11 ਕਿਉਂ ਜੋ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਡਰ ਕੀ ਹੈ, ਇਸ ਲਈ ਅਸੀਂ ਦੂਸਰਿਆ ਨੂੰ ਸਮਝਾਉਣ ਦਾ ਜਤਨ ਕਰਦੇ ਹਾਂ। ਪਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪ੍ਰਗਟ ਹੋਏ ਹਾਂ। 12 ਅਸੀਂ ਫਿਰ ਆਪਣੀ ਪ੍ਰਸ਼ੰਸਾ ਤੁਹਾਡੇ ਸਾਹਮਣੇ ਨਹੀਂ ਕਰਦੇ, ਪਰ ਤੁਹਾਨੂੰ ਸਾਡੇ ਉੱਤੇ ਮਾਣ ਕਰਨ ਦਾ ਮੌਕਾ ਦਿੰਦੇ ਹਾਂ, ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ ਜਵਾਬ ਦੇ ਸਕੋ ਜੋ ਦਿਲ ਦੀਆਂ ਤੇ ਨਹੀਂ ਸਗੋਂ ਬਾਹਰ ਦੀਆਂ ਤੇ ਮਾਣ ਕਰਦੇ ਹਨ। 13 ਜੇ, "ਅਸੀਂ ਬੇਸੁਰਤ ਹਾਂ," ਤਾਂ ਪਰਮੇਸ਼ਵਰ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ। 14 ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ, ਕਿਉਂਕਿ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ। 15 ਅਤੇ ਉਹ ਸਭਨਾਂ ਦੇ ਲਈ ਮਰਿਆ, ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਪਰ ਉਸ ਦੇ ਲਈ ਜੀਉਣ, ਜਿਹੜਾ ਉਹਨਾਂ ਦੇ ਲਈ ਮਰਿਆ ਅਤੇ ਫਿਰ ਜੀ ਉੱਠਿਆ।
16 ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਤੋਂ ਨਹੀਂ ਪਛਾਣਦੇ ਹਾਂ। ਭਾਵੇਂ ਅਸੀਂ ਮਸੀਹ ਨੂੰ ਸਰੀਰ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਸ ਨੂੰ ਫਿਰ ਨਹੀਂ ਜਾਣਦੇ। 17 ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।5:17 ਯਸ਼ਾ 43:18-19 18 ਸਭ ਗੱਲਾਂ ਪਰਮੇਸ਼ਵਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਦਿੱਤੀ। 19 ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ, ਅਤੇ ਮਨੁੱਖਾਂ ਦੇ ਪਾਪਾਂ ਦੀ ਗਿਣਤੀ ਨਹੀਂ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ। 20 ਅਸੀਂ ਮਸੀਹ ਦੇ ਰਾਜਦੂਤ ਹਾਂ ਅਤੇ ਤੁਸੀਂ ਸਮਝੋ ਪਰਮੇਸ਼ਵਰ ਸਾਡੇ ਰਾਹੀ ਬੇਨਤੀ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ: ਜੋ ਤੁਸੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਕਰ ਲਓ। 21 ਪਰਮੇਸ਼ਵਰ ਨੇ ਯਿਸ਼ੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ, ਸਾਡੀ ਖਾਤਰ ਪਾਪੀ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦੀ ਧਾਰਮਿਕਤਾ ਬਣੀਏ।