1 ਹੁਣ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਹ ਬੱਤੀ ਰਾਜਿਆਂ ਦੇ ਨਾਲ ਘੋੜਿਆਂ ਅਤੇ ਰੱਥਾਂ ਸਮੇਤ ਚੜ੍ਹ ਗਿਆ ਅਤੇ ਸਾਮਰਿਯਾ ਨੂੰ ਘੇਰ ਲਿਆ ਅਤੇ ਉਸ ਉੱਤੇ ਹਮਲਾ ਕੀਤਾ। 2 ਉਸ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਵਿੱਚ ਸੰਦੇਸ਼ਵਾਹਕ ਭੇਜੇ ਕਿ, "ਬਨ-ਹਦਦ ਇਹ ਆਖਦਾ ਹੈ: 3 ‘ਤੇਰੀ ਚਾਂਦੀ ਅਤੇ ਸੋਨਾ ਮੇਰੇ ਹਨ ਅਤੇ ਤੁਹਾਡੀਆਂ ਪਤਨੀਆਂ ਅਤੇ ਬੱਚਿਆਂ ਵਿੱਚੋਂ ਸਭ ਤੋਂ ਵਧੀਆ ਮੇਰੇ ਹਨ।’ "
4 ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ, "ਜਿਵੇਂ ਤੁਸੀਂ ਆਖਦੇ ਹੋ, ਹੇ ਮੇਰੇ ਸੁਆਮੀ, ਹੇ ਮੇਰੇ ਪਾਤਸ਼ਾਹ। ਮੈਂ ਅਤੇ ਮੇਰੇ ਕੋਲ ਜੋ ਕੁਝ ਹੈ ਉਹ ਤੁਹਾਡਾ ਹੈ।"
5 ਸੰਦੇਸ਼ਵਾਹਕਾਂ ਨੇ ਫੇਰ ਆ ਕੇ ਆਖਿਆ, "ਬਨ-ਹਦਦ ਇਹ ਆਖਦਾ ਹੈ, ‘ਕਿ ਤੂੰ ਆਪਣਾ ਚਾਂਦੀ, ਸੋਨਾ, ਇਸਤਰੀਆਂ ਅਰ ਬਾਲ ਬੱਚੇ ਮੈਨੂੰ ਦੇ ਦੇਹ। 6 ਪਰ ਹੁਣ ਮੈਂ ਕੱਲ੍ਹ ਇਸੇ ਵੇਲੇ ਆਪਣਿਆਂ ਟਹਿਲੂਆਂ ਨੂੰ ਤੇਰੇ ਕੋਲ ਘੱਲਾਂਗਾ ਅਤੇ ਉਹ ਤੇਰੇ ਮਹਿਲ ਦੀ ਅਤੇ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ।’ "
7 ਇਸਰਾਏਲ ਦੇ ਪਾਤਸ਼ਾਹ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, "ਵੇਖੋ, ਇਹ ਆਦਮੀ ਕਿਵੇਂ ਬੁਰਿਆਈ ਕਰਨਾ ਚਾਹੁੰਦਾ ਹੈ! ਉਸਨੇ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ, ਮੇਰਾ ਚਾਂਦੀ ਸੋਨਾ ਮੰਗਿਆ, ਮੈਂ ਉਸਨੂੰ ਇਨਕਾਰ ਨਹੀਂ ਕੀਤਾ।"
8 ਬਜ਼ੁਰਗਾਂ ਅਤੇ ਲੋਕਾਂ ਨੇ ਉੱਤਰ ਦਿੱਤਾ, "ਨਾ ਉਸ ਦੀ ਗੱਲ ਸੁਣੋ ਅਤੇ ਨਾ ਉਸ ਦੀਆਂ ਮੰਗਾਂ ਮੰਨੋ।"
