Pular para o conteúdo
Publicidade

1 ਰਾਜਿਆਂ 12

ਰਹਬੁਆਮ ਦੇ ਵਿਰੁੱਧ ਇਸਰਾਏਲ ਦੀ ਬਗਾਵਤ

1 ਰਹਬੁਆਮ ਸ਼ੇਕੇਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਉੱਥੇ ਗਿਆ ਸੀ। 2 ਜਦੋਂ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ (ਉਹ ਅਜੇ ਮਿਸਰ ਵਿੱਚ ਹੀ ਸੀ ਜਿੱਥੋਂ ਉਹ ਰਾਜਾ ਸ਼ਲੋਮੋਨ ਤੋਂ ਭੱਜ ਗਿਆ ਸੀ), ਉਹ ਮਿਸਰ ਤੋਂ ਮੁੜ ਆਇਆ। 3 ਇਸ ਲਈ ਉਹਨਾਂ ਨੇ ਯਾਰਾਬੁਆਮ ਨੂੰ ਬੁਲਾਇਆ, ਉਹ ਅਤੇ ਇਸਰਾਏਲ ਦੀ ਸਾਰੀ ਸਭਾ ਰਹਬੁਆਮ ਕੋਲ ਗਈ ਅਤੇ ਉਸ ਨਾਲ ਗੱਲ ਕੀਤੀ, 4 ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਸੀ, ਪਰ ਹੁਣ ਉਸ ਕਠੋਰ ਮਿਹਨਤ ਅਤੇ ਭਾਰੇ ਜੂਲੇ ਨੂੰ ਜੋ ਉਸ ਨੇ ਸਾਡੇ ਉੱਤੇ ਪਾਇਆ ਹੈ ਉਸਨੂੰ ਹਲਕਾ ਕਰ ਤਾਂ ਅਸੀਂ ਤੇਰੀ ਸੇਵਾ ਕਰਾਂਗੇ।

5 ਰਹਬੁਆਮ ਨੇ ਉੱਤਰ ਦਿੱਤਾ, "ਤੁਸੀਂ ਹੁਣ ਤਾਂ ਤਿੰਨਾਂ ਦਿਨਾਂ ਲਈ ਚੱਲੇ ਜਾਓ ਅਤੇ ਫੇਰ ਮੇਰੇ ਕੋਲ ਵਾਪਸ ਆ ਜਾਓ।" ਇਸ ਲਈ ਲੋਕ ਚਲੇ ਗਏ।

6 ਤਦ ਰਾਜਾ ਰਹਬੁਆਮ ਨੇ ਉਹਨਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸ਼ਲੋਮੋਨ ਦੇ ਜੀਵਨ ਕਾਲ ਵਿੱਚ ਉਸ ਦੀ ਸੇਵਾ ਕਰਦੇ ਸਨ ਅਤੇ ਪੁੱਛਿਆ "ਤੁਹਾਡੀ ਕੀ ਸਲਾਹ ਹੈ ਮੈਂ ਇੰਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?"

7 ਉਹਨਾਂ ਨੇ ਉੱਤਰ ਦਿੱਤਾ, ਜੇਕਰ ਅੱਜ ਤੁਸੀਂ ਇਨ੍ਹਾਂ ਲੋਕਾਂ ਦੇ ਸੇਵਕ ਬਣੋਗੇ ਅਤੇ ਉਹਨਾਂ ਦੀ ਸੇਵਾ ਕਰੋਗੇ ਅਤੇ ਉਹਨਾਂ ਨੂੰ ਚੰਗਾ ਉੱਤਰ ਦਿਓਗੇ, ਤਾਂ ਉਹ ਹਮੇਸ਼ਾ ਤੁਹਾਡੇ ਸੇਵਕ ਹੋਣਗੇ।

