1 ਸ਼ਲੋਮੋਨ ਨੇ ਮਿਸਰ ਦੇ ਰਾਜੇ ਫ਼ਿਰਾਊਨ ਨਾਲ ਰਿਸ਼ਤੇਦਾਰੀ ਬਣਾਈ ਅਤੇ ਉਸਦੀ ਧੀ ਨਾਲ ਵਿਆਹ ਕੀਤਾ। ਉਹ ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਲੈ ਗਿਆ ਜਦੋਂ ਤੱਕ ਉਹ ਆਪਣੇ ਮਹਿਲ ਅਤੇ ਯਾਹਵੇਹ ਦੀ ਹੈਕਲ, ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੀ ਕੰਧ ਦਾ ਨਿਰਮਾਣ ਪੂਰਾ ਨਹੀਂ ਕਰ ਲਿਆ। 2 ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਸਨ ਕਿਉਂਕਿ ਅਜੇ ਤੱਕ ਯਾਹਵੇਹ ਦੇ ਨਾਮ ਲਈ ਕੋਈ ਮੰਦਰ ਨਹੀਂ ਬਣਾਇਆ ਗਿਆ ਸੀ। 3 ਸ਼ਲੋਮੋਨ ਆਪਣੇ ਪਿਤਾ ਦਾਵੀਦ ਦੁਆਰਾ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲਦਾ ਸੀ ਅਤੇ ਯਾਹਵੇਹ ਨਾਲ ਪਿਆਰ ਰੱਖਦਾ ਸੀ, ਪਰ ਉੱਚੀਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।
4 ਰਾਜਾ ਗਿਬਓਨ ਵਿੱਚ ਬਲੀਆਂ ਚੜ੍ਹਾਉਣ ਗਿਆ ਕਿਉਂ ਜੋ ਉਹ ਸਭ ਤੋਂ ਉੱਚਾ ਤੇ ਵੱਡਾ ਸਥਾਨ ਸੀ ਅਤੇ ਸ਼ਲੋਮੋਨ ਨੇ ਉਸ ਜਗਵੇਦੀ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ। 5 ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸ਼ਲੋਮੋਨ ਨੂੰ ਯਾਹਵੇਹ ਦਾ ਦਰਸ਼ਣ ਹੋਇਆ ਅਤੇ ਪਰਮੇਸ਼ਵਰ ਨੇ ਕਿਹਾ, "ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।"
6 ਸ਼ਲੋਮੋਨ ਨੇ ਉੱਤਰ ਦਿੱਤਾ, ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਨਾਲ ਵਫ਼ਾਦਾਰੀ ਅਤੇ ਧਰਮ ਅਤੇ ਨੇਕ ਦਿਲ ਨਾਲ ਚੱਲਦਾ ਸੀ। ਤੂੰ ਉਸ ਉੱਤੇ ਇਹ ਵੱਡੀ ਕਿਰਪਾ ਦੀ ਪਾਲਣਾ ਕੀਤੀ ਕਿ ਉਸਨੂੰ ਇੱਕ ਪੁੱਤਰ ਦਿੱਤਾ ਜਿਹੜਾ ਅੱਜ ਦੇ ਦਿਨ ਉਸਦੀ ਰਾਜ ਗੱਦੀ ਤੇ ਬੈਠਾ ਹੈ।
7 "ਹੁਣ, ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਮੇਰੇ ਪਿਤਾ ਦਾਵੀਦ ਦੀ ਥਾਂ ਰਾਜਾ ਬਣਾਇਆ ਹੈ। ਪਰ ਮੈਂ ਸਿਰਫ ਇੱਕ ਛੋਟਾ ਬੱਚਾ ਹਾਂ ਅਤੇ ਇਹ ਨਹੀਂ ਜਾਣਦਾ ਕਿ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂ। 8 ਤੇਰਾ ਸੇਵਕ ਇੱਥੇ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹੈ, ਉਹ ਬਹੁਤ ਲੋਕ ਹਨ, ਜਿਹੜੇ ਨਾ ਤਾਂ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ। 9 ਇਸ ਲਈ ਆਪਣੇ ਸੇਵਕ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਅਤੇ ਸਹੀ ਅਤੇ ਗਲਤ ਵਿੱਚ ਫ਼ਰਕ ਸਮਝਣ ਲਈ ਇੱਕ ਸਮਝਦਾਰ ਦਿਲ ਦੇ। ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?"
