1 ਹੁਣ ਸੁਣੋ, ਅਮੀਰ ਲੋਕੋ, ਤੁਹਾਡੇ ਉੱਤੇ ਆਉਣ ਵਾਲੇ ਦੁੱਖਾਂ ਦੇ ਕਾਰਨ ਤੁਸੀਂ ਉੱਚੀ ਰੋਵੋ ਅਤੇ ਕੁਰਲਾਉ। 2 ਤੁਹਾਡੀ ਦੌਲਤ ਖਰਾਬ ਹੋ ਗਈ, ਅਤੇ ਕੀੜਿਆਂ ਨੇ ਤੁਹਾਡੇ ਕੱਪੜੇ ਖਾ ਲਏ। 3 ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ। ਉਨ੍ਹਾਂ ਦਾ ਜੰਗਾਲ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਤੁਹਾਡਾ ਮਾਸ ਅੱਗ ਵਾਂਗ ਖਾ ਲਵੇਗਾ। ਤੁਸੀਂ ਆਖਰੀ ਦਿਨਾਂ ਵਿੱਚ ਧਨ-ਦੌਲਤ ਇਕੱਠੀ ਕੀਤੀ ਹੈ। 4 ਦੇਖੋ! ਜਿਹੜੀ ਮਜ਼ਦੂਰੀ ਤੁਸੀਂ ਉਨ੍ਹਾਂ ਖੇਤਾਂ ਨੂੰ ਕੱਟਣ ਵਾਲੇ ਕਾਮਿਆਂ ਨੂੰ ਦੇਣ ਵਿੱਚ ਅਸਫ਼ਲ ਰਹੇ ਹੋ ਉਹ ਤੁਹਾਡੇ ਵਿਰੁੱਧ ਫ਼ਰਿਆਦ ਕਰ ਰਹੀ ਹੈ। ਵਾਢਿਆਂ ਦੀ ਦੁਹਾਈ ਸਰਵਸ਼ਕਤੀਮਾਨ ਪ੍ਰਭੂ ਦੇ ਕੰਨਾਂ ਤੱਕ ਪਹੁੰਚ ਗਈ ਹੈ। 5 ਤੁਸੀਂ ਧਰਤੀ ਉੱਤੇ ਐਸ਼-ਪ੍ਰਸਤੀ ਅਤੇ ਬੜਾ ਹੀ ਸੁੱਖ ਭੋਗਿਆ। ਤੁਸੀਂ ਨਾਸ਼ ਦੇ ਦਿਨਾਂ ਲਈ ਆਪਣੇ ਆਪ ਨੂੰ ਪਾਲਿਆ। 6 ਤੁਸੀਂ ਉਸ ਨਿਰਦੋਸ਼ ਦੀ ਨਿੰਦਾ ਕਰਕੇ ਅਤੇ ਉਸ ਦੀ ਹੱਤਿਆ ਕਰ ਦਿੱਤੀ, ਜੋ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਸੀ।
7 ਹੇ ਭਰਾਵੋ ਅਤੇ ਭੈਣੋ, ਫਿਰ ਪ੍ਰਭੂ ਦੇ ਵਾਪਸ ਆਉਣ ਤੱਕ ਧੀਰਜ ਰੱਖੋ। ਵੇਖੋ ਕਿਵੇਂ ਕਿਸਾਨ ਆਪਣੀ ਜ਼ਮੀਨ ਵਿੱਚ ਉੱਤਮ ਫਸਲ ਦੀ ਉਪਜ ਦਾ ਇੰਤਜ਼ਾਰ ਕਰਦਾ ਹੈ, ਧੀਰਜ ਨਾਲ ਪਤਝੜ ਅਤੇ ਬਸੰਤ ਦੇ ਮੀਂਹ ਦੀ ਉਡੀਕ ਕਰਦਾ ਹੈ। 8 ਤੁਸੀਂ ਵੀ, ਧੀਰਜ ਰੱਖੋ ਅਤੇ ਦ੍ਰਿੜ੍ਹ ਰਹੋ, ਕਿਉਂਕਿ ਪ੍ਰਭੂ ਦਾ ਵਾਪਸ ਆਉਣਾ ਨੇੜੇ ਹੈ। 9 ਹੇ ਭਰਾਵੋ ਅਤੇ ਭੈਣੋ, ਇੱਕ-ਦੂਜੇ ਦੇ ਵਿਰੁੱਧ ਬੁੜ-ਬੁੜ ਨਾ ਕਰੋ, ਨਹੀਂ ਤਾਂ ਤੁਹਾਡਾ ਨਿਆਂ ਕੀਤਾ ਜਾਵੇਗਾ। ਨਿਆਈਂ ਦਰਵਾਜ਼ੇ ਤੇ ਖੜ੍ਹਾ ਹੈ!