9 ਇਸ ਲਈ ਉਸਨੇ ਬਨ-ਹਦਦ ਦੇ ਸੰਦੇਸ਼ਵਾਹਕਾਂ ਨੂੰ ਜਵਾਬ ਦਿੱਤਾ, "ਮੇਰੇ ਸੁਆਮੀ ਪਾਤਸ਼ਾਹ ਨੂੰ ਆਖੋ, ‘ਤੇਰਾ ਸੇਵਕ ਉਹ ਸਭ ਕੁਝ ਕਰੇਗਾ ਜੋ ਤੁਸੀਂ ਪਹਿਲੀ ਵਾਰ ਮੰਗ ਕੀਤੀ ਸੀ, ਪਰ ਮੈਂ ਇਹ ਮੰਗ ਪੂਰੀ ਨਹੀਂ ਕਰ ਸਕਦਾ।’ " ਉਹ ਚਲੇ ਗਏ ਅਤੇ ਬਨ-ਹਦਦ ਦਾ ਜਵਾਬ ਵਾਪਸ ਲੈ ਗਏ।
10 ਤਾਂ ਬਨ-ਹਦਦ ਨੇ ਉਹ ਨੂੰ ਆਖ ਘੱਲਿਆ, "ਕਿ ਜੇ ਸਾਮਰਿਯਾ ਦੀ ਧੂੜ ਉਹਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਹੀ ਹੋਵੇ ਤਾਂ ਦੇਵਤੇ ਮੇਰੇ ਨਾਲ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵਧੀਕ।"
11 ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ, "ਕਿ ਉਸ ਨੂੰ ਆਖੋ: ‘ਸ਼ਸਤਰ ਬੰਨ੍ਹਣ ਵਾਲਾ ਸ਼ਸਤਰ ਲਾਹੁਣ ਵਾਲੇ ਜਿੰਨਾ ਹੰਕਾਰ ਨਾ ਕਰੇ।’ "
12 ਬਨ-ਹਦਦ ਨੇ ਇਹ ਸੰਦੇਸ਼ ਸੁਣਿਆ ਜਦੋਂ ਉਹ ਅਤੇ ਰਾਜੇ ਆਪਣੇ ਤੰਬੂਆਂ ਵਿੱਚ ਪੀ ਰਹੇ ਸਨ ਅਤੇ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ, "ਹਮਲਾ ਕਰਨ ਲਈ ਤਿਆਰ ਰਹੋ।" ਇਸ ਲਈ ਉਹਨਾਂ ਨੇ ਸ਼ਹਿਰ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ।
13 ਇਸੇ ਦੌਰਾਨ ਇੱਕ ਨਬੀ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਅਤੇ ਉਸਨੇ ਐਲਾਨ ਕੀਤਾ, "ਯਾਹਵੇਹ ਇਹ ਆਖਦਾ ਹੈ: ‘ਕੀ ਤੂੰ ਇਸ ਵਿਸ਼ਾਲ ਸੈਨਾ ਨੂੰ ਵੇਖਦਾ ਹੈ? ਮੈਂ ਇਸਨੂੰ ਅੱਜ ਤੁਹਾਡੇ ਹੱਥ ਵਿੱਚ ਦੇ ਦਿਆਂਗਾ, ਅਤੇ ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ "
14 ਅਹਾਬ ਨੇ ਪੁੱਛਿਆ, "ਪਰ ਇਹ ਕੌਣ ਕਰੇਗਾ?"
ਨਬੀ ਨੇ ਜਵਾਬ ਦਿੱਤਾ, "ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀ।’ "
ਉਸਨੇ ਪੁੱਛਿਆ, "ਲੜਾਈ ਕੌਣ ਸ਼ੁਰੂ ਕਰੇਗਾ?"
