1 ਜੋ ਕੋਈ ਬਹੁਤੀਆਂ ਝਿੜਕਾਂ ਦੇ ਬਾਅਦ ਵੀ ਅੜੀਅਲ ਰਹਿੰਦਾ ਹੈ,
ਉਹ ਬਿਨਾਂ ਕਿਸੇ ਉਪਾਅ ਦੇ ਅਚਾਨਕ ਤਬਾਹ ਹੋ ਜਾਵੇਗਾ।
2 ਜਦੋਂ ਧਰਮੀ ਵਧਦੇ ਹਨ ਤਾਂ ਲੋਕ ਖੁਸ਼ ਹੁੰਦੇ ਹਨ,
ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਹਉਕੇ ਭਰਦੇ ਹਨ।
3 ਜਿਹੜਾ ਸਿਆਣਪ ਨੂੰ ਪਿਆਰ ਕਰਦਾ ਹੈ ਉਹ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ,
ਪਰ ਵੇਸਵਾਵਾਂ ਦਾ ਸਾਥੀ ਆਪਣਾ ਧਨ ਬਰਬਾਦ ਕਰਦਾ ਹੈ।
4 ਨਿਆਉਂ ਨਾਲ ਇੱਕ ਰਾਜਾ ਦੇਸ਼ ਨੂੰ ਸਥਿਰ ਰੱਖਦਾ ਹੈ,
ਪਰ ਲੋਭੀ ਰਿਸ਼ਵਤ ਦੇ ਕੇ ਉਸ ਨੂੰ ਢਾਹ ਦਿੰਦੇ ਹਨ।
5 ਜਿਹੜੇ ਆਪਣੇ ਗੁਆਂਢੀਆਂ ਦੀ ਚਾਪਲੂਸੀ ਕਰਦੇ ਹਨ,
ਉਹ ਉਸਦੇ ਪੈਰਾਂ ਲਈ ਜਾਲ ਵਿਛਾਉਂਦੇ ਹਨ।
6 ਦੁਸ਼ਟ ਆਪਣੇ ਹੀ ਪਾਪ ਵਿੱਚ ਫਸ ਜਾਂਦੇ ਹਨ,
ਪਰ ਧਰਮੀ ਜੈਕਾਰਾ ਗਜਾਉਂਦੇ ਹਨ ਅਤੇ ਅਨੰਦ ਕਰਦੇ ਹਨ।
7 ਧਰਮੀ ਨੂੰ ਗਰੀਬਾਂ ਦੇ ਨਿਆਂ ਦੀ ਚਿੰਤਾ ਹੁੰਦੀ ਹੈ,
ਪਰ ਦੁਸ਼ਟਾਂ ਨੂੰ ਅਜਿਹੀ ਚਿੰਤਾ ਨਹੀਂ ਹੁੰਦੀ ਹੈ।
8 ਮਜ਼ਾਕ ਕਰਨ ਵਾਲੇ ਤਾਂ ਸ਼ਹਿਰ ਨੂੰ ਭੜਕਾਉਂਦੇ ਹਨ,
ਪਰ ਬੁੱਧਵਾਨ ਕ੍ਰੋਧ ਨੂੰ ਦੂਰ ਕਰਦੇ ਹਨ।
9 ਜੇ ਕੋਈ ਬੁੱਧਵਾਨ ਮੂਰਖ ਦੇ ਨਾਲ ਅਦਾਲਤ ਵਿੱਚ ਜਾਂਦਾ ਹੈ,
ਮੂਰਖ ਗੁੱਸੇ ਵਿੱਚ ਆਉਂਦਾ ਹੈ ਅਤੇ ਮਖੌਲ ਕਰਦਾ ਹੈ ਅਤੇ ਉੱਥੇ ਸ਼ਾਂਤੀ ਨਹੀਂ ਰਹਿੰਦੀ।
10 ਖ਼ੂਨ ਦੇ ਪਿਆਸੇ ਇਮਾਨਦਾਰ ਮਨੁੱਖ ਨੂੰ ਨਫ਼ਰਤ ਕਰਦੇ ਹਨ,
ਅਤੇ ਨੇਕ ਲੋਕਾਂ ਨੂੰ ਮਾਰਨ ਦੇ ਪਿੱਛੇ ਪਏ ਰਹਿੰਦੇ ਹਨ।
11 ਮੂਰਖ ਆਪਣੇ ਗੁੱਸੇ ਵਿੱਚ ਸਾਰੀ ਗੱਲ ਖੋਲ ਦਿੰਦਾ ਹੈ,
ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦੇ ਅਤੇ ਸ਼ਾਂਤੀ ਲਿਆਉਂਦੇ ਹਨ।
12 ਜੇਕਰ ਇੱਕ ਹਾਕਮ ਝੂਠ ਸੁਣਦਾ ਹੈ,
ਉਸ ਦੇ ਸਾਰੇ ਅਧਿਕਾਰੀ ਦੁਸ਼ਟ ਹੋ ਜਾਂਦੇ ਹਨ।
13 ਗਰੀਬ ਅਤੇ ਜ਼ਾਲਮ ਇੱਕੋ ਸਮਾਨ ਹੈ,
ਯਾਹਵੇਹ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ।
14 ਜੇ ਕੋਈ ਰਾਜਾ ਗਰੀਬਾਂ ਦਾ ਨਿਆਂ ਕਰਦਾ ਹੈ,
ਉਹ ਦੀ ਗੱਦੀ ਸਦਾ ਲਈ ਕਾਇਮ ਰਹੇਗੀ।