10 ਹੇ ਭਰਾਵੋ ਅਤੇ ਭੈਣੋ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਹਨ, ਉਹਨਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਸਮਝ ਲਵੋ। 11 ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਉਨ੍ਹਾਂ ਨੂੰ ਧੰਨ ਮੰਨਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ ਹੈ। ਤੁਸੀਂ ਅਯੂਬ ਦੇ ਸਬਰ ਬਾਰੇ ਸੁਣਿਆ ਹੈ ਅਤੇ ਵੇਖਿਆ ਹੈ ਕਿ ਆਖਰਕਾਰ ਪ੍ਰਭੂ ਦੇ ਵਲੋਂ ਉਸ ਦਾ ਫ਼ਲ ਵੀ ਜਾਣਦੇ ਹੋ ਕਿ ਪ੍ਰਭੂ ਰਹਿਮਦਿਲੀ ਅਤੇ ਦਇਆ ਨਾਲ ਭਰਪੂਰ ਹੈ।
12 ਹੇ ਮੇਰੇ ਭਰਾਵੋ ਅਤੇ ਭੈਣੋ, ਸਭ ਤੋਂ ਪਹਿਲਾਂ ਇਹ ਹੈ, ਕਿ ਸਹੁੰ ਨਾ ਖਾਓ, ਨਾ ਸਵਰਗ ਦੀ, ਨਾ ਧਰਤੀ ਦੀ, ਨਾ ਹੀ ਕਿਸੇ ਹੋਰ ਚੀਜ਼ ਦੀ ਸਹੁੰ ਖਾਓ। ਤੁਹਾਡੀ "ਹਾਂ ਦੀ ਹਾਂ" ਅਤੇ "ਨਾਂਹ ਦੀ ਨਾਂਹ" ਹੋਵੇ। ਨਹੀਂ ਤਾਂ ਤੁਸੀਂ ਦੋਸ਼ੀ ਠਹਿਰਾਏ ਜਾਓਗੇ।
13 ਕੀ ਤੁਹਾਡੇ ਵਿੱਚੋਂ ਕੋਈ ਮੁਸੀਬਤ ਵਿੱਚ ਹੈ? ਉਹ ਪ੍ਰਾਰਥਨਾ ਕਰੇ। ਕੀ ਕੋਈ ਖੁਸ਼ ਹੈ? ਤਾਂ ਉਹ ਉਸਤਤ ਦੇ ਗੀਤ ਗਾਵੇ। 14 ਕੀ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ? ਤਾਂ ਉਹ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਉਣ ਅਤੇ ਉਹ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਨੂੰ ਪ੍ਰਭੂ ਦੇ ਨਾਮ ਤੇ ਤੇਲ ਨਾਲ ਮਸਹ ਕਰਨ। 15 ਅਤੇ ਵਿਸ਼ਵਾਸ ਵਿੱਚ ਕੀਤੀ ਗਈ ਪ੍ਰਾਰਥਨਾ ਬਿਮਾਰ ਵਿਅਕਤੀ ਨੂੰ ਤੰਦਰੁਸਤ ਕਰੇਗੀ; ਪ੍ਰਭੂ ਉਨ੍ਹਾਂ ਨੂੰ ਉੱਚਾ ਕਰੇਗਾ। ਜੇ ਉਨ੍ਹਾਂ ਨੇ ਪਾਪ ਕੀਤਾ ਹੈ, ਤਾਂ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ। 16 ਇਸ ਲਈ ਇੱਕ-ਦੂਜੇ ਦੇ ਅੱਗੇ ਆਪਣੇ ਪਾਪ ਕਬੂਲ ਕਰੋ ਅਤੇ ਇੱਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਵੋ। ਇੱਕ ਧਰਮੀ ਵਿਅਕਤੀ ਦੀ ਪ੍ਰਾਰਥਨਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ।
17 ਏਲੀਯਾਹ ਇੱਕ ਮਨੁੱਖ ਸੀ, ਜਿਵੇਂ ਕਿ ਅਸੀਂ ਹਾਂ। ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ, ਅਤੇ ਸਾਢੇ ਤਿੰਨ ਸਾਲਾਂ ਤੱਕ ਜ਼ਮੀਨ ਤੇ ਮੀਂਹ ਨਹੀਂ ਪਿਆ। 18 ਫੇਰ ਉਸ ਨੇ ਪ੍ਰਾਰਥਨਾ ਕੀਤੀ, ਅਤੇ ਅਕਾਸ਼ ਨੇ ਮੀਂਹ ਪਾਇਆ ਅਤੇ ਧਰਤੀ ਨੇ ਆਪਣੀਆਂ ਫਸਲਾਂ ਪੈਦਾ ਕੀਤੀਆਂ।
19 ਹੇ ਮੇਰੇ ਭਰਾਵੋ ਅਤੇ ਭੈਣੋ, ਜੇ ਤੁਹਾਡੇ ਵਿੱਚੋਂ ਕੋਈ ਸੱਚ ਤੋਂ ਭਟਕ ਗਿਆ ਹੈ ਅਤੇ ਕੋਈ ਵਿਅਕਤੀ ਉਸ ਨੂੰ ਵਾਪਸ ਮੋੜ ਲਿਆਵੇ, 20 ਇਸ ਨੂੰ ਯਾਦ ਰੱਖੋ: ਕਿ ਜੇ ਕੋਈ ਇੱਕ ਪਾਪੀ ਨੂੰ ਉਹ ਦੇ ਬੁਰੇ ਰਾਹ ਤੋਂ ਮੋੜ ਲਿਆਵੇ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤਿਆਂ ਪਾਪਾਂ ਨੂੰ ਢੱਕ ਦੇਵੇਗਾ।