ਨਬੀ ਨੇ ਉੱਤਰ ਦਿੱਤਾ, "ਤੂੰ ਸ਼ੁਰੂ ਕਰੇਗਾ।"
15 ਇਸ ਲਈ ਅਹਾਬ ਨੇ ਸੂਬਿਆਂ ਦੇ ਅਧੀਨ 232 ਜਵਾਨ ਸਰਦਾਰਾਂ ਨੂੰ ਸੱਦਿਆ। ਫਿਰ ਉਸ ਨੇ ਬਾਕੀ ਦੇ ਇਸਰਾਏਲੀਆਂ ਨੂੰ ਇਕੱਠਾ ਕੀਤਾ, ਕੁੱਲ ਮਿਲਾ ਕੇ 7,000 ਸਨ। 16 ਉਹ ਦੁਪਹਿਰ ਵੇਲੇ ਨਿੱਕਲ ਗਏ ਜਦੋਂ ਬਨ-ਹਦਦ ਅਤੇ ਉਸ ਦੇ ਨਾਲ ਦੇ 32 ਰਾਜੇ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਸਨ। 17 ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ।
ਅਤੇ ਬਨ-ਹਦਦ ਨੇ ਆਦਮੀ ਘੱਲੇ ਅਤੇ ਉਹਨਾਂ ਨੇ ਉਸ ਨੂੰ ਦੱਸਿਆ ਕਿ "ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ।"
18 ਉਸ ਨੇ ਆਖਿਆ, ਜੇਕਰ ਉਹ ਸ਼ਾਂਤੀ ਲਈ ਬਾਹਰ ਆਏ ਹਨ ਤਾਂ ਉਹਨਾਂ ਨੂੰ ਜਿਉਂਦਾ ਫੜ ਲਵੋ। ਜੇ ਉਹ ਜੰਗ ਲਈ ਨਿਕਲੇ ਹਨ, ਤਾਂ ਵੀ ਉਹਨਾਂ ਨੂੰ ਜਿਉਂਦਾ ਫੜ ਲਓ।
19 ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਸਨ ਸ਼ਹਿਰ ਤੋਂ ਉਸ ਫੌਜ ਸਣੇ ਜੋ ਉਹਨਾਂ ਦੇ ਪਿੱਛੇ ਸੀ ਨਿੱਕਲੇ। 20 ਅਤੇ ਹਰ ਇੱਕ ਨੇ ਆਪਣੇ ਵਿਰੋਧੀ ਨੂੰ ਮਾਰਿਆ। ਉਸ ਵੇਲੇ, ਅਰਾਮੀ ਭੱਜ ਗਏ ਅਤੇ ਇਸਰਾਏਲ ਨੇ ਉਹਨਾਂ ਪਿੱਛਾ ਕੀਤਾ। ਪਰ ਅਰਾਮ ਦਾ ਰਾਜਾ ਬਨ-ਹਦਦ ਆਪਣੇ ਕੁਝ ਘੋੜਸਵਾਰਾਂ ਨਾਲ ਘੋੜੇ ਉੱਤੇ ਸਵਾਰ ਹੋ ਕੇ ਭੱਜ ਗਿਆ। 21 ਇਸਰਾਏਲ ਦੇ ਰਾਜੇ ਨੇ ਘੋੜਿਆਂ ਅਤੇ ਰਥਾਂ ਨੂੰ ਅੱਗੇ ਵਧਾਇਆ ਅਤੇ ਉਹਨਾਂ ਉੱਤੇ ਕਾਬੂ ਪਾਇਆ ਅਤੇ ਅਰਾਮੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ।