8 ਪਰ ਰਹਬੁਆਮ ਨੇ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ ਉਹਨਾਂ ਨੌਜਵਾਨਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਨਾਲ ਵੱਡੇ ਹੋਏ ਸਨ ਅਤੇ ਉਸ ਦੀ ਸੇਵਾ ਕਰ ਰਹੇ ਸਨ। 9 ਉਸ ਨੇ ਉਹਨਾਂ ਨੂੰ ਪੁੱਛਿਆ, "ਤੁਹਾਡੀ ਕੀ ਸਲਾਹ ਹੈ? ਅਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਈਏ ਜਿਹੜੇ ਮੈਨੂੰ ਕਹਿੰਦੇ ਹਨ, ‘ਉਸ ਜੂਲੇ ਨੂੰ ਹਲਕਾ ਕਰ ਜੋ ਤੇਰੇ ਪਿਤਾ ਨੇ ਸਾਡੇ ਉੱਤੇ ਪਾਇਆ’ ਹੈ?"

10 ਤਾਂ ਉਹ ਨੌਜਵਾਨ ਜਿਹੜੇ ਉਸ ਨਾਲ ਵੱਡੇ ਹੋਏ ਸਨ ਉਸਨੂੰ ਉੱਤਰ ਦਿੱਤਾ, "ਇਹਨਾਂ ਲੋਕਾਂ ਨੇ ਤੁਹਾਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਹੈ, ਪਰ ਸਾਡੇ ਜੂਲੇ ਨੂੰ ਹਲਕਾ ਕਰ।’ ਹੁਣ ਉਹਨਾਂ ਨੂੰ ਦੱਸ, ‘ਮੇਰੀ ਚੀਚੀ ਵੀ ਮੇਰੇ ਪਿਤਾ ਦੀ ਕਮਰ ਨਾਲੋਂ ਮੋਟੀ ਹੈ। 11 ਮੇਰੇ ਪਿਤਾ ਨੇ ਤੁਹਾਡੇ ਉੱਤੇ ਇੱਕ ਭਾਰਾ ਜੂਲਾ ਰੱਖਿਆ ਸੀ। ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ; ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।’ "

12 ਤਿੰਨ ਦਿਨਾਂ ਬਾਅਦ ਯਾਰਾਬੁਆਮ ਅਤੇ ਸਾਰੇ ਲੋਕ ਰਹਬੁਆਮ ਕੋਲ ਵਾਪਸ ਆਏ, ਜਿਵੇਂ ਕਿ ਰਾਜਾ ਨੇ ਆਖਿਆ ਸੀ, "ਤੀਸਰੇ ਦਿਨ ਮੇਰੇ ਕੋਲ ਵਾਪਸ ਆਉਣਾ।" 13 ਰਾਜੇ ਨੇ ਲੋਕਾਂ ਨੂੰ ਸਖ਼ਤੀ ਨਾਲ ਉੱਤਰ ਦਿੱਤਾ ਅਤੇ ਉਸ ਨੇ ਬਜ਼ੁਰਗਾਂ ਦੀ ਦਿੱਤੀ ਹੋਈ ਸਲਾਹ ਨੂੰ ਠੁਕਰਾ ਦਿੱਤਾ। 14 ਅਤੇ ਨੌਜਵਾਨਾਂ ਦੀ ਸਲਾਹ ਮੰਨ ਲਈ ਅਤੇ ਕਿਹਾ, "ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰਾ ਕਰ ਦਿੱਤਾ ਸੀ; ਅਤੇ ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ; ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।" 15 ਇਸ ਲਈ ਰਾਜੇ ਨੇ ਲੋਕਾਂ ਦੀ ਗੱਲ ਨਾ ਸੁਣੀ ਕਿਉਂਕਿ ਇਹ ਘਟਨਾ ਯਾਹਵੇਹ ਵੱਲੋਂ ਸੀ ਤਾਂ ਜੋ ਉਸ ਬਚਨ ਨੂੰ ਪੂਰਾ ਕਰੇ ਜੋ ਯਾਹਵੇਹ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਸ਼ੀਲੋਹਨੀ ਅਹੀਯਾਹ ਰਾਹੀਂ ਬੋਲਿਆ ਸੀ।

