਨਾਂ ਨੂੰ ਆਖਿਆ, ਮੈਂ ਇਕੱਲਾ ਹੀ ਯਾਹਵੇਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਚਾਰ ਸੌ ਪੰਜਾਹ ਨਬੀ ਹਨ। 23 ਸਾਨੂੰ ਦੋ ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਅਰ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਸਰਾ ਬਲਦ ਤਿਆਰ ਕੇ ਉਹ ਨੂੰ ਬਾਲਣ ਉੱਤੇ ਰੱਖਾਂਗਾ, ਪਰ ਅੱਗ ਨਾ ਲਾਵਾਂਗਾ। 24 ਤਦ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਾਹਵੇਹ ਦੇ ਨਾਮ ਉੱਤੇ ਪੁਕਾਰਾਂਗਾ। ਉਹ ਦੇਵਤਾ ਜੋ ਅੱਗ ਦੁਆਰਾ ਜਵਾਬ ਦੇਵੇਂ ਉਹ ਪਰਮੇਸ਼ਵਰ ਹੈ।
ਤਦ ਸਾਰੇ ਲੋਕਾਂ ਨੇ ਕਿਹਾ, "ਜੋ ਤੁਸੀਂ ਕਹਿੰਦੇ ਹੋ ਇਹ ਚੰਗੀ ਗੱਲ ਹੈ।"
25 ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, "ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਹ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਰ ਆਪਣੇ ਦੇਵਤਿਆਂ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ।" 26 ਸੋ ਉਹਨਾਂ ਨੇ ਉਹ ਬਲਦ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ।
ਅਤੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਾਲ, ਸਾਡੀ ਸੁਣ। ਪਰ ਕੁਝ ਆਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ।
27 ਦੁਪਹਿਰ ਨੂੰ ਐਉਂ ਹੋਇਆ ਕਿ ਏਲੀਯਾਹ ਨੇ ਉਹਨਾਂ ਦਾ ਮਖੌਲ ਉਡਾ ਕੇ ਆਖਿਆ, "ਉੱਚੀ ਦੇ ਕੇ ਬੁਲਾਓ! ਕਿਉਂ ਜੋ ਉਹ ਤਾਂ ਦੇਵਤਾ ਹੈ! ਕੀ ਪਤਾ ਜੋ ਉਹ ਸੋਚ ਵਿੱਚ ਹੋਵੇ ਜਾਂ ਕਿਤੇ ਗਿਆ ਹੋਵੇ ਜਾਂ ਉਹ ਸਫਰ ਵਿੱਚ ਹੋਵੇ ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ।" 28 ਸੋ ਉਹ ਉੱਚੀ-ਉੱਚੀ ਰੌਲਾ ਪਾਉਂਦੇ ਅਤੇ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਬਰਛਿਆਂ ਨਾਲ ਆਪਣੇ ਆਪ ਨੂੰ ਵੱਢਦੇ ਰਹੇ, ਜਦ ਤੱਕ ਉਹਨਾਂ ਦੇ ਸਰੀਰ ਵਿੱਚੋਂ ਲਹੂ ਨਾ ਵਹਿ ਗਿਆ। 29 ਤਾਂ ਐਉਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸਾਂਮ ਦੀ ਭੇਟ ਚੜ੍ਹਾਉਣ ਦੇ ਵੇਲੇ ਤੱਕ ਵਾਚਦੇ ਰਹੇ ਪਰ ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਧਿਆਨ ਕਰਨ ਵਾਲਾ ਸੀ।
30 ਤਦ ਏਲੀਯਾਹ ਨੇ ਸਾਰੇ ਲੋਕਾਂ ਨੂੰ ਆਖਿਆ, ਇੱਥੇ ਮੇਰੇ ਨੇੜੇ ਆਓ। ਉਹ ਉਸਦੇ ਕੋਲ ਆਏ ਅਤੇ ਉਸਨੇ ਯਾਹਵੇਹ ਦੀ ਜਗਵੇਦੀ ਦੀ ਮੁਰੰਮਤ ਕੀਤੀ, ਜੋ ਢਾਹ ਦਿੱਤੀ ਗਈ ਸੀ। 31 ਏਲੀਯਾਹ ਨੇ ਯਾਕੋਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ ਜਿਨ੍ਹਾਂ ਨੂੰ ਯਾਹਵੇਹ ਦਾ ਬਚਨ ਇਸ ਤਰ੍ਹਾਂ ਆਇਆ, "ਕਿ ਤੇਰਾ ਨਾਮ ਇਸਰਾਏਲ ਹੋਵੇਗਾ ਬਾਰਾਂ ਪੱਥਰ ਲਏ।" 32 ਪੱਥਰਾਂ ਨਾਲ ਉਸ ਨੇ ਯਾਹਵੇਹ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਉਸ ਦੇ ਆਲੇ-ਦੁਆਲੇ ਇੱਕ ਖਾਈ ਪੁੱਟੀ ਜਿਸ ਦੇ ਵਿੱਚ ਵੀਹ ਕੁ ਸੇਰ ਬੀਜ ਸਮਾਂ ਜਾਣ। 33 ਉਸ ਨੇ ਲੱਕੜੀਆਂ ਨੂੰ ਚਿਣਿਆ ਅਤੇ ਬਲਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ, "ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਰ ਬਾਲਣ ਉੱਤੇ ਡੋਹਲ ਦਿਓ।"