22 ਇਸ ਤੋਂ ਬਾਅਦ, ਨਬੀ ਇਸਰਾਏਲ ਦੇ ਪਾਤਸ਼ਾਹ ਕੋਲ ਆਇਆ ਅਤੇ ਆਖਿਆ, "ਆਪਣੀ ਸਥਿਤੀ ਮਜ਼ਬੂਤ ਕਰ ਅਤੇ ਵੇਖ ਲੈ ਕਿ ਤੂੰ ਕੀ ਕਰਨਾ ਹੈ ਕਿਉਂਕਿ ਅਗਲੀ ਬਸੰਤ ਵਿੱਚ ਅਰਾਮ ਦਾ ਰਾਜਾ ਤੁਹਾਡੇ ਉੱਤੇ ਫੇਰ ਹਮਲਾ ਕਰੇਗਾ।"
23 ਇਸ ਦੌਰਾਨ, ਅਰਾਮ ਦੇ ਰਾਜੇ ਦੇ ਅਧਿਕਾਰੀਆਂ ਨੇ ਉਸਨੂੰ ਸਲਾਹ ਦਿੱਤੀ, "ਉਹਨਾਂ ਦੇ ਦੇਵਤੇ ਪਹਾੜੀਆਂ ਦੇ ਦੇਵਤੇ ਹਨ। ਇਸੇ ਲਈ ਉਹ ਸਾਡੇ ਲਈ ਬਹੁਤ ਮਜ਼ਬੂਤ ਸਨ। ਪਰ ਜੇਕਰ ਅਸੀਂ ਉਹਨਾਂ ਨਾਲ ਮੈਦਾਨ ਲੜਾਂਗੇ, ਤਾਂ ਯਕੀਨਨ ਅਸੀਂ ਉਹਨਾਂ ਨਾਲੋਂ ਮਜ਼ਬੂਤ ਹੋਵਾਂਗੇ। 24 ਇੱਕ ਕੰਮ ਇਹ ਕਰੋ ਕਿ ਸਾਰੇ ਰਾਜਿਆਂ ਨੂੰ ਉਹਨਾਂ ਦੇ ਹੁਕਮਾਂ ਤੋਂ ਹਟਾ ਦਿਓ ਅਤੇ ਉਹਨਾਂ ਦੀ ਥਾਂ ਹੋਰ ਸੂਬੇਦਾਰਾਂ ਨੂੰ ਠਹਿਰਾ ਦਿਓ। 25 ਅਤੇ ਆਪਣੇ ਲਈ ਇੱਕ ਫੌਜ ਗਿਣ ਲਓ ਜੋ ਉਸ ਫੌਜ ਦੇ ਤੁੱਲ ਹੋਵੇ ਜਿਹੜੀ ਗੁਆਚ ਗਈ ਹੈ ਘੋੜੇ ਦੇ ਥਾਂ ਘੋੜਾ ਅਰ ਰਥ ਦੇ ਥਾਂ ਰਥ ਤਾਂ ਅਸੀਂ ਉਹਨਾਂ ਨਾਲ ਮੈਦਾਨ ਵਿੱਚ ਲੜਾਂਗੇ। ਤਾਂ ਅਸੀਂ ਉਹਨਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ।" ਸੋ ਉਸ ਨੇ ਉਹਨਾਂ ਦੀ ਆਵਾਜ਼ ਸੁਣੀ ਅਤੇ ਉਵੇਂ ਹੀ ਕੀਤਾ।
26 ਅਗਲੀ ਬਸੰਤ ਵਿੱਚ ਬਨ-ਹਦਦ ਨੇ ਅਰਾਮੀਆਂ ਨੂੰ ਇਕੱਠਾ ਕੀਤਾ ਅਤੇ ਇਸਰਾਏਲ ਦੇ ਵਿਰੁੱਧ ਲੜਨ ਲਈ ਅਫ਼ੇਕ ਨੂੰ ਚੜ੍ਹਿਆ। 27 ਜਦੋਂ ਇਸਰਾਏਲੀ ਵੀ ਇਕੱਠਾ ਹੋਏ ਅਤੇ ਉਹਨਾਂ ਨੂੰ ਭੋਜਨ ਦਿੱਤਾ ਗਿਆ ਤਾਂ ਉਹ ਉਹਨਾਂ ਦਾ ਸਾਹਮਣਾ ਕਰਨ ਲਈ ਨਿੱਕਲ ਗਏ। ਇਸਰਾਏਲੀਆਂ ਨੇ ਬੱਕਰੀਆਂ ਦੇ ਦੋ ਛੋਟੇ ਇੱਜੜ ਵਾਂਗ ਉਹਨਾਂ ਦੇ ਸਾਹਮਣੇ ਡੇਰੇ ਲਾਏ, ਪਰ ਅਰਾਮੀਆਂ ਨਾਲ ਦੇਸ ਭਰ ਗਿਆ।