16 ਜਦੋਂ ਸਾਰੇ ਇਸਰਾਏਲ ਨੇ ਵੇਖਿਆ ਕਿ ਰਾਜੇ ਨੇ ਉਹਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੇ ਰਾਜੇ ਨੂੰ ਉੱਤਰ ਦਿੱਤਾ:

"ਦਾਵੀਦ ਦੇ ਨਾਲ ਸਾਡਾ ਕੀ ਹਿੱਸਾ ਹੈ,

ਯੱਸੀ ਦੇ ਪੁੱਤਰ ਨਾਲ ਸਾਡੀ ਕੀ ਵੰਡ ਵਿਹਾਰ ਹੈ?

ਹੇ ਇਸਰਾਏਲ, ਆਪਣੇ ਤੰਬੂਆਂ ਨੂੰ ਜਾਓ!

ਹੇ ਦਾਵੀਦ, ਆਪਣੇ ਘਰ ਦੀ ਦੇਖਭਾਲ ਕਰ!"

ਇਸ ਲਈ ਸਾਰੇ ਇਸਰਾਏਲੀ ਆਪਣੇ ਘਰਾਂ ਨੂੰ ਚਲੇ ਗਏ। 17 ਪਰ ਇਸਰਾਏਲੀ ਜਿਹੜੇ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ, ਰਹਬੁਆਮ ਅਜੇ ਵੀ ਉਹਨਾਂ ਉੱਤੇ ਰਾਜ ਕਰਦਾ ਸੀ।

18 ਰਾਜਾ ਰਹਬੁਆਮ ਨੇ ਅਦੋਰਾਮ ਨੂੰ ਬਾਹਰ ਭੇਜਿਆ ਜੋ ਜਬਰੀ ਮਜ਼ਦੂਰੀ ਕਰਨ ਵਾਲਿਆ ਦਾ ਮੁਖੀ ਸੀ ਪਰ ਸਾਰੇ ਇਸਰਾਏਲ ਨੇ ਉਸ ਨੂੰ ਪੱਥਰਾਓ ਕਰਕੇ ਮਾਰ ਦਿੱਤਾ। ਤਾਂ ਰਾਜਾ ਰਹਬੁਆਮ ਜਲਦੀ ਨਾਲ ਆਪਣੇ ਰੱਥ ਉੱਤੇ ਚੜ੍ਹ ਕੇ ਯੇਰੂਸ਼ਲੇਮ ਨੂੰ ਭੱਜ ਗਿਆ। 19 ਇਸ ਲਈ ਇਸਰਾਏਲ ਅੱਜ ਤੱਕ ਦਾਵੀਦ ਦੇ ਘਰਾਣੇ ਦੇ ਵਿਰੁੱਧ ਬਗਾਵਤ ਕਰਦਾ ਹੈ।

20 ਜਦੋਂ ਸਾਰੇ ਇਸਰਾਏਲੀਆਂ ਨੇ ਸੁਣਿਆ ਕਿ ਯਾਰਾਬੁਆਮ ਵਾਪਸ ਆ ਗਿਆ ਹੈ, ਤਾਂ ਉਹਨਾਂ ਨੇ ਉਸ ਨੂੰ ਸਭਾ ਵਿੱਚ ਸੱਦ ਕੇ ਸਾਰੇ ਇਸਰਾਏਲ ਦਾ ਰਾਜਾ ਬਣਾਇਆ। ਸਿਰਫ ਯਹੂਦਾਹ ਦਾ ਗੋਤ ਹੀ ਦਾਵੀਦ ਦੇ ਘਰਾਣੇ ਪ੍ਰਤੀ ਵਫ਼ਾਦਾਰ ਰਿਹਾ।

