1 ਹੁਣ ਅਹਾਬ ਨੇ ਈਜ਼ੇਬੇਲ ਨੂੰ ਉਹ ਸਭ ਕੁਝ ਦੱਸਿਆ ਜੋ ਏਲੀਯਾਹ ਨੇ ਕੀਤਾ ਸੀ ਅਤੇ ਕਿਵੇਂ ਉਸਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਮਾਰਿਆ ਸੀ। 2 ਤਾਂ ਈਜ਼ੇਬੇਲ ਨੇ ਏਲੀਯਾਹ ਕੋਲ ਇੱਕ ਸੰਦੇਸ਼ਵਾਹਕ ਨੂੰ ਇਹ ਆਖਣ ਲਈ ਭੇਜਿਆ, "ਦੇਵਤੇ ਮੇਰੇ ਨਾਲ ਅਜਿਹਾ ਵਰਤਾਓ ਕਰਨ, ਭਾਵੇਂ ਇਹ ਕਦੇ ਵੀ ਸਖ਼ਤ ਹੋਵੇ, ਜੇ ਕੱਲ੍ਹ ਇਸ ਸਮੇਂ ਤੱਕ ਮੈਂ ਤੇਰੀ ਜ਼ਿੰਦਗੀ ਉਹਨਾਂ ਵਿੱਚੋਂ ਇੱਕ ਵਰਗਾ ਨਾ ਕਰਾਂ।"
3 ਤਾਂ ਏਲੀਯਾਹ ਡਰਿਆ ਅਤੇ ਉੱਠ ਕੇ ਆਪਣੀ ਜਾਨ ਬਚਾਉਣ ਲਈ ਭੱਜ ਕੇ ਬੇਰਸ਼ੇਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਸੇਵਕ ਨੂੰ ਤਾਂ ਉੱਥੇ ਹੀ ਛੱਡਿਆ, 4 ਜਦੋਂ ਉਹ ਆਪ ਇੱਕ ਦਿਨ ਦੀ ਯਾਤਰਾ ਕਰਕੇ ਉਜਾੜ ਵਿੱਚ ਗਿਆ ਸੀ। ਉਹ ਝਾੜੂ ਵਾਲੀ ਝਾੜੀ ਕੋਲ ਆਇਆ, ਉਸ ਦੇ ਹੇਠਾਂ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ, "ਹੇ ਯਾਹਵੇਹ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ ਦਾਦਿਆਂ ਨਾਲੋਂ ਚੰਗਾ ਨਹੀਂ ਹਾਂ।" 5 ਤਦ ਉਹ ਝਾੜੀ ਦੇ ਹੇਠਾਂ ਲੇਟ ਗਿਆ ਅਤੇ ਸੌਂ ਗਿਆ।
ਉਸੇ ਵੇਲੇ ਇੱਕ ਦੂਤ ਨੇ ਉਸ ਨੂੰ ਛੂਹਿਆ ਅਤੇ ਕਿਹਾ, "ਉੱਠ ਅਤੇ ਖਾਹ।" 6 ਜਦ ਉਸ ਨੇ ਚਾਰੇ ਪਾਸੇ ਵੇਖਿਆ ਤਾਂ ਉਸ ਦੇ ਸਿਰਹਾਣੇ ਕੋਲਿਆਂ ਉੱਤੇ ਪਕਾਈ ਹੋਈ ਰੋਟੀ ਅਤੇ ਇੱਕ ਘੜਾ ਪਾਣੀ ਸੀ। ਉਸਨੇ ਖਾਧਾ ਪੀਤਾ ਅਤੇ ਫਿਰ ਲੇਟ ਗਿਆ।
7 ਯਾਹਵੇਹ ਦਾ ਦੂਤ ਦੂਸਰੀ ਵਾਰ ਵਾਪਸ ਆਇਆ ਅਤੇ ਉਸਨੂੰ ਛੂਹਿਆ ਅਤੇ ਕਿਹਾ, "ਉੱਠ ਅਤੇ ਖਾਹ ਕਿਉਂਕਿ ਸਫ਼ਰ ਤੇਰੇ ਲਈ ਬਹੁਤ ਲੰਮਾ ਹੈ।" 8 ਉਸ ਨੇ ਉੱਠ ਕੇ ਖਾਧਾ ਅਰ ਪੀਤਾ ਤਾਂ ਉਹ ਉਸ ਭੋਜਨ ਦੇ ਬਲ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਪਰਮੇਸ਼ਵਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ। 9 ਉੱਥੇ ਉਸ ਨੇ ਇੱਕ ਗੁਫਾ ਵਿੱਚ ਜਾ ਕੇ ਰਾਤ ਕੱਟੀ।
ਅਤੇ ਯਾਹਵੇਹ ਦਾ ਬਚਨ ਉਸ ਕੋਲ ਆਇਆ, "ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?"