28 ਤਾਂ ਪਰਮੇਸ਼ਵਰ ਦੇ ਇੱਕ ਬੰਦੇ ਨੇ ਆ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, "ਕਿ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਸ ਲਈ ਕਿ ਅਰਾਮੀਆਂ ਨੇ ਆਖਿਆ ਭਈ ਯਾਹਵੇਹ ਪਹਾੜਾਂ ਦਾ ਪਰਮੇਸ਼ਵਰ ਹੈ ਪਰ ਉਹ ਮੈਦਾਨ ਦਾ ਪਰਮੇਸ਼ਵਰ ਨਹੀਂ ਹੈ ਮੈਂ ਇਸ ਵੱਡੇ ਦਲ ਨੂੰ ਸਾਰੇ ਦਾ ਸਾਰਾ ਤੇਰੇ ਹੱਥ ਵਿੱਚ ਕਰ ਦਿਆਂਗਾ ਜੋ ਤੁਸੀਂ ਜਾਣੋ ਭਈ ਮੈਂ ਯਾਹਵੇਹ ਹਾਂ।’ "
29 ਸੋ ਉਹਨਾਂ ਨੇ ਇੱਕ-ਦੂਜੇ ਦੇ ਸਾਹਮਣੇ ਸੱਤ ਦਿਨ ਡੇਰੇ ਲਾਈ ਰੱਖੇ ਤਾਂ ਐਉਂ ਹੋਇਆ ਕਿ ਸੱਤਵੇਂ ਦਿਨ ਲੜਾਈ ਸ਼ੁਰੂ ਹੋ ਗਈ ਅਤੇ ਇਸਰਾਏਲੀਆਂ ਨੇ ਇੱਕ ਦਿਹਾੜੀ ਵਿੱਚ ਅਰਾਮੀਆਂ ਦਾ ਇੱਕ ਲੱਖ ਮਨੁੱਖ ਵੱਢ ਸੁੱਟਿਆ। 30 ਬਾਕੀ ਦੇ ਲੋਕ ਅਫ਼ੇਕ ਸ਼ਹਿਰ ਨੂੰ ਭੱਜ ਗਏ, ਜਿੱਥੇ ਉਹਨਾਂ ਵਿੱਚੋਂ 27,000 ਉੱਤੇ ਕੰਧ ਡਿੱਗ ਪਈ ਅਤੇ ਬਨ-ਹਦਦ ਸ਼ਹਿਰ ਨੂੰ ਭੱਜ ਗਿਆ ਅਤੇ ਇੱਕ ਅੰਦਰਲੇ ਕਮਰੇ ਵਿੱਚ ਲੁਕ ਗਿਆ।
31 ਉਸ ਦੇ ਅਧਿਕਾਰੀਆਂ ਨੇ ਉਸ ਨੂੰ ਆਖਿਆ, "ਵੇਖ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਮਿਹਰਬਾਨ ਹਨ। ਅਸੀਂ ਆਪਣੇ ਲੱਕ ਦੁਆਲੇ ਤੱਪੜ ਅਤੇ ਸਿਰਾਂ ਦੁਆਲੇ ਰੱਸੀਆਂ ਬੰਨ੍ਹ ਕੇ ਇਸਰਾਏਲ ਦੇ ਰਾਜੇ ਕੋਲ ਚੱਲੀਏ। ਸ਼ਾਇਦ ਉਹ ਤੇਰੀ ਜਾਨ ਬਖ਼ਸ਼ ਦੇਵੇ।"
32 ਆਪਣੇ ਲੱਕ ਦੁਆਲੇ ਤੱਪੜ ਅਤੇ ਆਪਣੇ ਸਿਰ ਦੁਆਲੇ ਰੱਸੀਆਂ ਬੰਨ੍ਹ ਕੇ ਉਹ ਇਸਰਾਏਲ ਦੇ ਪਾਤਸ਼ਾਹ ਕੋਲ ਗਏ ਅਤੇ ਆਖਿਆ, "ਤੁਹਾਡਾ ਸੇਵਕ ਬਨ-ਹਦਦ ਆਖਦਾ ਹੈ, ‘ਕਿਰਪਾ ਕਰਕੇ ਮੈਨੂੰ ਜੀਉਣ ਦਿਓ।’ "
ਰਾਜੇ ਨੇ ਉੱਤਰ ਦਿੱਤਾ, "ਉਹ ਅਜੇ ਵੀ ਜ਼ਿੰਦਾ ਹੈ? ਉਹ ਤਾਂ ਮੇਰਾ ਭਰਾ ਹੈ।"
33 ਮਨੁੱਖਾਂ ਨੇ ਇਸ ਨੂੰ ਚੰਗੀ ਨਿਸ਼ਾਨੀ ਸਮਝਿਆ ਅਤੇ ਉਹ ਦੀ ਗੱਲ ਮੰਨਣ ਲਈ ਕਾਹਲੀ ਕੀਤੀ। ਉਹਨਾਂ ਨੇ ਕਿਹਾ, "ਹਾਂ, ਤੇਰਾ ਭਰਾ ਬਨ-ਹਦਦ!"