15 ਇੱਕ ਡੰਡਾ ਅਤੇ ਇੱਕ ਝਿੜਕ ਬੁੱਧ ਦਿੰਦੀਆ ਹਨ,
ਪਰ ਜਿਹੜਾ ਬੱਚਾ ਬੇਮੁਹਾਰਾ ਛੱਡਿਆ ਜਾਂਦਾ ਹੈ, ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।
16 ਜਦੋਂ ਦੁਸ਼ਟ ਪਰਬਲ ਹੁੰਦਾ ਹੈ ਤਾਂ ਪਾਪ ਵੀ ਕਰਦਾ ਹੈ,
ਪਰ ਧਰਮੀ ਉਹਨਾਂ ਦਾ ਡਿੱਗਣਾ ਵੇਖਣਗੇ।
17 ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾ ਤਾਂ ਉਹ ਤੁਹਾਨੂੰ ਸੁੱਖ ਦੇਣਗੇ,
ਉਹ ਤੁਹਾਡੇ ਲਈ ਉਹ ਅਨੰਦ ਲਿਆਉਣਗੇ ਜੋ ਤੁਸੀਂ ਚਾਹੁੰਦੇ ਹੋ।
18 ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੋਹਾਰੇ ਹੋ ਜਾਂਦੇ ਹਨ,
ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ।
19 ਨੌਕਰਾਂ ਨੂੰ ਸਿਰਫ ਸ਼ਬਦਾਂ ਨਾਲ ਸੁਧਾਰਿਆ ਨਹੀਂ ਜਾ ਸਕਦਾ,
ਭਾਵੇਂ ਉਹ ਸਮਝਦੇ ਹਨ ਪਰ ਉਹ ਜਵਾਬ ਨਹੀਂ ਦੇਣਗੇ।
20 ਕੀ ਤੁਸੀਂ ਕਿਸੇ ਨੂੰ ਵੇਖਦੇ ਹੋ ਜੋ ਜਲਦੀ ਨਾਲ ਬੋਲਦਾ ਹੈ?
ਮੂਰਖ ਤੋਂ ਉਹਨਾਂ ਨਾਲੋਂ ਵੱਧ ਆਸ ਹੈ।
21 ਜਿਹੜਾ ਆਪਣੇ ਨੌਕਰ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ,
ਉਹ ਅਖ਼ੀਰ ਵਿੱਚ ਘਮੰਡੀ ਹੋ ਜਾਵੇਗਾ।
22 ਕ੍ਰੋਧੀ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ,
ਅਤੇ ਗੁੱਸੇ ਵਾਲਾ ਵਿਅਕਤੀ ਬਹੁਤ ਸਾਰੇ ਪਾਪ ਕਰਦਾ ਹੈ।
23 ਹੰਕਾਰ ਮਨੁੱਖ ਨੂੰ ਨੀਵਾਂ ਲਿਆਉਂਦਾ ਹੈ,
ਪਰ ਆਤਮਾ ਵਿੱਚ ਨੀਵਾਂ ਮਨੁੱਖ ਇੱਜ਼ਤ ਪਾਉਂਦਾ ਹੈ।
24 ਚੋਰਾਂ ਦੇ ਸਾਥੀ ਆਪਣੇ ਹੀ ਦੁਸ਼ਮਣ ਹਨ,
ਉਹ ਸਹੁੰ ਖਾਂਦੇ ਹਨ ਪਰ ਗਵਾਹੀ ਦੇਣ ਦੀ ਹਿੰਮਤ ਨਹੀਂ ਕਰਦੇ।
25 ਮਨੁੱਖ ਦਾ ਡਰ ਫਾਹੀ ਲਿਆਉਂਦਾ ਹੈ,
ਪਰ ਜੋ ਕੋਈ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ ਉਹ ਸੁਰੱਖਿਅਤ ਰਹਿੰਦਾ ਹੈ।
26 ਬਹੁਤ ਸਾਰੇ ਇੱਕ ਸ਼ਾਸਕ ਦੇ ਨਾਲ ਸਰੋਤੇ ਭਾਲਦੇ ਹਨ,
ਪਰ ਮਨੁੱਖ ਦਾ ਨਿਆਂ ਯਾਹਵੇਹ ਵੱਲੋਂ ਕੀਤਾ ਜਾਂਦਾ ਹੈ।
27 ਧਰਮੀ ਬੇਈਮਾਨ ਨੂੰ ਨਫ਼ਰਤ ਕਰਦਾ ਹੈ।
ਦੁਸ਼ਟ ਧਰਮੀ ਨੂੰ ਨਫ਼ਰਤ ਕਰਦਾ ਹੈ।