10 ਇਹ ਗੱਲ ਯਾਹਵੇਹ ਦੀ ਨਿਗਾਹ ਵਿੱਚ ਚੰਗੀ ਲੱਗੀ ਕਿ ਸ਼ਲੋਮੋਨ ਨੇ ਇਸ ਚੀਜ਼ ਦੀ ਮੰਗ ਕੀਤੀ ਹੈ। 11 ਤਾਂ ਪਰਮੇਸ਼ਵਰ ਨੇ ਉਹ ਨੂੰ ਆਖਿਆ, ਕਿਉਂ ਜੋ ਤੂੰ ਇਹ ਮੰਗਿਆ ਹੈ ਅਤੇ ਆਪਣੇ ਲਈ ਲੰਮੀ ਉਮਰ ਜਾਂ ਦੌਲਤ ਨਹੀਂ ਮੰਗੀ ਅਤੇ ਨਾ ਹੀ ਆਪਣੇ ਵੈਰੀਆਂ ਦੀ ਮੌਤ ਮੰਗੀ ਹੈ ਸਗੋਂ ਨਿਆਂ ਕਰਨ ਲਈ ਬੁੱਧ ਮੰਗੀ ਹੈ। 12 ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ। ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਦਿਲ ਦਿਆਂਗਾ, ਤਾਂ ਜੋ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਹੋਇਆ ਅਤੇ ਨਾ ਹੀ ਤੇਰੇ ਤੋਂ ਬਆਦ ਕੋਈ ਤੇਰੇ ਵਰਗਾ ਹੋਵੇਗਾ। 13 ਇਸ ਤੋਂ ਇਲਾਵਾ, ਮੈਂ ਤੈਨੂੰ ਉਹ ਵੀ ਦਿਆਂਗਾ ਜੋ ਤੂੰ ਨਹੀਂ ਮੰਗਿਆ ਅਰਥਾਤ ਦੌਲਤ ਅਤੇ ਇੱਜ਼ਤ ਤਾਂ ਜੋ ਤੇਰੇ ਜੀਵਨ ਕਾਲ ਵਿੱਚ ਰਾਜਿਆਂ ਦੇ ਬਰਾਬਰ ਕੋਈ ਨਾ ਹੋਵੇ। 14 ਅਤੇ ਜੇਕਰ ਤੂੰ ਮੇਰੀ ਆਗਿਆਕਾਰੀ ਵਿੱਚ ਚੱਲੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੇ ਜਿਵੇਂ ਤੇਰੇ ਪਿਤਾ ਦਾਵੀਦ ਨੇ ਕੀਤਾ ਤਾਂ ਮੈਂ ਤੈਨੂੰ ਲੰਮੀ ਉਮਰ ਦਿਆਂਗਾ। 15 ਤਦ ਸ਼ਲੋਮੋਨ ਜਾਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਸੁਪਨਾ ਸੀ।
ਉਹ ਯੇਰੂਸ਼ਲੇਮ ਨੂੰ ਵਾਪਸ ਆਇਆ, ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਖੜ੍ਹਾ ਹੋਇਆ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਉਸਨੇ ਆਪਣੇ ਸੇਵਕਾਂ ਲਈ ਦਾਵਤ ਦਿੱਤੀ।