ਰਾਜੇ ਨੇ ਕਿਹਾ, "ਜਾਓ ਅਤੇ ਉਸ ਨੂੰ ਲੈ ਆਓ।" ਜਦੋਂ ਬਨ-ਹਦਦ ਬਾਹਰ ਆਇਆ, ਤਾਂ ਅਹਾਬ ਨੇ ਉਸਨੂੰ ਆਪਣੇ ਰਥ ਉੱਤੇ ਚੜ੍ਹਾਇਆ।
34 ਬਨ-ਹਦਦ ਨੇ ਪੇਸ਼ਕਸ਼ ਕੀਤੀ, "ਮੈਂ ਉਹਨਾਂ ਸ਼ਹਿਰਾਂ ਨੂੰ ਵਾਪਸ ਕਰ ਦਿਆਂਗਾ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੋਂ ਲਏ ਸਨ। ਤੁਸੀਂ ਦੰਮਿਸ਼ਕ ਵਿੱਚ ਆਪਣੇ ਖੁਦ ਦੇ ਬਾਜ਼ਾਰ ਖੇਤਰ ਸਥਾਪਤ ਕਰ ਸਕਦੇ ਹੋ, ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।"
ਅਹਾਬ ਨੇ ਕਿਹਾ, "ਇੱਕ ਨੇਮ ਦੇ ਅਧਾਰ ਤੇ ਮੈਂ ਤੈਨੂੰ ਅਜ਼ਾਦ ਕਰ ਦਿਆਂਗਾ।" ਇਸ ਲਈ ਉਸਨੇ ਉਸਦੇ ਨਾਲ ਇੱਕ ਸੰਧੀ ਕੀਤੀ ਅਤੇ ਉਸਨੂੰ ਜਾਣ ਦਿੱਤਾ।
35 ਯਾਹਵੇਹ ਦੇ ਬਚਨ ਦੁਆਰਾ ਨਬੀਆਂ ਦੇ ਇੱਕ ਸਮੂਹ ਨੇ ਆਪਣੇ ਸਾਥੀ ਨੂੰ ਕਿਹਾ, "ਮੈਨੂੰ ਆਪਣੇ ਹਥਿਆਰ ਨਾਲ ਮਾਰੋ," ਪਰ ਉਸਨੇ ਇਨਕਾਰ ਕਰ ਦਿੱਤਾ।
36 ਉਪਰੰਤ ਉਹ ਨੇ ਉਸ ਨੂੰ ਆਖਿਆ, ਇਸ ਲਈ ਕਿ ਤੂੰ ਯਾਹਵੇਹ ਦੀ ਆਵਾਜ਼ ਨੂੰ ਨਹੀਂ ਮੰਨਿਆ ਤਾਂ ਵੇਖ ਮੇਰੇ ਕੋਲੋਂ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ। ਸੋ ਜਦੋਂ ਹੀ ਉਹ ਉਸ ਕੋਲੋਂ ਗਿਆ ਇੱਕ ਬੱਬਰ ਸ਼ੇਰ ਉਸ ਨੂੰ ਮਿਲਿਆ ਜਿਸ ਉਸ ਨੂੰ ਪਾੜ ਸੁੱਟਿਆ।
37 ਨਬੀ ਨੇ ਇੱਕ ਹੋਰ ਮਨੁੱਖ ਨੂੰ ਲੱਭ ਕੇ ਕਿਹਾ, "ਕਿਰਪਾ ਕਰਕੇ ਮੈਨੂੰ ਮਾਰੋ।" ਇਸ ਲਈ ਆਦਮੀ ਨੇ ਉਸਨੂੰ ਮਾਰਿਆ ਅਤੇ ਉਸਨੂੰ ਜ਼ਖਮੀ ਕਰ ਦਿੱਤਾ। 