34 ਉਸ ਨੇ ਕਿਹਾ, "ਇਸ ਨੂੰ ਦੂਸਰੀ ਵਾਰ ਕਰੋ," ਅਤੇ ਉਹਨਾਂ ਨੇ ਇਹ ਦੂਸਰੀ ਵਾਰ ਕੀਤਾ।
ਫਿਰ ਉਸਨੇ ਹੁਕਮ ਦਿੱਤਾ, "ਇਸ ਨੂੰ ਤੀਜੀ ਵਾਰ ਕਰੋ," ਅਤੇ ਉਹਨਾਂ ਨੇ ਇਹ ਤੀਜੀ ਵਾਰ ਕੀਤਾ। 35 ਪਾਣੀ ਜਗਵੇਦੀ ਦੇ ਦੁਆਲੇ ਵਗਿਆ ਅਤੇ ਖਾਈ ਵੀ ਭਰ ਗਈ।
36 ਤਾਂ ਸਾਂਮ ਦੀ ਕੁਰਬਾਨੀ ਦੇ ਸਮੇਂ, ਏਲੀਯਾਹ ਨਬੀ ਨੇ ਅੱਗੇ ਵਧ ਕੇ ਪ੍ਰਾਰਥਨਾ ਕੀਤੀ: "ਹੇ ਯਾਹਵੇਹ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਅੱਜ ਇਹ ਜਾਣਿਆ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ਵਰ ਹੈ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਹੁਕਮ ਦੇ ਅਨੁਸਾਰ ਕੀਤਾ ਹੈ। 37 ਮੈਨੂੰ ਉੱਤਰ ਦੇ, ਹੇ ਯਾਹਵੇਹ ਮੈਨੂੰ ਉੱਤਰ ਦੇ, ਤਾਂ ਇਹ ਲੋਕ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ, ਅਤੇ ਤੂੰ ਉਹਨਾਂ ਦੇ ਦਿਲਾਂ ਨੂੰ ਮੋੜ ਲਿਆ।"
38 ਤਦ ਯਾਹਵੇਹ ਦੀ ਅੱਗ ਆਣ ਡਿੱਗੀ ਅਤੇ ਉਸ ਨੇ ਹੋਮ ਦੀ ਬਲੀ ਅਤੇ ਲੱਕੜਾਂ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।
39 ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉਹ ਸਭ ਮੂੰਹ ਭਾਰ ਡਿੱਗ ਪਏ ਅਤੇ ਬੋਲੇ, "ਯਾਹਵੇਹ ਉਹ ਪਰਮੇਸ਼ਵਰ ਹੈ! ਯਾਹਵੇਹ ਉਹ ਪਰਮੇਸ਼ਵਰ ਹੈ!"
40 ਤਦ ਏਲੀਯਾਹ ਨੇ ਉਹਨਾਂ ਨੂੰ ਹੁਕਮ ਦਿੱਤਾ, "ਬਆਲ ਦੇ ਨਬੀਆਂ ਨੂੰ ਫੜੋ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ!" ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।
41 ਅਤੇ ਏਲੀਯਾਹ ਨੇ ਅਹਾਬ ਨੂੰ ਆਖਿਆ, "ਜਾਹ ਅਤੇ ਖਾ ਪੀ, ਕਿਉਂ ਜੋ ਭਾਰੀ ਮੀਂਹ ਦੀ ਆਵਾਜ਼ ਹੈ।" 42 ਸੋ ਅਹਾਬ ਖਾਣ-ਪੀਣ ਲਈ ਚਲਾ ਗਿਆ ਪਰ ਏਲੀਯਾਹ ਕਰਮਲ ਦੀ ਚੋਟੀ ਉੱਤੇ ਚੜ੍ਹ ਕੇ ਜ਼ਮੀਨ ਉੱਤੇ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿਚਕਾਰ ਰੱਖਿਆ।
43 ਉਸ ਨੇ ਆਪਣੇ ਨੌਕਰ ਨੂੰ ਆਖਿਆ, "ਜਾ ਕੇ ਸਮੁੰਦਰ ਵੱਲ ਵੇਖ ਅਤੇ ਉਸ ਨੇ ਉੱਪਰ ਜਾ ਕੇ ਦੇਖਿਆ।
"ਉੱਥੇ ਕੁਝ ਵੀ ਨਹੀਂ ਹੈ," ਉਸਨੇ ਕਿਹਾ।
ਏਲੀਯਾਹ ਨੇ ਕਿਹਾ ਸੱਤ ਵਾਰ, "ਵਾਪਸ ਜਾਹ।"
44 ਤਾਂ ਸੱਤਵੀਂ ਵਾਰ ਐਉਂ ਹੋਇਆ ਕਿ ਉਸ ਨੇ ਆਖਿਆ, "ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰ ਵਿੱਚੋਂ ਉੱਠ ਰਿਹਾ ਹੈ।"
ਤਾਂ ਉਸ ਨੇ ਆਖਿਆ, "ਜਾਹ ਅਹਾਬ ਨੂੰ ਆਖ, ‘ਭਈ ਰਥ ਜੋੜ ਕੇ ਹੇਠਾਂ ਜਾ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।’ "
45 ਇਸ ਦੌਰਾਨ ਇਸ ਤਰ੍ਹਾਂ ਹੋਇਆ ਕਿ ਅਕਾਸ਼ ਘਟਾਂ ਅਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਏਲ ਨੂੰ ਗਿਆ। 46 ਯਾਹਵੇਹ ਦੀ ਸ਼ਕਤੀ ਏਲੀਯਾਹ ਉੱਤੇ ਆਈ ਅਤੇ ਆਪਣਾ ਚੋਗਾ ਆਪਣੀ ਪੇਟੀ ਵਿੱਚ ਬੰਨ੍ਹ ਕੇ ਅਹਾਬ ਤੋਂ ਅੱਗੇ ਯਿਜ਼ਰਏਲ ਤੱਕ ਭੱਜਿਆ।