10 ਅੱਗੋਂ ਉਸ ਨੇ ਆਖਿਆ, ਮੈਂ ਯਾਹਵੇਹ ਸੈਨਾਂ ਦੇ ਪਰਮੇਸ਼ਵਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਚਿਆ ਹਾਂ ਅਤੇ ਹੁਣ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।
11 ਯਾਹਵੇਹ ਨੇ ਕਿਹਾ, "ਬਾਹਰ ਜਾ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਪਹਾੜ ਉੱਤੇ ਖਲੋ, ਕਿਉਂਕਿ ਯਾਹਵੇਹ ਲੰਘਣ ਵਾਲਾ ਹੈ।"
ਤਦ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਹਨੇਰੀ ਨੇ ਪਹਾੜਾਂ ਨੂੰ ਪਾੜ ਦਿੱਤਾ ਅਤੇ ਯਾਹਵੇਹ ਦੇ ਅੱਗੇ ਚੱਟਾਨਾਂ ਨੂੰ ਤੋੜ ਦਿੱਤਾ, ਪਰ ਯਾਹਵੇਹ ਹਵਾ ਵਿੱਚ ਨਹੀਂ ਸੀ। ਹਵਾ ਦੇ ਬਾਅਦ ਭੁਚਾਲ ਆਇਆ, ਪਰ ਯਾਹਵੇਹ ਭੂਚਾਲ ਵਿੱਚ ਵੀ ਨਹੀਂ ਸੀ। 12 ਭੂਚਾਲ ਤੋਂ ਬਾਅਦ ਅੱਗ ਆਈ, ਪਰ ਯਾਹਵੇਹ ਅੱਗ ਵਿੱਚ ਵੀ ਨਹੀਂ ਸੀ ਅਤੇ ਅੱਗ ਦੇ ਬਾਅਦ ਇੱਕ ਕੋਮਲ ਆਵਾਜ਼ ਆਈ। 13 ਜਦੋਂ ਏਲੀਯਾਹ ਨੇ ਇਹ ਸੁਣਿਆ ਤਾਂ ਉਸ ਨੇ ਆਪਣਾ ਚਾਦਰ ਆਪਣੇ ਮੂੰਹ ਉੱਤੇ ਖਿੱਚ ਲਿਆ ਅਤੇ ਬਾਹਰ ਜਾ ਕੇ ਗੁਫਾ ਦੇ ਮੂੰਹ ਕੋਲ ਜਾ ਖੜ੍ਹਾ ਹੋਇਆ।
ਤਦ ਇੱਕ ਆਵਾਜ਼ ਨੇ ਉਸ ਨੂੰ ਕਿਹਾ, "ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?"