38 ਸੋ ਉਹ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਜਾ ਖਲੋਤਾ ਅਤੇ ਉਸ ਨੇ ਆਪਣੀ ਪੱਗੜੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਕੇ ਭੇਸ ਬਦਲ ਲਿਆ। 39 ਜਦੋਂ ਰਾਜਾ ਉੱਥੋਂ ਲੰਘ ਰਿਹਾ ਸੀ ਤਾਂ ਨਬੀ ਨੇ ਉਹ ਨੂੰ ਪੁਕਾਰ ਕੇ ਕਿਹਾ, "ਤੇਰਾ ਦਾਸ ਲੜਾਈ ਦੀ ਘੜੀ ਵਿੱਚ ਗਿਆ ਅਤੇ ਕੋਈ ਮੇਰੇ ਕੋਲ ਕੈਦੀ ਨੂੰ ਲੈ ਕੇ ਆਇਆ ਅਤੇ ਆਖਿਆ, ‘ਇਸ ਉੱਤੇ ਮਨੁੱਖ ਧਿਆਨ ਰੱਖ ਜੇ ਉਹ ਲਾਪਤਾ ਹੋ ਜਾਵੇ, ਤਾਂ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੋਵੇਗੀ, ਜਾਂ ਤੁਹਾਨੂੰ ਚੋਂਤੀ ਕਿੱਲੋ ਚਾਂਦੀ ਦੇਣੀ ਪਵੇਗੀ।’ 40 ਜਦੋਂ ਤੇਰਾ ਸੇਵਕ ਇੱਧਰ-ਉੱਧਰ ਰੁੱਝਿਆ ਹੋਇਆ ਸੀ, ਉਹ ਮਨੁੱਖ ਗਾਈਬ ਹੋ ਗਿਆ।"
ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, "ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੈਂ ਆਪ ਨਬੇੜਿਆ।"
41 ਤਦ ਨਬੀ ਨੇ ਝੱਟ ਆਪਣੀਆਂ ਅੱਖਾਂ ਤੋਂ ਸਿਰ ਦੀ ਪੱਟੀ ਹਟਾ ਦਿੱਤੀ ਅਤੇ ਇਸਰਾਏਲ ਦੇ ਰਾਜੇ ਨੇ ਉਸ ਨੂੰ ਨਬੀਆਂ ਵਿੱਚੋਂ ਇੱਕ ਵਜੋਂ ਪਛਾਣ ਲਿਆ। 42 ਉਸ ਨੇ ਰਾਜੇ ਨੂੰ ਕਿਹਾ, "ਯਾਹਵੇਹ ਇਹ ਆਖਦਾ ਹੈ, ‘ਤੂੰ ਇੱਕ ਆਦਮੀ ਨੂੰ ਅਜ਼ਾਦ ਕੀਤਾ ਹੈ ਜਿਸਨੂੰ ਮੈਂ ਮਰਨਾ ਚਾਹੁੰਦਾ ਸੀ, ਇਸ ਲਈ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੈ, ਤੇਰੀ ਪਰਜਾ ਉਸਦੇ ਲੋਕਾਂ ਲਈ ਹੈ।’ " 43 ਉਦਾਸ ਅਤੇ ਗੁੱਸੇ ਵਿੱਚ, ਇਸਰਾਏਲ ਦਾ ਰਾਜਾ ਸਾਮਰਿਯਾ ਵਿੱਚ ਆਪਣੇ ਮਹਿਲ ਵਿੱਚ ਗਿਆ।