21 ਜਦੋਂ ਰਹਬੁਆਮ ਯੇਰੂਸ਼ਲੇਮ ਵਿੱਚ ਆ ਪਹੁੰਚਿਆ ਤਾਂ ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਗੋਤ ਦੇ ਇੱਕ ਲੱਖ ਅੱਸੀ ਹਜ਼ਾਰ ਯੋਗ ਜਵਾਨਾਂ ਨੂੰ ਇਕੱਠਾ ਕੀਤਾ ਤਾਂ ਜੋ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਅਤੇ ਸ਼ਲੋਮੋਨ ਦੇ ਪੁੱਤਰ ਰਹਬੁਆਮ ਦੇ ਲਈ ਰਾਜ ਨੂੰ ਵਾਪਸ ਪ੍ਰਾਪਤ ਕਰਨ।

22 ਪਰ ਪਰਮੇਸ਼ਵਰ ਦਾ ਇਹ ਬਚਨ ਪਰਮੇਸ਼ਵਰ ਦੇ ਮਨੁੱਖ ਸ਼ਮਅਯਾਹ ਕੋਲ ਆਇਆ: 23 "ਯਹੂਦਾਹ ਦੇ ਰਾਜਾ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ, ਸਾਰੇ ਯਹੂਦਾਹ ਅਤੇ ਬਿਨਯਾਮੀਨ ਨੂੰ ਅਤੇ ਬਾਕੀ ਦੇ ਲੋਕਾਂ ਨੂੰ ਆਖ, 24 ‘ਯਾਹਵੇਹ ਇਸ ਤਰ੍ਹਾਂ ਆਖਦਾ ਹੈ: ਆਪਣੇ ਭਰਾਵਾਂ, ਇਸਰਾਏਲੀਆਂ ਨਾਲ ਲੜਨ ਲਈ ਉੱਪਰ ਨਾ ਜਾਓ। ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਮੁੜ ਜਾਓ, ਕਿਉਂ ਜੋ ਇਹ ਗੱਲ ਮੇਰੇ ਵੱਲੋਂ ਹੈ।’ " ਇਸ ਲਈ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਮੰਨਿਆ ਅਤੇ ਯਾਹਵੇਹ ਦੇ ਹੁਕਮ ਅਨੁਸਾਰ ਵਾਪਸ ਘਰ ਚਲੇ ਗਏ।

ਬੈਤਏਲ ਅਤੇ ਦਾਨ ਵਿੱਚ ਸੋਨੇ ਦੇ ਵੱਛੇ

25 ਤਦ ਯਾਰਾਬੁਆਮ ਨੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸ਼ੇਕੇਮ ਨੂੰ ਮਜ਼ਬੂਤ ਕੀਤਾ ਅਤੇ ਉੱਥੇ ਰਹਿਣ ਲੱਗਾ। ਉੱਥੋਂ ਉਹ ਬਾਹਰ ਗਿਆ ਅਤੇ ਪਨੂਏਲ ਦੀ ਉਸਾਰੀ ਕੀਤੀ।

26 ਯਾਰਾਬੁਆਮ ਨੇ ਆਪਣੇ ਮਨ ਵਿੱਚ ਸੋਚਿਆ, "ਹੁਣ ਸ਼ਾਇਦ ਰਾਜ ਦਾਵੀਦ ਦੇ ਘਰਾਣੇ ਵੱਲ ਮੁੜ ਜਾਵੇਗਾ। 27 ਜੇ ਇਹ ਲੋਕ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਮੰਦਰ ਵਿੱਚ ਬਲੀਆਂ ਚੜ੍ਹਾਉਣ ਲਈ ਜਾਣ, ਤਾਂ ਉਹ ਆਪਣੇ ਸੁਆਮੀ ਯਹੂਦਾਹ ਦੇ ਰਾਜਾ ਰਹਬੁਆਮ ਨੂੰ ਦੁਬਾਰਾ ਆਪਣੀ ਵਫ਼ਾਦਾਰੀ ਦੇਣਗੇ। ਉਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜਾ ਰਹਬੁਆਮ ਕੋਲ ਵਾਪਸ ਆ ਜਾਣਗੇ।"