16 ਹੁਣ ਦੋ ਵੇਸਵਾਵਾਂ ਰਾਜੇ ਕੋਲ ਆਈਆਂ ਅਤੇ ਉਸ ਦੇ ਅੱਗੇ ਖੜ੍ਹੀਆਂ ਹੋਈਆਂ। 17 ਉਹਨਾਂ ਵਿੱਚੋਂ ਇੱਕ ਨੇ ਕਿਹਾ, "ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੋ। ਇਹ ਔਰਤ ਅਤੇ ਮੈਂ ਇੱਕੋ ਘਰ ਵਿੱਚ ਰਹਿੰਦੇ ਹਾਂ, ਅਤੇ ਮੇਰੇ ਕੋਲ ਇੱਕ ਬੱਚਾ ਸੀ ਜਦੋਂ ਉਹ ਮੇਰੇ ਨਾਲ ਸੀ। 18 ਮੇਰੇ ਬੱਚੇ ਦੇ ਜਨਮ ਤੋਂ ਤੀਜੇ ਦਿਨ ਇਸ ਔਰਤ ਦੇ ਵੀ ਇੱਕ ਬੱਚਾ ਹੋਇਆ। ਅਸੀਂ ਇਕੱਲੀਆਂ ਸੀ; ਘਰ ਵਿੱਚ ਸਾਡੇ ਦੋਨਾਂ ਤੋਂ ਇਲਾਵਾ ਕੋਈ ਨਹੀਂ ਸੀ।
19 "ਰਾਤ ਵਿੱਚ ਇਸ ਔਰਤ ਦਾ ਬੱਚਾ ਮਰ ਗਿਆ ਕਿਉਂਕਿ ਇਹ ਉਸ ਉੱਤੇ ਲੇਟ ਗਈ ਸੀ। 20 ਤਾਂ ਇਹ ਅੱਧੀ ਰਾਤ ਨੂੰ ਉੱਠੀ ਜਦੋਂ ਮੈਂ ਤੇਰੀ ਦਾਸੀ ਸੁੱਤੀ ਹੋਈ ਸੀ ਮੇਰੇ ਪੁੱਤਰ ਨੂੰ ਮੇਰੇ ਪਾਸਿਓਂ ਲੈ ਲਿਆ। ਉਸਨੇ ਉਸਨੂੰ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਆਪਣੇ ਮਰੇ ਹੋਏ ਪੁੱਤਰ ਨੂੰ ਮੇਰੀ ਛਾਤੀ ਨਾਲ ਲਗਾ ਦਿੱਤਾ। 21 ਅਗਲੀ ਸਵੇਰ ਨੂੰ ਮੈਂ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਣ ਲਈ ਉੱਠੀ ਅਤੇ ਉਹ ਮਰਿਆ ਪਿਆ ਸੀ! ਪਰ ਜਦੋਂ ਮੈਂ ਸਵੇਰ ਦੀ ਰੌਸ਼ਨੀ ਵਿੱਚ ਉਸ ਨੂੰ ਨੇੜਿਓਂ ਦੇਖਿਆ, ਤਾਂ ਮੈਂ ਦੇਖਿਆ ਕਿ ਇਹ ਉਹ ਮੇਰਾ ਬੱਚਾ ਨਹੀਂ ਸੀ ਜਿਸ ਨੂੰ ਮੈਂ ਜਨਮ ਦਿੱਤਾ ਸੀ।"
22 ਦੂਜੀ ਔਰਤ ਨੇ ਕਿਹਾ, "ਨਹੀਂ! ਜਿਉਂਦਾ ਹੈ ਮੇਰਾ ਪੁੱਤਰ; ਮਰਿਆ ਹੋਇਆ ਤੁਹਾਡਾ ਹੈ।"