14 ਤਾਂ ਉਸ ਨੇ ਆਖਿਆ, ਮੈਂ ਯਾਹਵੇਹ ਸੈਨਾਂ ਦੇ ਪਰਮੇਸ਼ਵਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਚਿਆ ਹਾਂ, ਅਤੇ ਹੁਣ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।
15 ਯਾਹਵੇਹ ਨੇ ਉਸ ਨੂੰ ਆਖਿਆ, "ਜਾਹ ਅਤੇ ਉਜਾੜ ਦੇ ਰਾਹ ਦੰਮਿਸ਼ਕ ਨੂੰ ਮੁੜ ਜਾਹ ਅਤੇ ਉੱਥੇ ਜਾ ਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ। 16 ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰ, ਅਤੇ ਅਬੇਲ ਮਹੋਲਾਹ ਤੋਂ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਨੂੰ ਨਬੀ ਵਜੋਂ ਮਸਹ ਕਰ। 17 ਤਾਂ ਐਉਂ ਹੋਵੇਗਾ ਕਿ ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਯੇਹੂ ਮਾਰੇਗਾ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਅਲੀਸ਼ਾ ਮਾਰੇਗਾ। 18 ਪਰ ਮੈਂ ਇਸਰਾਏਲ ਵਿੱਚੋਂ ਆਪਣੇ ਲਈ ਸੱਤ ਹਜ਼ਾਰ ਰੱਖ ਲਏ ਹਨ ਉਹ ਸਭ ਜਿਨ੍ਹਾਂ ਨੇ ਬਆਲ ਅੱਗੇ ਆਪਣੇ ਗੋਡੇ ਨਹੀਂ ਟੇਕੇ ਅਤੇ ਉਹ ਸਾਰੇ ਮੂੰਹ ਜਿਨ੍ਹਾਂ ਨੇ ਉਹ ਨੂੰ ਨਹੀਂ ਚੁੰਮਿਆ।"
19 ਤਾਂ ਏਲੀਯਾਹ ਉੱਥੋਂ ਚਲਾ ਗਿਆ ਅਤੇ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਨੂੰ ਲੱਭ ਲਿਆ। ਉਹ ਬਲਦਾਂ ਦੇ ਬਾਰਾਂ ਜੂਲੇ ਨਾਲ ਹਲ ਚਲਾ ਰਿਹਾ ਸੀ ਅਤੇ ਉਹ ਖੁਦ ਬਾਰ੍ਹਵੀਂ ਜੋੜੀ ਚਲਾ ਰਿਹਾ ਸੀ। ਏਲੀਯਾਹ ਉਸ ਕੋਲ ਗਿਆ ਅਤੇ ਆਪਣਾ ਚੋਗਾ ਉਸ ਦੇ ਦੁਆਲੇ ਸੁੱਟ ਦਿੱਤਾ। 20 ਤਦ ਅਲੀਸ਼ਾ ਆਪਣੇ ਬਲਦਾਂ ਨੂੰ ਛੱਡ ਕੇ ਏਲੀਯਾਹ ਦੇ ਪਿੱਛੇ ਭੱਜਿਆ। "ਮੈਨੂੰ ਪਰਵਾਨਗੀ ਦੇਹ ਜੋ ਮੈਂ ਆਪਣੇ ਮਾਤਾ ਪਿਤਾ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਵਾਂਗਾ।"
ਉਸ ਨੇ ਉਹ ਨੂੰ ਆਖਿਆ, "ਮੁੜ ਜਾਹ! ਮੈਂ ਤੈਨੂੰ ਕੀ ਕੀਤਾ?"
21 ਤਾਂ ਉਹ ਉਸ ਦੇ ਕੋਲੋਂ ਮੁੜ ਗਿਆ। ਉਸ ਇੱਕ ਜੋਗ ਬਲਦਾਂ ਦੀ ਲੈ ਕੇ ਉਹਨਾਂ ਨੂੰ ਵੱਢ ਸੁੱਟਿਆ ਅਤੇ ਹਲ ਪੰਜਾਲੀ ਦੀਆਂ ਲੱਕੜੀਆਂ ਨਾਲ ਉਹਨਾਂ ਦਾ ਮਾਸ ਰਿੰਨ੍ਹ ਕੇ ਲੋਕਾਂ ਨੂੰ ਦਿੱਤਾ ਤਾਂ ਉਹਨਾਂ ਨੇ ਖਾਧਾ। ਫਿਰ ਉਹ ਉੱਠਿਆ ਅਤੇ ਏਲੀਯਾਹ ਦੇ ਪਿੱਛੇ ਜਾ ਲੱਗਾ ਅਤੇ ਉਸ ਦੀ ਸੇਵਾ ਕਰਦਾ ਰਿਹਾ।