28 ਸਲਾਹ ਲੈਣ ਤੋਂ ਬਾਅਦ, ਰਾਜੇ ਨੇ ਸੋਨੇ ਦੇ ਦੋ ਵੱਛੇ ਬਣਾਏ। ਉਸਨੇ ਲੋਕਾਂ ਨੂੰ ਆਖਿਆ, "ਤੁਹਾਡੇ ਲਈ ਯੇਰੂਸ਼ਲੇਮ ਵਿੱਚ ਜਾ ਕੇ ਬੰਦਗੀ ਕਰਨ ਲਈ ਜਾਣਾ ਵਾਧੂ ਹੀ ਹੈ। ਹੇ ਇਸਰਾਏਲ, ਤੁਹਾਡੇ ਦੇਵਤੇ ਇੱਥੇ ਹਨ, ਜਿਹੜੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਏ।" 29 ਇੱਕ ਨੂੰ ਉਸ ਨੇ ਬੈਤਏਲ ਵਿੱਚ ਖੜ੍ਹਾ ਕੀਤਾ ਅਤੇ ਦੂਸਰੇ ਨੂੰ ਦਾਨ ਵਿੱਚ ਰੱਖ ਦਿੱਤਾ। 30 ਅਤੇ ਇਹ ਗੱਲ ਇੱਕ ਪਾਪ ਬਣ ਗਈ। ਲੋਕ ਬੈਤਏਲ ਵਿੱਚ ਇੱਕ ਦੀ ਉਪਾਸਨਾ ਕਰਨ ਲਈ ਆਏ ਅਤੇ ਦੂਸਰੇ ਦੀ ਉਪਾਸਨਾ ਕਰਨ ਲਈ ਦਾਨ ਤੱਕ ਚਲੇ ਗਏ।

31 ਯਾਰਾਬੁਆਮ ਨੇ ਉੱਚੀਆਂ ਥਾਵਾਂ ਉੱਤੇ ਮੰਦਰ ਬਣਾਏ ਅਤੇ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ ਭਾਵੇਂ ਉਹ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ। 32 ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਯਹੂਦਾਹ ਦੇ ਤਿਉਹਾਰ ਵਾਂਗ ਇੱਕ ਪਰਬ ਮਨਾਇਆ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ। ਇਹ ਉਸ ਨੇ ਬੈਤਏਲ ਵਿੱਚ ਵੀ ਕੀਤਾ ਆਪਣੇ ਬਣਾਏ ਹੋਏ ਵੱਛਿਆਂ ਦੀ ਬਲੀ ਦਿੱਤੀ। ਬੈਤਏਲ ਵਿੱਚ ਉਸ ਨੇ ਆਪਣੇ ਬਣਾਏ ਉੱਚੇ ਸਥਾਨਾਂ ਉੱਤੇ ਜਾਜਕ ਵੀ ਲਾਏ। 33 ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ, ਜੋ ਉਸ ਦੀ ਆਪਣੀ ਪਸੰਦ ਦਾ ਮਹੀਨਾ ਸੀ, ਉਸ ਨੇ ਉਸ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ ਜਿਹੜੀ ਉਸ ਨੇ ਬੈਤਏਲ ਵਿੱਚ ਬਣਾਈ ਸੀ। ਇਸ ਲਈ ਉਸ ਨੇ ਇਸਰਾਏਲੀਆਂ ਲਈ ਤਿਉਹਾਰ ਦੀ ਸਥਾਪਨਾ ਕੀਤੀ ਅਤੇ ਚੜ੍ਹਾਵੇ ਚੜ੍ਹਾਉਣ ਲਈ ਜਗਵੇਦੀ ਉੱਤੇ ਗਿਆ।

Estes versículos te tocaram? Ore agora!

+581 estão orando agora.

Junte-se à corrente de oração.