ਪਰ ਪਹਿਲੀ ਨੇ ਜ਼ੋਰ ਦੇ ਕੇ ਕਿਹਾ, "ਨਹੀਂ! ਮੁਰਦਾ ਤੇਰਾ ਹੈ; ਜਿਉਂਦਾ ਮੇਰਾ ਹੈ।" ਅਤੇ ਇਸ ਲਈ ਉਹਨਾਂ ਨੇ ਰਾਜੇ ਦੇ ਸਾਹਮਣੇ ਬਹਿਸ ਕੀਤੀ।
23 ਰਾਜੇ ਨੇ ਆਖਿਆ, "ਇੱਕ ਆਖਦੀ ਹੈ, ‘ਮੇਰਾ ਪੁੱਤਰ ਜੀਉਂਦਾ ਹੈ ਅਤੇ ਤੇਰਾ ਪੁੱਤਰ ਮਰ ਗਿਆ ਹੈ,’ ਜਦੋਂ ਕਿ ਦੂਸਰੀ ਆਖਦੀ ਹੈ, ‘ਨਹੀਂ! ਤੇਰਾ ਪੁੱਤਰ ਮਰ ਗਿਆ ਹੈ ਅਤੇ ਮੇਰਾ ਜੀਉਂਦਾ ਹੈ।’ "
24 ਤਦ ਪਾਤਸ਼ਾਹ ਨੇ ਆਖਿਆ, "ਮੇਰੇ ਲਈ ਇੱਕ ਤਲਵਾਰ ਲਿਆਓ।" ਇਸ ਲਈ ਉਹ ਰਾਜੇ ਲਈ ਤਲਵਾਰ ਲੈ ਕੇ ਆਏ। 25 ਤਦ ਰਾਜੇ ਨੇ ਹੁਕਮ ਦਿੱਤਾ, "ਕਿ ਜਿਉਂਦੇ ਬੱਚੇ ਦੇ ਦੋ ਟੁਕੜੇ ਕਰ ਦਿਓ ਅਤੇ ਅੱਧਾ ਇੱਕ ਨੂੰ ਅਤੇ ਅੱਧਾ ਦੂਜੇ ਨੂੰ ਦਿਓ।"
26 ਜਿਸ ਔਰਤ ਦਾ ਪੁੱਤਰ ਜੀਉਂਦਾ ਸੀ, ਉਹ ਆਪਣੇ ਪੁੱਤਰ ਲਈ ਬਹੁਤ ਪਿਆਰ ਨਾਲ ਭਰੀ ਹੋਈ ਸੀ ਅਤੇ ਉਸ ਨੇ ਰਾਜੇ ਨੂੰ ਕਿਹਾ, "ਹੇ ਪ੍ਰਭੂ ਜੀ, ਜੀਉਂਦਾ ਬੱਚਾ ਉਸ ਨੂੰ ਦੇ ਦਿਓ! ਉਸਨੂੰ ਨਾ ਮਾਰੋ!"
ਪਰ ਦੂਜੀ ਨੇ ਕਿਹਾ, "ਨਾ ਤਾਂ ਉਹ ਮੇਰੇ ਕੋਲ ਰਹੇ ਅਤੇ ਨਾ ਹੀ ਉਹ ਤੇਰੇ ਕੋਲ ਰਹੇ। ਉਸਨੂੰ ਦੋ ਟੁਕੜਿਆਂ ਵਿੱਚ ਕੱਟੋ!"
27 ਤਦ ਰਾਜੇ ਨੇ ਆਪਣਾ ਹੁਕਮ ਦਿੱਤਾ: "ਜੀਉਂਦਾ ਬੱਚਾ ਪਹਿਲੀ ਔਰਤ ਨੂੰ ਦੇ ਦਿਓ। ਉਸ ਨੂੰ ਨਾ ਮਾਰੋ; ਉਹ ਉਸਦੀ ਮਾਂ ਹੈ।"
28 ਜਦੋਂ ਸਾਰੇ ਇਸਰਾਏਲ ਨੇ ਰਾਜੇ ਦੇ ਹੁਕਮ ਨੂੰ ਸੁਣਿਆ, ਤਾਂ ਉਹ ਰਾਜੇ ਨੂੰ ਹੈਰਾਨ ਕਰ ਗਏ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਸ ਕੋਲ ਨਿਆਂ ਕਰਨ ਲਈ ਪਰਮੇਸ਼ਵਰ ਵੱਲੋਂ ਬੁੱਧ ਹੈ।